ਖੁਸ਼ਹਾਲ ਤੇ ਬਿਹਤਰ ਸਮਾਜ ਦੀ ਸਿਰਜਣਾ ਲਈ ਵਿਗਿਆਨਕ ਸੋਚ ਦਾ ਪਸਾਰਾ ਅਤੀ ਜ਼ਰੂਰੀ – ਮਾਸਟਰ ਪਰਮਵੇਦ
(ਸਮਾਜ ਵੀਕਲੀ) ਲੋਕਾਂ ਵਿੱਚ ਵਿਗਿਆਨਕ ਵਿਚਾਰਾਂ ਦੇ ਪ੍ਰਚਾਰ ਪਸਾਰ ਲਈ ਕੰਮ ਕਰਨ ਦੀ ਲੋੜ ਅੱਜ ਪਹਿਲਾਂ ਨਾਲੋਂ ਵੀ ਵੱਧ ਜ਼ਰੂਰੀ ਹੋ ਗਈ ਹੈ। ਇਹ ਜਾਣਨ ਲਈ ਪਿਛਲੇ ਕੁਝ ਸਮੇਂ ਤੋਂ ਜੋ ਕੁਝ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਹੋ ਰਿਹਾ ਹੈ ਉਸ ਉੱਤੇ ਨਿਗ੍ਹਾ ਮਾਰਨ ਦੀ ਲੋੜ ਹੈ। ਸਰਕਾਰਾਂ ਲੋਕਾਂ ਦੇ ਅਸਲ ਮਸਲੇ ਹੱਲ ਕਰਨ ਦੀ ਬਜਾਏ ਉਹਨਾਂ ਮਸਲਿਆਂ ਤੋਂ ਧਿਆਨ ਤਿਲਕਾਉਣ ਲਈ ਧਾਰਮਿਕ ਮਸਲਿਆਂ ਸੰਬੰਧੀ ਕਾਨੂੰਨ ਲਿਆ ਕੇ ਆਪਣੀਆਂ ਕਮਜ਼ੋਰੀਆਂ, ਅਸਫ਼ਲਤਾਵਾਂ ਤੇ ਪਰਦਾ ਪਾਉਣਾ ਚਾਹੁੰਦੀ ਹੈ। ਲੋਕਾਂ ਦੇ ਟੈਕਸਾਂ ਦੇ ਪੈਸੇ ਉੱਤੇ ਲੋਕਾਂ ਨੂੰ ਧਰਮ,ਜਾਤ, ਫਿਰਕਿਆਂ ਵਿੱਚ ਵੰਡ ਕੇ ਕਿਸਮਤਵਾਦੀ ਤੇ ਲਾਈਲੱਗ ਬਣਾ ਕੇ ਉਨ੍ਹਾਂ ਦੀ ਸੋਚ ਨੂੰ ਬੋਣਾ ਕਰਕੇ ਜਾਗਰੂਕਤਾ ਤੇ ਚੇਤੰਨਤਾ ਤੋਂ ਦੂਰ ਲਿਜਾ ਕੇ ਅੰਧਵਿਸ਼ਵਾਸਾਂ ਦੇ ਗੱਫੇ ਪਰੋਸ ਰਹੀ ਹੈ,ਚਾਰੇ ਪਾਸੇ ਅੰਧਕਾਰ ,ਨ੍ਹੇਰਾ ਫੈਲਾਇਆ ਜਾ ਰਿਹਾ ਹੈ ਲੋਕਾਂ ਦੀ ਸੋਚ ਖੁੰਢੀ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ।ਤਰਕਸ਼ੀਲ ਸੁਸਾਇਟੀ ਪੰਜਾਬ ਅੰਧਵਿਸ਼ਵਾਸ ਰੋਕੂ ਕਨੂਨ ਬਣਾਉਣ ਲਈ ਆਏ ਸਾਲ ਸਰਕਾਰੀ ਨੁਮਾਇੰਦਿਆਂ ਨੂੰ ਮੰਗ ਪੱਤਰ ਦਿੰਦੀ ਆ ਰਹੀ ਹੈ, ਪਰ ਪਰਨਾਲਾ ਉੱਥੇ ਦਾ ਉੱਥੇ। ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਆਪਣੀ ਪੁਲਿਸ ਨੂੰ ਕਾਂਵੜੀਆਂ ਉੱਤੇ ਫੁੱਲ ਬਰਸਾਉਣ, ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਨ ਅਤੇ ਇਥੋਂ ਤੱਕ ਕਿ ਉਹਨਾਂ ਦੇ ਪੈਰ ਘੁੱਟਣ ਤੱਕ ਲਗਾ ਰੱਖਿਆ ਸੀ। ਪੁਲਿਸ ਦਾ ਜਿਹੜਾ ਅਸਲ ਕੰਮ ਹੁੰਦਾ ਹੈ ਕਿ ਇਹੋ ਜਿਹੇ ਮੌਕਿਆਂ ਉੱਤੇ ਹੁੜਦੁੰਗ ਮਚਾਉਣ ਨੂੰ ਰੋਕਿਆ ਜਾਵੇ, ਉਸ ਵੱਲੋਂ ਯੂ.ਪੀ. ਪੁਲਿਸ ਨੇ ਬਿਲਕੁਲ ਅੱਖਾਂ ਮੀਚੀਆਂ ਹੋਈਆਂ ਸਨ। ਸਿੱਟੇ ਵਜੋਂ ਜਿਸ ਪੱਧਰ ਦਾ ਮਾਹੌਲ ਕਾਂਵੜ ਯਾਤਰਾ ਦੌਰਾਨ ਇਸ ਵਾਰ ਦੇਖਣ ਨੂੰ ਮਿਲਿਆ , ਉਹ ਬਹੁਤ ਸ਼ਰਮਨਾਕ ਸੀ। ਇਹਨਾਂ ਤੋਂ ਵੀ ਉੱਤੇ ਕੇਂਦਰ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਜਿਸ ਤਰ੍ਹਾਂ ਧਾਰਮਿਕ ਕੱਟੜਤਾ ਅਤੇ ਫਿਰਕਾਪ੍ਰਸਤੀ ਨੂੰ ਸਰਪ੍ਰਸਤੀ ਦੇ ਰਹੀ ਹੈ, ਉਸ ਨਾਲ ਸਿਰਫ ਸੰਵਿਧਾਨ ਦੇ ਧਰਮ ਨਿਰਪੱਖਤਾ ਉੱਤੇ ਹੀ ਨਹੀਂ ਬਲਕਿ ਭਾਈਚਾਰਕ ਸਾਂਝ ਵਾਲੇ ਸਮਾਜਿਕ ਮਾਹੌਲ ਅਤੇ ਮਾਨਵਵਾਦੀ ਸੋਚ ਉੱਤੇ ਵੱਡੀ ਸੱਟ ਵੱਜ ਰਹੀ ਹੈ। ਇਸ ਵੱਲੋਂ ਵਿਦਿਅਕ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਕੱਟੜ ਸੋਚ ਵਾਲੇ ਲੋਕਾਂ ਨੂੰ ਭਰਿਆ ਜਾ ਰਿਹਾ ਹੈ, ਵਿਦਿਆਰਥੀ ਨੂੰ ਪੜ੍ਹਾਏ ਜਾਣ ਵਾਲੇ ਪਾਠਕ੍ਰਮਾਂ ਵਿੱਚੋਂ ਵਿਗਿਆਨਕ ਸੋਚ ਪੈਦਾ ਕਰਨ ਵਾਲੇ ਹਿੱਸੇ (ਜਿਵੇਂ ਕਿ ਜੀਵ ਵਿਕਾਸ) ਨੂੰ ਖਾਰਜ ਕੀਤਾ ਗਿਆ ਹੈ। ਯੂਨੀਵਰਸਟੀਆਂ ਵਿੱਚ ਜੋਤਿਸ਼ ਅਤੇ ਕਰਮਕਾਂਡ ਵਰਗੇ ਗੈਰ-ਵਿਗਿਆਨਕ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਤਰਕ ਨਾਲ ਲੋਕ ਪੱਖੀ ਗੱਲ ਕਰਨ ਵਾਲਿਆਂ ਨੂੰ ਸਰਕਾਰੀ ਮਸ਼ੀਨਰੀ ਵਰਤ ਕੇ ਦਬਾਇਆ ਜਾ ਰਿਹਾ ਹੈ। ਵਿਗਿਆਨ ਦੀ ਖੋਜ ਟੈਲੀਵਿਜ਼ਨ ਜਿਸ ਨੇ ਸੱਚ ਨੂੰ ਪੇਸ਼ ਕਰਨ ਦਾ ਸਾਧਨ ਹੋਣਾ ਸੀ, ਲੋਕ ਮਨਾਂ ਵਿੱਚ ਵਿਗਿਆਨ ਦਾ ਚਾਨਣ ਕਰਕੇ ਮਨਾਂ ਨੂੰ ਰੁਸ਼ਨਾਉਣਾ ਸੀ, ਉਹ ਝੂਠਾ ਪ੍ਰਾਪੇਗੰਡਾ ਕਰਨ ਤੇ ਲੋਕਾਂ ਦੇ ਮਨਾਂ ਨੂੰ ਹਨੇਰੇ ਨਾਲ ਭਰਨ ਦਾ ਸਭ ਤੋਂ ਵੱਡਾ ਸਾਧਨ ਬਣ ਗਿਆ ਹੈ, ਗੈਰ-ਵਿਗਿਆਨਕ ਕਥਾਵਾਂ ਅਤੇ ਰੂੜ੍ਹੀਵਾਦੀ ਧਾਰਨਾਵਾਂ ਨੂੰ ਫੈਲਾਉਣ ਦਾ ਸਾਧਨ ਬਣ ਗਿਆ ਹੈ। ਸੋਸ਼ਲ ਮੀਡੀਆ, ਜਿਸ ਨੇ ਲੋਕਾਂ ਦਾ ਮੀਡੀਆ ਬਣਨਾ ਸੀ, ਉਸ ਉੱਤੇ ਸੱਤਾਧਾਰੀ ਧਿਰਾਂ ਦੇ ਆਈ.ਟੀ. ਸੈੱਲਾਂ ਅਤੇ ਟਰੋਲ ਆਰਮੀਆਂ ਨੇ ਕਬਜ਼ਾ ਕਰ ਲਿਆ ਹੈ। ਆਰਥਿਕ ਖੇਤਰ ਵਿੱਚ ਕਾਰਪੋਰੇਟ ਵਰਗ ਵੱਲੋਂ ਵੱਡਾ ਹੱਲਾ ਕੀਤਾ ਜਾ ਰਿਹਾ ਹੈ ਜੋ ਸਾਰੇ ਸਾਧਨਾਂ ਨੂੰ ਲੋਕਾਂ ਤੋਂ ਖੋਹ ਕੇ ਆਪਣੇ ਕਬਜ਼ੇ ਵਿੱਚ ਕਰ ਲੈਣਾ ਚਾਹੁੰਦੇ ਹਨ। ਸੱਤਾਧਾਰੀ ਧਿਰਾਂ ਵੱਲੋਂ ਉੱਪਰ ਬਿਆਨ ਕੀਤਾ ਵਿਚਾਰਧਾਰਕ ਹਮਲਾ ਕਾਰਪੋਰੇਟਾਂ ਦੇ ਇਸ ਆਰਥਿਕ ਹਮਲੇ ਦਾ ਸਭ ਤੋਂ ਵੱਡਾ ਸਹਿਯੋਗੀ ਹੈ। ਸਰਕਾਰੀ ਸਰਪ੍ਰਸਤੀ ਨਾਲ ਫੈਲਾਈ ਜਾ ਰਹੀ ਗੈਰ-ਵਿਗਿਆਨਕ ਸੋਚ ਮਿਥਿਹਾਸਕ ਕਥਾਵਾਂ, ਧਾਰਮਿਕ ਕੱਟੜਤਾ ਅਤੇ ਫਿਰਕਾਪ੍ਰਸਤੀ, ਕਾਰਪੋਰੇਟਾਂ ਦੇ ਇਸ ਆਰਥਿਕ ਹੱਲੇ ਖਿਲਾਫ ਲੜਾਈ ਨੂੰ ਬਹੁਤ ਕਮਜ਼ੋਰ ਕਰਦੀ ਹੈ, ਉਨ੍ਹਾਂ ਦੀ ਇੱਕਜੁਟਤਾ ਵਿੱਚ ਪਾਟਕ ਪਾਉਂਦੀ ਹੈ, ਉਨ੍ਹਾਂ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਦੀ ਹੈ। ਅਗਾਂਹਵਧੂ ਵਿਗਿਆਨਕ ਸੋਚ ਵਾਲੇ ਲੋਕਾਂ ਦਾ ਕਾਰਜ ਇਸ ਵਿਚਾਰਧਾਰਕ ਹਮਲੇ ਨੂੰ ਰੋਕਣ ਲਈ ਲੋਕਾਂ ਨੂੰ ਵਿਗਿਆਨਕ ਚੇਤਨਾ ਨਾਲ ਲੈਸ ਕਰਨਾ ਹੈ। ਜੇ ਸਰਕਾਰ ਵਿਦਿਆਰਥੀਆਂ ਨੂੰ ਵਿਗਿਆਨਕ ਸਿੱਖਿਆ ਤੋਂ ਵਾਂਝਾ ਕਰਦੀ ਹੈ ਤਾਂ ਅਗਾਂਹ ਵਧੂ ਸੋਚ ਦੇ ਮਾਲਕਾਂ ਨੂੰ ਵਿਗਿਆਨਕ ਸਿੱਖਿਆ ਵਿਦਿਆਰਥੀਆਂ ਤੱਕ ਲੈ ਕੇ ਜਾਣੀ ਚਾਹੀਦੀ ਹੈ। ਜੇ ਉਹ ਲੋਕਾਂ ਨੂੰ ਪਾੜਨ ਲਈ ਉਨ੍ਹਾਂ ਵਿੱਚ ਧਾਰਮਿਕ ਕੱਟੜਵਾਦ ਅਤੇ ਫਿਰਕਾਪ੍ਰਸਤੀ ਫੈਲਾਉਂਦੀ ਹੈ ਤਾਂ ਵਿਗਿਆਨਕ ਸੋਚ ਦੇ ਧਾਰਨੀਆਂ ਨੂੰ ਧਰਮਾਂ ਦੀ ਅਸਲੀਅਤ ਨੂੰ ਲੋਕਾਂ ਸਾਹਮਣੇ ਬਿਆਨ ਕਰਨੀ ਚਾਹੀਦੀ ਹੈ। ਜੇ ਉਹ ਕਿਸਮਤ, ਕਰਮਾਂ ਦੇ ਨਾਂ ਉੱਤੇ ਲੋਕਾਂ ਨੂੰ ਭਾਣਾ ਮੰਨਣ ਦੀ ਸਿੱਖਿਆ ਦਿੰਦੇ ਹਨ ਤਾਂ ਸਾਨੂੰ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸ਼ਾਂਤਮਈ ਸੰਘਰਸ਼ਾਂ ਦੀ ਲੋੜ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ। ਸੋ ਜੇ ਅਸੀਂ ਇੱਕ ਬਿਹਤਰ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਜਰੂਰੀ ਹੈ ਕਿ ਲੋਕਾਂ ਵਿੱਚ ਵਿਗਿਆਨਕ ਅਤੇ ਤਰਕਸ਼ੀਲ ਸੋਚ ਦਾ ਚਾਨਣ ਵੱਧ ਤਾਕਤ ਨਾਲ ਫੈਲਾਇਆ ਜਾਵੇ । ਖੁਸ਼ਹਾਲ ਤੇ ਬਿਹਤਰ ਸਮਾਜ ਲਈ ਵਿਗਿਆਨਕ ਸੋਚ ਦਾ ਪਸਾਰਾ ਅਤੀ ਜ਼ਰੂਰੀ।
ਮਾਸਟਰ ਪਰਮਵੇਦ
ਤਰਕਸ਼ੀਲ ਆਗੂ ਤਰਕਸ਼ੀਲ ਸੁਸਾਇਟੀ ਪੰਜਾਬ
9417422349



