
(ਸਮਾਜ ਵੀਕਲੀ) ਕਿਸੇ ਵੀ ਪਿੰਡ, ਸ਼ਹਿਰ ਜਾਂ ਇਲਾਕੇ ਦਾ ਅਸਲ ਸਰਮਾਇਆ, ਉੱਥੋਂ ਦੀਆਂ ਵੱਡੀਆਂ ਇਮਾਰਤਾਂ, ਸੜਕਾਂ ਜਾਂ ਮਸ਼ੀਨੀ ਵਿਕਾਸ ਨਹੀਂ ਹੁੰਦਾ ਸਗੋਂ ਉਹ ਦਾਨਸ਼ਮੰਦ ਲੋਕ ਹੁੰਦੇ ਹਨ, ਜੋ ਨਿੱਜ ਤਿਆਗ ਕੇ ਆਪਣੀ ਜ਼ਿੰਦਗੀ ਪਿੰਡ, ਸ਼ਹਿਰ ਜਾਂ ਇਲਾਕੇ ਦੇ ਲੋਕਾਂ ਦੀ ਭਲਾਈ ਨੂੰ ਸਮਰਪਿਤ ਕਰ ਦਿੰਦੇ ਹਨ। ਨਕੋਦਰ ਦੇ ਪਿੰਡ ਭੋਡੀਪੁਰ ਦੀ ਮਿੱਟੀ ਵੀ ਇਕ ਅਜਿਹੀ ਸ਼ਖਸੀਅਤ ਦੀ ਗਵਾਹੀ ਭਰਦੀ ਹੈ, ਜਿਨ੍ਹਾਂ ਨੇ ਗਾਲਿਬਨ ਦੋ ਪੀੜ੍ਹੀਆਂ ਦੀ ਸਿਹਤ ਤੇ ਸਿੱਖਿਆ ਦਾ ਜ਼ਿੰਮਾ ਬਾਖ਼ੂਬੀ ਨਿਭਾਇਆ ਹੈ। ਪਿੰਡ ਵਿੱਚ “ਵੱਡੇ ਮੈਡਮ” ਕਹਿ ਕੇ ਸਤਿਕਾਰੇ ਜਾਣ ਵਾਲੇ ਬੀਬੀ ਹਰਜੀਤ ਕੌਰ ਜੀ ਸਿਰਫ਼ ਪਿੰਡ ਦੇ ਆਂਗਣਵਾੜੀ ਸੈਂਟਰ ਵਿੱਚ ਇੱਕ ਆਂਗਣਵਾੜੀ ਵਰਕਰ ਹੀ ਨਹੀਂ ਰਹੇ, ਸਗੋਂ ਪਿੰਡ ਦੇ ਬੱਚਿਆਂ ਦੀ ਪਹਿਲੀ ਅਧਿਆਪਕਾ, ਮਾਂਵਾਂ ਦੀ ਪਹਿਲੀ ਸਲਾਹਕਾਰ ਅਤੇ ਸਮਾਜ ਦੀ ਮਮਤਾਮਈ ਰਹਿਨੁਮਾ ਵੀ ਬਣੇ ਰਹੇ ਹਨ। ਉਹਨਾਂ ਦੀ ਹਲੀਮੀ, ਸਾਦਗੀ, ਗਿਆਨ ਅਤੇ ਆਪਣੇ ਫ਼ਰਜ਼ ਪ੍ਰਤੀ ਸਮਰਪਣ ਨੇ ਉਨ੍ਹਾਂ ਨੂੰ ਪਿੰਡ ਲੋਕਾਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਥਾਂ ਬਖ਼ਸ਼ੀ ਹੈ।
ਬੀਬੀ ਹਰਜੀਤ ਕੌਰ ਦਾ ਜਨਮ 12 ਜੂਨ, 1956 ਨੂੰ ਸ. ਮਨਮੋਹਨ ਸਿੰਘ ਦੇ ਘਰ ਮਾਤਾ ਲਾਜਵੰਤ ਕੌਰ ਦੀ ਕੁੱਖੋਂ ਹੋਇਆ। ਉਸ ਵਕਤ ਮਾਪਿਆਂ ਦਾ ਟਿਕਾਣਾ ਲਾਜਪਤ ਨਗਰ, ਦਿੱਲੀ ਵਿਖੇ ਸੀ, ਜਿੱਥੇ ਬੀਬੀ ਹਰਜੀਤ ਕੌਰ ਨੇ ਜਨਮ ਲਿਆ ਤੇ ਪਹਿਲੀਆਂ ਪੰਜ ਜਮਾਤਾਂ ਪੜ੍ਹੀਆਂ। 1966 ਵਿੱਚ ਬੀਬੀ ਜੀ ਦਾ ਪੂਰਾ ਪਰਿਵਾਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਖੇ ਆ ਵਸਿਆ। ਬੀਬੀ ਹਰਜੀਤ ਕੌਰ ਹੁਰਾਂ ਨੇ 1972 ਵਿੱਚ ਮੈਟ੍ਰਿਕ ਪਾਸ ਕਰਨ ਉਪਰੰਤ ਹੀ ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਬਸਤੀ ਸ਼ੇਖ਼ (ਜਲੰਧਰ) ਵਿਖੇ ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉਣ ਦਾ ਆਹਰ ਕੀਤਾ ਜੋ ਕਿ ਕਰੀਬ ਡੇਢ-ਦੋ ਸਾਲ ਦੀ ਪ੍ਰਾਈਵੇਟ ਨੌਕਰੀ ਸੀ। ਇਸ ਮਗਰੋਂ 08 ਅਗਸਤ, 1976 ਵਿੱਚ ਬੀਬੀ ਜੀ ਦਾ ਵਿਆਹ ਸਰਦਾਰ ਜੀਤ ਸਿੰਘ ਨਾਲ਼ ਹੋਇਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਬੀ ਜੀ ਦੇ ਸਹੁਰਾ ਸਾਹਿਬ ਕਰੀਬ 45 ਸਾਲ ਪਿੰਡ ਭੋਡੀਪੁਰ ਵਿਖੇ ਬਤੌਰ ਗ੍ਰੰਥੀ ਕਾਰਜ ਕਰਦੇ ਰਹੇ।
ਬੀਬੀ ਜੀ ਨੇ ਵਿਆਹ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ, ਨਕੋਦਰ ਵਿਖੇ ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਇਆ ਅਤੇ 1989 ਵਿੱਚ ਗਿਆਨੀ ਦੀ ਪੜ੍ਹਾਈ ਪੂਰੀ ਕੀਤੀ, ਜਿਸ ਉਪਰੰਤ ਬਤੌਰ ਆਂਗਣਵਾੜੀ ਵਰਕਰ 2 ਦਸੰਬਰ, 1982 ਨੂੰ ਆਂਗਣਵਾੜੀ ਸੈਂਟਰ, ਭੋਡੀਪੁਰ ਵਿਖੇ ਜੁਆਇਨ ਕੀਤਾ, ਇਹ ਆਂਗਣਵਾੜੀ ਸੈਂਟਰ; ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਵਿਖੇ ਹੀ ਸ਼ੁਰੂ ਤੋਂ ਅੱਜ ਤੱਕ ਚੱਲ ਰਿਹਾ ਹੈ। ਇਹ ਵੀ ਬੜੇ ਮਾਣ ਦੀ ਗੱਲ ਹੈ ਕਿ ਬੀਬੀ ਹਰਜੀਤ ਕੌਰ ਜੀ ਦੇ ਆਉਣ ਨਾਲ਼ ਹੀ ਪਿੰਡ ਭੋਡੀਪੁਰ ਵਿਖੇ ਆਂਗਣਵਾੜੀ ਸੈਂਟਰ ਦੀ ਸ਼ੁਰੂਆਤ ਹੋਈ ਸੀ।
ਭਾਰਤ ਦੇ ਮਹਾਨ ਦਰਸ਼ਨਿਕ ਅਤੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੇ ਕਿਹਾ ਸੀ ਕਿ ਸਭ ਤੋਂ ਵਧੀਆ ਅਧਿਆਪਕ ਉਹ ਹੁੰਦਾ ਹੈ, ਜੋ ਬੱਚਿਆਂ ਨੂੰ ਸਿਰਫ਼ ਪੜ੍ਹਨਾ ਨਹੀਂ ਸਗੋਂ ਜਿਊਣਾ ਵੀ ਸਿਖਾ ਦੇਵੇ। ਬੀਬੀ ਜੀ ਨੇ ਆਪਣੀ ਜ਼ਿੰਦਗੀ ਵਿੱਚ ਇਸ ਕਥਨ ਨੂੰ ਸਾਰਥਿਕ ਸਿੱਧ ਕੀਤਾ। ਉਹਨਾਂ ਨੇ ਬੱਚਿਆਂ ਨੂੰ ਸਿਰਫ਼ ਅੱਖਰ ਗਿਆਨ ਹੀ ਨਹੀਂ ਦਿੱਤਾ, ਸਗੋਂ ਸਫ਼ਾਈ, ਅਨੁਸ਼ਾਸਨ, ਸਨੇਹ ਅਤੇ ਮਨੁੱਖਤਾ ਦੇ ਮੁੱਲ ਵੀ ਸਿਖਾਏ। ਉਹਨਾਂ ਦੀ ਗੋਦ ਵਿੱਚ ਬੈਠ ਕੇ ਕਈ ਬੱਚਿਆਂ ਨੇ ਪਹਿਲੀ ਵਾਰ ਅੱਖਰ ਪਛਾਣੇ ਅਤੇ ਅੱਜ ਜਦੋਂ ਉਨ੍ਹਾਂ ਦੇ ਬੱਚੇ ਵੀ ਬੀਬੀ ਜੀ ਦੀ ਗੋਦ ਵਿੱਚ ਬੈਠਦੇ ਹਨ ਤਾਂ ਉਹ ਆਪਣੇ ਬਚਪਨ ਦੀਆਂ ਯਾਦਾਂ ਵਿੱਚ ਖੋ ਜਾਂਦੇ ਹਨ।
ਬੀਬੀ ਜੀ ਬੜੀ ਹਲੀਮੀ, ਗਿਆਨ ਤੇ ਆਪਣੇ ਕੰਮ ਨੂੰ ਸਮਰਪਿਤ ਭਾਵਨਾ ਵਾਲੇ ਨੇਕ ਇਨਸਾਨ ਹਨ, ਜਿਨ੍ਹਾਂ ਨੇ ਲੰਮੇ ਸਮੇਂ ਤੋਂ ਪਿੰਡ ਭੋਡੀਪੁਰ ਦੀ ਬਤੌਰ ਆਂਗਣਵਾੜੀ ਵਰਕਰ ਅਗਵਾਈ ਕੀਤੀ ਅਤੇ ਆਂਗਣਵਾੜੀ ਤੇ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੇ ਕਰੀਬ ਅੱਧੀ ਸਦੀ ਦੇ ਵਰਤਾਰੇ ਨੂੰ ਅੱਖੀਂ ਵੇਖਿਆ ਤੇ ਵਾਚਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਵਿਖੇ ਪੜ੍ਹ ਰਹੇ ਬੱਚੇ ਵੀ ਉਨ੍ਹਾਂ ਨੂੰ ‘ਵੱਡੇ ਮੈਡਮ’ ਕਹਿ ਕੇ ਸਤਿਕਾਰਦੇ ਹਨ ਕਿਉਂ ਜੋ ਉਹ ਬੱਚੇ ਹੀ ਨਹੀਂ, ਉਨ੍ਹਾਂ ਦੀਆਂ ਦੋ ਵੱਡੀਆਂ ਪੀੜ੍ਹੀਆਂ ਵੀ ਬੀਬੀ ਜੀ ਦੇ ਪੈਰੀਂ ਹੱਥ ਲਾਉਂਦੀਆਂ ਤੇ ਅਸੀਸਾਂ ਲੈਂਦੀਆਂ ਹਨ।
ਜਿਨ੍ਹਾਂ ਨੂੰ ਛੋਟੀ ਉਮਰ ਵਿੱਚ ਆਪਣੇ ਆਂਗਣਵਾੜੀ ਸੈਂਟਰ ਵਿੱਚ ਖਿਡਾਇਆ, ਪੜ੍ਹਾਇਆ ਅਤੇ ਸਿਖਾਇਆ, ਉਹ ਅੱਜ ਆਪਣੀ ਅਗਲੀ ਪੀੜ੍ਹੀ ਨੂੰ ਵੀ ਮੈਡਮ ਹਰਜੀਤ ਕੌਰ ਹੋਰਾਂ ਤੋਂ ਹੀ ਸਿੱਖਿਅਤ ਕਰਵਾਉਣ ਲਈ ਆਂਗਣਵਾੜੀ ਸੈਂਟਰ ਵਿੱਚ ਖੁਸ਼ੀ- ਖੁਸ਼ੀ ਭੇਜਦੇ ਹਨ। ਇਨ੍ਹਾਂ ਨੇ ਆਪਣੀ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਪਿੰਡ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਅੱਜ ਉਹ ਪਿੰਡ ਦੀ ਹਰ ਮਹਿਲਾ ਲਈ ਇੱਕ ਆਦਰਸ਼ ਬਣ ਚੁੱਕੇ ਹਨ। ਪਿੰਡ ਦੀਆਂ ਸੁਆਣੀਆਂ ਅੱਜ ਵੀ ਉਨ੍ਹਾਂ ਨਾਲ਼ ਸਲਾਹ ਮਸ਼ਵਰਾ ਕਰਦੀਆਂ ਰਹਿੰਦੀਆਂ ਹਨ।
ਇੱਕ ਵਾਰ ਚਾਣਕਿਆ ਨੂੰ ਕਿਸੇ ਵਿਦਿਆਰਥੀ ਨੇ ਸਵਾਲ ਪੁੱਛਿਆ ਕਿ ਗੁਰੂ ਦੀ ਮਹਾਨਤਾ ਕੀ ਹੁੰਦੀ ਹੈ? ਤਾਂ ਇਸ ਦੇ ਜਵਾਬ ਵਿਚ ਚਾਣਕਿਆ ਨੇ ਇੱਕ ਦੀਵਾ ਬਾਲ ਕੇ ਦੱਸਿਆ ਕਿ ਗੁਰੂ ਇਸ ਦੀਵੇ ਵਾਂਗ ਖ਼ੁਦ ਬਲ- ਸੜ ਕੇ ਹੋਰਾਂ ਨੂੰ ਰੌਸ਼ਨੀ ਦਿੰਦਾ ਹੈ। ਬੀਬੀ ਜੀ ਦੀ ਸੇਵਾ ਵੀ ਉਸ ਜਗਦੇ ਦੀਵੇ ਵਰਗੀ ਰਹੀ ਹੈ, ਜਿਸ ਨੇ ਪਿੰਡ ਭੋਡੀਪੁਰ ਦੀਆਂ ਕਈ ਪੀੜ੍ਹੀਆਂ ਨੂੰ ਚਾਨਣ ਦਿੱਤਾ।
ਰਿਟਾਇਰਮੈਂਟ, ਕਿਸੇ ਮਨੁੱਖ ਦੀ ਸੇਵਾ ਦਾ ਅੰਤ ਨਹੀਂ ਹੁੰਦੀ, ਸਗੋਂ ਉਸ ਦੀਆਂ ਕੀਤੀਆਂ ਸੇਵਾਵਾਂ ਦਾ ਸਨਮਾਨ ਹੁੰਦੀ ਹੈ। ਸਰਕਾਰੀ ਡਿਊਟੀ ਤੋਂ ਭਾਵੇਂ ਬੀਬੀ ਜੀ ਅਗਲੇ ਮਹੀਨੇ ਵਿਦਾ ਹੋ ਜਾਣਗੇ ਪਰ ਉਹਨਾਂ ਦੀ ਅਣਥੱਕ ਸੇਵਾ, ਮਿਹਨਤ, ਮੁਸਕਾਨ ਅਤੇ ਪਿਆਰ ਭਰੀ ਬੋਲੀ ਪਿੰਡ ਦੀਆਂ ਯਾਦਾਂ ਵਿੱਚ ਹਮੇਸ਼ਾਂ ਜਿਉਂਦੀ ਰਹੇਗੀ।
ਉਹਨਾਂ ਦੀ ਸ਼ਖ਼ਸੀਅਤ ਸਾਨੂੰ ਇਹ ਸਿਖਾਉਂਦੀ ਹੈ ਕਿ ਵੱਡਾ ਉਹ ਨਹੀਂ ਹੁੰਦਾ ਜਿਸ ਕੋਲ ਅਹੁਦਾ ਵੱਡਾ ਹੋਵੇ, ਸਗੋਂ ਵੱਡਾ ਉਹ ਹੁੰਦਾ ਹੈ ਜਿਸ ਦੇ ਦਿਲ ਵਿੱਚ ਮਨੁੱਖਤਾ ਲਈ ਪਿਆਰ ਹੋਵੇ। ਉਹਨਾਂ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਖੁਸ਼ਹਾਲ ਜੀਵਨ ਲਈ ਦਿਲੋਂ ਅਰਦਾਸ ਹੈ। ਅਜਿਹੀਆਂ ਸਖ਼ਸ਼ੀਅਤਾਂ ਸਮਾਜ ਲਈ ਮਾਣ ਹੁੰਦੀਆਂ ਹਨ ਅਤੇ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਪ੍ਰੇਰਣਾ ਵੀ।
ਪ੍ਰਮਾਤਮਾ ਦੇ ਹੁਕਮ ਵਿੱਚ ਬੱਝੇ ਤੇ ਸਾਂਝੀਵਾਲਤਾ ਦਾ ਸੁਨੇਹਾ ਲੈ ਕੇ ਤੁਰੇ ਬੀਬੀ ਹਰਜੀਤ ਕੌਰ ਹੁਰਾਂ ਹਮੇਸ਼ਾ ਸਭ ਦਾ ਭਲਾ ਲੋਚਿਆ ਤੇ ਮਿਲ਼ ਕੇ ਰਹਿਣ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਦੀਆਂ ਗੱਲਾਂ ਵਿੱਚ ਅਪਣੱਤ, ਸਾਂਝ ਦੇ ਪਲ, ਵਿਚਾਰਾਂ ਦੀ ਸੁੱਚਤਾ ਅਤੇ ਆਉਣ ਵਾਲ਼ੇ ਸਮੇਂ ਲਈ ਵਚਨਬੱਧਤਾ ਝਲਕਦੀ ਹੈ। ਉਹ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿਣ…ਆਮੀਨ!
ਹਰਪ੍ਰੀਤ ਸਿੰਘ ਸਵੈਚ



