ਨਵੀਂ ਦਿੱਲੀ — ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 3,558 ਕਰੋੜ ਰੁਪਏ ਦੇ ਕਥਿਤ ਘਪਲੇ ਦੇ ਮਾਸਟਰ ਮਾਈਂਡ ਸੁਖਵਿੰਦਰ ਸਿੰਘ ਖਰੂਰ ਅਤੇ ਡਿੰਪਲ ਖਰੂਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈ.ਜੀ.ਆਈ.) ਤੋਂ ਗ੍ਰਿਫਤਾਰ ਕੀਤਾ ਹੈ। ਦੋਵੇਂ ਮੁਲਜ਼ਮ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਲੁੱਕ ਆਊਟ ਸਰਕੂਲਰ (ਐੱਲ.ਓ.ਸੀ.) ਜਾਰੀ ਹੋਣ ਕਾਰਨ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਹੀ ਰੋਕ ਦਿੱਤਾ ਗਿਆ।
ਈਡੀ ਅਧਿਕਾਰੀਆਂ ਮੁਤਾਬਕ ਇਹ ਗ੍ਰਿਫ਼ਤਾਰੀ ਵਿਊਨਾਊ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਖ਼ਿਲਾਫ਼ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਕੀਤੀ ਗਈ ਹੈ। ਗ੍ਰਿਫ਼ਤਾਰੀ ਤੋਂ ਬਾਅਦ ਜਲੰਧਰ ਦੀ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਹੋਰ ਪੁੱਛਗਿੱਛ ਲਈ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।
‘ਕਲਾਊਡ ਪਾਰਟੀਕਲ ਸਕੈਮ’ ਕੀ ਹੈ?
ਇਸ ਘੁਟਾਲੇ ਨੂੰ ‘ਕਲਾਊਡ ਪਾਰਟੀਕਲ ਸਕੈਮ’ ਵਜੋਂ ਜਾਣਿਆ ਜਾਂਦਾ ਹੈ, ਜਿਸ ਵਿੱਚ ਨਿਵੇਸ਼ਕਾਂ ਨੂੰ ‘ਸੇਲ ਐਂਡ ਲੀਜ਼-ਬੈਕ’ (SLB) ਮਾਡਲ ਦੇ ਝੂਠੇ ਵਾਅਦੇ ਕਰਕੇ ਧੋਖਾ ਦਿੱਤਾ ਗਿਆ ਸੀ। ਈਡੀ ਨੇ ਕਿਹਾ ਕਿ ਏਜੰਸੀ ਨੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ (ਨੋਇਡਾ) ਪੁਲਿਸ ਦੁਆਰਾ ਦਰਜ ਐਫਆਈਆਰ ਦੇ ਆਧਾਰ ‘ਤੇ ਆਪਣੀ ਜਾਂਚ ਸ਼ੁਰੂ ਕੀਤੀ ਸੀ। ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਊਨਾਊ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਸੰਸਥਾਪਕ ਸੁਖਵਿੰਦਰ ਸਿੰਘ ਖਰੂਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੱਡੇ ਘਪਲੇ ਨੂੰ ਅੰਜਾਮ ਦਿੱਤਾ ਹੈ।
ਨਿਵੇਸ਼ਕਾਂ ਤੋਂ 3,558 ਕਰੋੜ ਰੁਪਏ ਲੁੱਟੇ ਗਏ
ਈਡੀ ਮੁਤਾਬਕ ਮੁਲਜ਼ਮਾਂ ਨੇ ‘ਕਲਾਊਡ ਪਾਰਟੀਕਲ ਟੈਕਨਾਲੋਜੀ’ ਦੇ ਨਾਂ ‘ਤੇ ਨਿਵੇਸ਼ਕਾਂ ਤੋਂ ਵੱਡੀ ਰਕਮ ਇਕੱਠੀ ਕੀਤੀ, ਜਦੋਂ ਅਸਲ ਵਿੱਚ ਇਸ ਨਾਂ ਹੇਠ ਕੋਈ ਅਸਲ ਕਾਰੋਬਾਰ ਨਹੀਂ ਸੀ, ਜਾਂ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਲਈ ਇਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ। ਈਡੀ ਨੇ ਅੱਗੇ ਕਿਹਾ, ਇਸ ਫਰਜ਼ੀ ਨਿਵੇਸ਼ ਯੋਜਨਾ ਦੇ ਜ਼ਰੀਏ, ਨਿਵੇਸ਼ਕਾਂ ਤੋਂ ਲਗਭਗ 3,558 ਕਰੋੜ ਰੁਪਏ ਦੀ ਵੱਡੀ ਰਕਮ ਦੀ ਧੋਖਾਧੜੀ ਕੀਤੀ ਗਈ ਅਤੇ ਇਸ ਦੀ ਵਰਤੋਂ ਗੈਰ-ਕਾਰੋਬਾਰੀ ਗਤੀਵਿਧੀਆਂ ਵਿੱਚ ਕੀਤੀ ਗਈ। ਇਸ ਗ੍ਰਿਫਤਾਰੀ ਨਾਲ ‘ਕਲਾਊਡ ਪਾਰਟੀਕਲ’ ਘੁਟਾਲੇ ਦੀ ਜਾਂਚ ‘ਚ ਤੇਜ਼ੀ ਆਉਣ ਦੀ ਉਮੀਦ ਹੈ ਅਤੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਲੁੱਟੇ ਗਏ ਪੈਸੇ ਦੀ ਵਾਪਸੀ ਦੀ ਉਮੀਦ ਮਿਲੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



