ਤਗਮਾ

(ਸਮਾਜ ਵੀਕਲੀ)

ਅੱਜ ਰਘੂ ਬਹੁਤ ਹੀ ਖੁਸ਼ ਸੀ ਕਿਉਂਕਿ ਅੱਜ ਉਸਦੇ ਸਕੂਲ ਵਿੱਚ ਸਲਾਨਾ ਸਮਾਗਮ ਹੋਣ ਜਾ ਰਿਹਾ ਸੀ ਤੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਿੱਖਿਆ ਮੰਤਰੀ ਸ਼ਿਰਕਤ ਕਰ ਰਹੇ ਸਨ। ਰਘੂ ਨੂੰ ਵੀ ਕਰਵਾਏ ਗਏ ਨੈਸ਼ਨਲ ਫੁੱਟਬਾਲ ਮੈਚ ਵਿੱਚੋਂ ਅੱਵਲ ਰਹਿਣ ਤੇ ਸੋਨ-ਤਗਮਾ ਮਿਲਣਾ ਸੀ। ਸਾਰੀ ਰਾਤ ਉਸਨੂੰ ਨੀਂਦ ਨਹੀਂ ਸੀ ਆਈ। ਅੱਜ ਸਵੱਖਤੇ ਹੀ ਉਹ ਉੱਠ ਗਿਆ, ਨਹਾ-ਧੋ ਕੇ ਸਾਫ਼ -ਸੁਥਰੀ ਵਰਦੀ ਪਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਤੇ ਸਕੂਲ ਜਾਣ ਲਈ ਤਿਆਰ ਹੋ ਗਿਆ। ਉਸਦਾ ਸਕੂਲ ਘਰ ਤੋਂ ਦੂਰ ਸੀ ਜਿਸ ਕਰਕੇ ਉਸਨੂੰ ਬਸ ਫੜ੍ਹਨੀ ਪੈਂਦੀ ਸੀ। ਉਹ ਬਸ ਸਟੈਂਡ ਵੱਲ ਨੂੰ ਚੱਲ ਪਿਆ….ਬੜਾ ਹੀ ਖੁਸ਼… ਸੋਨ-ਤਗਮਾ ਜੁ ਸਿੱਖਿਆ ਮੰਤਰੀ ਕੋਲੋਂ ਮਿਲਣਾ ਸੀ।

ਖਿਆਲਾਂ ‘ ਚ ਡੁੱਬਿਆ ਤੁਰਿਆ ਜਾ ਰਿਹਾ ਸੀ ਕਿ ਅਚਾਨਕ….ਚੀਕ ਦੀ ਅਵਾਜ਼ ਆਈ…ਉਹ ਉਸ ਦਿਸ਼ਾ ਵੱਲ ਨੂੰ ਮੁੜਿਆ ਤੇ ਉਸਦੀ ਨਜ਼ਰ ਇੱਕ ਲਹੂ-ਲੁਹਾਨ ਹੋਏ ਬੱਚੇ ਤੇ ਪਈ ਜਿਸ ਨੂੰ ਇੱਕ ਕਾਰ ਵਾਲਾ ਧੱਕਾ ਮਾਰ ਗਿਆ ਸੀ ਤੇ ਉਹ ਬੁਰੀ ਤਰ੍ਹਾਂ ਜਖਮੀ ਹੋ ਗਿਆ ਸੀ। ਪਹਿਲਾਂ ਤਾਂ ਰਘੂ ਦਾ ਦਿਲ ਕੀਤਾ ਕਿ ਉਹ ਧਿਆਨ ਹੀ ਨਾ ਦੇਵੇ ਤੇ ਚੁੱਪ-ਚਾਪ ਨਿਕਲ ਜਾਵੇ ਕਿਉਂਕਿ ਉਸਨੇ ਅੱਜ ਸਕੂਲ ਸਮੇਂ ਤੇ ਪਹੁੰਚਣਾ ਸੀ। ਪਰ ਅਚਾਨਕ ਆਹ ਕਿ… ਉਹ ਬੱਚੇ ਵੱਲ ਮੁੜਿਆ ਤੇ ਇਨਸਾਨੀਅਤ ਦੇ ਨਾਤੇ ਉਸਦੀ ਮਦਦ ਕਰਨ ਬਾਰੇ ਸੋਚਿਆ। ਉਹ ਆਪਣੇ ਸੋਨ-ਤਗਮੇ ਨੂੰ ਭੁੱਲ ਗਿਆ। ਬੱਚੇ ਵੱਲ ਵੇਖਿਆ …ਉਸਨੂੰ ਚੁੱਕਿਆ ਤੇ ਆਟੋ ਵਿੱਚ ਬਿਠਾ ਕੇ ਹਸਪਤਾਲ ਲੈ ਗਿਆ। ਡਾਕਟਰ ਸਾਹਿਬ…ਡਾਕਟਰ ਸਾਹਿਬ ਇਸ ਬੱਚੇ ਨੂੰ ਦੇਖੋ..ਜਲਦੀ ਹੀ ਇਸਦਾ ਇਲਾਜ ਸ਼ੁਰੂ ਕਰ ਦਿਓ। “ਰਘੂ ਨੇ ਡਾਕਟਰ ਨੂੰ ਕਿਹਾ। ” ਜ਼ਲਦੀ ਹੀ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਉਧਰੋਂ ਰਘੂ ਸਕੂਲ ਤੋਂ ਲੇਟ ਹੋ ਰਿਹਾ ਸੀ।

ਬੱਚਾ ਬਹੁਤ ਜਖ਼ਮੀ ਹੈ…ਕਾਫ਼ੀ ਖੂਨ ਨਿਕਲ ਚੁੱਕਾ ਹੈ…ਆਪ੍ਰੇਸ਼ਨ ਕਰਨਾ ਪਵੇਗਾ….ਸਮਾਂ ਲੱਗੇਗਾ… ਡਾਕਟਰ ਨੇ ਰਘੂ ਨੂੰ ਕਿਹਾ। ” ਰਘੂ ਨੇ ਪਹਿਲੇ ਸੋਚਿਆ ਕਿ ਬੱਚੇ ਨੂੰ ਦਾਖਲ ਤਾਂ ਕਰਵਾ ਹੀ ਦਿੱਤਾ ਹੈ…ਉਸਨੇ ਆਪਣਾ ਫ਼ਰਜ ਨਿਭਾ ਦਿੱਤਾ ਹੈ…ਹੁਣ ਉਹ ਚਲਾ ਜਾਏ….ਜੇ ਲੇਟ ਹੋ ਗਿਆ ਤਾਂ … ਉਹ ਸੋਚੀ ਜਾ ਰਿਹਾ ਸੀ। ਪਰ ਉਸ ਨੇ ਫੇਰ ਸੋਚਿਆ ਤੇ ਫ਼ੈਸਲਾ ਲਿਆ ਕਿ ਉਹ ਬੱਚੇ ਦਾ ਪੂਰਾ ਇਲਾਜ ਕਰਵਾ ਕੇ ਹੀ ਇੱਥੋਂ ਜਾਏਗਾ। ਉੱਧਰੋਂ ਸਕੂਲ ਸਲਾਨਾ ਸਮਾਗਮ ਸ਼ੁਰੂ ਹੋ ਚੁੱਕਾ ਸੀ। ਸਿੱਖਿਆ ਮੰਤਰੀ ਬੱਚਿਆਂ ਨੂੰ ਇਨਾਮ ਦੇ ਰਹੇ ਸਨ। ਰਘੂ….ਰਘੂ..ਰਘੂ..ਕਿੰਨੀ ਵਾਰ ਹੀ ਅਧਿਆਪਕ ਵੱਲੋਂ ਨਾਂ ਬੋਲਿਆ ਗਿਆ ਪਰ ਪਤਾ ਲੱਗਾ ਕਿ ਉਹ ਤਾਂ ਅੱਜ ਸਕੂਲ ਆਇਆ ਹੀ ਨਹੀਂ।

ਉੱਧਰ ਰਘੂ ਵੀ ਖਿਆਲਾਂ ਵਿੱਚ ਡੁੱਬਿਆ ਹੋਇਆ ਸੀ ਕਿ ਅਚਾਨਕ ਡਾਕਟਰ ਨੇ ਆ ਕੇ ਦੱਸਿਆ ਕਿ ਆਪ੍ਰੇਸ਼ਨ ਠੀਕ ਹੋ ਗਿਆ ਹੈ ਤੇ ਬੱਚਾ ਹੁਣ ਸੁਰੱਖਿਅਤ ਹੈ। ਇੰਨੇ ਨੂੰ ਬੱਚੇ ਦੇ ਘਰ ਦੇ ਵੀ ਪਹੁੰਚ ਗਏ। ਰਘੂ ਇਹ ਸੁਣ ਕੇ ਬਹੁਤ ਖੁਸ਼ ਹੋਇਆ ਪਰ ਨਾਲ ਹੀ ਜਦੋਂ ਉਸਨੇ ਸੋਨ-ਤਗਮੇ ਬਾਰੇ ਸੋਚਿਆ ਤਾਂ ਥੋੜਾ ਉਦਾਸ ਵੀ ਹੋ ਗਿਆ। ਉਸਦੀ ਆਤਮਾ ਨੇ ਅਵਾਜ਼ ਦਿੱਤੀ ਕਿ ” ਫੇਰ ਕੀ ਏ, ਤੈਨੂੰ ਸਕੂਲ ਤੋਂ ਸੋਨ-ਤਗਮਾ
ਨਹੀਂ ਮਿਲਿਆ। ਅੱਜ ਬੱਚੇ ਨੂੰ ਸਮੇਂ’ ਤੇ ਹਸਪਤਾਲ ਪਹੁੰਚਾ ਕੇ ਉਸਦੀ ਜਾਨ ਬਚਾਉਣਾ ਕਿਸੇ ਸੋਨ-ਤਗਮੇ ਤੋਂ ਘੱਟ ਨਹੀਂ ਸੀ। ਭਾਵੇਂ ਉਸਨੂੰ ਸਿੱਖਿਆ ਮੰਤਰੀ ਨੇ ਤਗਮਾ ਨਹੀਂ ਸੀ ਦਿੱਤਾ ਪਰ ਜਿਹੜਾ ਉਸਨੂੰ ਸਮਾਜ ਤੋਂ, ਬੱਚੇ ਦੇ ਘਰਦਿਆਂ ਤੋਂ ਤਗਮਾ ਮਿਲ ਗਿਆ ਸੀ ..ਉਹ ਸਭ ਤੋਂ ਕੀਮਤੀ ਸੀ।

ਕਿਸੇ ਦੀ ਅੱਜ ਮਦਦ ਕਰਕੇ ਉਸ ਨੇ ਅਸਲ ਵਿੱਚ ਸੋਨ-ਤਗਮਾ ਜਿੱਤ ਲਿਆ ਸੀ। ਹੁਣ ਉਹ ਅਸਲ ਵਿੱਚ ਜੇਤੂ ਸੀ। ਇਹ ਸੋਚ ਕੇ ਉਸਦੇ ਬੁੱਲ੍ਹਾਂ
ਤੇ ਮੁਸਕਣੀ ਜਿਹੀ ਫੈਲ ਗਈ….ਹੁਣ ਉਸਨੂੰ ਤਗਮਾ ਨਾ ਮਿਲਣ ਦਾ ਕੋਈ ਅਫ਼ਸੋਸ ਨਹੀਂ ਸੀ ਲੱਗ ਰਿਹਾ।
ਧੰਨਵਾਦ

ਨੀਟਾ ਭਾਟੀਆ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾ ਪੁੱਛ ਕਿਉਂ ਸ਼ੋਰ ਸ਼ਰਾਬਾ ਸ਼ਿਖਰਾਂ ‘ਤੇ
Next articleਪਰਿਵਾਰ ਵਿੱਚ ਬਜ਼ੁਰਗਾਂ ਦੀ ਮਹੱਤਤਾ