HOME ਮਿਹਨਤ ਕਸ਼ ਲੋਕਾਂ ਦੇ ਨਾਂ

ਮਿਹਨਤ ਕਸ਼ ਲੋਕਾਂ ਦੇ ਨਾਂ

4

(ਸਮਾਜ ਵੀਕਲੀ) 

ਮਿਹਨਤ ਕਸ਼ ਲੋਕਾਂ ਦੇ ਨਾਂ
—————————-
ਤੂੰ ਮੰਗਿਆ ਏ ਮੈਥੋਂ ਗੀਤ ਕੋਈ ,
ਯਾਰਾਂ ਦੀ ਮਹਿਫ਼ਲ ਗਾਉਂਣ ਲਈ ।
ਮੈਂ ਲਿਖਦਾ ਹਾਂ ਕਵਿਤਾਵਾਂ ਹੁਣ ,
ਸੁੱਤੇ ਹੋਏ ਲੋਕ ਜਗਾਉਂਣ ਲਈ ।

ਓਹ ਗੱਲ ਪੁਰਾਣੀ ਹੋ ਗਈ ਏ ,
ਮੈਂ ਲਿਖੇ ਸੀ ਗੀਤ ਪਿਆਰਾਂ ਦੇ ।
ਤੂੰ ਹੇਕਾਂ ਲਾ ਲਾ ਗਾਏ ਸੀ ,
ਬਹਿ ਕੇ ਵਿੱਚ ਅਪਣਿਆਂ ਯਾਰਾਂ ਦੇ।
ਕੋਈ ਕਿੰਨਾਂ ਕੁ ਚਿਰ ਲਿਖੀਂ ਜਾਵੇ ,
ਲੋਕਾਂ ਦਾ ਦਿਲ ਪ੍ਰਚਾਉਂਣ ਲਈ ।
ਮੈਂ ਲਿਖਦਾ ਹਾਂ ————-

ਅੱਜ ਮਿਹਨਤ ਕਸ਼ ਨੂੰ ਮਿਲਦਾ ਨਾ ,
ਹੱਕ ਪੂਰਾ ਉਸ ਦੀ ਮਿਹਨਤ ਦਾ ।
ਉਹ ਪੂਰੀ ਤਰ੍ਹਾਂ ਨਾ ਮਾਣ ਸਕੇ ,
ਹੱਕ ਕੁਦਰਤ ਦੀ ਵੀ ਨੇਹਮਤ ਦਾ ।
ਆ ਤੂੰ ਵੀ ਮੋਢਾ ਲਾ ਸੱਜਣਾ ,
ਕਾਣੀ ਵੰਡ ਖ਼ਤਮ ਕਰਾਉਂਣ ਲਈ ।
ਮੈਂ ਲਿਖਦਾ ਹਾਂ ————–

ਇੱਕ ਦਿਨ ਮੇਰੀਆਂ ਕਵਿਤਾਵਾਂ ਨੇ ,
ਲੋਕਾਂ ਨੂੰ ‘ਕੱਠਿਆਂ ਕਰ ਦੇਣਾ ।
ਭੁੱਖਿਆਂ ਨੂੰ ਰੋਟੀ ਤੇ ਕੱਪੜਾ ,
ਤੇ ਬੇ-ਘਰਿਆਂ ਨੂੰ ਘਰ ਦੇਣਾ ।
ਹਰ ਸੂਝਵਾਨ ਫ਼ਿਰ ਸੋਚੇਗਾ ,
ਉੱਚਿਆਂ ਦੇ ਕਿੰਗਰੇ ਢਾਉਂਣ ਲਈ ।
ਮੈਂ ਲਿਖਦਾ ਹਾਂ —————

ਇੱਕ ਮੰਨ ਰੰਚਣਾਂ ਵਾਲ਼ੇ ਦੀ ,
ਛੱਡ ਗੀਤ ਰੁਮਾਂਟਿਕ ਗਾਉਂਣੇ ਤੂੰ ।
ਪੈਸੇ ਤੇ ਸ਼ੁਹਰਤ ਦੀ ਖ਼ਾਤਰ ,
ਲੋਕਾਂ ਦੇ ਦਿਲ ਪਰਚਾਉਂਣੇ ਤੂੰ ।
ਤੂੰ ਤੀਜੀ ਅੱਖ ਨੂੰ ਖੋਲ੍ਹ ਜ਼ਰਾ ,
ਭੁੱਲਿਆਂ ਨੂੰ ਰਾਹ ਦਿਖਾਉਂਣ ਲਈ ।
ਮੈਂ ਲਿਖਦਾ ਹਾਂ —————-

‌ ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਹਰ ਬੱਚੇ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ ਪੰਜਾਬ ਸਰਕਾਰ ਦਾ ਉਦੇਸ਼: ਜੈ ਕ੍ਰਿਸ਼ਨ ਸਿੰਘ ਰੌੜੀ
Next articleਮਾਵਾਂ ਦੇ ਪੁੱਤ ਬਚਾਉਣ ਲਈ ਅਤੇ ਭੈਣਾਂ ਦੇ ਵੀਰੇ ਬਚਾਉਣ ਲਈ ਬਸਪਾ ਤੇ ਯਕੀਨ ਕਰੋ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ