HOME “ਇਕ ਛੋਟੀ ਘਟਨਾ — ਪਰ ਬਹੁਤ ਵੱਡਾ ਸਬਕ” (ਜਦ ਸਹਾਰਾ ਸਿਰਫ਼ ਦਿਖਾਵਾ...

“ਇਕ ਛੋਟੀ ਘਟਨਾ — ਪਰ ਬਹੁਤ ਵੱਡਾ ਸਬਕ” (ਜਦ ਸਹਾਰਾ ਸਿਰਫ਼ ਦਿਖਾਵਾ ਬਣ ਗਿਆ)

ਪਵਨ ਕੁਮਾਰ ਅੱਤਰੀ

   (ਸਮਾਜ ਵੀਕਲੀ)  ਹਰ ਰੋਜ਼ ਜਦੋਂ ਮੈਂ ਆਪਣੀ ਡਿਊਟੀ ਤੇ ਜਾਣ ਲਈ ਬੱਸ ਵਿੱਚ ਸਫ਼ਰ ਕਰਦਾ ਹਾਂ, ਤਾਂ ਰਾਹ ਵਿੱਚ ਕਈ ਤਜਰਬੇ ਮਿਲਦੇ ਹਨ। ਕੁਝ ਲੋਕਾਂ ਦੇ ਬੋਲਣ ਦੇ ਢੰਗ ਤੋਂ, ਤੇ ਕੁਝ ਉਹਨਾਂ ਦੀਆਂ ਹਰਕਤਾਂ ਤੋਂ। ਹਰ ਰੋਜ਼ ਕਿਸੇ ਨਾ ਕਿਸੇ ਨਵੇਂ ਵਿਅਕਤੀ ਨਾਲ ਮੁਲਾਕਾਤ ਹੋ ਹੀ ਜਾਂਦੀ ਹੈ। ਪਰ ਕੱਲ੍ਹ ਜੋ ਮੈਂ ਦੇਖਿਆ, ਉਸ ਘਟਨਾ ਨੇ ਮੇਰੇ ਮਨ ਵਿੱਚ ਬਹੁਤ ਸਾਰੇ ਪ੍ਰਸ਼ਨ ਪੈਦਾ ਕਰ ਦਿੱਤੇ। ਕੁਝ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਡਿਊਟੀ ਜਾ ਰਿਹਾ ਸੀ । ਬੱਸ ਹਾਈਵੇ ‘ਤੇ ਚੱਲ ਰਹੀ ਸੀ। ਟਰੈਫਿਕ ਸਿਗਨਲ ‘ਤੇ ਲਾਲ ਬੱਤੀ ਹੋਈ ਤਾਂ ਬੱਸ ਰੁਕ ਗਈ। ਕਈ ਲੋਕ ਪੈਦਲ ਸੜਕ ਪਾਰ ਕਰ ਰਹੇ ਸਨ। ਮੇਰੀ ਨਜ਼ਰ ਇੱਕ ਬਜ਼ੁਰਗ ਵਿਅਕਤੀ ਅਤੇ ਇੱਕ ਅਧਖੜ ਉਮਰ ਦੀ ਮਹਿਲਾ ‘ਤੇ ਪਈ। ਮਹਿਲਾ ਉਸ ਬਜ਼ੁਰਗ ਦਾ ਹੱਥ ਫੜ੍ਹ ਕੇ ਖੜੀ ਸੀ। ਲੱਗ ਰਿਹਾ ਸੀ ਜਿਵੇਂ ਉਹ ਟਰੈਫਿਕ ਘੱਟ ਹੋਣ ਦੀ ਉਡੀਕ ਕਰ ਰਹੇ ਸਨ ਤਾਂ ਜੋ ਆਰਾਮ ਨਾਲ ਸੜਕ ਪਾਰ ਕਰ ਸਕਣ। ਉਮਰ ਦੇ ਹਿਸਾਬ ਨਾਲ ਅੰਦਾਜਾ ਲਗਾਇਆ ਜਾ ਸਕਦਾ ਸੀ ਕਿ ਬਜ਼ੁਰਗ ਸ਼ਾਇਦ ਉਸ ਮਹਿਲਾ ਦੇ ਪਿਤਾ ਜਾਂ ਸਹੁਰਾ ਹੈ। ਮੈਂ ਸੋਚਿਆ — ਕਿੰਨੀ ਸਮਝਦਾਰ ਮਹਿਲਾ ਹੈ ਜੋ ਬਜ਼ੁਰਗ ਦੀ ਸਹੂਲਤ ਦਾ ਧਿਆਨ ਰੱਖ ਰਹੀ ਹੈ।

ਪਰ ਅਗਲੇ ਹੀ ਪਲ ਜੋ ਹੋਇਆ, ਉਹ ਹੈਰਾਨ ਕਰ ਦੇਣ ਵਾਲਾ ਸੀ। ਟਰੈਫਿਕ ਘੱਟ ਹੋਣ ਦੀ ਬਜਾਏ ਹੋਰ ਵੱਧ ਗਿਆ। ਅਚਾਨਕ, ਮਹਿਲਾ ਨੇ ਬਜ਼ੁਰਗ ਦਾ ਹੱਥ ਛੱਡ ਦਿੱਤਾ ਅਤੇ ਹੱਥ ਨਾਲ ਗੱਡੀਆਂ ਨੂੰ ਰੋਕਣ ਦਾ ਇਸ਼ਾਰਾ ਕਰਦੀ ਹੋਈ ਖੁਦ ਹੀ ਸੜਕ ਪਾਰ ਕਰ ਗਈ। ਦੂਜੇ ਪਾਸੇ ਪਹੁੰਚ ਕੇ ਉਹ ਬਜ਼ੁਰਗ ਨੂੰ ਇਸ਼ਾਰਾ ਕਰ ਰਹੀ ਸੀ ਕਿ ਜਲਦੀ ਸੜਕ ਪਾਰ ਕਰੋ। ਪਰ ਟਰੈਫਿਕ ਤਾਂ ਅਜੇ ਵੀ ਬਹੁਤ ਸੀ! ਇਹ ਦੇਖ ਕੇ ਮੇਰੇ ਮਨ ਵਿੱਚ ਕਈ ਸਵਾਲ ਆਏ। “ਜੇ ਮਹਿਲਾ ਨੇ ਖੁਦ ਹੀ ਸੜਕ ਪਾਰ ਕਰਨੀ ਸੀ ਤਾਂ ਪਹਿਲਾਂ ਬਜ਼ੁਰਗ ਦਾ ਹੱਥ ਕਿਉਂ ਫੜਿਆ ਸੀ?” ਅਤੇ “ਜਦ ਟਰੈਫਿਕ ਘੱਟ ਨਹੀਂ ਹੋਇਆ, ਤਾਂ ਉਹ ਇਕੱਲੀ ਕਿਉਂ ਚਲੀ ਗਈ?” ਉਹ ਦੂਜੇ ਪਾਸੇ ਜਾ ਕੇ ਬਜ਼ੁਰਗ ਨੂੰ ਜਲਦੀ ਆਉਣ ਲਈ ਕਿਉਂ ਬੁਲਾ ਰਹੀ ਸੀ? 
ਕੁੱਝ ਦੇਰ ਵਿੱਚ ਹੀ ਇੱਕ ਨੌਜਵਾਨ ਸਰਦਾਰ ਮੁੰਡਾ ਉਥੇ ਆਇਆ। ਉਸਨੇ ਬਜ਼ੁਰਗ ਦਾ ਹੱਥ ਫੜ੍ਹ ਕੇ ਬੜੀ ਇੱਜ਼ਤ ਨਾਲ ਸੜਕ ਪਾਰ ਕਰਵਾ ਦਿੱਤੀ। ਜਦ ਬਜ਼ੁਰਗ ਸੁਰੱਖਿਅਤ ਤੌਰ ‘ਤੇ ਦੂਜੇ ਪਾਸੇ ਪਹੁੰਚਿਆ, ਤਾਂ ਉਸ ਮਹਿਲਾ ਨੇ ਨਾ ਤਾਂ ਉਸ ਨੌਜਵਾਨ ਦਾ ਧੰਨਵਾਦ ਕੀਤਾ ਤੇ ਨਾ ਹੀ ਬਜ਼ੁਰਗ ਵੱਲ ਕੋਈ ਖ਼ਾਸ ਧਿਆਨ ਦਿੱਤਾ। ਉਹ ਅੱਗੇ ਅੱਗੇ ਚੱਲ ਪਈ, ਤੇ ਬਜ਼ੁਰਗ ਹੌਲੀ ਹੌਲੀ ਉਸਦੇ ਪਿੱਛੇ।
ਬੱਸ ਫਿਰ ਚੱਲ ਪਈ, ਪਰ ਮੇਰਾ ਮਨ ਉਸ ਘਟਨਾ ਵਿੱਚ ਹੀ ਅਟਕ ਗਿਆ। ਮੈਂ ਸੋਚਦਾ ਰਿਹਾ — ਕੀ ਅੱਜਕੱਲ੍ਹ ਲੋਕਾਂ ਦੇ ਮਨ ਵਿੱਚੋਂ ਸੰਵੇਦਨਾ, ਸਬਰ ਅਤੇ ਆਦਰ ਦੀ ਭਾਵਨਾ ਘੱਟ ਹੋ ਗਈ ਹੈ? ਜਿਸ ਬਜ਼ੁਰਗ ਲਈ ਉਹ ਮਹਿਲਾ ਕੁਝ ਪਲ ਪਹਿਲਾਂ ਸੰਭਾਲ ਕੇ ਖੜੀ ਸੀ, ਉਸਨੂੰ ਛੱਡ ਕੇ ਅਚਾਨਕ ਖੁਦ ਅੱਗੇ ਕਿਉਂ ਨਿਕਲ ਗਈ? ਕਈ ਵਾਰ ਛੋਟੀਆਂ ਘਟਨਾਵਾਂ ਸਾਡੇ ਸਾਹਮਣੇ ਜ਼ਿੰਦਗੀ ਦੇ ਬਹੁਤ ਵੱਡੇ ਸਬਕ ਛੱਡ ਜਾਂਦੀਆਂ ਹਨ।
ਸਿੱਖਿਆ: ਇਹ ਘਟਨਾ ਸਾਨੂੰ ਇਹ ਸਿਖਾਉਂਦੀ ਹੈ ਕਿ ਸਬਰ, ਸਹਿਯੋਗ ਅਤੇ ਦੂਜਿਆਂ ਦੀ ਇਜ਼ਤ ਕਰਨਾ ਕਦੇ ਨਾ ਭੁੱਲੀਏ। ਖ਼ਾਸ ਕਰਕੇ ਉਹਨਾਂ ਦਾ ਜੋ ਸਾਡੇ ਨਾਲੋਂ ਕਮਜ਼ੋਰ ਜਾਂ ਉਮਰ ਵਿੱਚ ਵੱਡੇ ਹਨ। ਜਦ ਤੱਕ ਮਨੁੱਖਤਾ ਜਿੰਦਾ ਰਹੇਗੀ, ਤਦ ਤੱਕ ਹੀ ਇਹ ਸਮਾਜ ਸੱਚਮੁੱਚ ਸੁੰਦਰ ਰਹੇਗਾ।
ਪਵਨ ਕੁਮਾਰ ਅੱਤਰੀ
ਅਧਿਆਪਕ (ਕਪੂਰਥਲਾ)
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਗਿਆਨਕ ਵਿਚਾਰਾਂ ਦੀ ਲੋੜ ਅੱਜ ਪਹਿਲਾਂ ਨਾਲੋਂ ਕਿਤੇ ਵੱਧ – ਤਰਕਸ਼ੀਲ
Next articleਮੁਨੱਜ਼ਾ ਇਰਸ਼ਾਦ ਨੂੰ’ਭਾਸ਼ਾ ਰਤਨ ਐਵਾਰਡ-2024′ ਨਾਲ ਨਿਵਾਜਿਆ ਗਿਆ