ਔਰਤ ਨੂੰ ਬਣਦਾ ਮਾਣ- ਸਤਿਕਾਰ ਦੇਣ ਦੀ ਲੋੜ

ਬਲਵੀਰ ਸਿੰਘ ਬਾਸੀਆਂ

(ਸਮਾਜ ਵੀਕਲੀ)

8 ਮਾਰਚ ਦਾ ਦਿਨ ਦੁਨੀਆਂ ਭਰ ਵਿੱਚ ਅੰਤਰ-ਰਾਸ਼ਟਰੀ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜੇਕਰ ਇਸ ਦਿਨ ਦੇ ਇਤਿਹਾਸ ਨੂੰ ਗਹੁ ਨਾਲ ਵਾਚੀਏ ਤਾਂ ਇਸ ਦੀ ਸ਼ੁਰੂਆਤ ਮਜਦੂਰ ਔਰਤਾਂ ਦੇ ਸੰਘਰਸ਼ ਤੋਂ ਹੋਈ ਮੰਨੀ ਜਾਂਦੀ ਹੈ। 8 ਮਾਰਚ 1857 ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਕੱਪੜੇ ਦੀਆਂ ਮਿੱਲਾਂ ਚ ਕੰਮ ਕਰਦੀਆਂ ਮਜਦੂਰ ਔਰਤਾਂ ਨੇ ਕੰਮ ਦੇ 10 ਘੰਟੇ ਨਿਯਤ ਕਰਨ,ਬਿਹਤਰ ਮਜਦੂਰੀ ਤੇ ਕੰਮ ਦੇ ਬਿਹਤਰ ਹਾਲਾਤਾਂ ਤੇ ਮਰਦਾਂ ਦੇ ਬਰਾਬਰ ਹੱਕਾਂ ਦੀ ਮੰਗ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਸੀ। ਇਸ ਤੋਂ ਲੱਗਭਗ ਪੰਜਾਹ ਸਾਲ ਬਾਅਦ ਇਸੇ ਦਿਨ ਹੀ ਨਿਊਯਾਰਕ ਦੀਆਂ ਲੱਗਭਗ ਵੀਹ ਹਜ਼ਾਰ ਔਰਤਾਂ ਨੇ ਉਪਰੋਕਤ ਮੰਗਾਂ ਤੋਂ ਇਲਾਵਾ ਵੋਟ ਦਾ ਹੱਕ ਦੇਣ ਦੀ ਮੰਗ ਸ਼ਾਮਲ ਕਰਕੇ ਮੁਜਾਹਰੇ ਸ਼ੁਰੂ ਕੀਤੇ।

1910 ਵਿੱਚ ਕੋਪੇਨਹੇਗੇਨ ਵਿੱਚ ਸੰਸਾਰ ਭਰ ਦੀਆਂ ਮਜਦੂਰ ਜਮਾਤੀ ਪਾਰਟੀਆਂ ਦੇ ਕੌਮਾਂਤਰੀ ਮੰਚ ਨੇ ਕੌਮਾਂਤਰੀ ਔਰਤ ਸੰਮੇਲਨ ਦਾ ਆਯੋਜਨ ਕੀਤਾ ਜਿਸ ਵਿਚ ਜਰਮਨ ਪਾਰਟੀ ਦੀ ਇਨਕਲਾਬੀ ਆਗੂ ਕਲਾਰਾ ਜੈਟਕਿਨ ਨੇ ਇਹ ਮਤਾ ਪੇਸ਼ ਕੀਤਾ ਕਿ 8 ਮਾਰਚ ਦਾ ਦਿਨ ਅੰਤਰ-ਰਾਸ਼ਟਰੀ ਔਰਤ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਤੇ ਉਦੋਂ ਤੋਂ ਹੀ ਸੰਸਾਰ ਭਰ ਵਿੱਚ 8 ਮਾਰਚ ਦਾ ਦਿਨ ਅੰਤਰ -ਰਾਸ਼ਟਰੀ ਔਰਤ ਦਿਵਸ ਵਜੋਂ ਮਨਾਇਆ ਜਾਣ ਲੱਗਾ।

ਹੁਣ ਜੇ ਦੇਖਿਆ ਜਾਏ ਤਾਂ ਔਰਤ ਦਿਵਸ ਮਨਾਉਣ ਦਾ ਅਸਲ ਮਕਸਦ ਤਾਂ ਔਰਤ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰਦਾ ਹੈ। ਪਰ ਸਿਸਟਮ ਤੇ ਕਾਬਜ ਸਰਮਾਏਦਾਰੀ ਨੇ ਇਸ ਦਿਨ ਦੇ ਅਰਥ ਹੀ ਬਦਲ ਦਿੱਤੇ ਹਨ। ਇਸ ਸਿਸਟਮ ਨੇ ਧਨਾਢ ਜਾਂ ਉੱਚ ਮੱਧਵਰਗੀ ਪਰਿਵਾਰਾਂ ਦੀਆਂ ਔਰਤਾਂ ਇਸ ਦਿਨ ਤੇ ਕਿੱਟੀ ਪਾਰਟੀਆਂ ਕਰਨ ਤੇ ਖਰੀਦਦਾਰੀ ਕਰਨ ਨੂੰ ਨੂੰ ਔਰਤ ਦਿਵਸ ਮਨਾਉਣ ਦੇ ਬਦਲ ਵਜੋਂ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਉਹ ਇਸ ਵਿੱਚ ਕਾਮਯਾਬ ਵੀ ਹੋਇਆ ਹੈ। ਇਸ ਕਰਕੇ ਦੇਖਿਆ ਜਾਵੇ ਤਾਂ ਇੱਕੀਵੀਂ ਸਦੀ ਵਿੱਚ ਵੀ ਔਰਤ ਖਾਸਕਰ ਮਜਦੂਰ ਔਰਤ ਦੀ ਹਾਲਾਤ ਜਿਉਂ ਦੀ ਤਿਉਂ ਬਣੀ ਹੋਈ ਹੈ। ਸ਼ਰਮਾਏਦਾਰੀ ਪ੍ਰਬੰਧ ਨੇ ਮਜਦੂਰ ਔਰਤ ਦੀ ਕਿਰਤ ਸ਼ਕਤੀ ਨੂੰ ਮੰਡੀ ਵਿੱਚ ਲੈ ਆਂਦਾ ਹੈ। ਇਸ ਕਾਰਨ ਅੱਜ ਵੀ ਇਸ ਸਿਸਟਮ ਦੁਆਰਾ ਮਜਦੂਰ ਔਰਤਾਂ ਦਾ ਸੋਸਣ ਲਗਾਤਾਰ ਕੀਤਾ ਜਾ ਰਿਹਾ ਹੈ, ਫੈਕਟਰੀਆਂ/ਮਿੱਲਾਂ ਚ ਬਹੁਤ ਘੱਟ ਵੇਤਨ ਦੇ ਕੇ ।

ਸਾਡਾ ਪੜਿਆ-ਲਿਖਿਆ ਸੱਭਿਅਕ ਸਮਾਜ ਵੀ ਬੇਸ਼ੱਕ ਔਰਤ ਦੇ ਬਰਾਬਰ ਦੇ ਅਧਿਕਾਰਾਂ ਦਾ ਢੰਡੋਰਾ ਪਿੱਟਦਾ ਹੈ ,ਪਰ ਬਰਾਬਰਤਾ ਦੇਣ ਨੂੰ ਅਜੇ ਵੀ ਤਿਆਰ ਨਹੀਂ ਹੈ। ਅੱਜ ਵੀ ਔਰਤ ਤੇ ਜੁਲਮ ਉਸ ਜੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਨ,ਜਦੋਂ ਆਧੁਨਿਕ ਤਕਨੀਕਾਂ ਦੁਆਰਾ ਔਰਤ ਦੇ ਗਰਭ ਵਿੱਚ ਪਲ ਰਹੇ ਭਰੂਣ ਦੇ ਲਿੰਗ ਦਾ ਪਤਾ ਲਗਾਇਆ ਜਾਂਦਾ ਹੈ। ਸਾਡਾ ਸੱਭਿਅਕ ਸਮਾਜ ਵੀ ਔਰਤ ਤੋਂ ਲੜਕੇ ਜੰਮਣ ਦੀ ਹੀ ਤਵੱਕੋਂ ਕਰਦਾ ਹੈ। ਅੱਜ ਵੀ ਕਈ ਘਰਾਂ ਵਿੱਚ ਕੁੜੀ ਜੰਮਣ ਤੇ ਸੋਗ ਹੀ ਪੈਂਦਾ ਹੈ, ਕਿਸੇ ਗੀਤਕਾਰ ਨੇ ਲਿਖਿਆ ਹੈ :-
ਮੈਂ ਜੰਮੀ ਘਰ ਸੋਗ ਪਿਆ ਸੀ
ਕਿਸੇ ਨਾਂ ਦਿੱਤੀਆਂ ਵਧਾਈਆਂ ਵੇ,
ਬੂਹੇ ਅੱਗੇ ਨਿੰਮ ਨਾਂ ਬੰਨ੍ਹੀ
ਨਾਂ ਡੂਮਾਂ ਨਾਂ ਨਾਈਆਂ ਵੇ।
ਬਾਪੂ ਮੱਥਾ ਫੜ ਕੇ ਬਹਿ ਗਿਆ
ਮਾਂ ਨੂੰ ਅੰਨ ਨਾਂ ਪਾਣੀ ਵੇ
ਮੇਰੀ ਦਰਦ ਕਹਾਣੀ ਹੈ ਵੇ
ਮੇਰੀ ਦਰਦ ਕਹਾਣੀ •••••••

ਇਸ ਤਰ੍ਹਾਂ ਔਰਤ ਦੇ ਜਨਮ ਤੋਂ ਸ਼ੁਰੂ ਹੋ ਕਿ ਉਸ ਦੇ ਮਰਨੇ ਤੱਕ ਇਹ ਮਿਹਣੇ ਉਸ ਦੇ ਨਾਲ ਹੀ ਚੱਲਦੇ ਰਹਿੰਦੇ ਹਨ।

ਬੇਸ਼ੱਕ ਦੁਨੀਆਂ ਭਰ ਵਿੱਚ ਮਹਾਨ ਔਰਤਾਂ ਨੇ ਜਨਮ ਲਿਆ ਤੇ ਉਹਨਾਂ ਨੇ ਆਪਣੇ ਸਮਾਜ/ਧਰਮ ਨੂੰ ਅਗਵਾਈ ਵੀ ਦਿੱਤੀ । ਪਰ ਜਿੰਨਾਂ ਮਾਣ ਸਿੱਖ ਧਰਮ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਔਰਤ ਜਾਤੀ ਨੂੰ ਦਿੱਤਾ ਹੈ, ਇਸ ਦੀਆਂ ਉਦਾਹਰਣਾਂ ਹੋਰ ਕਿਧਰੇ ਦੇਖਣ ਨੂੰ ਨਹੀਂ ਮਿਲਦੀਆਂ। ਸਾਰੀ ਮਨੁੱਖ ਜਾਤੀ ਨੂੰ ਜਨਮ ਦੇਣ ਵਾਲੀ ਔਰਤ ਬਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਸੀ,
ਸੋ ਕਿਉਂ ਮੰਦਾ ਆਖੀਐ
ਜਿਤੁ ਜੰਮੈ ਰਾਜਾਨ। ।

ਭਾਵ ਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਕਿਸ ਗੱਲੋਂ ਹੀਣੀ ਹੋ ਸਕਦੀ ਹੈ ਜਾਂ ਉਸ ਨੂੰ ਮੰਦਾ ਕਿਉਂ ਕਿਹਾ ਜਾ ਸਕਦਾ ਹੈ।
ਸਿੱਖ ਇਤਿਹਾਸ ਵਿੱਚ ਮਹਾਨ ਔਰਤਾਂ,ਜਿਹਨਾਂ ਵਿੱਚ ਲੰਗਰ ਪ੍ਰਥਾ ਦੀ ਸਿਰਜਣਹਾਰੀ ਮਾਤਾ ਖੀਵੀ ਜੀ (ਸੁਪਤਨੀ ਸ਼੍ਰੀ ਗੁਰੂ ਅੰਗਦ ਦੇਵ ਜੀ) ,ਮਾਤਾ ਸੁੰਦਰੀ ਜੀ (ਸੁਪਤਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਜਿਹਨਾਂ ਨੇ ਦਸਵੇਂ ਪਾਤਸ਼ਾਹ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਸਿੱਖ ਧਰਮ ਨੂੰ ਸੰਭਾਲਣ ਵਿੱਚ ਅਹਿਮ ਰੋਲ ਨਿਭਾਇਆ,ਮਾਈ ਭਾਗੋ ਜੋ ਪੰਜਾਬ ਦੇ ਮੈਦਾਨ ਵਿੱਚ ਲੜਨ ਵਾਲੀ ਪਹਿਲੀ ਔਰਤ ਸੀ, ਰਾਜਕੁਮਾਰੀ ਸੋਫੀਆ ਦਲੀਪ ਸਿੰਘ ਜਿਸ ਨੇ ਬ੍ਰਿਟੇਨ ਦੇ ਇਤਿਹਾਸ ਵਿੱਚ ਔਰਤ ਨੂੰ ਵੋਟ ਦਾ ਅਧਿਕਾਰ ਦੇਣ ਖਾਤਰ ਸੰਘਰਸ਼ ਵਿੱਚ ਯੋਗਦਾਨ ਪਾਇਆ ਤੇ ਬਖਸ਼ੀਵਾਲਾ ਦੀ ਗੁਲਾਬ ਕੌਰ ਜੋ ਗਦਰੀ ਗੁਲਾਬ ਕੌਰ ਦੇ ਨਾਂ ਨਾਲ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਵਾਲੀ ਮਹਾਨ ਔਰਤ ਸੀ,ਦੇ ਨਾਂ ਵਰਨਣਯੋਗ ਹਨ।

ਇਸ ਮਹਾਨ ਵਿਰਸੇ ਦੇ ਬਾਵਜੂਦ ਅੱਜ ਵੀ ਸਾਡੇ ਧਰਮ/ਸਮਾਜ ਵਿੱਚ ਔਰਤ ਦੀ ਹੋਣੀ, ਜਿਸ ਦੀ ਉਹ ਹੱਕਦਾਰ ਹੈ, ਚ ਸੁਧਾਰ ਨਹੀਂ ਹੋਇਆ। ਅੱਜ ਵੀ ਸਾਡੀ ਔਰਤ ਪ੍ਰਤੀ ਸੋਚ ਸਦੀਆਂ ਪੁਰਾਣੀ ਹੀ ਹੈ। ਬੇਸ਼ੱਕ ਸਮੇਂ ਦੀਆਂ ਸਰਕਾਰਾਂ ਔਰਤਾਂ ਦੇ ਹੱਕਾਂ ਜਾਂ ਉਹਨਾਂ ਦੀ ਵਿਧਾਨ ਸਭਾਵਾਂ/ਵਿਧਾਨਪ੍ਰੀਸ਼ਦਾਂ /ਸਥਾਨਕ ਪੰਚਾਇਤਾਂ ਵਿੱਚ ਵੱਧ ਗਿਣਤੀ ਦੀ ਪ੍ਰਤੀਸ਼ਤਤਾ ਦੇ ਮਤੇ ਪਾਸ ਕਰਦੀਆਂ ਹਨ ਪਰ ਉਹਨਾਂ ਦੀਆਂ ਥਾਵਾਂ/ਨਾਵਾਂ ਤੇ ਕੰਮਕਾਜ ਅੱਜ ਵੀ ਉਹਨਾਂ ਦੇ ਪਤੀ ਜਾਂ ਪੁੱਤਰ ਹੀ ਕਰਦੇ ਦੇਖੇ ਜਾ ਸਕਦੇ ਹਨ।

ਪਿੰਡ ਦੀ ਸਰਪੰਚਣੀ ਚੁਣੀ ਜਾਣ ਵਾਲੀ ਔਰਤ ਸਿਰਫ ਦਸਤਖਤ ਕਰਨ ਜਾਂ ਅੰਗੂਠਾ ਲਾਉਣ ਤੱਕ ਸੀਮਤ ਹੁੰਦੀ ਹੈ ਪਰ ਬਾਹਰ ਮੀਟਿੰਗਾਂ ਵਿੱਚ ਭਾਗ ਲੈਣ ਲਈ ਜਾਂ ਕਿਸੇ ਵੀ ਮਸਲੇ ਲਈ ਉਸ ਦਾ ਪਤੀ ਜਾਂ ਪੁੱਤਰ ਹੀ ਸਰਪੰਚ ਵਜੋਂ ਪੇਸ਼ ਹੁੰਦੇ ਹਨ। ਬੇਸ਼ੱਕ ਕਈ ਪਿੰਡਾਂ ਦੀ ਸਰਪੰਚੀ ਕਰਨ ਵਿੱਚ ਕੁੱਝ ਪੜੀਆਂ ਲਿਖੀਆਂ ਲੜਕੀਆਂ/ਔਰਤਾਂ ਅੱਗੇ ਆਈਆਂ ਹਨ ਪਰ ਉਹਨਾਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਵੀ ਨਹੀਂ ਹੈ। ਸਵਾ ਸਾਲ ਦੇ ਕਰੀਬ ਚੱਲੇ ਇਤਿਹਾਸਕ ਕਿਸਾਨੀ ਸੰਘਰਸ਼ ਵਿੱਚ ਵੀ ਜੇਕਰ ਔਰਤਾਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਨਾਂ ਦਿੰਦੀਆਂ ਤਾਂ ਸੰਘਰਸ਼ ਜਿੱਤਣਾ ਔਖਾ ਹੋ ਜਾਣਾ ਸੀ। ਇਸ ਸੰਘਰਸ਼ ਦੌਰਾਨ ਬੇਬੇ ਮਹਿੰਦਰ ਕੌਰ ਵਰਗੀ ਨੇ ਤਾਂ ਕਿਸਾਨੀ ਸੰਘਰਸ਼ ਚ ਆਈਆਂ ਔਰਤਾਂ ਨੂੰ ਭਾੜੇ ਦੀਆਂ ਔਰਤਾਂ ਕਹਿਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਵੀ ਦਿੱਤੇ ਹਨ।

ਸੋ ਅੱਜ ਲੋੜ ਹੈ ਸਾਨੂੰ ਔਰਤ ਦਿਵਸ ਮਨਾਉਣ ਦੇ ਅਸਲ ਮਕਸਦ ਤੇ ਪਹਿਰਾ ਦੇਣ ਦੀ। ਆਪਣੇ ਆਪ ਨੂੰ ਅਗਾਂਹਵਧੂ ਕਹਾਉਣ ਵਾਲੀਆਂ ਸੰਸਥਾਵਾਂ ਵੀ ਇਸ ਦਿਨ ਤੇ ਆਪੋ- ਆਪਣੇ ਪੱਧਰ ਤੇ ਪ੍ਰੋਗਰਾਮ ਉਲੀਕਦੀਆਂ ਹਨ ਪਰ ਕਿਤੇ ਨਾਂ ਕਿਤੇ ਇਹ ਪ੍ਰੋਗਰਾਮ ਕੁਝ ਕੁ ਲੋਕਾਂ ਤੱਕ ਸੀਮਤ ਰਹਿ ਜਾਂਦੇ ਹਨ। ਇਹਨਾਂ ਪ੍ਰੋਗਰਾਮਾਂ ਦਾ ਘੇਰਾ ਵਿਸ਼ਾਲ ਕਰਨ ਦੀ ਲੋੜ ਹੈ।

ਜਿਵੇਂ ਸਾਡੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ “ਔਰਤ ਇਮਾਨ,ਪੁੱਤਰ ਨਿਸ਼ਾਨ,ਦੌਲਤ ਗੁਜਰਾਨ ” ਦੇ ਕਥਨ ਚ ਔਰਤ ਨੂੰ ਇਮਾਨ ਦਾ ਦਰਜਾ ਦਿੱਤਾ ,ਗੁਰੂ ਅਮਰਦਾਸ ਜੀ ਨੇ ਗੁਰਮਤਿ ਪ੍ਰਚਾਰ ਦੀਆਂ ਸਥਾਪਤ ਕੀਤੀਆਂ 22 ਮੰਜੀਆਂ ਚੋਂ 2 ਮੰਜੀਆਂ ਇਸਤਰੀ ਪ੍ਰਚਾਰਕਾਂ ਨੂੰ ਬਖਸ਼ੀਆਂ ਤੇ ਇਸਤਰੀਆਂ ਦੇ ਘੁੰਡ ਕੱਢਣ ਦੇ ਰਿਵਾਜ ਖਤਮ ਕਰਨ ਦਾ ਉਪਦੇਸ਼ ਦਿੱਤਾ ਤੇ 1699 ਈਸਵੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਖੰਡੇ ਦਾ ਪਾਹੁਲ ਤਿਆਰ ਕਰਨ ਸਮੇਂ ਪਵਿੱਤਰ ਜਲ ਵਿੱਚ ਮਾਤਾ ਸਾਹਿਬ ਕੌਰ ਜੀ ਨੇ ਪਤਾਸੇ ਪਾ ਕੇ ਖਾਲਸਾ ਪੰਥ ਦੇ ਹਿਰਦੇ ਵਿੱਚ ਸਦਾ ਲਈ ਨਿਮਰਤਾ,ਹਲੀਮੀ ਤੇ ਮਿਠਾਸ ਨੂੰ ਯਕੀਨੀ ਬਣਾਇਆ। ਸੋ ਸਾਨੂੰ ਆਪਣੇ ਵਿਰਸੇ/ਧਰਮ,ਜਿਸ ਤੇ ਅਸੀਂ ਸਦਾ ਹੀ ਮਾਣ ਕਰਦੇ ਹਾਂ, ਤੋਂ ਸਿੱਖਦਿਆਂ ਔਰਤ ਪ੍ਰਤੀ ਸਤਿਕਾਰ,ਹਲੀਮੀ ਲਿਆਉਂਦੇ ਹੋਏ ਔਰਤ ਜਾਤੀ ਨੂੰ ਬਣਦਾ ਮਾਣ-ਸਤਿਕਾਰ ਦੇਣ ਦੀ ਜਰੂਰਤ ਹੈ,ਤਾਂ ਹੀ ਔਰਤ ਦਿਵਸ ਮਨਾਉਣਾ, ਆਪਣੇ ਵਿਰਸੇ/ਧਰਮ ਦੀ ਪਾਲਣਾ ਕਰਨਾ ਅਖਵਾਏਗਾ।

ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleऑल इंडिया रेलवे पुरुष हॉकी चैंपियनशिप में रेल कोच फैक्ट्री कपूरथला की लगातार तीसरी जीत
Next articleਤੇਰੇ ਬਿਨ