(ਸਮਾਜ ਵੀਕਲੀ)
ਹਰੇਕ ਬਾਹਰੀ ਤਸਵੀਰ ਕੁਝ ਨਾ ਕੁਝ ਬਿਆਂ ਕਰਦੀ ਹੈ, ਬਿਨਾਂ ਸ਼ੱਕ! ਜਦੋਂ ਤੁਸੀਂ ਤਸਵੀਰ ਦੇ ਧੁਰ ਅੰਦਰ ਤੱਕ ਪਹੁੰਚ ਕੇ, ਉਸ ਬੇਜਾਨ ਤਸਵੀਰ ਦੇ ਜਿਉਂਦੇ ਜਜ਼ਬਾਤਾਂ ਦੀ ਗੱਲ ਸਮਝਣ ਅਤੇ ਉਸ ਬਾਰੇ ਕੁਝ ਕਹਿਣ ਲੱਗ ਜਾਂਦੇ ਹੋ ਤਾਂ ਉਹ ਹੀ ਭਾਵਨਾਵਾਂ ਤੁਹਾਡੇ ਜਿਉਂਦੇ ਹੋਣ ਨੂੰ ਤਸਦੀਕ ਕਰਦੀਆਂ ਹਨ।
ਇੱਥੇ ਹੀ ਨਹੀਂ, ਜਦੋਂ ਉਹੀ ਤਸਵੀਰ ਤੁਹਾਡੇ ਅੰਦਰ ਪਹੁੰਚ ਕੇ ਤੁਹਾਡੇ ਨਾਲ ਗੱਲ਼ਾਂ ਕਰਨ ਲੱਗ ਜਾਵੇ, ਸਮਝ ਲਵੋ ਤੁਸੀਂ ਕੁਝ ਪਾ ਲਿਆ ਹੈ। ਤੁਸੀਂ ਇਸ ਜੀਵਨ ਵਿਚ ਇਕੱਲੇ ਨਹੀਂ। ਇਹ ਹੀ ਜ਼ਿੰਦਗੀ ਦਾ ਇਸ਼ਕ ਹੈ।
ਲੋਕ ਜਦੋਂ ਇਸ ਨੂੰ ਆਤਮਾ ਤੇ ਪਰਮਾਤਮਾ ਨਾਲ ਜੋੜ ਕੇ ਦੇਖਦੇ ਹਨ ਤਾਂ ਇਸ ਨੂੰ ਹੀ ਪਰਮ ਆਨੰਦ ਦੀ ਪ੍ਰਾਪਤੀ ਕਹਿੰਦੇ ਹਨ।
ਸੂਖਮ ਭਾਵਨਾਵਾਂ ਵਾਲਾ ਜੀਵ ਹਰੇਕ ਥਾਂ ਜਿੱਥੇ ਜੀਵਨ ਲੱਭ ਲੈਂਦਾ ਹੈ ਉੱਥੇ ਉਸ ਤਸਵੀਰ ਵਿਚ ਬੋਲਦੇ ਦਰਦ ਨੂੰ ਆਪਣਾ ਬਣਾ ਕੇ ਤੇ ਮਾਨਵਤਾ ਦੀ ਦਰਦੀਲੀ ਤਸਵੀਰ ਨੂੰ ਤੁਹਾਡੇ ਤੱਕ ਪਹੁੰਚਾ ਕੇ, ਤੁਹਾਡੀਆਂ ਭਾਵਨਾਵਾਂ ਨੂੰ ਵਿਕਸਤ ਕਰ ਕੇ, ਸਮਾਜ ਲਈ ਕੁਝ ਕਰਨ ਦਾ ਰਾਹ ਦਸੇਰਾ ਵੀ ਬਣ ਰਿਹਾ ਹੁੰਦਾ ਹੈ।
ਅਜਿਹੀ ਹੀ ਇੱਕ ਤਸਵੀਰ ਦੇ ਨਾਲ ਜਦੋਂ ਟ੍ਰੈਫ਼ਿਕ ਡਿਊਟੀ ‘ਤੇ ਪਾਬੰਦ ਪੁਲਿਸ ਕਰਮਚਾਰੀ ਨੇ, ਨੰਗੇ ਪੈਰੀਂ ਕਾਗਜ਼ ਚੁਗਦੇ, ਗਰਮ ਗਰਮ ਲੁੱਕ ਵਾਲੀ ਸੜਕ ‘ਤੇ, ਬੱਚੇ ਨੂੰ ਆਪਣੇ ਪੈਰਾਂ ‘ਤੇ ਉਦੋਂ ਤੱਕ ਖੜ੍ਹਾ ਕਰੀ ਰੱਖਿਆ, ਜਦੋਂ ਤੱਕ ਹਰੀ ਬੱਤੀ ਨਹੀਂ ਹੋ ਗਈ। ਉਸ ਸਮੇਂ ਉਸ ਦੀ ਆਤਮਾ ਨੂੰ ਜੋ ਸਕੂਨ ਮਿਲਿਆ ਹੋਣੈਂ, ਉਸ ਨੂੰ ਸ਼ਬਦਾਂ ਵਿਚ ਬੰਦ ਕਰਨਾ ਆਮ ਬੰਦੇ ਦਾ ਕੰਮ ਨਹੀਂ। ਇਸ ਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ।
ਇੱਥੇ ਹੀ ਬਸ ਨਹੀਂ ਜਦੋਂ ਉਸ ਨੇ ਇਹ ਕਿਹਾ ਕਿ, “ਮੈਨੂੰ ਇਸ ਤਰ੍ਹਾਂ ਲੱਗਿਆ ਕਿ ਰੱਬ ਹੀ ਮੇਰੇ ਪੈਰਾਂ ਤੇ ਆਨੰਦ ਦੇਣ ਲਈ ਖੜ੍ਹਾ ਹੈ।”
ਰੱਬ ਮੰਦਰਾਂ, ਮਸੀਤਾਂ, ਗੁਰਦੁਆਰਿਆਂ, ਗਿਰਜਾਘਰਾਂ ਵਿਚ ਨਹੀਂ, ਇਹ ਗੱਲ ਬਿਲਕੁਲ ਸਾਫ਼ ਹੈ ਉਹ ਪੂਜਾ ਸਥਾਨ ਹੋ ਸਕਦੇ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਸਾਡੇ ਅੰਦਰ ਹੈ।
ਗੱਲ ਦਾ ਪ੍ਰਤਿਸਿਖਰ ਇਹ ਵੀ ਹੈ ਕਿ ਜਦੋਂ ਉਸ ਨੇ “ਨੰਗੇ ਪੈਰੀਂ” ਰੱਬ ਦੇ ਪੈਰਾਂ ਵਿਚ ਉਸ ਨੇ ਬੂਟ ਵੀ ਪਵਾਏ ਤਾਂ ਉਸ ਨੂੰ ਕਿਸੇ ਧਾਰਮਿਕ ਸਥਾਨ ‘ਤੇ ਜਾਣ ਦੀ ਲੋੜ ਵੀ ਮਹਿਸੂਸ ਨਹੀਂ ਹੋਈ।
“ਮਨੁੱਖ ਧੰਨ ਨਹੀਂ ਹੁੰਦਾ, ਇਹ ਸਿੱਧ ਹੋ ਗਿਆ ਹੈ ਉਸ ਦੇ ਅੰਦਰ ਵਾਸ ਕਰਦੀਆਂ ਭਾਵਨਾਵਾਂ ਧੰਨ ਹੁੰਦੀਆਂ ਹਨ।”
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly