(ਸਮਾਜ ਵੀਕਲੀ)
ਆਇਆ ਜੀ ਵਣਜਾਰਾ ਆਇਆ,
ਵਣਜਾਰਾ ਫੇਰੀ ਵਾਲ਼ਾ ਆਇਆ।
ਖੁਸ਼ੀਆਂ ਲੈ ਲਓ ਗ਼ਮਾਂ ਨੂੰ ਦੇ ਕੇ,
ਲੈ ਲਓ ਸਸਤੇ ਭਾਅ ਸੱਭ ਲਾਇਆ।
ਆਇਆ ਜੀ…..
ਰੰਗ-ਬਿਰੰਗੇ ਹਾਸੇ ਲੈ ਲਓ,
ਮੁਫ਼ਤੋਂ-ਮੁਫ਼ਤ ਪਤਾਸੇ ਲੈ ਲਓ।
ਔਗੁਣ ਸਾਰੇ ਦੇ ਕੇ ਏਥੇ,
ਵੱਟੇ ਗੁਣ ਤਰਾਸ਼ੇ ਲੈ ਲਓ।
ਫਿਰ ਪਛਤਾਣਾ ਪਊਗਾ ਉਹਨੂੰ,
ਮੌਕਾ ਜੀਹਨੇ ਅੱਜ ਗੁਆਇਆ।
ਆਇਆ ਜੀ…..
ਧੋਖੇ ਦੇ ਕੇ ਮੌਕੇ ਪਾ ਲਓ,
ਨਫ਼ਰਤ ਦੇ ਨਾਲ਼ ਪਿਆਰ ਵਟਾ ਲਓ।
ਗੁੱਸੇ,ਗਿਲੇ, ਉਲਾਹਮੇ ਦੇ ਕੇ,
ਦਿਲਾਂ ਦੇ ਵਿੱਚ ਸਾਂਝ ਵਧਾ ਲਓ।
ਰੱਬ ਵੀ ਉਹਨੂੰ ਮਿਲ਼ ਜਾਂਦਾ ਏ,
ਹਉਮੈਂ ਦਾਨਵ ਜਿਸ ਮੁਕਾਇਆ।
ਆਇਆ ਜੀ…
ਮਿਹਨਤ ਲੈ ਲਓ ਆਲਸ ਦੇ ਕੇ,
ਕੁੱਝ ਨੀ ਮਿਲਦਾ ਮੱਥੇ ਟੇਕੇ।
ਸੁੱਖਾਂ ਦੀ ਉਹ ਨੀਂਦਰ ਸੌਦਾ,
ਜਿਹੜਾ ਜਿਸਮ ਨੂੰ ਧੁੱਪੇ ਸੇਕੇ।
ਧਰਮ ਵੀ ਓਹਦਾ ਸੱਚਾ-ਸੁੱਚਾ,
ਕਰਮ ਜੀਹਨੇ ਨਿੱਤਨੇਮ ਬਣਾਇਆ।
ਆਇਆ ਜੀ ਵਣਜਾਰਾ ਆਇਆ,
ਵਣਜਾਰਾ ਫੇਰੀ ਵਾਲ਼ਾ ਆਇਆ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly