(ਸਮਾਜ ਵੀਕਲੀ)
ਤੇਰੀ ਆਮਦ ਨਾਲ
ਮਹਿਕ ਉਠਿਆ ਸੀ ਮੇਰਾ ਆਂਗਣ
ਜਦ ਦਸਤਕ ਦਿੱਤੀ ਸੀ ਤੂੰ
ਕਰਾਂਤੀ ਦੇ ਮਹੀਨੇ
ਮੇਂ ਖੁਸ਼ ਹੋਇਆ
ਜਦ ਤੇਰੀ ਦਾਦੀ ਨੇ ਕਿਹਾ
ਤੂੰ ਕੁੜੀ ਦਾ ਪਿਓ ਬਣ ਗਿਆ
ਮੈਂ ਤੈਨੂੰ ਮਿਲਣਾ ਚਾਹਿਐ
ਤਾਂ ਝਟ ਸੁਣਿਆ
ਤੂੰ ਮੂੰਹ ਨਹੀ ਵੇਖ ਸਕਦਾ
ਬੇਟੀ ਗੰਡਮੂਲਾਁ ਚ ਹੋਈ ਏ
ਬਾਪ ਲਈ ਅਪਸ਼ਗਨ ਹੁੰਦੀ ਹੈ
ਪਰ ਏਸ ਵਹਿਮ ਨੂੰ ਤੋੜ
ਮੈਂ ਤੇਰੀ ਮਾਂ ਦਾ ਮੁੱਖ ਚੁੰਮ
ਤੈਨੂੰ ਗਲ ਨਾਲ ਲਾਇਆ
ਭਰੂਣ ਹੱਤਿਆ ਦੇ ਦੌਰ ਵਿਚ
ਤੇਰੀ ਹੋਂਦ ਦਾ ਹੋਣਾ
ਅਸਲ ਚ ਮੇਰੀ ਹੋਂਦ ਸੀ
ਘਰ ਜਾ ਤੇਰੀ ਖੁਸ਼ੀ ਚ
ਬੂਹੇ ਅਗੇ ਨਿੰਮ ਬੰਨਿਆ
ਲੱਡੂ ਵੰਡੇ ਲੋਹੜੀ ਮਨਾਈ
ਪਰ ਸਮਾਜ ਨੇ ਤੇਰੀ ਆਮਦ ਦਾ
ਸਵਾਗਤ ਨਾ ਕੀਤਾ
ਤੇ ਆਖਦੇ ਲੈ ਕੋਈ
ਕੁੜੀਆਂ ਦੇ ਵੀ ਨਿੰਮ ਬੰਨਦੈ !
ਖੁਸਰਿਆਂ ਨੇ ਤੇਰੀ ਵਧਾਈ ਨਾ ਲਈ
ਜਦ ਵੀ ਤੈਨੂੰ ਮੈਂ
ਆਪਣੇ ਨਾਲ ਲੈ ਜਾਂਦਾ
ਤਾਂ ਅਕਸਰ ਲੋਕ ਆਖਦੇ
ਧੀਆਂ ਘਰ ਚ ਰੱਖੀਦਿਆਂ ਨੇ
ਬਹੁਤ ਕੁਝ ਆਖਦੇ
ਉਹ ਵੀ ਜੋ ਕਈ ਵਾਰ
ਸੁਣ ਵੀ ਨਾ ਹੁੰਦਾ
ਪਰ
ਕਿਸੇ ਦੀ ਪਰਵਾਹ ਨਾ ਕਰ
ਅਸੀ ਧੀਏ
ਤੈਨੂੰ ਸਿਰਫ ਜੀ ਆਇਆਂ ਹੀ ਨਹੀਂ ਕਿਹਾ
ਬਲਕਿ ਚੰਗਾ ਮਹੌਲ ਵੀ ਦੇਣ ਦਾ ਯਤਨ ਕੀਤਾ
ਤਾਂ ਕਿ ਤੂੰ ਆਪਣੇ ਰਾਹਾਂ ‘ਤੇ ਚਲ ਕੇ
ਤਲਾਸ਼ ਕਰ ਸਕੇ ਆਪਣੀ ਮੰਜ਼ਿਲ
ਤੇ ਜੀ ਸਕੇਂ ਬੇਖੌਫ ਅਜਾਦੀ ਨਾਲ
ਪਰ ਏਸ ਲਈ ਤੈਨੂੰ ਵੀ
ਹਾਮੀ ਭਰਨੀ ਪੈਣੀ ਹੈ ਉਸ ਯੁੱਧ ਦੀ
ਜੋ ਨਿਰੰਤਰ ਜਾਰੀ ਹੈ
ਉਸ ਸੋਚ ਖਿਲਾਫ
ਜੋ ਧੀਆਂ ਨੂੰ ਹਾਲੇ ਵੀ ਸਮਝਦਾ ਹੈ ਪੈਰ ਦੀ ਜੁੱਤੀ
ਤੇ ਅਖੌਤੀ ਅਣਖ ਤੇ ਧੱਬਾ
ਲੜ੍ਹਨਾ ਪਵੇਗਾ ਉਹ ਯੁੱਧ
ਜੋ ਬਰਾਬਰੀ ਲਈ ਨਿਰੰਤਰ ਲੜਿਆ ਜਾ ਰਿਹੈ
ਜਿਸ ਯੁੱਧ ਦੇ ਅਸੀ ਵੀ ਸਿਪਾਹੀ ਹਾਂ
ਇਹ ਯੁੱਧ ਲੜਿਆ ਤੇ ਜਿਤਿਆ ਜਾਣਾ ਜਰੂਰੀ ਹੈ
, ਮੇਰੀ ਲਾਡਲੀ ਧੀ
ਤਾਂ ਕਿ ਹਰ ਧੀ ਦੇ ਜਨਮ ਨੂੰ
ਆਖਿਆ ਜਾ ਸਕੇ ਜੀ ਆਇਆਂ
ਤੇ ਮਿਲ ਸਕੇ ਖੁਸ਼ਗਵਾਰ ਮਹੌਲ
ਜੀ ਸਕਣ ਬੇਖੌਫ
ਤੇ ਕਦੇ ਵੀ ਨਾ ਮਿਲੇ
ਗੁਰੂਆਂ ਦੀ ਧਰਤੀ ਤੇ
ਧੀਆਂ ਦੇ ਭਰੂਣਾਂ ਦਾ ਖੂਹ:::
ਲੜਨੀ ਹੋਵੇਗੀ ਜੰਗ ਤੈਨੂੰ ਵੀ
ਆਪਣੀ ਹੋਂਦ ਆਪਣੀ ਬਰਾਬਰਤਾ
ਤੇ ਆਜ਼ਾਦੀ ਲਈ
ਫਿਰ ਤੂੰ ਚਾਹੇ ਧਰਤੀ ਦੇ
ਕਿਸੇ ਵੀ ਕੋਨੇ ਹੋਵੇਂ::::
ਹਰਭਗਵਾਨ ਭੀਖੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly