(ਸਮਾਜ ਵੀਕਲੀ)
ਬੋਲੀ ਆਪਣੀ ਤੇ ਸਭਨੂੰ ਮਾਣ ਹੋਣਾ ਚਾਹੀਦਾ,
ਬੋਲੇ ਜਦੋਂ ਬੰਦਾ ਤਾਂ ਪਛਾਣ ਹੋਣਾ ਚਾਹੀਦਾ।
ਹਰ ਇਕ ਵਿਅਕਤੀ ਦੀ ਆਪਣੀ ਇਕ ਮਾਂ ਬੋਲੀ ਹੁੰਦੀ ਹੈ। ਸਾਡੀ ਵੀ ਆਪਣੀ ਮਾਂ ਬੋਲੀ ਹੈ ਪੰਜਾਬੀ। ਇਨਸਾਨ ਦੀਆਂ ਦੋ ਮਾਵਾਂ ਹੁੰਦੀਆਂ ਹਨ ਜਨਮ ਦੇਣ ਵਾਲੀ ਮਾਂ ਤੇ ਦੂਜੀ ਭਾਵਾਂ ਨੂੰ ਜ਼ੁਬਾਨ ਦੇਣ ਵਾਲੀ ਮਾਂ ਬੋਲੀ। ਪੰਜਾਬੀ ਬੋਲੀ ਦਾ ਇਤਿਹਾਸ ਬਹੁਤ ਮਹਾਨ ਸਾਡੇ ਗੁਰੂ ਸਾਹਿਬਾਨ ਤੇ ਬਾਬੇ ਫਰੀਦ ਜੀ ਵਰਗੇ ਫ਼ਕੀਰਾਂ ਨੇ ਪੰਜਾਬੀ ਵਿਚ ਗੁਰਬਾਣੀ ਲਿਖ ਕੇ ਇਸਨੂੰ ਅਮੀਰ ਬਣਾ ਦਿੱਤਾ ਹੈ। ਪੰਜਾਬੀ ਬੋਲੀ ਨੂੰ ਅੱਜ ਕੱਲ੍ਹ ਵਿਸਾਰਿਆ ਜਾ ਰਿਹਾ ਹੈ ਅੱਜ ਦੀ ਨੌਜਵਾਨ ਪੀੜ੍ਹੀ ਪੰਜਾਬੀ ਨੂੰ ਭੁਲਦੀ ਜਾ ਰਹੀ ਹੈ ਸਾਰੇ ਅੰਗਰੇਜ਼ੀ ਬੋਲਣ ਤੇ ਸਿੱਖਣ ਦੇ ਪਿੱਛੇ ਹਨ।
ਭਾਵੇਂ ਕਿ ਅੰਗਰੇਜ਼ੀ ਬੋਲਣਾ ਤੇ ਸਿੱਖਣਾ ਬੁਰੀ ਗੱਲ ਨਹੀਂ ਪਰ ਇਸ ਪਿੱਛੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲਣਾ ਵੀ ਸਹੀ ਨਹੀਂ। ਕਿਉਂਕਿ ਗੈਰਾਂ ਦੀ ਬੋਲੀ ਨੂੰ ਅਸੀਂ ਕਹਿੰਦੇ ਮੰਦੀ ਨਾ ਪਰ ਆਪਣੀ ਬੋਲੀ ਨੂੰ ਭੁੱਲ ਜਾਣਾ ਇਹ ਵੀ ਚੰਗੀ ਗੱਲ ਨਾ। ਸਾਡੇ ਲੋਕ ਗੀਤ ਟੱਪੇ ਸੁਹਾਗ ਆਦਿ ਸਾਰੇ ਪੰਜਾਬੀ ਬੋਲੀ ਵਿੱਚ ਹੀ ਚੰਗੀ ਤਰ੍ਹਾਂ ਗਾਏ ਜਾ ਸਕਦੇ ਹਨ। ਅਖੀਰ ਵਿਚ ਮੈਂ ਕਹਾਂਗੀ ਕਿ ਲੋੜ ਹੈ ਸਾਨੂੰ ਆਪਣੀ ਮਾਂ ਬੋਲੀ ਦੀ ਕਦਰ ਕਰਨ ਦੀ ਕਿਉਂਕਿ ਜੋ ਕੌਮ ਆਪਣੇ ਸੱਭਿਆਚਾਰ ਦੀ ਕਦਰ ਨਹੀਂ ਕਰਦੀ ਉਹ ਮਿਟ ਜਾਂਦੀ ਹੈ।
ਆਓ ਇਕੱਠੇ ਹੋ ਕੇ ਇਸਦੀ ਸੰਭਾਲ ਕਰੀਏ ਤੇ ਸਾਡੀ ਮਾਂ ਬੋਲੀ ਨੂੰ ਉੱਚਾ ਚੁੱਕਣ ਵਿਚ ਯੋਗਦਾਨ ਪਾਈਏ।
ਮਾਂ ਬੋਲੀ
ਮਾਂ ਬੋਲੀ ਵਿੱਚ ਪਿਆਰ ਮਿਠਾਸ ਅਤੇ ਅਪਣੱਤ ਦੀਆਂ ਭਾਵਨਾਵਾਂ ਹੁੰਦੀਆਂ ਹਨ ਬੱਚਾ ਆਪਣੀ ਮਾਂ ਦੀ ਗੋਦ ਵਿਚ ਆਪਣੀ ਮਾਂ ਬੋਲੀ ਵਿੱਚ ਲੋਰੀਆਂ ਸੁਣ ਕੇ ਵੱਡਾ ਹੁੰਦਾ ਹੈ ਜਿਸ ਤਰ੍ਹਾਂ ਮਾਂ ਆਪਣੇ ਬੱਚਿਆਂ ਵਿੱਚ ਕੋਈ ਫਰਕ ਨਹੀਂ ਕਰਦੀ ਉਸੇ ਤਰ੍ਹਾਂ ਮਾਂ ਬੋਲੀ ਵੀ ਫਰਕ ਨਹੀਂ ਕਰਦੀ ਜਿਸ ਤਰ੍ਹਾਂ ਮਾਂ ਸ਼ਬਦ ਵਿੱਚ ਪੂਰੀ ਖ਼ਲਕਤ ਸਿਮਟੀ ਹੁੰਦੀ ਹੈ ਉਸੇ ਤਰ੍ਹਾਂ ਮਾਂ ਬੋਲੀ ਵਿੱਚ ਅਸੀਂ ਆਪਣੇ ਦਿਲ ਦੇ ਭਾਵਾਂ ਨੂੰ ਬਿਆਨ ਕਰ ਸਕਦੇ ਹਾਂ ਪਰ ਅੱਜ ਹਰ ਮਨੁੱਖ ਆਪਣੀ ਮਾਂ ਬੋਲੀ ਤੋਂ ਵੱਖਰਾ ਹੁੰਦਾ ਜਾ ਰਿਹਾ ਹੈ। ਸਾਡੀ ਮਾਂ ਬੋਲੀ ਉੱਤੇ ਦੂਜੀਆਂ ਭਾਸ਼ਾਵਾਂ ਦਾ ਪ੍ਰਭਾਵ ਪੈ ਹੈ। ਵਿਦੇਸ਼ਾਂ ਵਿੱਚ ਵਸਦੇ ਪਰਿਵਾਰ ਅਤੇ ਉਹਨਾਂ ਦੇ ਬੱਚੇ ਆਪਣੀ ਬੋਲੀ ਤੋਂ ਦੂਰ ਹੋ ਗਏ ਹਨ ਅੱਜ ਉਹ ਵਿਦੇਸ਼ੀ ਬੋਲੀ ਦੇ ਗੁਲਾਮ ਹੋ ਗਏ ਹਨ।
ਸੋ ਲੋੜ ਹੈ ਅੱਜ ਆਪਣੀ ਮਾਂ ਬੋਲੀ ਨੂੰ ਸੰਭਾਲਣ ਦੀ ਅਤੇ ਉਸਨੂੰ ਆਪਣੀ ਆਉਂਣ ਵਾਲੀ ਪੀੜ੍ਹੀ ਨੂੰ ਤੋਹਫੇ ਵਜੋਂ ਦੇਣ ਦੀ ਤਾਂ ਜੋ ਸਾਡੀ ਸੱਭਿਅਤਾ ਸੱਭਿਆਚਾਰ ਦੀ ਝਲਕ ਜਿੰਦਾ ਰਹਿ ਸਕੇ। ਮਾਂ ਬੋਲੀ ਲਈ ਆਪਣੇ ਅੰਦਰ ਪਿਆਰ ਅਤੇ ਅਨੰਦ ਪੈਦਾ ਕਰਨ ਦੀ।
ਪੰਜਾਬੀ ਮਾਂ ਬੋਲੀ
ਪੰਜਾਬੀ ਸਾਡੀ ਮਾਂ ਬੋਲੀ ਹੈ ਇਸ ਨਾਲ ਸਾਡੀ ਸ਼ਾਨ ਤੇ ਵੱਖਰੀ ਪਛਾਣ ਹੈ ਪਰ ਅੱਜ ਅਸੀਂ ਪੰਜਾਬੀ ਭੁੱਲਦੇ ਜਾਂਦੇ ਹਾਂ ਅਤੇ ਅੰਗਰੇਜ਼ੀ ਵੱਲ ਤੁਰ ਪਏ ਹਾਂ। ਹੁਣ ਹਰ ਘਰ ਦੇ ਬੱਚੇ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਨਾ ਚਾਹੁੰਦੇ ਹਨ। ਸਕੂਲਾਂ ਤੇ ਕਾਲਜਾਂ ਵਿੱਚ ਤਾਂ ਪੰਜਾਬੀ ਭਾਸ਼ਾ ਖਤਮ ਹੋਣ ਦੇ ਕਿਨਾਰੇ ਹੈ ਮੰਨਿਆ ਕਿ ਕੌਮਾਂਤਰੀ ਭਾਸ਼ਾ ਹੋਣ ਕਰਕੇ ਸਾਨੂੰ ਅੰਗਰੇਜ਼ੀ ਸਿੱਖਣੀ ਚਾਹੀਦੀ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਆਪਾਂ ਆਪਣੀ ਮਾਂ ਬੋਲੀ ਨੂੰ ਭੁਲਾ ਦਈਏ ਅਤੇ ਪਿੱਛੋਂ ਛੱਡ ਦੇਈਏ ਸਗੋਂ ਸਾਨੂੰ ਇਸਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਦੂਜਿਆਂ ਸ਼ਹਿਰਾਂ ਜਾਂ ਦੇਸ਼ਾਂ ਵਿੱਚ ਪ੍ਰਚਲਿਤ ਹੋ ਸਕੇ। ਅੱਜ ਕੱਲ੍ਹ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਪੰਜਾਬੀ ਰਹਿੰਦੇ ਹਨ। ਉਹਨਾਂ ਨੂੰ ਆਪਣੀ ਸਪੱਸ਼ਟ ਪੰਜਾਬੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਵਿਚ ਗੱਲ ਕਰਨ ਅਤੇ ਆਪਣੀ ਮਾਂ ਬੋਲੀ ਨੂੰ ਨਾ ਭੁੱਲਣ। ਆਓ ਰਲ਼ ਮਿਲ਼ ਪੰਜਾਬੀ ਪੜ੍ਹੀਏ ਤੇ ਪੜ੍ਹਾਈਏ ਅਤੇ ਆਪਣੀ ਮਾਂ ਬੋਲੀ ਦਾ ਮਾਣ ਵਧਾਈਏ।
ਪੰਜਾਬੀ ਭਾਸ਼ਾ
ਪੰਜਾਬੀ ਭਾਸ਼ਾ ਨੂੰ ਕਦੇ ਮਾਂ ਬੋਲੀ ਵਜੋਂ ਜਾਣਿਆ ਜਾਂਦਾ ਸੀ ਪਰ ਅੱਜ ਦੇ ਸਮੇਂ ਵਿੱਚ ਪੰਜਾਬੀ ਭਾਸ਼ਾ ਦੀ ਮਹੱਤਤਾ ਬਹੁਤ ਘਟ ਰਹੀ ਹੈ। ਲੋਕ ਪੰਜਾਬੀ ਭਾਸ਼ਾ ਨੂੰ ਭੁੱਲ ਕੇ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਨੂੰ ਅਪਣਾਉਂਦੇ ਹਨ। ਅੱਜ ਦੇ ਸਮੇਂ ਬੱਚਿਆਂ ਨੂੰ ਸਿੱਖਿਆ ਵੀ ਪੰਜਾਬੀ ਵਿੱਚ ਬਹੁਤ ਘੱਟ ਦਿੱਤੀ ਜਾ ਰਹੀ ਹੈ। ਜ਼ਿਆਦਾਤਰ ਬੱਚੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਹੀ ਸਿੱਖਿਆ ਪ੍ਰਾਪਤ ਕਰ ਰਹੇ ਹਨ । ਸਰਕਾਰੀ ਕੰਮਾਂ ਵਿੱਚ ਭਾਵੇਂ ਪੰਜਾਬੀ ਭਾਸ਼ਾ ਵਿੱਚ ਲਿਖਤੀ ਕੰਮ ਕਰਨ ਨੂੰ ਕਿਹਾ ਗਿਆ ਹੈ ਪਰ ਫਿਰ ਜ਼ਿਆਦਾਤਰ ਕੰਮ ਅੰਗਰੇਜ਼ੀ ਭਾਸ਼ਾ ਵਿਚ ਹੀ ਕੀਤਾ ਜਾ ਰਿਹਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਪੰਜਾਬੀ ਭਾਸ਼ਾ ਦੇ ਪੈਂਤੀ ਅੱਖਰਾਂ ਨੂੰ ਭੁੱਲਦੀ ਜਾ ਰਹੀ ਹੈ ਇਸ ਤਰ੍ਹਾਂ ਸਾਨੂੰ ਆਪਣੇ ਗੁਰੂ ਸਾਹਿਬਾਨਾਂ ਵੱਲੋਂ ਪ੍ਰਾਪਤ ਹੋਈ ਪੰਜਾਬੀ ਭਾਸ਼ਾ ਨੂੰ ਨਹੀਂ ਭੁੱਲਣਾ ਚਾਹੀਦਾ ਇਸ ਲਈ ਸਰਕਾਰ ਨੂੰ ਵੀ ਪੰਜਾਬੀ ਭਾਸ਼ਾ ਦੀ ਉੱਨਤੀ ਲਈ ਬੱਚਿਆਂ ਨੂੰ ਪੰਜਾਬੀ ਭਾਸ਼ਾ ਵਿੱਚ ਸਿੱਖਿਆ ਦੇਣ ਲਈ ਸਖ਼ਤ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ ਤਾਂ ਹੀ ਪੰਜਾਬੀ ਨੂੰ ਜਿਉਂਦਾ ਰੱਖਿਆ ਜਾ ਸਕਦਾ ਹੈ।
ਰਾਜਿੰਦਰ ਰਾਣੀ
ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ