ਸਰੀਰ ਦਾਨ ਕਰਨ ਲਈ ਪ੍ਰੇਰਿਆ ਤਣਾਅ ਮੁਕਤ,ਚਿੰਤਾ ਮੁਕਤ ਜੀਵਨ ਸ਼ੈਲੀ ਅਪਣਾਓ -ਪੀ ਕੇ ਗਰਗ
ਸੰਗਰੂਰ (ਸਮਾਜ ਵੀਕਲੀ) ਲਾਸਾਨੀ ਸ਼ਹਾਦਤ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੀ.ਐਸ.ਐਨ.ਐਲ. ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਮਾਤਾ ਨੈਣਾ ਦੇਵੀ ਮੰਦਰ ਦੇ ਹਾਲ ਵਿਖੇ ਹੋਈ। ਇਸ ਮੀਟਿੰਗ ਵਿੱਚ 61 ਮੈਂਬਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿੱਚ ਹਾਲ ਹੀ ਵਿੱਚ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਪਹਿਲਗਾਮ ਵਿੱਚ ਮਾਰੇ ਗਏ 26 ਬੇਕਸੂਰ ਯਾਤਰੀਆਂ ‘ਤੇ ਹੋਏ ਅੱਤਵਾਦੀ ਹਮਲੇ ਦੀ ਵੀ ਸਖ਼ਤ ਨਿੰਦਾ ਕੀਤੀ ਗਈ। ਮੀਟਿੰਗ ਵਿੱਚ ਚੰਡੀਗੜ੍ਹ ਤੋਂ ਸਾਈਬਰ ਕ੍ਰਾਈਮ ਸੈੱਲ ਦੇ ਕੋਆਰਡੀਨੇਟਰ ਸ੍ਰੀ ਰਾਜੂ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ‘ਡਿਜੀਟਲ ਅਰੈਸਟ’ ਅਤੇ ‘ਏ.ਆਈ.’ ਰਾਹੀਂ ਹੋਣ ਵਾਲੀਆਂ ਧੋਖਾਧੜੀਆਂ ਬਾਰੇ ਬੜੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਠੱਗਾਂ ਨੇ ਨਵੇਂ ਤਰੀਕੇ ਲੱਭ ਲਏ ਹਨ ਅਤੇ ਸਾਨੂੰ ਆਪਣੇ ਮੋਬਾਈਲ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਲਾਹ ਦਿੱਤੀ ਕਿ ਪਾਸਵਰਡ ਨਿੱਜੀ ਡਾਟੇ ਨਾਲ ਮੇਲ ਨਹੀਂ ਖਾਣੇ ਚਾਹੀਦੇ, ਕਿਸੇ ਵੀ ਅਣਜਾਣ ਮੈਸੇਜ ਦੀ ਜਾਂਚ-ਪੜਤਾਲ ਕਰਨੀ ਚਾਹੀਦੀ ਹੈ ਅਤੇ ਸ਼ੱਕ ਪੈਣ ‘ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ। ਸਟੇਜ ਸਕੱਤਰ ਸ੍ਰੀ ਸ਼ਿਵ ਨਰਾਇਣ ਨੇ ਇਸ ਮਹੀਨੇ ਦੇ ਮਹੱਤਵਪੂਰਨ ਦਿਹਾੜਿਆਂ ਜਿਵੇਂ ਕਿ ਮਜ਼ਦੂਰ ਦਿਵਸ, ਵਿਸ਼ਵ ਰੈੱਡ ਕਰਾਸ ਦਿਵਸ, ਵਿਸ਼ਵ ਟੈਲੀਕਾਮ ਦਿਵਸ, ਬੁੱਧ ਪੂਰਨਿਮਾ, ਮਦਰਜ਼ ਡੇਅ ਅਤੇ ਕਰਤਾਰ ਸਿੰਘ ਸਰਾਭਾ ਦੇ ਇਤਿਹਾਸ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਗੱਲ ‘ਤੇ ਚਿੰਤਾ ਜ਼ਾਹਰ ਕੀਤੀ ਕਿ ਮਦਰਜ਼ ਡੇਅ ਦੇ ਨਾਲ-ਨਾਲ ਬਿਰਧ ਆਸ਼ਰਮਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਨੇ 800 ਦੇ ਕਰੀਬ ਬੀ.ਐਸ.ਐਨ.ਐਲ. ਅਧਿਕਾਰੀਆਂ ਦੀਆਂ ਗਲਤ ਬਦਲੀਆਂ ਅਤੇ ਕਰਮਚਾਰੀ-ਮਾਰੂ ਨੀਤੀਆਂ ਦੀ ਸਖ਼ਤ ਨਿੰਦਾ ਕੀਤੀ। ਰਘਵੀਰ ਸਿੰਘ ਛਾਜਲੀ ਨੇ ਕਿਹਾ ਕਿ ਸਾਨੂੰ ਬਿਮਾਰ ਸਾਥੀਆਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਯੋਗ ਹਸਪਤਾਲਾਂ ਤੋਂ ਇਲਾਜ ਕਰਵਾ ਕੇ ਬਿੱਲ ਸਮੇਂ ਸਿਰ ਵਿਭਾਗ ਨੂੰ ਭੇਜਣੇ ਚਾਹੀਦੇ ਹਨ। ਉਨ੍ਹਾਂ ਨੇ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਸੰਗਰੂਰ ਬ੍ਰਾਂਚ ਨੂੰ ਜ਼ਿਲ੍ਹੇ ਦੀ ਬ੍ਰਾਂਚ ਵਿੱਚ ਸਹੀ ਦਿਸ਼ਾ ਵਿੱਚ ਮਰਜ ਕੀਤਾ ਜਾਵੇ ਤਾਂ ਜੋ ਐਸੋਸੀਏਸ਼ਨ ਹੋਰ ਮਜ਼ਬੂਤ ਹੋ ਸਕੇ ਅਤੇ ਆਪਸੀ ਮਨਮੁਟਾਵ ਬੈਠ ਕੇ ਦੂਰ ਕੀਤੇ ਜਾ ਸਕਣ। ਵੀ.ਕੇ. ਮਿੱਤਲ ਨੇ ਲਹਿਰਾਗਾਗਾ ਤੋਂ ਇੱਕ 10 ਮਹੀਨੇ ਦੇ ਬੱਚੇ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵੱਲੋਂ ਉਸ ਦੀ ਦੇਹ ਨੂੰ ਪੀ.ਜੀ.ਆਈ. ਹਸਪਤਾਲ, ਚੰਡੀਗੜ੍ਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਿੱਤੇ ਜਾਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਰਨ ਉਪਰੰਤ ਸਰੀਰ ਦਾਨ ਕਰਨਾ ਚਾਹੀਦਾ ਹੈ ਤਾਂ ਕਿ ਇਸ ਨਾਲ ਹੋਰ ਲੋੜਵੰਦ ਬਿਮਾਰਾਂ ਦੀ ਜਾਨ ਬਚਾਈ ਜਾ ਸ ਇਸ ਤੋਂ ਬਾਅਦ, ਇਸ ਮਹੀਨੇ ਸਾਰੇ ਸਾਥੀਆਂ ਦੇ ਜਨਮਦਿਨ, ਵਿਆਹ ਵਰ੍ਹੇਗੰਢ ਅਤੇ ਹੋਰ ਪਰਿਵਾਰਕ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਨ੍ਹਾਂ ਸਾਥੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੂੰ ਉਨ੍ਹਾਂ ਦੇ ਘਰ ਪੋਤਾ ਹੋਣ ‘ਤੇ ਵਧਾਈ ਦਿੱਤੀ ਗਈ। ਮੁਖਤਾਰ ਸਿੰਘ ਰਾਓ, ਪੀ.ਕੇ. ਗਰਗ ਅਤੇ ਸ਼ਾਮ ਸੁੰਦਰ ਕੱਕੜ ਨੇ ਆਪਣੀ ਰਿਟਾਇਰਮੈਂਟ ਲਾਈਫ ਨੂੰ ‘ਬੋਨਸ ਦੀ ਲਾਈਫ’ ਦੱਸਿਆ ਅਤੇ ਕਿਹਾ ਕਿ ਸਭ ਤੋਂ ਪਹਿਲਾਂ ਸਾਡੀ ਚੰਗੀ ਸਿਹਤ ਜ਼ਰੂਰੀ ਹੈ। ਚੰਗੀ ਸਿਹਤ ਲਈ ਤਣਾਅ-ਮੁਕਤ ਅਤੇ ਚਿੰਤਾ-ਮੁਕਤ ਜੀਵਨ ਸ਼ੈਲੀ, ਖੁਸ਼ੀ, ਚੰਗੀ ਖੁਰਾਕ, ਸਰੀਰਕ ਕਸਰਤ ਅਤੇ ਪੂਰੀ ਨੀਂਦ ਜ਼ਰੂਰੀ ਹਨ। ਉਨ੍ਹਾਂ ਨੇ ਸਾਥੀਆਂ ਨੂੰ ਮੀਟਿੰਗ ਵਿੱਚ ਯਕੀਨੀ ਤੌਰ ‘ਤੇ ਆਉਣ ਅਤੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰਨ ਲਈ ਕਿਹਾ ਤਾਂ ਜੋ ਇੱਥੇ ਪਰਿਵਾਰਕ ਮੁਸ਼ਕਲਾਂ ਹੱਲ ਹੋ ਸਕਣ ਅਤੇ ਮਨ ‘ਤੇ ਬੋਝ ਨਾ ਰਹੇ, ਕਿਉਂਕਿ ਮਨ ‘ਤੇ ਬੋਝ ਰੱਖਣ ਨਾਲ ਮਾਨਸਿਕ ਸੰਤੁਲਨ ਵਿਗੜਦਾ ਹੈ। ਮਲੇਰਕੋਟਲਾ ਤੋਂ ਆਏ ਸਾਥੀ ਕੇਵਲ ਸਿੰਘ ਨੇ ਤੂੰਬੀ ‘ਤੇ ਸੱਭਿਆਚਾਰਕ ਗੀਤ ਸੁਣਾ ਕੇ ਮਨੋਰੰਜਨ ਕੀਤਾ। ਮੁਖਤਿਆਰ ਸਿੰਘ ਰਾਓ ਨੇ ਸੰਤ ਸਿੰਘ ਨੂੰ ਸਰਕਲ ਪ੍ਰਧਾਨ (ਪੰਜਾਬ ਸਰਕਲ) ਚੁਣੇ ਜਾਣ ‘ਤੇ ਵਧਾਈ ਦਿੱਤੀ । ਅੰਤ ਵਿੱਚ, ਵੀ.ਕੇ. ਮਿੱਤਲ ਜੀ ਨੇ ਦੂਰ-ਦੁਰਾਡੇ ਤੋਂ ਆਏ ਸਾਥੀਆਂ ਅਤੇ ਸਾਈਬਰ ਕ੍ਰਾਈਮ ਦੇ ਕੋਆਰਡੀਨੇਟਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।ਮਾਸਟਰ ਪਰਮਵੇਦ
ਤਰਕਸ਼ੀਲ ਆਗੂ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



