ਕਪੂਰਥਲਾ (ਸਮਾਜ ਵੀਕਲੀ) ( ਕੌੜਾ )– ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ‘ਬਦਲਾਅ’ ਦਾ ਵੱਡਾ ਨਾਅਰਾ ਦੇ ਕੇ ਸੱਤਾ ਹਾਸਿਲ ਕਰਨ ਵਾਲੀ “ਆਪ” ਦੀ ਸਰਕਾਰ ਦਿੱਲੀ ਦੀ ਤਰਜ਼ ‘ਤੇ ਸੂਬੇ ‘ਚ ‘ਆਮ ਆਦਮੀ ਮੁਹੱਲਾ ਕਲੀਨਿਕ’ ਖੋਲ੍ਹਣ ਦਾ ਵਾਅਦਾ ਕੀਤਾ ਸੀ ਉਸ ਵਾਅਦੇ ਦੀ ਪੂਰੀ ਤਰ੍ਹਾਂ ਫੂਕ ਨਿਕਲ ਗਈ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਹੁਣ ਆਮ ਆਦਮੀ ਮਹੁੱਲਾ ਕਲੀਨਿਕ ਦੀ ਆੜ੍ਹ ਹੇਠ ਪਿੰਡਾਂ ਦੀਆਂ ਡਿਸਪੈਂਸਰੀਆਂ ਨੂੰ ਬੰਦ ਕਰਕੇ ‘ਆਮ’ ਲੋਕਾਂ ਤੋਂ ਪਹਿਲਾਂ ਤੋਂ ਮਿਲ ਰਹੀਆਂ ਸਿਹਤ ਸਹੂਲਤਾਂ ਖੋਹਣ ਦੇ ਰਾਹ ਤੁਰ ਪਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਸੂਬੇ ਭਰ ‘ਚ ਪੇਂਡੂ ਡਿਸਪੈਂਸਰੀਆਂ ਦੇ ਡਾਕਟਰਾਂ ਸਮੇਤ ਸਮੁੱਚੇ ਅਮਲੇ ਨੂੰ ‘ਮੁਹੱਲਾ ਕਲੀਨਿਕਾਂ’ ‘ਚ ਭੇਜਿਆ ਜਾ ਰਿਹਾ। ਉਹ ਸਰਾਸਰ ਗਲਤ ਹੈ।
ਉਹਨਾਂ ਕਿਹਾ ਕਿ ਲੰਘੀਂ 27 ਜਨਵਰੀ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਇਲਾਵਾ ਕਪੂਰਥਲਾ ਜ਼ਿਲ੍ਹੇ’ਚ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਪਰ ਇਹ ਮਹੁੱਲਾ ਕਲੀਨਿਕ ਜ਼ਿਆਦਾਤਾਰ ਪਹਿਲਾਂ ਤੋਂ ਚਲ ਰਹੀਆਂ ਪਿੰਡਾਂ ਵਿੱਚ ਡਿਸਪੈਂਸਰੀਆਂ ਨੂੰ ਹੀ ਥੋੜ੍ਹਾ ਬਹੁਤ ਰੰਗ ਰੋਗਨ ਕਰਵਾਕੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਫੋਟੋਆਂ ਵਾਲੇ ਬੋਰਡ ਲਗਾਕੇ ਉਸ ਨੂੰ ਆਮ ਆਦਮੀ ਪਾਰਟੀ ਦੇ ਕਲੀਨਿਕ ਕਹਿ ਰਹੇ ਹਨ । ਜ਼ਿਕਰਯੋਗ ਹੈ ਕਿ ਬਹੁਤ ਸਾਰੇ ਮਹੁੱਲਾ ਕਲੀਨਿਕ ਉਹ ਹਨ। ਜਿੱਥੇ ਪਹਿਲਾਂ ਹੀ ਸਰਕਾਰ ਵੱਲੋਂ ਡਿਸਪੈਂਸਰੀਆਂ ਚਲਾਈਆਂ ਜਾ ਰਹੀਆਂ ਹਨ।ਜਦਕਿ ਪਹਿਲਾਂ ਉਕਤ ਡਾਕਟਰ ਅਤੇ ਅਮਲਾ ਪਿੰਡਾਂ ਦੀਆਂ ਡਿਸਪੈਂਸਰੀਆਂ ‘ਚ ਕੰਮ ਕਰਦੇ ਆ ਰਿਹਾ ਸੀ |
ਉਹਨਾਂ ਕਿਹਾ ਕਿ ਪਿੰਡਾਂ ‘ਚ ਪਹਿਲਾਂ ਤੋਂ ਹੀ ਇਹ ਨਿਗੂਣੀਆਂ ਸਿਹਤ ਸਹੂਲਤਾਂ ਨਾਲ ਚੱਲ ਰਹੀਆਂ ਇਨ੍ਹਾਂ ਡਿਸਪੈਂਸਰੀਆਂ ਨੂੰ ਹੁਣ ਮਹੁੱਲਾ ਕਲੀਨਿਕ ਕਰਨ ਨਾਲ ਸੂਬਾ ਸਰਕਾਰ ਨੂੰ ਆਉਣ ਵਾਲੇ ਦਿਨਾਂ ‘ਚ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ | ਇਹ ਵੀ ਪਤਾ ਲੱਗਿਆ ਕਿ ਪੇਂਡੂ ਡਿਸਪੈਂਸਰੀਆਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਧੀਨ ਕੰਮ ਕਰਦੇ ਡਾਕਟਰਾਂ ਨੂੰ ਉਨ੍ਹਾਂ ਦੀ ਅਗਾਉਂ ਸਹਿਮਤੀ ਤੋਂ ਬਗੈਰ ਹੀ ਪੰਜਾਬ ਸਰਕਾਰ ਵਲੋਂ ਆਪਣੀ ਮੁਹੱਲਾ ਕਲੀਨਿਕਾਂ ਨੂੰ ਉਭਾਰਨ ਦੀ ਨੀਤੀ ਤਹਿਤ ਦਬਾਓ ਹੇਠ ਬਦਲ ਕੇ ਮੁਹੱਲਾ ਕਲੀਨਿਕਾਂ ਵਿਚ ਭੇਜ ਦਿੱਤਾ ਗਿਆ। ਜਦਕਿ ਉਨ੍ਹਾਂ ਤੋਂ ਬਗੈਰ ‘ਹੈਲਥ ਐਂਡ ਵੈਲਥ ਕੇਂਦਰ’ ‘ਚ ਬਾਕੀ ਰਹਿ ਗਏ ਸਿਹਤ ਅਮਲੇ ਕੋਲ ਕਿਸੇ ਵੀ ਮਰੀਜ਼ ਦੀ ਬਿਮਾਰੀ ਸਬੰਧੀ ਲੋੜੀਂਦੀ ਦਵਾਈ ਵਗ਼ੈਰਾ ਲਈ ਪਰਚੀ ਲਿਖਣ ਦਾ ਅਧਿਕਾਰ ਨਹੀਂ ਹੈ। ਜਿਸ ਕਾਰਨ ਸਬੰਧਿਤ ਪਿੰਡਾਂ ਦੇ ਲੋਕ ਪਹਿਲਾਂ ਤੋਂ ਮਿਲ ਰਹੀਆਂ ਸਿਹਤ ਸਹੂਲਤਾਂ ਤੋਂ ਵੀ ਵਾਂਝੇ ਹੋ ਜਾਣਗੇ |