ਵਿਚੋਲਾ        (ਪੰਜਾਬੀ ਹਾਸਰਸ ਕਵਿਤਾ)

    (ਸਮਾਜ ਵੀਕਲੀ)      

ਇਕ ਦਿਨ ਬੈਠਾ ਚੁੱਪ ਚੁਪੀਤਾ,

ਫੋਨ ਕਿਸੇ ਨੇ ਮੈਨੂੰ ਕੀਤਾ
ਚੱਟ ਪਟ ਸੀ ਮੈਂ ਫੋਨ ਉਠਾਇਆ
ਰਿਸ਼ਤੇਦਾਰ ਨੇ ਸੀ ਫ਼ੁਰਮਾਇਆ।
 
ਰਿਸ਼ਤੇ ਵਾਲੀ ਐਂਡ ਨੂੰ ਪੜਕੇ
ਫੋਨ ਕਰ ਲਿਆ ਵੱਡੇ ਤੜਕੇ
ਕਹਿੰਦੇ ਭਾਜੀ ਰਿਸ਼ਤਾ ਕਰਨਾ
ਵਿਚੋਲਗਿਰੀ ਦਾ ਪਾ ਲਉ ਪਰਨਾ।
 
ਕੁਝ ਪਲ ਛੱਡ ਦੇ ਪੱਤਰਕਾਰੀ
ਹੁਣ ਉਧਰ ਵੀ ਰਿਸ਼ਤੇਦਾਰੀ
ਗੱਡੀ ਟਾਪ ਗੇਅਰ ਵਿੱਚ ਪਾਈ
ਮਾਪੇ ਕੁੜੀ ਦੇ ਲੈ ਗਿਆ ਭਾਈ।
 
ਮੁੰਡਾ ਮਾਪਿਆਂ ਤਾਈਂ ਮਿਲਾਇਆ 
ਕੀ ਕਰਦਾ ਸਭ ਕੰਮ ਦਿਖਾਇਆ 
ਫਿਰ ਮੁੰਡੇ ਦੇ ਘਰੇ ਲਿਆਕੇ
ਚਾਹ ਪਾਣੀ ਦਾ ਫਰਜ਼ ਨਿਭਾਇਆ।
 
ਰੱਬ ਜੀ ਨੇ ਹੀ ਮੇਲ ਕਰਾਉਣਾ
ਤੂੰ ਤਾਂ ਮਿੱਤਰਾਂ ਫਰਜ਼ ਨਿਭਾਉਣਾ
 ਫੋਟੋ ਮੁੰਡੇ ਦੀ ਫੋਨ ਚ ਪਾਤੀ 
 ਕੁੜੀ ਦੀ ਵਟਸਐਪ ਮੰਗਵਾਤੀ।
 
ਕਈ ਦਿਨ ਲੰਘੇ ਘੋਖਾ ਕਰਦੇ
ਗਰੀਬ ਦੇ ਰੱਬਾ ਕੱਝ ਲੈ ਪੜਦੇ
ਰਿਸ਼ਤੇਦਾਰ ਫੋਨ ਖੜਕਾਵੇ
ਦਸ ਦਸ ਵਾਰੀ ਦਿਨ ਵਿਚ ਲਾਵੇ।
 
ਕੁੜੀ ਵਾਲਿਆਂ ਕੁਝ ਨਾ ਦੱਸਿਆ
 ਵਿਚੋਲਾ ਵਿਚ ਕਸੂਤਾ ਫਸਿਆ
ਇਕ ਦਿਨ ਕੁੜੀ ਦਾ ਡੈਡੀ ਕਹਿੰਦਾਂ
ਸਾਡੇ ਕੋਈ ਬਿਮਾਰ ਸੀ ਰਹਿੰਦਾਂ।
 
ਰਿਸ਼ਤੇਦਾਰ ਨੂੰ ਫੋਨ ਮਿਲਾ ਕੇ
ਖੁਸ਼  ਖ਼ਬਰੀ ਝੱਟ ਦਿੱਤੀ ਜਾਕੇ
ਕੁੜੀ ਦੇ ਵੱਲੋਂ ਹਾਂ ਹੈ ਪੂਰੀ
ਤੁਸੀਂ ਵੀ ਕਰ ਲਉ ਸਲਾਹ ਜ਼ਰੂਰੀ।
 
ਅਸੀ ਵੀ ਮਾਰਨੀ ਕੁੜੀ ਨੂੰ ਝਾਤੀ
ਫੋਨ ਉਨ੍ਹਾਂ ਦਾ ਆ ਗਿਆ ਰਾਤੀਂ
ਦੋਨਾਂ ਨੂੰ ਘਰ ਵਿਚ ਬੁਲਾਇਆ
ਸੱਚੇ ਸਤਿਗੁਰੂ ਮੇਲ ਕਰਾਇਆ
 
ਇਕ ਦੂਜੇ ਨੂੰ ਪੁਛਿਆ ਦੱਸਿਆ
ਮੁੰਡਾ ਦੇਖ ਕੁੜੀ ਨੂੰ ਹੱਸਿਆ
ਕਹਿੰਦੇ ਸਾਨੂੰ ਫ਼ੁਲ ਤਸੱਲੀ
ਦੇਖਿਓ ਗਲ ਕਿਧਰ ਨੂੰ ਚੱਲੀ।
 
ਆਪਾ ਬਾਹਲਾ ਟਾਇਮ ਨੀ ਲਾਉਣਾ
ਕਲ ਤੁਸੀਂ ਹੋਟਲ ਵਿਚ ਆਉਣਾ
ਬਾਕੀ ਰਸਮਾਂ ਉਥੇ ਕਰਕੇ
ਮਾਪਿਆਂ ਵਾਲਾ ਫਰਜ਼ ਨਿਭਾਉਣਾ
 
ਦੇਰ ਰਾਤ ਫਿਰ ਵੱਜੀ ਘੰਟੀ
ਫੋਨ ਤੇ ਬੋਲ ਰਿਹਾ ਸੀ ਬੰਟੀ
ਕੁੜੀ ਵਾਲਿਆਂ ਨੂੰ ਦਸ ਦੋ ਭਾਈ
ਮੈਨੂੰ ਕੁੜੀ ਪਸੰਦ ਨੀ ਆਈ।
 
ਮੈਂ ਰਹਿ ਗਿਆ ਹੱਕਾਂ ਬੱਕਾ
ਇਹ ਤਾਂ ਨਿਰਾ ਹੋ ਗਿਆ ਧੱਕਾ
ਉਨ੍ਹਾਂ ਹੋਟਲ ਬੁੱਕ ਹੈ ਕੀਤਾ
ਬੋਲ ਪਿਆ ਮੈਂ ਭਰਿਆ ਪੀਤਾ।
 
ਬੰਟੀ ਮੰਮੀ ਨੂੰ ਫੋਨ ਫੜਾਤਾ
ਉਨੇ ਅਗਲਾ ਹੁਕਮ ਸੁਣਾਤਾ
ਸਾਡੇ ਵੱਲੋਂ ਨਾ ਹੈ ਕੋਰੀ
ਦੱਬਦੇ ਜਿਹੜੀ ਗਲ ਹੈ ਤੋਰੀ।
 
ਫਿਰ ਬੰਟੀ ਦੇ ਡੈਡੀ ਨੂੰ ਲਾਇਆ
ਫੋਨ ਤੇ ਦੁਖੜਾ ਖੋਲ ਸੁਣਾਇਆ
ਉਨ੍ਹਾਂ ਸਭ ਨੂੰ ਕਹਿ ਤਾਂ ਹੋਣਾ
ਸੁਖ ਸੁਨੇਹਾ ਦੇ ਤਾਂ ਹੋਣਾ।
 
ਸੋਚਿਆ ਕੰਮ ਤਾਂ ਢੇਰ ਹੋ ਗਿਆ
ਉਧਰ ਬੰਟੀ ਸ਼ੇਰ ਹੋ ਗਿਆ
ਕਹਿੰਦੇ ਅਸੀਂ ਸਵੇਰੇ ਆਉਣਾ
ਆਉ ਸਾਡੇ ਨਾਲ ਪ੍ਰਾਹੁਣਾ।
 
ਪਹੁੰਚ ਗਏ ਫਿਰ ਹੋਟਲ ਅੱਗੇ
ਬੰਟੀ ਪੂਰਾ ਖੁਸ਼ ਨਾ ਲੱਗੇ
ਬੰਟੀ ਦੀ ਜਦ ਦੇਖੀ ਝਾਈ
ਰੋਣਕੀ ਚਿਹਰਾ ਹਵਾ ਹਵਾਈ।
 
ਬਣਿਆ ਚਾਹ ਪਾਣੀ ਸਭ ਪੀਤਾ
ਅਦਾ ਪਿਆਰ ਦੀ ਰਸਮ ਨੂੰ ਕੀਤਾ 
ਇਕ ਦੂਜੇ ਨੂੰ ਪਾ ਕੇ ਮੁੰਦੀ
ਰਿੰਗ ਸੇ਼ਰਾਮਨੀ ਦੇਖੀ ਹੁੰਦੀ।
 
ਸਬ ਨੇ ਬਣਦਾ ਹੱਕ ਜਿਤਾਇਆ
ਪਿਆਰ ਦੋਹਾਂ ਧਿਰਾਂ ਨੇ ਪਾਇਆ
ਭੈਣਾਂ, ਭੂਆ, ਚਾਚੀਆਂ, ਆਈਆਂ
ਨਣਦਾਂ, ਨਾਲ ਸੀ ਖੁਸ਼ ਭਰਜਾਈਆਂ।
 
ਇਕ ਦੂਜੇ ਨੂੰ ਦਿਤੇ ਡੱਬੇ
ਸਾਰੇ ਖੁਸ਼ ਸਨ ਸੱਜੇ ਖੱਬੇ
ਵਿਆਹ ਕਦ ਕਰਨਾ ਗਲ ਚਲਾਈ
ਦਸ ਦਿਆ ਗੇ ਛੇਤੀ ਭਾਈ।
 
ਸ਼ੁਕਰ ਕੀਤਾ ਹੋਇਆ ਦੇਖ ਦਿਖਾਲਾ
ਲੰਘਿਆ ਟਾਇਮ ਨਹੀਂ ਸੀ ਬਾਹਲਾ
ਇਕ ਦਿਨ ਕਹਿੰਦੇ ਆ ਜਾਓ ਬਹਿਣਾ
ਲਗਦਾ ਇਹ ਨਹੀਂ ਰਿਸ਼ਤਾ ਰਹਿਣਾ।
 
ਮੈਂ ਕਿਹਾ ਹੋਇਆ ਹੁਣ ਕੀ ਭਾਈ
ਧੱਕੇ ਨਾ ਹੋਈ ਦੇਖ ਦਿਖਾਈ
ਪਿਆਰ ਵੀ ਧੱਕੇ ਸ਼ਾਹੀ ਕੀਤੇ
ਬੋਲ ਪਈ ਬੰਟੀ ਦੀ ਝਾਈ।
 
ਕੁੜੀ ਦੇ ਵਿਚ ਤਾਂ ਕੱਜ ਆ ਬਾਹਲਾ
ਹੋ ਗਈ ਸਾਰੇ ਲਾਲਾ ਲਾਲਾਂ
ਮੈਂ ਕਿਹਾ ਰਿਸ਼ਤਾ ਦੇਖ ਕੇ ਕੀਤਾ
ਕਿਹੜਾ ਖਾਲਾ ਜੀ ਦਾ ਵਾੜਾ।
 
ਕਹਿੰਦੇ ਕੋਈ ਜੁਗਤ ਬਣਾ ਕੇ
ਜੁਆਬ ਕੁੜੀ ਨੂੰ ਦੇ ਦੇ ਜਾ ਕੇ
ਜਿਹੜਾ ਉਨ੍ਹਾਂ ਖਰਚਾ ਕੀਤਾ
ਮੋੜ ਦਿਆਂਗੇ  ਫੀਤਾ ਫੀਤਾ।
 
ਸੋਖਾ ਹੁੰਦਾ  ਵੀਰੋ  ਕਹਿਣਾ
ਧੀਆਂ ਘਰੇ ਜਵਾਬ ਨੂੰ ਦੇਣਾ
ਚੰਦੀ, ਮੁੜ ਨਾ ਬਣੂੰ ਵਿਚੋਲਾ
ਰੱਖਿਆ ਮੈਂ ਮਰਦੇ ਨੂੰ ਉਹਲਾ।
 
 
ਲੇਖਕ ਹਰਜਿੰਦਰ ਸਿੰਘ ਚੰਦੀ
ਵਾਸੀ ਰਸੂਲਪੁਰ ਮਹਿਤਪੁਰ
ਤਹਿਸੀਲ ਨਕੋਦਰ ਜਿਲਾ ਜਲੰਧਰ
9814601638
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article  ਏਹੁ ਹਮਾਰਾ ਜੀਵਣਾ ਹੈ -392
Next articleSamaj Weekly 220 = 23/09/2023