(ਸਮਾਜ ਵੀਕਲੀ)
ਕਿੰਝ ਕਰਾਂ ਸ਼ੁਕਰਾਨਾ ਮਾਏ ਤੇਰਾ,
ਜਨਮ ਦੇ ਕੇ ਮੈਨੂੰ ਤੂੰ ਇਹ ਰੰਗਲਾ ਜਹਾਨ ਦਿਖਾਇਆ ਏ।
ਪਾਲ ਪੋਸ ਕੇ ਵੱਡਾ ਕੀਤਾ, ਮੇਰਾ ਹਰ ਖੁਆਬ ਰੁਸ਼ਨਾਇਆ ਏ।
ਹਰ ਨਿੱਕੀ ਨਿੱਕੀ ਜ਼ਰੂਰਤ ਦਾ ਧਿਆਨ ਤੂੰ ਰੱਖਿਆ, ਵਿੱਚ ਸੰਸਾਰ ਦੇ ਵਿਚਰਨਾ ਸਿਖਾਇਆ ਏ।
ਫਰਕ ਨਾ ਰੱਖਿਆ ਧੀ -ਪੁੱਤਰ ਵਿੱਚ, ਪੜ੍ਹਾ ਕੇ ਕਾਬਿਲ ਇਨਸਾਨ ਬਣਾਇਆ ਏ ।
ਮੰਗੀਆਂ ਦੁਆਵਾਂ ਸਦਾ ਮੇਰੇ ਲਈ ਤੂੰ, ਹਰ ਔਕੜ ਨੂੰ ਮੇਰੇ ਰਾਹ ਵਿੱਚੋਂ ਹਟਾਇਆ ਏ।
ਕਿੰਝ ਕਰਾਂ ਸ਼ੁਕਰਾਨਾ ਮਾਏ ਤੇਰਾ, ਜਨਮ ਦੇ ਕੇ ਮੈਨੂੰ ਤੂੰ ਇਹ ਰੰਗਲਾ ਜਹਾਨ ਦਿਖਾਇਆ ਏ।
ਖ਼ੁਦ ਕੰਡਿਆਂ ਉੱਤੋਂ ਲੰਘ ਕੇ ਮੇਰੇ ਰਾਂਹਾਂ ਵਿੱਚ ਫੁੱਲਾਂ ਨੂੰ ਵਿਛਾਇਆ ਏ।
ਲਾਡਾਂ ਨਾਲ ਪਾਲਿਆ ਮੈਨੂੰ, ਕਹਿੰਦੀ ਪੜ੍ਹਨੇ ਲਿਖਣੇ ਦੀ ਉਮਰ ਹੈ ਤੇਰੀ, ਕਹਿ ਕੇ ਹਮੇਸ਼ਾ ਸਹੀ ਮਾਰਗ ਦਿਖਾਇਆ ਏ ।
ਭਾਵੇਂ ਆਪ ਘੱਟ ਪੜੀ ਸੀ, ਪਰ ਮੈਨੂੰ ਖੂਬ ਪੜਾਇਆ ਲਿਖਾਇਆ ਏ।
ਕਿੰਝ ਕਰਾਂ ਸ਼ੁਕਰਾਨਾ ਮਾਏ ਤੇਰਾ, ਜਨਮ ਦੇ ਕੇ ਮੈਨੂੰ ਤੂੰ ਇਹ ਰੰਗਲਾ ਜਹਾਨ ਦਿਖਾਇਆ ਏ।
ਹਰ ਦੁੱਖ ਵਿੱਚ ਨਾਲ ਤੂੰ ਖੜੀ ਮੇਰੇ, ਚਾਹੇ ਮੁਸੀਬਤਾਂ ਨੇ ਡਾਢੇ ਘੇਰੇ ਪਾਏ ਨੇ।
ਚੜ੍ਹਦੀ ਕਲਾ ਵਿੱਚ ਰਹਿਣਾ ਹਮੇਸ਼ਾ, ਤੂੰ ਹੀ ਮੈਨੂੰ ਸਿਖਾਇਆ ਏ।
ਅਰਦਾਸ ਕਰਾਂ ਹਮੇਸ਼ਾ ਰੱਬ ਅੱਗੇ, ਮਾਂ ਦੀ ਲੰਬੀ ਉਮਰ ਤੇ ਤੰਦਰੁਸਤੀ ਦੀ, ਜਿਸਨੇ ਜ਼ਿੰਦਗੀ ਦਾ ਮਕਸਦ ਸਮਝਾਇਆ ਏ।
ਕਿੰਝ ਕਰਾਂ ਸ਼ੁਕਰਾਨਾ ਮਾਏ ਤੇਰਾ, ਜਨਮ ਦੇ ਕੇ ਮੈਨੂੰ ਤੂੰ ਇਹ ਰੰਗਲਾ ਜਹਾਨ ਦਿਖਾਇਆ ਏ।
ਮਨਪ੍ਰੀਤ ਕੌਰ
ਸਾਇੰਸ ਮਿਸਟ੍ਰੈੱਸ
ਸਰਕਾਰੀ ਹਾਈ ਸਕੂਲ ਚਕੇਰੀਆਂ (ਮਾਨਸਾ)