ਬਹੁਤ ਪੱਖੀ ਕਲਾਕਾਰ ਤੇ ਕਵੀ ਅਵਤਾਰਜੀਤ /ਚਿੱਤਰ ਲੀਲ੍ਹਾ ਕਿਤਾਬ ਦੇ ਸੰਦਰਭ ਵਿੱਚ… -ਬਲਵਿੰਦਰ ਭੱਟੀ

   ਬਲਵਿੰਦਰ ਸਿੰਘ ਭੱਟੀ 
ਬਲਵਿੰਦਰ ਸਿੰਘ ਭੱਟੀ

(ਸਮਾਜ ਵੀਕਲੀ) ਅਵਤਾਰਜੀਤ ਅਜੋਕੇ ਸਮਿਆਂ ਦਾ ਬਹੁਤ ਹੀ ਪ੍ਰਤਿਭਾਵਾਨ ਤੇ ਚਰਚਿਤ ਕਵੀ ਹੈ । ਇਹ ਕਵੀ ਸਾਹਿਤਕ ਧਰਤੀ ਚ ਮਾਲਵੇ ਚ ਜੰਮਿਆ ਅਤੇ ਸ਼ਾਹੀ ਦਰਵਾਜਿਆਂ ਵਾਲੇ ਸ਼ਹਿਰ ਚ ਆ ਵਸਿਆ। ਦਰਅਸਲ ਪਟਿਆਲੇ ਹੀ ਇਸ ਨੂੰ ਫੈਲਣ ਤੇ ਮੌਲਣ ਦਾ ਵਕਤ ਪ੍ਰਾਪਤ ਹੋਇਆ ,ਇਹ ਸ਼ਹਿਰ ਅਦਬੀ ਲੋਕਾਂ ਦਾ ਅਤੇ ਸ਼ਾਇਰ ਲੋਕਾਂ ਦਾ ਸ਼ਹਿਰ ਹੋਣ ਕਰਕੇ ਅਵਤਾਰਜੀਤ ਉੱਪਰ ਇਸ ਦੀ ਸਾਹਿਤਕ ਪੁੱਠ ਚੜ ਗਈ ,ਖੂਬਸੂਰਤ ਲੋਕਾਂ ਨਾਲ ਵਾਹ ਪਿਆ, ਬਹੁਤ ਹੀ ਸੰਜੀਦਾ ਅਤੇ ਰੋਮਾਂਟਿਕ ਮਾਹੌਲ ਨੇ ਅਵਤਾਰਜੀਤ ਦੀ ਸ਼ਖਸੀਅਤ ਉਪਰ ਆਪਣਾ ਅਕਸ ਛਾਪ ਦਿੱਤਾ,  ਉਸਨੇ ਕਵਿਤਾ ਦਾ ਪੱਲਾ ਨਾ ਛੱਡਿਆ ਗੀਤ ਅਤੇ ਨਜ਼ਮ ਤੇ ਕਵਿਤਾ ਨਾਲ ਲਗਾਤਾਰ ਰਾਬਤਾ ਬਣਾ ਕੇ ਰੱਖਿਆ ,ਇਸ ਤਰ੍ਹਾਂ ਕੁਝ ਹੀ ਸਮੇਂ ਵਿੱਚ ਆਪਣੀ ਕਵਿਤਾ ਦੀ ਪੁਸਤਕ ਮਿੱਟੀ ਕਰੇ ਸੰਵਾਦ 93 ਨਾਲ ਸਹਿਤਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ,ਕਵਿਤਾ ਰਾਹੀਂ ਕਵੀਆਂ ਨਾਲ ਚੰਗੇ ਸਬੰਧ ਸਿਰਜਨ ਚ ਸਫਲ ਹੋ ਗਿਆ ,ਕਵੀ ਦਰਬਾਰਾਂ ਦਾ ਸ਼ਿੰਗਾਰ ਬਣਿਆ। ਉਸਦੀ ਇਸ ਮਿੱਟੀ ਕਰੇ ਸੰਵਾਦ ਕਿਤਾਬ ਨੇ ਕਵੀ ਵਜੋਂ ਉਸਨੂੰ ਸਥਾਪਤ ਕਰ ਦਿੱਤਾ। ਅਵਤਾਰਜੀਤ ਦੇ ਖੁੱਲੇ ਡੁੱਲੇ ਕੱਦ ਕਾਠ,ਸਰੀਰ ਤੇ ਸੁਭਾਅ ਕਾਰਨ ਉਹ ਮਿਕਨਾਤੀਸੀ ਸ਼ਖਸ਼ੀਅਤ  ਸਥਾਪਿਤ ਕਰ ਲੈਂਦਾ ਹੈ, ਲੇਖਕਾਂ ਨਾਲ ਅਕਸਰ ਉਪਭਾਵਕ ਨੇੜਤਾ ਬਣਾ ਲੈਂਦਾ ਹੈ ,ਤੇ ਆਪਣੀ ਕਵਿਤਾ ਰਾਹੀਂ ਉਹਨਾਂ ਨੂੰ ਆਪਣੇ ਕਲਾਵੇ ਵਿੱਚ ਵੀ ਲੈ ਲੈਂਦਾ ਹੈ।ਦਿਲੋਂ ਮਨੋਂ ਸਾਫ਼ ਕਲਾ ਨੂੰਪਰਨਾਇਆ,ਅਵਤਾਰਜੀਤ ਸੱਚਮੁੱਚੀ  ਦਾ ਕਲਾਕਾਰ ਸ਼ਾਇਰ ਅਤੇ ਵਧੀਆ ਇਨਸਾਨ ਹੈ।

        ਹੱਥਲੀ ਪੁਸਤਕ ਚਿੱਤਰ ਲੀਲਾ ਵਿੱਚ ਉਸਨੇ ਆਪਣੇ ਚਹੇਤਿਆਂ ਅਤੇ ਮਿੱਤਰਾਂ ਦੋਸਤਾਂ ਦੀਆਂ ਜ਼ਿੰਦਗੀਆਂ ਨੂੰ ਇਸ ਕਲਾ ਕਿਰਤ ਦਾ ਵਿਸ਼ਾ ਬਣਾਇਆ ਹੈ। ਪੁਸਤਕ ਆਪਣੇ ਦਾਦਾ ਜੀ ਸਰਦਾਰ ਦੇਵਾ ਸਿੰਘ ਜੀ ਦੇ ਨਾਮ ਸਮਰਪਣ ਕੀਤੀ ਹੈ।  ਇਸ ਪੁਸਤਕ ਵਿੱਚ 34 ਕਾਵਿ ਚਿੱਤਰ ਹਨ। ਪੰਜ ਕਾਵਿ ਚਿੱਤਰ ਵੱਖ ਵੱਖ ਮਿੱਤਰ ਲੇਖਕਾਂ ਆਰਟਿਸਟਾਂ ਵੱਲੋਂ ਅਵਤਾਰਜੀਤ ਦੀ ਜਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਜੱਗਰ ਕਰਦੇ ਹਨ ।ਇਹਨਾਂ ਵਿੱਚੋਂ ਇੱਕ ਕਾਵਿ ਚਿੱਤਰ ਕਵੀ ਨੇ ਆਪਣੇ ਬਾਰੇ ਵੀ ਗੁਆਚੇ ਪਾਣੀਆਂ ਦਾ ਜਲ ਤਰੰਗ/ ਬਾ ਕਲਮ ਖੁਦ -ਅਵਤਾਰਜੀਤ ਨੇ ਲਿਖਿਆ ਹੈ ,ਅਤੇ ਆਪਣੀ ਤੇ ਆਪਣੀ ਕਲਮ ਦੀ ਪਹਿਚਾਣ ਤੇ ਸਮਰੱਥਾ ਵਖਿਆਨ ਕਰਨ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਪੁਸਤਕ 40 ਕਾਵਿ ਚਿੱਤਰਾਂ ਨੂੰ ਮੁਖਾਤਿਬ ਹੈ ,ਲੇਖਕ ਨੇ ਕਾਵਿ ਚਿੱਤਰ ਲਿਖਣ ਵੇਲੇ ਕਿਸੇ ਖਾਸ ਚੌਖਟੇ ਵਿੱਚ ਰੱਖ ਕੇ ਚੋਣ ਨਹੀਂ ਕੀਤੀ, ਸਗੋਂ ਉਸ ਨੇ ਆਪਣੀ ਪਸੰਦ ਅਤੇ ਆਪਣੀ ਜ਼ਿੰਦਗੀ ਵਿੱਚ ਵਿਚਰੇ, ਮਿਲੇ, ਲੋਕਾਂ ਨਾਲ ਅਤੇ ਉਹਨਾਂ ਦੀਆਂ ਲਿਖਤਾਂ ਨੂੰ ਪੜ ਸੁਣ ਕੇ ਉਹਨਾਂ ਦੀ ਜ਼ਿੰਦਗੀ ਦਾ ਚਿੱਤਰ ਪੇਸ਼ ਕੀਤਾ ਹੈ ।
ਸਖਸ਼ੀਅਤ ਨੂੰ ਸਕੈਨ ਕਰ ਲੈਂਦਾ ਹੈ,ਕਾਵਿ ਚਿੱਤਰ ਪੜਕੇ ਲੱਗਦਾ ਹੈ, ਉਹ ਬੰਦਾ ਤੁਹਾਡੇ ਸਾਹਮਣੇ ਬੈਠਾ ਹੈ, ਕਾਵਿ ਪਾਤਰ ਤੁਹਾਡੇ ਨਾਲ ਗੱਲਬਾਤ ਕਰਦੇ ਮਹਿਸੂਸ ਹੁੰਦੇ ਹਨ, ਅਵਤਾਰਜੀਤ ਆਪਣੇ ਕਾਵਿ ਪਾਤਰਾਂ ਨੂੰ ਅੰਦਰੋਂ ਫੜਨ ਦੀ ਕੋਸਿਸ਼ ਕਰਦਾ ਹੈ। ਕਿਸੇ ਵਿਸ਼ੇਸ਼ ਵਿਚਾਰਧਾਰਾ ਜਾਂ ਕਿਸੇ ਇੱਕ ਸੋਚ ਨੂੰ ਇਸ ਚੋਣ ਲਈ ਅਧਾਰ ਨਹੀਂ ਬਣਾਇਆ ,ਸਗੋਂ ਲੇਖਕ ਨੇ ਮਨ ਮਸਤਕ ਵਿੱਚ ਪਏ ਅਸਰ ਨੂੰ ਕਬੂਲ ਕੇ ਕਾਵਿ ਚਿੱਤਰ ਲਿਖਿਆ ਗਿਆ ਹੈ। ਕਾਵਿ ਚਿੱਤਰਾਂ ਵਿੱਚ ਵੱਡੀਆਂ ਸ਼ਖਸ਼ੀਅਤਾਂ ਦੇ ਕੀਤੇ ਕੰਮਾਂ ਅਤੇ ਪੈਦਾ ਕੀਤੇ ਉਜਲੇ ਨਾਮ ਨੂੰ ਵੀ ਆਪਣੇ ਲੇਖਣੀ ਦਾ ਵਿਸ਼ਾ ਬਣਾਇਆ ਹੈ। ਇਹਨਾਂ ਕਾਵਿ ਚਿਤਰਾਂ ਵਿੱਚ ਜਿੱਥੇ ਉਹਨਾਂ ਦੇ ਜੀਵਨ ਦੀ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ,ਉਥੇ ਉਹਨਾਂ ਵੱਲੋਂ ਸਮਾਜ ਵਿੱਚ ਪਾਏ ਯੋਗਦਾਨ ਨੂੰ ਵੀ ਆਪਣੀ ਲਿਖਤ ਦਾ ਆਧਾਰ ਬਣਾਇਆ ਹੈ। ਇਹ ਬਹੁਤ ਹੀ ਔਖਾ ਕੰਮ ਹੈ ਕਿ ਕਿਸੇ ਚਰਚਿਤ ਸ਼ਖਸੀਅਤ ਦੇ ਜੀਵਨੀ ਅਤੇ ਜੀਵਨ ਅਨੁਭਵ ਨੂੰ ਜਾਨਣਾ ਫਿਰ ਉਸਨੂੰ ਆਪਣੇ ਦਿਲ ਦਿਮਾਗ ਦਾ ਹਿੱਸਾ ਬਣਾਉਣ,ਉਪਰੰਤ ਉਸ ਬਾਰੇ  ਕਵਿਤਾ ਵਿੱਚ ਉਸ ਦਾ ਵਰਣਨ ਕਰਨਾ ਮੁਸ਼ਕਲ ਕੰਮ ਹੈ। ਪਰ ਅਵਤਾਰਜੀਤ ਨੇ ਹਰ ਸ਼ਖਸੀਅਤ ਦੇ ਜੀਵਨ ਅਨੁਭਵ ,ਆਪਣੇ ਅਨੁਭਵ ਦੇ ਨਾਲ ਉਹਨਾਂ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਆਪਣੀ ਰਚਨਾ ਵਿੱਚ ਪੇਸ਼ ਕੀਤਾ ਹੈ। ਜਿਸ ਨਾਲ ਪਾਠਕ ਵਰਗ ਨੂੰ ਜਿੱਥੇ ਕਵਿਤਾ ਹੁਲਾਰਾ ਦਿੰਦੀ ਹੈ ,ਉਸ ਦੇ ਨਾਲ ਹੀ ਉਹ ਸ਼ਖਸੀਅਤ ਦੀਆਂ ਪ੍ਰਾਪਤੀਆਂ ਦਾ ਵੀ ਗਿਆਨ ਪ੍ਰਾਪਤ ਹੁੰਦਾ ਹੈ। ਅਵਤਾਰਜੀਤ  ਦੀ ਕਾਵਿ ਸਮਰੱਥਾ ਦੇ ਪ੍ਰਮਾਣ ਪੇਸ਼ ਹੁੰਦੇ ਹਨ।  ਅਵਤਾਰਜੀਤ ਦੀ ਕਾਵਿ ਕਲਾ ਦਾ ਕੈਨਵਸ ਬਹੁਤ ਵਿਸ਼ਾਲ ਅਤੇ ਕਲਾਸਿਕ ਹੈ।
ਅਵਤਾਰਜੀਤ ਨੇ ਆਪਣੀ ਪੁਸਤਕ ਚਿੱਤਰ ਲੀਲਾ ਵਿੱਚ ਕਿਸੇ ਖਾਸ ਲੇਖਕ ਵਰਗ ਦੇ ਸਖਸ਼ੀਅਤ ਚਿੱਤਰਨ ਨੂੰ ਅਧਾਰ ਨਹੀਂ ਬਣਾਇਆ ਸਗੋਁ  ਉਸ ਦੀ ਕਾਵਿ ਚਿਤਰਾਂ ਦੀ ਚੋਣ ਵੱਖ ਵੱਖ ਰੂਪਾਂ ਵਿੱਚ ਵਿਦਵਾਨ ਸ਼ਖਸੀਅਤਾਂ ਨਿਰੋਲ ਕਵੀਆਂ ਲਈ ਹੀ ਨਹੀਂ ਲਿਖੇ ਗਏ ।ਕਵੀਆਂ ਦੇ ਨਾਲ ਨਾਲ ਨਾਟਕਕਾਰ, ਵਾਰਤਕਾਰ ,ਆਰਟਿਸਟ ,ਫਿਲਮਕਾਰ ਗਾਇਕ ,ਰਿਸ਼ਤੇਦਾਰ ਅਤੇ ਆਮ ਹੱਡਮਾਸ ਦੇ ਵਿਅਕਤੀ ਕਲਾ ਕਿਰਤੀ ਲੋਕਾਂ ਨੂੰ ਵੀ ਆਪਣੀ ਰਚਨਾਤਮਕਤਾ ਦਾ ਹਿੱਸਾ ਬਣਾਇਆ ਹੈ। ਜਿਵੇ ਪ੍ਰੋ ਪੂਰਨ ਸਿੰਘ,ਅੰਮਿ੍ਤਾ ਪੀ੍ਤਮ, ਇਮਰੋਜ਼, ਖੁਸਵੰਤ ਸਿੰਘ,ਬਲਵੰਤ ਗਾਰਗੀ,ਸਾਰਾ ਸ਼ਗੁਫਤਾ,ਪਾਸ਼,ਮਿਲਖਾ ਸਿੰਘ,ਬਰਜਿੰਦਰ ਹਮਦਰਦ, ਡਾ ਤੇਜਵੰਤ ਮਾਨ, ਗੁਰਦਾਸ ਮਾਨ, ਅਨੂਪ ਵਿਰਕ, ਪ੍ਰੀਤਮ ਰਾਹੀ, ਦਰਸ਼ਨ ਬੁਟਰ, ਭਾਸ਼ੋ,ਸਵਰਨਜੀਤ ਸਵੀ, ਰਾਮ ਸਿੰਘ ਚਾਹਲ, ਡਾ ਮੋਹਨ ਤਿਆਗੀ, ਭੂਪਿੰਦਰ,ਦਰਸ਼ਨ ਦਰਵੇਸ਼,ਲਕਸਮੀ ਨਰੈਣ ਭੀਖੀ, ਨਵਦੀਪ ਚਹਿਲ, ਦੇਸ ਰਾਜ ਮੋਗਾ,ਬਲਜੀਤ ਬਰਾੜ, ਡਾ ਵਿਕਰਮਜੀਤ,ਰਾਣੀਤੱਤ ਹਰਮਨਜੀਤ,ਬੇਬੇ ਗਿਆਨ ਕੌਰ, ਬਾਪੂ ਸੂਬੇਦਾਰ ਗੱਜਣ ਸਿੰਘ,ਪਤਨੀ ਸਖੀ ਅਟਵਾਲ,ਦੋਸਤ ਅੰਜੂ ਭਦੌੜ,ਡਾ ਕੁਲਵੀਰ ਕੌਰ ਵਿਰਕ, ਨਵੀਨਾ ਆਸ਼ਕੀ,ਦਾਦਾ ਦੇਵਾ ਸਿੰਘ ਨਾਮ ਸ਼ਾਮਿਲ ਹਨ,ਇਸ ਤਰ੍ਹਾਂ ਬਲਜੀਤ ਬਰਾੜ, ਦਰਸ਼ਨ ਦਰਵੇਸ਼ ਨੇ ਬਾਲੀ ਰੇਤਗੜ, ਸੁਖਵਿੰਦਰ ਰਾਜ ਨੇ ਅਵਤਾਰਜੀਤ ਬਾਰੇ ਲਿਖਿਆ ਹੈ।ਜੀਹਦੇ ਕਾਰਨ ਪੁਸਤਕ ਵਿੱਚ ਰੰਗ ਬਿਰੰਗਾ ਭਾਵਾਂ ਤੇ ਵਿਭਿੰਤਾ ਪ੍ਰਗਟ ਹੁੰਦੀ ਹੈ। ਪੁਸਤਕ ਨੂੰ ਹਰ ਵਿਧਾ ਅਤੇ ਹਰ ਸਵਾਦ ਮਾਨਣ ਵਾਲਾ ਪਾਠਕ ਪਸੰਦ ਕਰਦਾ ਹੈ,,ਕਿਉਂਕਿ ਉਸਨੂੰ ਉਸ ਦੇ ਸਵਾਦ ਅਨੁਸਾਰ ਕੁਝ ਨਾ ਕੁਝ ਕਿਤਾਬ ਵਿੱਚੋਂ ਮਿਲ ਜਾਂਦਾ ਹੈ,,ਇਸ ਤਰਾਂ ਇਸ ਪੁਸਤਕ ਨੂੰ ਜੀ ਆਇਆ ਕਹਿਣਾ ਬਣਦਾ ਹੈ, ਕਿਉਂ ਕਿ ਪਾਠਕ ਨਾਲ ਨਾਲ ਸੰਵਾਦ ਤੇ ਸਵਾਦ ਦੀ ਤਿ੍ਪਤੀ ਹੋ ਜਾਂਦੀ ਹੈ ।  ਕਿਤਾਬ ਦੇ ਸ਼ੁਰੂ ਚ ਅਵਤਾਰਜੀਤ ਵਲੋਂ ਲਿਖਿਆ ਸਵੈ ਕਥਨ ਵਿੱਚ ਵੀ ਅਵਤਾਰਜੀਤ ਦੀ ਦਾਰਸ਼ਨਿਕ ਕਾਵਿਕ ਸਮਰਥਾ ਦੇ ਦਰਸ਼ਨ ਹੁੰਦੇ ਹਨ। ਜੋ ਕਿ ਇਸ ਪੁਸਤਕ ਦੇ ਆਧਾਰ ਤੇ ਸਿਰਜਣਾ ਦੇ ਸਬੰਧ ਚ ਲਿਖਿਆ ਗਿਆ ਹੈ।
         ਅਵਤਾਰਜੀਤ ਵੱਲੋਂ ਕਾਵਿ ਚਿੱਤਰਨ ਵੇਲੇ ਕਲਾਤਮਕਤਾ ਤੇ ਕਾਵਿਕਤਾ ਦਾ ਖਾਸ ਧਿਆਨ ਰੱਖਿਆ ਗਿਆ ਹੈ ,ਉਹ ਕਿਸੇ ਕਾਵਿ ਚਿੱਤਰ ਵਿੱਚ ਕਲਾਤਮਕ ਤੌਰ ਤੇ ਸਿੱਥਾ ਜਾਂ ਸਿਝਦਾ ਨਹੀਂ ਹੈ, ਸਗੋਂ ਰਚਨਾ ਪੀੜੀ ਤੇ ਸਕਿਆਰਾਤਮਕ ਰਹਿੰਦੀ ਹੈ । ਆਪਣੇ ਪਾਤਰ ਨੂੰ ਕਾਵਿ ਸੰਵੇਦਨਾ ਚ ਰੰਗਦਾ ਹੈ। ਵੱਡੇ ਸਾਹਿਤਕਾਰਾਂ ਲਈ ਸ਼ਬਦ ਚੋਣ ਉਹਨਾਂ ਦੇ ਕੀਤੇ ਗਏ ਕੰਮ ਤੇ ਜੀਵਨ ਔਰੇ ਨਾਲ ਸੰਬੰਧਿਤ ਹੈ, ਉਹਨਾਂ ਦਾ ਅਕਸ ਵੀ ਉਹਨਾਂ ਦੇ ਕੀਤੇ ਕਲਾਤਮਕ ਕੰਮਾਂ ਤੋਂ  ਉਪਜਦਾ ਹੈ ।ਹਰੇਕ ਕਾਵਿ ਚਿੱਤਰ ਵਿੱਚ ਉਸ ਵਿਅਕਤੀ ਦਾ ਔਰਾ ਤੁਹਾਨੂੰ ਇਕ ਵੱਖਰੇ ਅਨੁਭਵ ਚ ਪ੍ਰਾਪਤ ਹੁੰਦਾ ਹੈ । ਭਾਵੇਂ ਲਿਖਤਾਂ ਵਿੱਚ ਉਹਨਾਂ ਦੇ ਨਿੱਜੀ ਚਰਿਤਰ ਨੂੰ ਚਿਤਰਿਆ ਗਿਆ ਹੈ ,ਉਹਨਾਂ ਦੀਆਂ ਸਿਰਜਨਾਤਮਕ ਕਲਾ ਕਿਰਤਾਂ ਨੂੰ ਵੀ ਕਾਵਿ ਚਿੱਤਰਾਂ  ਦਾ ਹਿੱਸਾ ਬਣਾਇਆ ਹੈ। ਜਿਸ ਨਾਲ ਉਸਦੇ ਵਿਅਕਤੀ ਦਾ ਨਿਗਰ ਚਰਿਤਰ ਸਪਸ਼ਟ ਹੁੰਦਾ ਹੈ , ਉਭਰਿਆ ਕਲਾਰੂਪ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ ,,ਸਮਾਜਿਕ ਅਤੇ ਸਭਿਆਚਾਰਿਕ ਤੌਰ ਤੇ ਉਸ ਦੀ ਕੀ ਦੇਣ ਹੈ ,ਇਸ ਨੂੰ ਘੜਨ , ਚਿਤਰਣ ਦੀ ਸਫਲ ਕੋਸ਼ਿਸ਼ ਕੀਤੀ ਗਈ ਹੈ, ਕਾਵਿਚਿੱਤਰਾਂ ਦੇ ਸਿਰਲੇਖ ਚ ਵੀ ਲਿਖੇ ਜਾ ਰਹੇ ਕਰੈਕਟਰ ਦੀ ਪੂਰੀ ਸਖਸ਼ੀਅਤ ਪਰਗਟ ਹੋ ਜਾਂਦੀ ਹੈ। ਜੋ ਅਵਤਾਰਜੀਤ ਦੀ ਕਾਵਿਕ ਸਮਰਥਾ ਨੂੰ ਦਰਸ਼ਨ ਸੰਵੇਦਨਸ਼ੀਲਤਾ ਪ੍ਰਦਾਨ ਕਰਦੀ ਹੈ।
  ਸਾਰੇ ਚਰਿਤਰ ਅਡੋਲ ਸਥਿਰ ਹੀ ਨਹੀਂ ਹਨ। ਸਗੋਂ ਨਿਰੰਤਰ ਵਹਿੰਦੇ ਦਰਿਆ ਵਾਂਗ ਕਾਰਜਸੀਲ ਹੋਏ ਦਿਖਾਈ ਦਿੰਦੇ  ਹਨ, ਅਵਤਾਰਜੀਤ ਨੇ ਆਪਣੇ ਚੁਣੇ ਹੋਏ ਵਿਅਕਤੀਆਂ ਦੇ ਸੁਭਾਅ ,ਰਹਿਤਲ,ਲਿਬਾਸ,ਤੇ ਮਨੋ ਬਿਰਤੀ ਬਾਰੇ ਬਹੁਤ ਹੀ ਸ਼ਿੱਦਤ ਨਾਲ ਉਹਨਾਂ ਦਾ ਕਾਵਿਕ ਨਿਰੂਪਣ ਕੀਤਾ ਹੈ। ਉਹਨਾਂ ਦੇ ਦੰਦਕਥਾਵਾਂ ਵਾਂਗ ਜੁੜੇ ਤੱਥਾਂ ਨੂੰ ਵੀ ਉਜਾਗਰ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਇਹਨਾਂ ਕਾਵਿ ਪਾਤਰਾਂ /ਵਿਅਕਤੀਆਂ ਨੂੰ ਜਿੱਥੇ ਉਹ ਨਿੱਜੀ ਤੌਰ ਤੇ ਜਾਣਦਾ ਹੈ ,ਉੱਥੇ ਉਹਨਾਂ ਨਾਲ ਨਿੱਜੀ ਮੁਲਾਕਾਤਾਂ, ਉਹਨਾਂ ਨਾਲ  ਕੀਤੀਆਂ ਇੰਟਰਵਿਊਜ ਵੀ ਕਾਵਿਚਿੱਤਰ ਲਿਖਣ ਵਿੱਚ ਉਸਨੂੰ ਸਹਾਇਕ ਸਿੱਧ ਹੋਈਆਂ ਹਨ, ਜਿਨਾਂ ਨੇ ਉਸਦੀ ਕਾਵਿਕ ਸਮਰਥਾ ਨੂੰ ਹੋਰ ਵੀ ਪਕੇਰਾ ਅਤੇ ਉਸਾਰੂ ਬਣਾਇਆ ਹੈ ।
      ਮੈਂ ਆਸਵੰਦ ਹਾਂ ਕਿ ਉਸਦਾ ਇਹ ਕਾਵਿਕ ਪਰਯਤਨ, ਆਉਂਦੀਆਂ ਪਾਠਕ ਪੀੜੀਆਂ ਲਈ ਰਾਹ ਦਸੇਰਾ ਅਤੇ ਇਸ ਤੋਂ ਅੱਗੇ ਤੁਰਨ ਦਾ ਇੱਕ ਮਾਰਗਦਰਸ਼ਨ ਬਣੇਗਾ ।ਅੰਤ ਵਿੱਚ ਮੈਂ ਸਮਰੱਥ ਸ਼ਾਇਰ ਅਵਤਾਰਜੀਤ ਦੀ ਕਲਮ ਦੀ ਪੁਖਤਗੀ ਲਈ ਕਾਮਨਾ ਕਰਦਾ ਹਾਂ ਅਤੇ ਉਸਦੀ ਦੀ ਲੰਮੀ ਉਮਰ ਲਈ ਅਰਦਾਸ ਕਰਦਾ ਹਾਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  
Previous article*ਮਾਮਲਾ* ਲੁਧਿਆਣਾ ਅਕੈਡਮੀ ਵਲੋਂ ਬੌਧਿਕ ਸੰਪਤੀ ਨੂੰ ਸਕੈਨ ਕਰਾਉਣ ਅਤੇ ਦੀਪ ਜਗਦੀਪ ਵਿਰੁੱਧ ਨਿੰਦਿਆ ਮਤਾ ਪਾਉਣ ਦਾ-(ਮਿੱਤਰ ਸੈਨ ਮੀਤ)
Next articleਯੁਵਕ ਮੇਲੇ ਵਿੱਚ ਫੋਟੋਗ੍ਰਾਫੀ ਵਿੱਚ ਤੀਸਰਾ ਸਥਾਨ