ਪਰਿਵਾਰ ਵਿੱਚ ਬਜ਼ੁਰਗਾਂ ਦੀ ਮਹੱਤਤਾ

(ਸਮਾਜ ਵੀਕਲੀ)

ਜੋ ਤੀਰਥ ਨਾਵਣ ਚੱਲੇ, ਉਹਨਾਂ ਦੇ ਘਰ ਵਿੱਚ ਤੀਰਥ ਹੈ,
ਰਾਹਾਂ ਵਿੱਚ ਨਾ ਭਟਕੋ, ਘਰ ਵਿਚ ਰੱਬ ਜਿਹੀ ਸੀਰਤ ਹੈ।

“ਬਜ਼ੁਰਗ” ਸ਼ਬਦ ਦਿਮਾਗ ਵਿੱਚ ਆਉਂਦੇ ਹੀ ਉਮਰ ਤੇ ਵਿਚਾਰਾਂ ਨਾਲ ਗੰਢਿਆ ਵਿਅਕਤੀ ਸਾਹਮਣੇ ਨਜ਼ਰ ਆਉਂਦਾ ਹੈ। ਫ਼ਾਰਸੀ ਵਿੱਚ ਬਜ਼ੁਰਗ ਲਫ਼ਜ਼ ਦਾ ਅਰਥ ਹੁੰਦਾ ਹੈ-“ਵੱਡਾ” ਕੇਵਲ ਉਮਰ ਪੱਖੋਂ ਹੀ ਵਡੇਰਾ ਨਹੀ ਬਲਕਿ ਜੋ ਤਜ਼ਰਬੇਕਾਰ, ਸਿਆਣਾ ਤੇ ਸੂਝਵਾਨ ਹੋਵੇ, ਉਹ ਵਿਅਕਤੀ ਬਜ਼ੁਰਗ ਅਖਵਾਉਂਦਾ ਹੈ। ਬਜ਼ੁਰਗ ਵਿੱਚ ਨਾਨਾ-ਨਾਨੀ, ਦਾਦਾ-ਦਾਦੀ, ਸੱਸ-ਸਹੁਰਾ ਆਦਿ ਆਉਂਦੇ ਹਨ। ਆਮ ਤੌਰ ਤੇ ਮਾਪਿਆਂ ਦੇ ਮੁਕਾਬਲੇ ਪਰਿਵਾਰ ਵਿੱਚ ਨਵ- ਜੰਮੇ ਬੱਚੇ ਦੇ ਆਉਣ ਤੇ ਦਾਦੀ-ਦਾਦੀ, ਨਾਨਾ-ਨਾਨੀ ਵਧੇਰੇ ਉਤਸ਼ਾਹਿਤ ਹੁੰਦੇ ਹਨ। ਦਾਦੀ ਦਾ ਆਪਣੇ ਪੋਤੇ-ਪੋਤੀਆਂ ਨਾਲ ਰਿਸ਼ਤਾ ਸ਼ਬਦਾਂ ਵਿੱਚ ਨਹੀ ਵਰਣਨ ਕੀਤਾ ਜਾ ਸਕਦਾ । ਹਾਲਾਂਕਿ ਮਾਪੇ ਬੱਚਿਆਂ ਨੂੰ ਉਹਨਾਂ ਦੇ ਵਿਕਾਸ ਲਈ ਸਭ ਕੁੱਝ ਮੁੱਹਈਆ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹਨਾਂ ਦਾ ਵਿਕਾਸ ਆਪਣੇ ਦਾਦੇ-ਦਾਦੀਆਂ ਬਿਨਾਂ ਅਧੂਰਾ ਹੈ। ਜਿੰਦਗੀ ਦੇ ਤਿੰਨ ਪੜਾਅ ਹੁੰਦੇ ਹਨ। ਬਚਪਨ, ਜਵਾਨੀ ਤੇ ਬੁਢਾਪਾ।

ਬੁਢਾਪਾ ਜਿੰਦਗੀ ਦੇ ਆਖਰੀ ਪੜਾਅ ਦੀ ਨਿਸ਼ਾਨੀ ਹੈ । ਬਜ਼ੁਰਗਾਂ ਦੀ ਸਾਡੀ ਜਿੰਦਗੀ ਵਿੱਚ ਅਣਮੁੱਲੀ ਅਤੇ ਬਹੁਤ ਹੀ ਖਾਸ ਮਹੱਤਤਾ ਹੁੰਦੀ ਹੈ। ਬਜ਼ੁਰਗ ਅਨੁਭਵ ਦਾ ਉਹ ਖਜ਼ਾਨਾ ਹੈ ਜੋ ਸਾਨੂੰ ਜੀਵਨ ਪੱਖ ‘ ਤੇ ਕਠਿਨ ਮੋੜ ਤੇ ਠੀਕ ਸਲਾਹ ਦਿੰਦੇ ਹਨ। ਬਜ਼ੁਰਗਾ ਦੇ ਲਾਡ ਪਿਆਰ ਨਾਲ ਛੋਟੇ ਬੱਚੇ ਵੀ ਚੰਗੀਆਂ ਆਦਤਾਂ ਸਿੱਖਦੇ ਹਨ। ਬੱਚਿਆਂ ਵਿੱਚ ਅਜਿਹੇ ਗੁਣ ਆ ਜਾਂਦੇ ਹਨ, ਜਿਹੜੇ ਉਨਾਂ ਨੂੰ ਉਨਾਂ ਦੇ ਮਾਪੇ ਵੀ ਨਹੀ ਦੇ ਸਕਦੇ। ਬਜ਼ੁਰਗ ਘਰ ਦਾ ਗਲਤ ਕੰਮ ਵੇਖਦੇ ਹਨ ਤਾਂ ਉਹ ਸਹਿਣ ਨਹੀਂ ਕਰ ਪਾਉਂਦੇ। ਇਸ ਗੱਲ ਨੂੰ ਅੱਜ ਕੱਲ ਦੇ ਬੱਚੇ ਪਸੰਦ ਨਹੀਂ ਕਰਦੇ ਤੇ ਉਹ ਪਲਟ ਕੇ ਜਵਾਬ ਦਿੰਦੇ ਹਨ।

ਜਿਸ ਬਜ਼ੁਰਗ ਨੇ ਆਪਣੇ ਪਰਿਵਾਰ ਰੂਪੀ ਬਾਗ ਦੇ ਪੌਦਿਆਂ ਨੂੰ ਆਪਣੇ ਖੂਨ ਪਸੀਨੇ ਦੀ ਖਾਦ ਨਾਲ ਸਿੰਚਿਆਂ ਹੁੰਦਾ ਹੈ ਉਹ ਬੱਚਿਆ ਦੇ ਇਸ ਵਰਤਾਅ ਨਾਲ ਬਹੁਤ ਦੁਖੀ ਹੁੰਦੇ ਹਨ। ਬਜ਼ੁਰਗ ਤਾਂ ਕੰਧੀ ਉੱਤੇ ਰੁੱਖੜਾ ਹੁੰਦੇ ਹਨ ਉਹ ਬੇਵਕਤ ਝੁੱਲੀ ਹੋਈ ਅਪਮਾਨ ਦੀ ਤੇਜ਼ ਹਨੇਰੀ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ। ਬੱਚਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਤਿੰਨ ਰੰਗ ਨਹੀਂ ਲੱਭਣੇ –ਹੁਸਨ, ਜਵਾਨੀ ਤੇ ਮਾਪੇ। ਇਕ ਸਮਾਂ ਸੀ ਜਦੋਂ ਬਜ਼ੁਰਗ ਨੂੰ ਪਰਿਵਾਰ ਤੇ ਬੋਝ ਨਹੀ ਸਗੋਂ ਮਾਰਗਦਰਸ਼ਕ ਸਮਝਿਆ ਜਾਂਦਾ ਸੀ ਅੱਜਕੱਲ ਦੀ ਜੀਵਨ ਸ਼ੈਲੀ , ਪੀੜੀਆਂ ਦੇ ਵਿਚਾਰਾਂ ਵਿੱਚ ਅੰਤਰ ਆਰਥਿਕ ਪਹਿਲੂ ਦੇ ਕਾਰਣ ਅੱਜਕੱਲ ਦੀ ਜਵਾਨ ਪੀੜੀ ਕਠੋਰ ਤੇ ਕਰਤੱਵਹੀਣ ਹੋ ਗਈ ਹੈ।

ਬਜ਼ੁਰਗਾਂ ਦਾ ਜੀਵਨ ਅਨੁਭਵਾਂ ਨਾਲ ਭਰਿਆ ਪਿਆ ਹੈ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਕਈ ਧੁੱਪ ਛਾਂ ਵਾਲੇ ਵੇਲੇ ਦੇਖੋ ਹਨ। ਜਿੰਨਾਂ ਅਸੀਂ ਉਹਨਾਂ ਦੇ ਅਨੁਭਵਾਂ ਦਾ ਲਾਭ ਲੈ ਸਕੀਏ, ਸਾਨੂੰ ਲੈਣਾ ਚਾਹੀਦਾ ਹੈ। ਬਜ਼ੁਰਗ ਸਾਡੇ ਘਰ ਦੀ ਚਾਬੀ ਹੁੰਦੇ ਹਨ । ਬਜ਼ੁਰਗਾਂ ਦੇ ਘਰ ਰਹਿਣ ਨਾਲ ਨੌਕਰੀ ਪੇਸ਼ਾ ਲੋਕ ਆਪਣੇ ਬੱਚਿਆਂ ਲਈ ਨਿਸ਼ਚਿੰਤ ਰਹਿੰਦੇ ਹਨ। ਉਹਨਾਂ ਦੇ ਬੱਚਿਆਂ ਵਿੱਚ ਚੰਗੇ ਸੰਸਕਾਰ ਪੈਦਾ ਹੁੰਦੇ ਹਨ। ਨਿਮਰਤਾ, ਅਨੁਸ਼ਾਸਨ ਏਕਤਾ ਦਾ ਪਾਠ ਸਦੈਵ ਬਜ਼ੁਰਗਾਂ ਦੀ ਸਿੱਖ ਹੁੰਦੀ ਹੈ। ਆਪਣੇ ਵਡੇਰਿਆਂ ਨਾਲ ਬੁਰਾ ਵਰਤਾਅ ਕਰਨ ਨਾਲ ਘਰ ਵਿੱਚ ਅਸ਼ਾਂਤੀ ਪੈਦਾ ਹੋ ਜਾਂਦੀ ਹੈ। ਇਸ ਵੇਲੇ ਵਿੱਚ ਉਹਨਾਂ ਨੂੰ ਆਪਣੇਪਨ ਦੀ ਬੜੀ ਜ਼ਰੂਰਤ ਹੁੰਦੀ ਹੈ ਪਰ ਬਜ਼ੁਰਗਾਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆ ਦੀ ਨਿਜੀ ਜਿੰਦਗੀ ਵਿੱਚ ਜਿਆਦਾ ਦਖਲ ਨਾ ਦੇਣ। ਤਦ ਹੀ ਉਹ ਸ਼ਾਤੀਪੂਰਵਕ ਜਿੰਦਗੀ ਜੀਅ ਸਕਦੇ ਹਨ।

ਬਜ਼ੁਰਗਾਂ ਵਿੱਚ ਚਿੜਚਿੜਾਪਨ ਉਹਨਾਂ ਦੀ ਉਮਰ ਦਾ ਤਕਾਜਾ ਹੈ, ਉਹ ਗੱਲ ਸਹਿਣ ਨਹੀਂ ਕਰਦੇ। ਇਸ ਲਈ ਪਰਿਵਾਰ ਦੇ ਮੈਬਰਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਤੇ ਜਰੂਰਤਾਂ ਨੂੰ ਸਮਝਦੇ ਹੋਏ ਠੰਢੇ ਦਿਮਾਗ ਨਾਲ ਉਹਨਾਂ ਦੀ ਗੋਲ ਸੁਣਨੀ ਚਾਹੀਦੀ ਹੈ। ਜੇ ਕੋਈ ਗੱਲ ਨਾ ਚੰਗੀ ਹੋਵੇ ਤਾਂ ਮੌਕਾ ਦੇਖ ਕੇ ਉਹਨਾਂ ਨੂੰ ਇਸ ਗੱਲ ਲਈ ਮਨਾ ਲੈਣਾ ਚਾਹੀਦਾ ਹੈ ਕਿ ਇਹ ਗੱਲ ਠੀਕ ਨਹੀਂ। ਜਿਸ ਤਰਾਂ ਭੂਤਕਾਲ ਦੇ ਬਿਨਾਂ ਵਰਤਮਾਨ ਕਾਲ ਨਹੀਂ ਹੋ ਸਕਦਾ, ਇਸੇ ਤਰਾਂ ਬਜ਼ੁਰਗਾਂ ਦੇ ਬਿਨਾਂ ਨੌਜਵਾਨਾ ਦਾ ਜੀਵਨ ਸੌਖਾ ਨਹੀ ਹੋ ਸਕਦਾ। ਇਹ ਬਹੁਤ ਮੰਦਭਾਗਾ ਹੈ ਕਿ ਕੁਝ ਪਰਿਵਾਰਾਂ ਵਿੱਚ ਬਜੁਰਗਾਂ ਨੂੰ ਸਨਮਾਨ ਨਹੀ ਦਿੱਤਾ ਜਾਂਦਾ ਅਤੇ ਉਨਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ।

ਬਜ਼ੁਰਗ ਲੋਕਾਂ ਨੂੰ ਬੁਢਾਪੇ ਵਿੱਚ ਬਿਰਧ ਘਰਾਂ ਵਿੱਚ ਸ਼ਰਨ ਲੈਣੀ ਪੈਂਦੀ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਘਰ ਬਿਰਧਾਂ ਤੋ ਬਿਨਾਂ ਨਹੀਂ ਹੋ ਸਕਦੇ, ਉਹ ਬਹੁਤ ਹੀ ਕਿਸਮਤ ਵਾਲੇ ਲੋਕ ਹੁੰਦੇ ਹਨ, ਜਿੰਨ੍ਹਾਂ ਨੂੰ ਉਹਨਾਂ ਦੀ ਸੇਵਾ ਕਰਨ ਦਾ ਵੱਡਮੁੱਲਾ ਮੌਕਾ ਮਿਲਦਾ ਹੈ। ਬਾਲ ਗੰਗਾਧਰ ਨੇ ਇਕ ਵਾਰ ਕਿਹਾ ਸੀ “ ਤੁਸੀ ਕਦੋਂ ਕੀ ਕਰਨਾ ਹੈ ਇਹ ਦੱਸਣਾ ਬੁੱਧੀ ਦਾ ਕੰਮ ਹੈ ਪਰ ਕਿੱਦਾਂ ਕਰਨਾ ਹੈ ਇਹ ਅਨੁਭਵ ਹੀ ਦੱਸ ਸਕਦਾ ਹੈ” ।
ਅੰਤ ਵਿੱਚ:

“ਫਲ ਨਹੀ ਦਿਊਗਾ ਨਾ ਸਹੀ,
ਛਾਂ ਤਾਂ ਦਿਉਗਾ ਤੁਹਾਨੂੰ
ਰੁੱਖ ਬੁੱਢਾ ਹੀ ਸਹੀ
ਵਿਹੜੇ ਵਿੱਚ ਲੱਗਾ ਰਹਿਣ ਦਿਉ ” ।

ਨੀਟਾ ਭਾਟੀਆ
ਪੰਜਾਬੀ ਮਿਸਟ੍ਰੈਸ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਗਮਾ
Next articleਪੰਜਾਬੀ ਬੋਲੀ