ਚੰਡੀਗੜ੍ (ਸਮਾਜ ਵੀਕਲੀ): ਪੰਜਾਬ ਵਿਧਾਨ ਸਭਾ ਵੱਲੋਂ ਅੱਜ ਗੁਰੂ ਤੇਗ਼ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਨੌਵੇਂ ਗੁਰੂ ਦੀਆਂ ਸਿੱਖਿਆਵਾਂ, ਫਲਸਫ਼ੇ ਅਤੇ ਜੀਵਨ ਤੋਂ ਸੇਧ ਲੈਣ ਦਾ ਸੱਦਾ ਦਿੱਤਾ ਹੈ। ਸਮਾਗਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਦੇਸ਼ ਦੇ ਸਾਬਕਾ ਚੀਫ਼ ਜਸਟਿਸ ਜਗਦੀਸ਼ ਸਿੰਘ ਖੇਹਰ, ਸਪੀਕਰ ਰਾਣਾ ਕੇਪੀ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੰਬੋਧਨ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦੇ ਫਲਸਫ਼ੇ ਨੂੰ ਦੁਨੀਆ ਭਰ ਵਿੱਚ ਪ੍ਰਚਾਰਿਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਸ਼ਾਂਤੀ, ਭਾਈਚਾਰਕ ਸਾਂਝ, ਧਰਮ ਨਿਰਪੱਖਤਾ ਅਤੇ ਮਿਲ-ਜੁਲ ਕੇ ਰਹਿਣ ਵਰਗੀਆਂ ਕਦਰਾਂ-ਕੀਮਤਾਂ ਦੀ ਰਾਖੀ ਹੋ ਸਕੇ ਜਿਨ੍ਹਾਂ ਲਈ ਗੁਰੂ ਸਾਹਿਬ ਨੇ ਲਾਸਾਨੀ ਕੁਰਬਾਨੀ ਦਿੱਤੀ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਗੁਰੂ ਸਾਹਿਬਾਨ ਦੁਆਰਾ ਲੋਕਾਂ ਨੂੰ ਅਸੂਲਾਂ ਅਤੇ ਸੱਚ ਦੇ ਰਸਤੇ ’ਤੇ ਚੱਲਣ ਵਰਗੀਆਂ ਦਿੱਤੀਆਂ ਕਦਰਾਂ-ਕੀਮਤਾਂ ਦੀ ਰਾਖੀ ਕਰਨ ਦੀ ਪਰੰਪਰਾ ਹੈ। ‘ਇਸ ਵਿੱਚ ਸਾਡੀ ਸਾਂਝੀ ਤਹਿਜ਼ੀਬ, ਮਾਂ ਬੋਲੀ ਪੰਜਾਬੀ, ਲੋਕਾਂ, ਧਰਮਾਂ, ਜਾਤਾਂ ਅਤੇ ਸੰਪਰਦਾਵਾਂ ਤੋਂ ਉਪਰ ਉੱਠਦੀਆਂ ਇਕਸੁਰਤਾ ਅਤੇ ਭਾਈਚਾਰੇ ਦੀਆਂ ਡੂੰਘੀਆਂ ਤੰਦਾਂ ਸ਼ਾਮਲ ਹਨ।’ ਕੈਪਟਨ ਨੇ ਕਿਹਾ,‘‘ਸਾਡੇ ਮਹਾਨ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਵਿੱਚ ਰੂਪਮਾਨ ਹੁੰਦੀ ਇਸ ਪੰਜਾਬੀਅਤ ਨੂੰ ਸਮਝੇ ਜਾਣ ਅਤੇ ਸ਼ਲਾਘਾ ਕਰਕੇ ਇਸ ਨੂੰ ਸਾਂਭੇ ਜਾਣ ਦੀ ਲੋੜ ਹੈ। ਗੁਰੂ ਤੇਗ਼ ਬਹਾਦਰ ਜੀ ਨੂੰ ਮਾਣ ਨਾਲ ‘ਹਿੰਦ ਦੀ ਚਾਦਰ‘ ਕਿਹਾ ਜਾਂਦਾ ਹੈ ਕਿਉਂ ਜੋ ਉਨ੍ਹਾਂ ਜਬਰੀ ਧਰਮ ਪਰਿਵਰਤਨ ਦੇ ਵਿਰੋਧ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਬੇਮਿਸਾਲ ਕੁਰਬਾਨੀ ਦਿੱਤੀ। ਗੁਰੂ ਸਾਹਿਬ ਨੇ ਨਵੰਬਰ, 1675 ਵਿੱਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਹਕੂਮਤ ਤਹਿਤ ਕਸ਼ਮੀਰ ਦੇ ਹਿੰਦੂਆਂ ਦੀ ਧਾਰਮਿਕ ਆਜ਼ਾਦੀ ਦੀ ਰਾਖੀ ਹਿੱਤ ਸ਼ਹਾਦਤ ਦਿੱਤੀ ਅਤੇ ਉਨ੍ਹਾਂ ਨਾਲ ਭਾਈ ਮਤੀਦਾਸ, ਭਾਈ ਸਤੀਦਾਸ, ਅਤੇ ਭਾਈ ਦਿਆਲ ਦਾਸ ਜੀ ਨੂੰ ਵੀ ਬੇਰਹਿਮੀ ਨਾਲ ਤਸੀਹੇ ਦਿੱਤੇ ਗਏ ਸਨ।’’
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਅੱਜ ਦੇ ਸਮੇਂ ’ਚ ਵੀ ਓਨੀ ਹੀ ਸਾਰਥਕ ਅਤੇ ਅਹਿਮ ਹੈ ਜਿੰਨੀ ਅੱਜ ਤੋਂ ਸਾਢੇ ਤਿੰਨ ਸਦੀਆਂ ਪਹਿਲਾਂ ਸੀ। ‘ਸਾਡੇ ਕੋਲ ‘ਸਰਬੱਤ ਦੇ ਭਲੇ’ ਦਾ ਸੰਕਲਪ ਹੈ ਜਿਸ ਤੋਂ ਭਾਵ ਕੌਮੀ ਆਫਤਾਂ ਦੇ ਸਮੇਂ ਸੰਕਟ ਵਾਲੇ ਹਾਲਾਤ ਵਿੱਚ ਲੋਕਾਂ ਨੂੰ ਮਦਦ ਦੇ ਕੇ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਕਰਨਾ ਹੈ।’ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਅਤੇ ਬਾਬਾ ਬਕਾਲਾ ’ਚ ਸਮਾਗਮ ਕਰਵਾਉਣ ਤੋਂ ਇਲਾਵਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਪ੍ਰਦਰਸ਼ਨੀਆਂ ਲਗਾਉਣ ਅਤੇ ਦਸਤਕਾਰੀ, ਪੰਜਾਬੀ ਸਾਹਿਤ ਉਤਸਵ, ਡਰਾਮਾ (ਹਿੰਦ ਦੀ ਚਾਦਰ), ਖੇਡਾਂ, ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਅਤੇ ਸੂਫੀ ਸੰਗੀਤ ਉਤਸਵ ਕਰਵਾਏ ਜਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨੌਵੇਂ ਗੁਰੂ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਬਾਬਾ ਬਕਾਲਾ ਨੂੰ ਅੱਪਗ੍ਰੇਡ ਕਰਕੇ ਗਰਾਮ ਪੰਚਾਇਤ ਤੋਂ ਮਿਉਂਸਿਪਲ ਕਸਬਾ ਬਣਾ ਦਿੱਤਾ ਗਿਆ ਹੈ। ਸ੍ਰੀ ਆਨੰਦਪੁਰ ਸਾਹਿਬ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਲਈ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਚਰਨ ਛੋਹ ਪ੍ਰਾਪਤ 103 ਥਾਵਾਂ ਜਿਨ੍ਹਾਂ ਵਿੱਚ 79 ਪਿੰਡ ਤੇ 24 ਕਸਬੇ ਸ਼ਾਮਲ ਹਨ, ਦੀ ਸ਼ਨਾਖਤ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ ਗਰਾਂਟ ਦੇਣ ਲਈ ਪ੍ਰਤੀ ਪਿੰਡ/ਕਸਬਾ ਇਕ ਕਰੋੜ ਰੁਪਏ ਅਤੇ ਪ੍ਰਤੀ ਪਿੰਡ 50 ਲੱਖ ਰੁਪਏ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ। ਸੂਬਾ ਸਰਕਾਰ ਵੱਲੋਂ ਤਰਨ ਤਾਰਨ ’ਚ ਸ੍ਰੀ ਗੁਰੂ ਤੇਗ਼ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ ਵੀ ਸਥਾਪਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੱਸੀ ਪਠਾਣਾ ਦੀ ਪੁਰਾਣੀ ਜੇਲ੍ਹ ਜਿੱਥੇ ਗੁਰੂ ਸਾਹਿਬ ਨੂੰ ਦਿੱਲੀ ਲਿਜਾਂਦੇ ਸਮੇਂ ਕੈਦ ਰੱਖਿਆ ਗਿਆ ਸੀ, ਦੀ ਸੰਭਾਲ ਤੇ ਵਿਕਾਸ ਦਾ ਕੰਮ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਅਧਿਆਤਮਕ, ਧਾਰਮਿਕ ਅਤੇ ਭਾਰਤ ਦੇ ਸਿਆਸੀ ਇਤਿਹਾਸ ਦਾ ਅਹਿਮ ਮੋੜ ਦੱਸਿਆ। ਉਨ੍ਹਾਂ ਕਿਹਾ ਕਿ ਗੁਰੂਆਂ ਦਾ ਸੰਦੇਸ਼ ਮਨੁੱਖਤਾ ਦਾ ਮਾਰਗ ਦਰਸ਼ਨ ਕਰਦਾ ਹੈ ਅਤੇ ਹਰੇਕ ਸਮੇਂ ਵਿਚ ਸਰਬਵਿਆਪੀ ਸਾਰਥਕ ਹੈ। ਸ੍ਰੀ ਪੁਰੋਹਿਤ ਨੇ ਕਿਹਾ,“ਪੰਜਾਬ ਦਾ ਇਤਿਹਾਸ ਮਹਾਨ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਵੱਲੋਂ ਕੀਤੀਆਂ ਨਿਰਸੁਆਰਥ ਕੁਰਬਾਨੀਆਂ ਨਾਲ ਭਰਪੂਰ ਹੈ ਜੋ ਸਾਡੇ ਸਾਰਿਆਂ ਲਈ ਹਮੇਸ਼ਾ ਹੀ ਪ੍ਰੇਰਨਾ ਦਾ ਸਰੋਤ ਹੈ। ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਉਸ ਯੁੱਗ ਵਿਚ ਪ੍ਰੇਰਿਤ ਕੀਤਾ ਜੋ ਸ਼ਾਇਦ ਸਾਡੇ ਇਤਿਹਾਸ ਦਾ ਸਭ ਤੋਂ ਚੁਣੌਤੀਪੂਰਨ ਪੜਾਅ ਹੈ। ਵੱਖ-ਵੱਖ ਭਾਈਚਾਰਿਆਂ ਦਰਮਿਆਨ ਏਕਤਾ ਨੂੰ ਮਜ਼ਬੂਤ ਕਰਨ ਲਈ ਸਿੱਖ ਗੁਰੂਆਂ ਦੇ ਮਹਾਨ ਯੋਗਦਾਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ।’’ ਰਾਜਪਾਲ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਵਿੱਚੋਂ ਸੇਵਾ ਜਾਂ ਨਿਸ਼ਕਾਮ ਸੇਵਾ ਵੀ ਮੂਲ ਆਧਾਰ ਹੈ।
ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਦੀ ਲਾਮਿਸਾਲ ਕੁਰਬਾਨੀ ਮਾਨਵਤਾ ਨੂੰ ਧਰਮ ਜਾਤ, ਰੰਗ-ਭੇਦ, ਫਿਰਕੇ ਅਤੇ ਨਸਲਾਂ ਤੋਂ ਉਪਰ ਉਠ ਕੇ ਪਿਆਰ, ਸਦਭਾਵਨਾ ਅਤੇ ਸਹਿਣਸ਼ੀਲਤਾ ਦੇ ਸੰਦੇਸ਼ ਪ੍ਰਤੀ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਭਾਰਤ ਦੇ ਸਾਬਕਾ ਚੀਫ ਜਸਟਿਸ ਜੇ ਐੱਸ ਖੇਹਰ ਨੇ ਦੁਨੀਆ ਭਰ ਵਿਚ ਸਿੱਖ ਜੀਵਨ-ਜਾਚ ’ਚ ‘ਅਰਦਾਸ’ ਦੀ ਮਹੱਤਤਾ ਦਰਸਾਉਂਦਿਆਂ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਦੀ ਦਿਸ਼ਾ ਹੀ ਬਦਲ ਦਿੱਤੀ ਸੀ ਅਤੇ ਸਿੱਖਾਂ ਵਿੱਚ ਸੈਨਿਕ ਰੂਪ ਧਾਰਨ ਕਰਨ ਦਾ ਮੁੱਢ ਬੱਝ ਗਿਆ ਸੀ ਜੋ ਉਸ ਵੇਲੇ ਤੱਕ ਇਕ ਸ਼ਾਂਤਮਈ ਭਾਈਚਾਰਾ ਸੀ। ਉਨ੍ਹਾਂ ਕਿਹਾ,‘‘ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਨੂੰ ਜਾਣਨ ਲਈ ਇਸ ਦੇ ਪਿਛੋਕੜ ਨੂੰ ਵੀ ਜ਼ਰੂਰ ਸਮਝਣਾ ਪਵੇਗਾ।’’ ਉਨ੍ਹਾਂ ਕਿਹਾ ਕਿ ਉਸ ਵੇਲੇ ਗੁਰੂ ਸਾਹਿਬ ਮੁਗਲ ਸ਼ਾਸਕ ਦੇ ਅਨਿਆਂ ਅੱਗੇ ਝੁਕੇ ਨਹੀਂ ਸਗੋਂ ਸ਼ਹਾਦਤ ਦਾ ਰਾਹ ਚੁਣਿਆ ਤਾਂ ਜੋ ਸਾਰਿਆਂ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਗੁਰੂ ਤੇਗ਼ ਬਹਾਦਰ ਜੀ ਵੱਲੋਂ ਦਿਖਾਏ ਮਾਰਗ ਉਤੇ ਚੱਲਣਾ ਚਾਹੀਦਾ ਹੈ। ਸਪੀਕਰ ਨੇ ਦਲਾਈ ਲਾਮਾ ਤੇ ਉੱਪ ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਵੱਲੋਂ ਭੇਜਿਆ ਸੰਦੇਸ਼ ਵੀ ਪੜ੍ਹਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly