ਵਕ਼ਤ ਦੀ ਚੱਕੀ

ਅਮਰਜੀਤ ਸਿੰਘ ਫ਼ੌਜੀ
(ਸਮਾਜ ਵੀਕਲੀ)
ਸਮਾਂ ਸਮਾਂ ਸਮਰੱਥ ਓਹੀ,ਅਰਜਨ ਦੇ ਤੀਰ ਤੇ ਓਹੀ ਅਰਜਨ ਦੇ ਹੱਥ।
ਘੁੱਗ ਵਸਦੇ ਪੰਜਾਬ ਨੂੰ ਕਿਸੇ ਚੰਦਰੇ ਦੀ ਐਸੀ ਨਜ਼ਰ ਲੱਗੀ ਕਿ ਆਮ ਲੋਕ ਡਰਦੇ ਮਾਰੇ ਦਿਨੇ ਵੀ ਘਰੋਂ ਬਾਹਰ ਨਿਕਲਣ ਤੋਂ ਡਰਦੇ ਹੁੰਦੇ ਸਨ ਤਕਰੀਬਨ ਸੰਨ ਅੱਸੀ ਤੋਂ ਉਨੀਂ ਸੌ ਪੰਚਾਨਵੇ ਦੇ ਡੇੜ ਦਹਾਕੇ ਦੇ ਕਾਲੇ ਦੌਰ ਸਮੇਂ ਪੰਜਾਬ ਦਾ ਜਾਨੀ ਤੇ ਮਾਲੀ ਬਹੁਤ ਨੁਕਸਾਨ ਹੋਇਆ।ਜਿਸ ਦਾ ਮਾੜਾ ਅਸਰ ਪੰਜਾਬ ਦੇ ਹਰ ਕਾਰੋਬਾਰੀ,ਕਿਸਾਨ, ਮਜ਼ਦੂਰ, ਦੁਕਾਨਦਾਰ,ਰੇੜ੍ਹੀ ਫੜ੍ਹੀ ਵਾਲਿਆਂ ਤੇ ਬਰਾਬਰ ਹੋਇਆ,ਬਹੁਤੀਆਂ ਫੈਕਟਰੀ ਵਗੈਰਾ ਬੰਦ ਰਹੀਆਂ ਜਿਸ ਦਾ ਅਸਰ ਓਸ ਵੇਲੇ ਦੀ ਨੌਜਵਾਨੀ ਤੇ ਬਹੁਤ ਪਿਆ, ਬਹੁਤੇ ਨੌਜਵਾਨ ਬੇਰੁਜ਼ਗਾਰੀ ਦੀ ਸਮੱਸਿਆ ਦੇ ਮਾਰੇ ਕਾਲ਼ੇ ਦੌਰ ਦੇ ਸ਼ਿਕਾਰ ਹੋਏ ਅਤੇ ਮਾਰੇ ਗਏ ਤੇ ਕੁੱਝ ਕੁ ਵਿਦੇਸ਼ਾਂ ਵੱਲ ਵਹੀਰਾਂ ਘੱਤ ਗਏ। ਪੰਜਾਬ ਦੇ ਰਵਾਇਤੀ ਮੇਲੇ ਵਗੈਰਾ ਬੰਦ ਰਹੇ,ਵਿਆਹ ਸ਼ਾਦੀਆਂ ਵੀ ਡਰ ਦੇ ਸਾਏ ਹੇਠ ਹੋਣ ਲੱਗੀਆਂ। ਕੁੱਝ ਪਹਿਲੂ ਹਾਂ ਪੱਖੀ ਹੋਏ ਜਿਸ ਵਿੱਚ ਦਾਜ ਦਹੇਜ ਨੂੰ ਨੱਥ ਪਈ ਤੇ ਬਰਾਤ ਵਿੱਚ ਸਿਰਫ਼ ਗਿਆਰਾਂ ਬੰਦੇ ਹੀ ਜਾ ਸਕਦੇ ਸਨ ਜਿਸ ਸਦਕਾ ਵਿਆਹ ਸ਼ਾਦੀਆਂ ਦੇ ਖਰਚੇ ਘਟ ਗਏ ਵਿਆਹ ਤੇ ਮਰਨੇ ਸਾਦੇ ਢੰਗ ਨਾਲ ਹੋਣ ਲੱਗੇ।ਵਿਆਹ ਸ਼ਾਦੀਆਂ ਤੇ ਗਾਉਣ ਵਾਲਿਆਂ ਦੇ ਲੱਗਣ ਵਾਲੇ ਅਖਾੜੇ ਵਗੈਰਾ ਵੀ ਓਸ ਦੌਰ ਵੇਲੇ ਬੰਦ ਰਹੇ ਜਿਸ ਕਰਕੇ ਗਾਉਣ ਵਾਲੇ ਤੇ ਉਨ੍ਹਾਂ ਦੇ ਨਾਲ ਜਾਣ ਵਾਲੇ ਸਾਜ਼ਿੰਦੇ,ਜੋ ਸਾਜ ਵਜਾਉਂਦੇ ਸਨ ਉਨ੍ਹਾਂ ਦੇ ਘਰ ਦਾ ਚੁੱਲ੍ਹਾ ਵੀ ਠੰਢਾ ਰਹਿਣ ਲੱਗਾ ਤੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਚਲਦਾ,ਏਸੇ ਤਰ੍ਹਾਂ ਹੀ ਪੰਜਾਬ ਦੇ ਸਾਰੇ ਮਸ਼ਹੂਰ ਗਾਇਕ ਵੀ ਇਸ ਬੁਰੇ ਸਮੇਂ ਦਾ ਸ਼ਿਕਾਰ ਹੋਏ ਉਨ੍ਹਾਂ ਦੇ ਮੇਲਿਆਂ, ਵਿਆਹ ਸ਼ਾਦੀਆਂ ਤੇ ਲੱਗਣ ਵਾਲੇ ਅਖਾੜੇ ਬਿਲਕੁਲ ਬੰਦ ਹੋ ਗਏ ਉਨ੍ਹਾਂ ਨੂੰ ਵੀ ਘਰ ਦੇ ਗੁਜ਼ਾਰੇ ਖਰਚੇ ਲਈ ਕਈ ਤਰ੍ਹਾਂ ਦੇ ਹੋਰ ਕੰਮ ਕਾਰ ਕਰਨੇ ਪਏ। ਓਸ ਸਮੇਂ ਨੂੰ ਯਾਦ ਕਰਦਿਆਂ ਮਹਾਨ ਲੋਕ ਗਾਇਕ ਜਨਾਬ ਮੁਹੰਮਦ ਸਦੀਕ ਜੀ ਨੇ ਇੱਕ  ਪੱਤਰਕਾਰ ਨੂੰ ਇੰਟਰਵਿਊ ਦਿੰਦਿਆਂ  ਦੱਸਿਆ ਕਿ ਉਨ੍ਹਾਂ ਨੇ ਵੀ ਗਾਇਕੀ ਦਾ ਕੰਮਕਾਰ ਠੱਪ ਹੋਣ ਕਾਰਨ ਪੰਜਾਬ ਦੇ ਕਿਸੇ ਪਿੰਡ ਵਿੱਚ ਆਟਾ ਚੱਕੀ ਲਾ ਲਈ ਸੀ ਤਾਂ ਕਿ ਟੱਬਰ ਦਾ ਗੁਜ਼ਾਰਾ ਚੱਲ ਸਕੇ। ਇਨ੍ਹਾਂ ਸ਼ਬਦਾਂ ਦੇ ਲੇਖਕ ਦਾ ਦੱਸਣਾ ਹੈ ਕਿ ਮੈਂ ਖੁਦ ਤਕਰੀਬਨ ਉਨੀਂ ਸੌ ਇਕਾਨਵੇਂ, ਬੰਨਵੇ ਵਿੱਚ
ਲੁਧਿਆਣੇ ਦੀ ਨਵੀਂ ਸਬਜ਼ੀ ਮੰਡੀ ਵਿੱਚ ਹੋਈ ਕਾਂਗਰਸ ਦੀ ਇੱਕ ਚੋਣ ਸਭਾ ਵਿੱਚ ਸਦੀਕ ਨੂੰ ਸਰਦਾਰ ਬੇਅੰਤ ਸਿੰਘ ਜੀ ਸਾਹਮਣੇ ਗਿੜਗਿੜਾਉਂਦੇ ਦੇਖਿਆ ਹੈ ਜੋ ਕਹਿ ਰਹੇ ਸਨ ਸਰਦਾਰ ਬੇਅੰਤ ਸਿੰਘ ਜੀ ਕੁੱਝ ਕਰੋ ਸਾਡੇ ਸਾਰਿਆਂ ਦਾ ਕੰਮ ਕਾਰ ਠੱਪ ਪਿਆ ਹੈ
ਮੇਲੇ ਅਖਾੜੇ ਬੰਦ ਹੋ ਗਏ ਹਨ ਕਿਤੇ ਕੋਈ ਪ੍ਰੋਗਰਾਮ ਨਹੀਂ ਲਗਦਾ ਜਿਸ ਕਰਕੇ ਪੈਸੇ ਕਿਧਰੋਂ ਵੀ ਨਹੀਂ ਆ ਰਹੇ ਬੱਚਿਆਂ ਦੀ ਪੜ੍ਹਾਈ ਲਿਖਾਈ ਦੀ ਹਿੰਮਤ ਨਹੀਂ ਰਹੀ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ।
ਜਿਸ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੇ ਕਿਹਾ ਸੀ ਕਿ ਸਦੀਕ ਸਾਹਿਬ ਹੌਸਲਾ ਅਤੇ ਸਬਰ ਰੱਖੋ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਅਖਾੜੇ ਵੀ ਲੱਗਣਗੇ ਤੇ ਮੇਲੇ ਵੀ ਆਮ ਵਾਂਗ ਲੱਗਣਗੇ ਸਾਰਿਆਂ ਦੇ ਕੰਮ ਕਾਰ ਵੀ ਚਲਣਗੇ। ਹੁਣ ਭਾਵੇਂ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ ਪਰ ਇਸ ਲਈ ਪੰਜਾਬ ਨੂੰ ਬਹੁਤ ਵੱਡੀ ਕੀਮਤ ਤਾਰਨੀ ਪਈ ਹੈ। ਜਿਸ ਵਿੱਚ ਪੰਜਾਬ ਦੇ ਕਈ ਲੇਖਕ, ਕਲਾਕਾਰ,ਗਾਇਕ, ਲੀਡਰ ਅਤੇ ਹੋਰ ਵੀ ਇਸ ਕਾਲੇ ਦੌਰ ਦੀ ਭੇਟ ਚੜ੍ਹੇ।
ਓਸ ਡਾਢੇ ਅੱਗੇ ਅਰਦਾਸ ਕਿ ਪੰਜਾਬ ਪੰਜਾਬੀਅਤ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖੇ ਦੁਬਾਰਾ ਉਹ ਸਮਾਂ ਨਾ ਆਵੇ। ਸਾਰੇ ਖੁਸ਼ ਰਹਿਣ ਜਵਾਨੀ ਨਸ਼ਿਆਂ ਤੋਂ ਬਚੇ ਤੇ ਬੁਢਾਪਾ ਖੁਸ਼ਹਾਲ ਰਹੇ ਸਭ ਨੂੰ ਰੁਜ਼ਗਾਰ, ਸਿਖਿਆ ਤੇ ਇਲਾਜ ਮਿਲ਼ੇ।
ਅਮਰਜੀਤ ਸਿੰਘ ਫ਼ੌਜੀ 
ਪਿੰਡ ਦੀਨਾ ਸਾਹਿਬ 
ਜ਼ਿਲ੍ਹਾ ਮੋਗਾ ਪੰਜਾਬ 
94174-04804
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਚਪਨ ਦੀਆਂ ਯਾਦਾਂ।
Next articleਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਗ਼ੀ ਪੁਲਿਸ ਮੁਲਾਜ਼ਮਾ ਵਿਰੁੱਧ ਲਿਆ ਸਖਤ ਫੈਸਲਾ