(ਸਮਾਜ ਵੀਕਲੀ) ਅਜੋਕਾ ਯੁੱਗ ਪਦਾਰਥਵਾਦੀ ਦਾ ਯੁੱਗ ਹੈ ਅਤੇ ਅੱਜ ਹਰ ਕੋਈ ਦੌਲਤ, ਸ਼ੋਹਰਤ ਅਤੇ ਸੁਖ-ਸਾਧਨਾਂ ਦੀ ਅੰਨ੍ਹੀ ਦੌੜ ਵਿੱਚ ਬੇਤਹਾਸ਼ਾ ਭੱਜ ਰਿਹਾ ਹੈ। ਇਸ ਦੇ ਸਿੱਟੇ ਵਜੋਂ ਮਨੁੱਖੀ ਰਿਸ਼ਤਿਆਂ ਦਾ ਨਿੱਘ ਅਤੇ ਨੈਤਿਕ ਕਦਰਾਂ ਕੀਮਤਾਂ ਪਿੱਛੇ ਛੁੱਟਦੀਆਂ ਜਾ ਰਹੀਆਂ ਹਨ। ਸੱਚਾਈ, ਦਇਆ, ਸਹਿਣਸ਼ੀਲਤਾ ਅਤੇ ਇਮਾਨਦਾਰੀ ਜਿਹੇ ਗੁਣ ਪੁਰਾਣੇ ਸਮਿਆਂ ਵਿੱਚ ਜੀਵਨ ਦਾ ਆਧਾਰ ਹੁੰਦੇ ਸਨ ਹੁਣ ਸਿਰਫ਼ ਕਿਤਾਬਾਂ ਤੱਕ ਸੀਮਿਤ ਰਹਿ ਗਏ ਹਨ। ਇਹ ਘਾਟ ਸਮਾਜ ਨੂੰ ਕਮਜ਼ੋਰ ਅਤੇ ਅਸੰਤੁਲਿਤ ਬਣਾ ਰਹੀ ਹੈ।
ਆਮ ਸਮਾਜ
ਨੈਤਿਕ ਸਿੱਖਿਆ ਸਮਾਜ ਵਿੱਚ ਆਪਸੀ ਸਾਂਝ ਅਤੇ ਭਰੋਸੇ ਨੂੰ ਮਜ਼ਬੂਤ ਕਰਦੀ ਹੈ। ਜੇ ਲੋਕ ਨੈਤਿਕ ਮੁੱਲਾਂ ਨਾਲ ਜੀਵਨ ਜਿਉਣ ਤਾਂ ਕਾਨੂੰਨ ਦੀ ਲੋੜ ਘੱਟ ਹੋ ਜਾਂਦੀ ਹੈ। ਭ੍ਰਿਸ਼ਟਾਚਾਰ, ਹਿੰਸਾ ਅਤੇ ਲਾਲਚ ਘੱਟਣ ਲੱਗਦੇ ਹਨ ਅਤੇ ਆਪਸੀ ਸਦਭਾਵਨਾ ਦਾ ਮਾਹੌਲ ਬਣਦਾ ਹੈ।
ਵਿਦਿਆਰਥੀ: ਭਵਿੱਖ ਦੀ ਨੀਂਹ
ਸਕੂਲਾਂ ਵਿੱਚ ਅੰਕਾਂ ਦੀ ਦੌੜ ਨੇ ਨੈਤਿਕ ਮੁੱਲਾਂ ਦੇ ਪਾਠਾਂ ਨੂੰ ਪਦਾਰਥਵਾਦ ਦੇ ਚਲਦਿਆਂ ਪਿੱਛੇ ਧੱਕ ਦਿੱਤਾ ਹੈ। ਪਰ ਭਵਿੱਖ ਦਾ ਨਾਗਰਿਕ ਸਿਰਫ਼ ਆਪਣੀ ਕਿਰਤ ਵਿੱਚ ਕਾਬਲ ਹੀ ਨਹੀਂ ਬਲਕਿ ਸੱਚਾ ਅਤੇ ਜ਼ਿੰਮੇਵਾਰ ਵੀ ਹੋਣਾ ਚਾਹੀਦਾ ਹੈ। ਨੈਤਿਕ ਸਿੱਖਿਆ ਨਾਲ ਵਿਦਿਆਰਥੀਆਂ ਵਿੱਚ ਸੇਵਾ ਭਾਵ, ਨਿਆਂ ਪ੍ਰਤੀ ਨਿਸ਼ਠਾ ਅਤੇ ਸਮਾਜਿਕ ਜ਼ਿੰਮੇਵਾਰੀ ਵਿਕਸਿਤ ਹੁੰਦੀ ਹੈ।
ਰਾਜਨੀਤੀ
ਅੱਜ ਦੀ ਰਾਜਨੀਤੀ ਵਿੱਚ ਨੇਤਾਵਾਂ ਅੰਦਰ ਅਕਸਰ ਰਾਜਨੀਤਕ ਸੱਤਾ ਦੀ ਭੁੱਖ ਅਤੇ ਵਿਅਕਤੀਗਤ ਲਾਭ ਹਾਵੀ ਹੋ ਚੁੱਕੇ ਹਨ। ਜੇ ਰਾਜਨੀਤਿਕ ਨੇਤਾ ਨੈਤਿਕ ਸਿੱਖਿਆ ਨਾਲ ਪ੍ਰੇਰਿਤ ਹੋਣ ਤਾਂ ਉਹ ਰਾਜ ਗੱਦੀ ਨੂੰ ਸੇਵਾ ਦਾ ਮੰਚ ਬਣਾਉਣਗੇ ਅਤੇ ਆਪਣੇ ਸੂਬੇ ਦਾ ਹਰ ਸੰਭਵ ਤਰੀਕੇ ਨਾਲ ਵਿਕਾਸ ਕਰਨ ਦਾ ਯਤਨ ਕਰਨਗੇ।
ਧਾਰਮਿਕ ਸਥਾਨ
ਧਰਮ ਦਾ ਅਸਲੀ ਸਾਰ ਮਨੁੱਖਤਾ ਹੈ ਪਰ ਅਕਸਰ ਰਸਮਾਂ ਅਤੇ ਅੰਧਵਿਸ਼ਵਾਸਾਂ ਨੇ ਆਮ ਲੋਕਾਂ ਨੂੰ ਧਰਮ ਤੋਂ ਕੋਹਾਂ ਦੂਰ ਕਰ ਦਿੱਤਾ ਹੈ। ਨੈਤਿਕ ਸਿੱਖਿਆ ਧਰਮ ਨੂੰ ਉਸ ਦੇ ਅਸਲੀ ਰੂਪ ਦਇਆ, ਸੱਚਾਈ, ਸਹਿਣਸ਼ੀਲਤਾ ਅਤੇ ਪਿਆਰ ਨਾਲ ਜੋੜਦੀ ਹੈ।
ਸਮਾਜਿਕ ਸਦਭਾਵਨਾ
ਸੰਕੁਚਿਤ ਸੋਚ ਅਤੇ ਵੰਡਵਾਰੀ ਰੁਝਾਨਾਂ ਨੂੰ ਤੋੜਨ ਦਾ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਨੈਤਿਕ ਸਿੱਖਿਆ ਹੈ। ਜਦੋਂ ਹਰੇਕ ਵਿਅਕਤੀ ਆਪਣੇ ਨੈਤਿਕ ਫਰਜ਼ ਨੂੰ ਸਮਝਦਾ ਹੈ ਤਾਂ ਨਫ਼ਰਤ ਦੀਆਂ ਕੰਧਾਂ ਢਹਿ ਜਾਂਦੀਆਂ ਹਨ ਅਤੇ ਭਾਈਚਾਰੇ ਦੀ ਮਜ਼ਬੂਤੀ ਵੱਧਦੀ ਹੈ।
ਨੈਤਿਕਤਾ ਬਿਨਾਂ ਵਿਕਾਸ ਅਧੂਰਾ
ਆਰਥਿਕ ਤੇ ਤਕਨੀਕੀ ਤਰੱਕੀ ਜਰੂਰੀ ਹੈ ਪਰ ਇਹ ਤਦੋਂ ਹੀ ਟਿਕਾਊ ਹੋ ਸਕਦੀ ਹੈ ਜਦੋਂ ਇਸ ਦਾ ਆਧਾਰ ਨੈਤਿਕ ਮੁੱਲਾਂ ‘ਤੇ ਟਿਕਿਆ ਹੋਵੇ। ਪਰਿਵਾਰ, ਸਕੂਲ, ਰਾਜਨੀਤਿਕ ਮੰਚ ਅਤੇ ਧਾਰਮਿਕ ਸਥਾਨ ਸਭ ਨੂੰ ਨੈਤਿਕ ਸਿੱਖਿਆ ਨੂੰ ਆਪਣੀ ਪ੍ਰਾਥਮਿਕਤਾ ਬਣਾਉਣਾ ਚਾਹੀਦਾ ਹੈ ਨਹੀਂ ਤਾਂ ਵਿਕਾਸ ਦੀ ਚਮਕ ਵਿੱਚ ਮਨੁੱਖਤਾ ਦੀ ਰੌਸ਼ਨੀ ਮੱਧਮ ਪੈ ਜਾਵੇਗੀ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



