ਕਨੇਡਾ / ਵੈਨਕੂਵਰ (ਕੁਲਦੀਪ ਚੁੰਬਰ) – ਗਾਇਕੀ ਦੇ ਸੁਰੀਲੇ ਹਸਤਾਖ਼ਰ ਵਜੋਂ ਲੋਕ ਗਾਇਕ ਕੁਲਵਿੰਦਰ ਕਿੰਦਾ ਦਾ ਨਾਮ ਸਥਾਪਿਤ ਸੁਰਾਂ ਵਿੱਚੋਂ ਇੱਕ ਹੈ । ਉਸ ਦੀ ਗਾਇਕੀ ਵਿੱਚ ਪੰਜਾਬੀ , ਸੂਫੀ , ਧਾਰਮਿਕ ਅਤੇ ਗਾਇਕੀ ਦੇ ਸਾਰੇ ਰੰਗ ਮੌਜੂਦ ਹਨ, ਜੋ ਸੱਭਿਆਚਾਰ ਦੀ ਤਸਵੀਰ ਪੇਸ਼ ਕਰਦੇ ਹਨ। ਕੁਲਵਿੰਦਰ ਕਿੰਦਾ ਪੰਜਾਬੀ ਗਾਇਕੀ ਵਿੱਚ ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ ਆਪਣੀ ਕਲਾ ਰਾਹੀਂ ਸਰੋਤਿਆਂ ਦੇ ਦਿਲਾਂ ਵਿੱਚ ਅਹਿਮ ਥਾਂ ਬਣਾ ਚੁੱਕਾ ਹੈ। ਉਸ ਵਲੋਂ ਲਗਾਈਆਂ ਗਈਆਂ ਅਣਗਿਣਤ ਸਟੇਜਾਂ, ਪੀਰਾਂ ਫਕੀਰਾਂ ਦੇ ਦਰਬਾਰਾਂ ਤੇ ਹਾਜ਼ਰੀਆਂ, ਉਸਦੀ ਗਾਇਕੀ ਨੂੰ ਲੋਕ ਦਿਲਾਂ ਵਿੱਚ ਚੰਗੀ ਥਾਂ ਦੇ ਚੁੱਕੇ ਹਨ। ਕੁਲਵਿੰਦਰ ਕਿੰਦਾ ਸਟੇਜੀ ਕਲਾ ਵਿੱਚ ਸੁਲਝੀ ਹੋਈ ਮੁਹਾਰਤ ਰੱਖਣ ਵਾਲਾ ਨਿਪੁੰਨ ਕਲਾਕਾਰ ਹੈ। ਉਸ ਨੂੰ ਪੂਰੀ ਸੂਝ ਬੂਝ ਹੈ ਕਿ ਉਹ ਸਰੋਤਿਆਂ ਦੇ ਦਿਲਾਂ ਤੱਕ ਕਿਵੇਂ ਸਟੇਜ ਤੋਂ ਪਹੁੰਚ ਕਰੇਗਾ । ਕਿੰਦਾ ਦੀ ਗਾਇਕੀ ਵਿੱਚ ਸਰਲਤਾ, ਪ੍ਰੇਮ ਮਿਠਾਸ ਅਤੇ ਸੁਰੀਲਾਪਨ ਸ਼ਾਮਿਲ ਹੈ । ਉਸ ਵੱਲੋਂ ਗਾਏ ਗੀਤਾਂ ਦੀ ਰਵਾਨਗੀ ਲੋਕ ਦਿਲਾਂ ਵਿੱਚ ਸਹਿਜੇ ਹੀ ਉਤਰ ਜਾਂਦੀ ਹੈ। ਉਸਤਾਦ ਬਰਕਤ ਸਿੱਧੂ ਸਾਹਿਬ ਜੀ ਦੀ ਚਰਨ ਸ਼ਰਨ ਪ੍ਰਾਪਤ ਕਰਕੇ ਉਸ ਨੇ ਆਪਣੀ ਗਾਇਕੀ ਦੇ ਸੁਰੀਲੇ ਸੁਰ ਨੂੰ ਹੋਰ ਵੀ ਨਿਖਾਰਿਆ । ਪੰਜਾਬ ਵਿੱਚ ਲੱਗਣ ਵਾਲੇ ਤਕਰੀਬਨ ਸਾਰੇ ਹੀ ਉਚ ਕੋਟੀ ਦੇ ਮੇਲਿਆਂ ਵਿੱਚ ਭਾਵੇਂ ਉਹ ਧਾਰਮਿਕ ਸਟੇਜਾਂ ਹੋਣ ਜਾਂ ਸਭਿਆਚਾਰਕ ਸਟੇਜਾਂ ਹੋਣ ਕੁਲਵਿੰਦਰ ਕਿੰਦਾ ਦੀ ਹਾਜ਼ਰੀ ਯਕੀਨੀ ਹੈ । ਉਸ ਨੇ ਪੰਜਾਬੀ ਗੀਤਾਂ ਤੋਂ ਇਲਾਵਾ ਉਦਾਸ ਗੀਤ ਅਤੇ ਹੋਰ ਸਮੇਂ ਦੀ ਤਰਜਮਾਨੀ ਕਰਦੇ ਅਨੇਕਾਂ ਗੀਤ ਰਿਕਾਰਡ ਕਰਵਾਏ ਹਨ, ਜਿਨਾਂ ਨੂੰ ਲੋਕ ਪ੍ਰਵਾਨਗੀ ਮਿਲੀ ਹੈ । “ਸਾਨੂੰ ਬੜੀ ਔਖੀ ਮਿਲੀ ਏ ਫਕੀਰੀ,” “ਕੱਲੀ ਬਦਲੀ ਏ ਤੂੰ, “ਮੈਂ ਵਾਰੇ ਜਾਵਾਂ”, “ਹਾਕੀ ਸ਼ਾਨ ਪੰਜਾਬੀਆਂ ਦੀ” ਤੋਂ ਇਲਾਵਾ ਉਸਦੇ ਅਨੇਕਾਂ ਗੀਤ ਚਰਚਾ ਦਾ ਵਿਸ਼ਾ ਰਹੇ ਹਨ। ਦਰਜਨਾਂ ਦੇ ਹਿਸਾਬ ਨਾਲ ਮਿਲੇ ਮਾਣ ਸਨਮਾਨ ਉਸ ਦੇ ਗਾਇਕੀ ਵਿੱਚ ਪੱਕੇ ਹੋਣ ਦਾ ਸਬੂਤ ਹਨ। ਦੇਸ਼ਾਂ ਵਿਦੇਸ਼ਾਂ ਵਿੱਚ ਉਸਦੇ ਗਾਹੇ ਬਗਾਹੇ ਟੂਰ ਲੱਗੇ, ਜਿਨਾਂ ਨੇ ਉਸ ਦੀ ਗਾਇਕੀ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਦਿਵਾਈ । ਹਾਲ ਹੀ ਵਿੱਚ ਉਹ ਯੂਕੇ ਦਾ ਟੂਰ ਲਗਾ ਕੇ ਆਇਆ, ਜਿੱਥੇ ਉਸਨੇ ਪੰਜਾਬੀਆਂ ਨੂੰ ਆਪਣੀ ਗਾਇਕੀ ਨਾਲ ਮੰਤਰ ਮੁਗਧ ਕੀਤਾ । ਨਕੋਦਰ ਅਤੇ ਉਦੇਸੀਆਂ ਦਰਬਾਰ ਉਸਦੀ ਪਾਕ ਮੁਕੱਦਸ ਮੁਹੱਬਤ ਦਾ ਘਰ ਹਨ । ਅੱਜ ਕੱਲ ਉਹ ਆਪਣੇ ਨਵੇਂ ਗੀਤਾਂ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਹੈ, ਜੋ ਨਵੇਂ ਸਾਲ ਤੇ ਸ਼ਾਨੋ ਸ਼ੌਕਤ ਨਾਲ ਰਿਲੀਜ਼ ਕੀਤੇ ਜਾਣਗੇ । ਇਸ ਦੇ ਨਾਲ ਉਸ ਵਲੋਂ ਕਈ ਹੋਰ ਧਾਰਮਿਕ ਪ੍ਰੋਜੈਕਟ ਵੀ ਆਰੰਭੇ ਗਏ ਹਨ, ਜਿਨਾਂ ਦੀ ਰਿਕਾਰਡਿੰਗ ਦਾ ਸਿਲਸਿਲਾ ਟਾਈਮ ਟੂ ਟਾਈਮ ਚੱਲ ਰਿਹਾ ਹੈ । ਸੂਫੀ ਗੀਤਾਂ, ਭੇਟਾਂ, ਭਜਨਾਂ ਦਾ ਉਹ ਸਪੈਸ਼ਲਿਸਟ ਹੈ। ਉਸ ਦੇ ਗੀਤਾਂ ਦੀਆਂ ਬਣਾਈਆਂ ਤਰਜਾਂ ਵੀ ਬਾ ਕਮਾਲ ਸਥਿਤੀ ਪੇਸ਼ ਕਰਦੀਆਂ ਹਨ । ਗਾਇਕ ਕੁਲਵਿੰਦਰ ਕਿੰਦਾ ਆਪਣੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ , ਜੋ ਉਸ ਨੂੰ ਮਣਾਂ ਮੂੰਹੀਂ ਮੁਹੱਬਤ ਦੇ ਕੇ ਸਦਾ ਹੀ ਨਿਵਾਜ਼ ਦੇ ਆਏ ਹਨ । ਪਰਮਾਤਮਾ ਕਰੇ ਉਸ ਦੀ ਗਾਇਕੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰਦੀ ਰਹੇ ਅਤੇ ਉਹ ਆਪਣੀ ਗਾਇਕੀ ਤੇ ਜ਼ਰੀਏ ਇਸ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ , ਸੱਭਿਆਚਾਰ, ਸਾਹਿਤ, ਵਿਰਸਾ ਵਿਰਾਸਤ ਦੀ ਸੇਵਾ ਕਰਦਾ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly