HOME ਭਾਰਤੀ ਰਾਜਨੀਤੀ ਦਾ ਮੱਘਦਾ ਸੂਰਜ ਸੀ– ਸਾਹਿਬ ਕਾਂਸ਼ੀ ਰਾਮ

ਭਾਰਤੀ ਰਾਜਨੀਤੀ ਦਾ ਮੱਘਦਾ ਸੂਰਜ ਸੀ– ਸਾਹਿਬ ਕਾਂਸ਼ੀ ਰਾਮ

5

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਸਾਹਿਬ ਕਾਂਸ਼ੀ ਰਾਮ ਦਲਿਤ ਵਿਹੜਿਆਂ ਦਾ ਉਹ ਮੱਘਦਾ ਸੂਰਜ ਸੀ ਜਿਸਨੇ ਜ਼ਿੰਦਗੀ ਦੀ ਸੱਜਰੀ ਪ੍ਰਭਾਤ ਛੱਪਰਾਂ ਤੇ ਢਾਰਿਆਂ ਵਿਚ ਲਿਆਂਦੀ। ਉਹ ਦਲਿਤ ਚੇਤਨਾ ਦਾ ਤੇਜ਼, ਸ਼ੂਕਦਾ, ਅਮੁੱਕ ਵਗਦਾ ਦਰਿਆ ਸੀ, ਜਿਸਨੇ ਚੇਤਨਾ ਦੀ ਸ਼ਕਤੀਸ਼ਾਲੀ ਲਹਿਰ ਨੂੰ ਜਨਮ ਦਿੱਤਾ। ਅਣਗੌਲੇ ਤੇ ਮੂਕ ਲੋਕਾਂ ਦੇ ਮਹਾਂ ਨਾਇਕ ਵਜੋਂ ਸਿਆਸੀ ਰੰਗਮੰਚ ਤੇ 80ਵਿਆਂ ਦੇ ਮੁੱਢਲੇ ਸਾਲਾਂ ਚ ਪ੍ਰਗਟ ਹੋਏ ਉਸ ਮਹਾਂ- ਮਾਨਵ ਨੇ ਰਵਾਇਤੀ ਸਿਆਸਤ ਦਾ ਮੂੰਹ- ਮੁਹਾਂਦਰਾ ਬਦਲ ਕੇ ਰੱਖ ਦਿੱਤਾ। ਉਹਨਾਂ ਨੇ ਦਲਿਤਾਂ- ਸ਼ੋਸ਼ਿਤਾਂ, ਗ਼ਰੀਬ- ਗੁਰਬਿਆਂ ਤੇ ਰੀਂਘ ਰੀਂਘ ਕੇ ਜ਼ਿੰਦਗੀ ਦੇ ਦਿਨ ਕਟੀ ਕਰਦੇ ਵਰਗਾਂ ਵਿਚ ਰਾਜਨੀਤਕ ਚੇਤਨਾ ਦੀ ਅਜਿਹੀ ਚਿਣਗ ਲਾਈ ਜੋ ਲਟ ਲਟ ਬਲ਼ਦੀ ਮਿਸ਼ਾਲ ਬਣ ਕੇ ਸਾਹਮਣੇ ਆਈ। ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ‘ਚ ਉਹਨਾਂ ਨੇ ਨਵੇਂ ਯੁੱਗ ਦਾ ਮੁੱਢ ਬੰਨ੍ਹਿਆਂ। ਉਹਨਾਂ ਦੀ ਰਹਿਨੁਮਾਈ ‘ਚ ਚੜ੍ਹੀ ਆਉਂਦੀ ਕਾਂਗ ਨੂੰ ਮੁੱਢਲੇ ਸਾਲਾਂ ‘ਚ ਅਣਗੌਲਿਆਂ ਰੱਖਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ।, ਪ੍ਰੰਤੂ ਜਦੋਂ ਕਾਬਜ਼ ਧਿਰਾਂ ਦੇ ਰਾਜਸੀ ਮਹੱਲਾਂ ਨੂੰ ਖੋਰਾ ਲੱਗਣਾ ਸ਼ੁਰੂ ਹੋਇਆ ਤਾਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸੁਯੋਗ ਵੈਦ ਦੀ ਤਰ੍ਹਾਂ ਸਮੇਂ ਦੀ ਨਬਜ਼ ਪਛਾਣ ਕੇ ਸਾਹਿਬ ਕਾਂਸ਼ੀ ਰਾਮ ਨੇ ਨਿਰਜਿੰਦ ਤੇ ਮੁਰਦਾ ਹੋ ਚੁੱਕੇ ਸਮਾਜ ਅੰਦਰ ਨਵੀਂ ਰੂਹ ਫੂਕ ਦਿੱਤੀ। ਰਾਜਸੀ ਖੇਤਰ ਵਿਚ ਉਹਨਾਂ ਦੇ ਪ੍ਰਵੇਸ਼ ਨਾਲ ਆਧੁਨਿਕ ਰਾਜਨੀਤਕ ਯੁੱਗ ਦਾ ਆਗਾਜ਼ ਹੋਇਆ। ਸਿਆਸੀ ਖੇਤਰ ਵਿਚ ਉਹਨਾਂ ਦੀ ਹਾਜ਼ਰੀ ਮੌਲਿਕ ਰਾਜਸੀ ਆਗੂ ਵਜੋਂ ਜਾਣੀ ਜਾਂਦੀ ਰਹੇਗੀ। ਪਿਛਲੱਗੂ ਅਤੇ ਨਕਲਚੀ ਸੋਚ ਦੇ ਉਲਟ ਉਹਨਾਂ ਨੇ ਆਪਣੇ ਵਲੋਂ ਬਣਾਏ ਸੰਗਠਨਾਂ ਨੂੰ ਬਿਲਕੁਲ ਨਵਾਂ ਤੇ ਵੱਖਰਾ ਨਾਮ ਤੇ ਚਿਹਰਾ ਮੁਹਰਾ ਦੇ ਕੇ ਬਹੁਜਨ ਲਹਿਰ ਨੂੰ ਨਵੀਂ ਧਰਾਤਲ ਪ੍ਰਦਾਨ ਕੀਤੀ। ਉਹਨਾਂ ਦੀ ਅਗਵਾਈ ‘ਚ ਨਵੇਂ ਸੰਗਠਨ ਤੇ ਨਵੇਂ ਨਵੇਂ ਨਾਅਰੇ ਹੋਂਦ ‘ਚ ਆਏ। ਸਾਹਿਬ ਕਾਂਸ਼ੀ ਰਾਮ ਦੇ ਰਾਜਨੀਤੀ ਚ ਆਗਾਜ਼ ਤੋਂ ਪਹਿਲਾਂ ਭਾਰਤ ਦੇ ਦਲਿਤਾਂ ਸ਼ੋਸ਼ਿਤਾਂ, ਪਛੜੇ ਵਰਗਾਂ ਤੇ ਮਜ਼੍ਹਬੀ ਅਕਲੀਅਤਾਂ ਵਿਚ ਇਕ ਸਹਿਮ ਪਾਇਆ ਜਾਂਦਾ ਸੀ ਕਿ ਹਿੰਦੂ ਬਹੁਗਿਣਤੀ ਵਰਗ ਹੈ। ਉਹਨਾਂ ਦੀ ਇਸ ਮਿੱਥ ਨੂੰ ਤੋੜ ਕੇ ਸਾਹਿਬ ਕਾਂਸ਼ੀ ਰਾਮ ਨੇ ਜੇਬ ਵਿਚਲੇ ਪੈੱਨ ਦੀ ਮਦਦ ਨਾਲ ਪੂਰੇ ਦੇਸ਼ ਦੇ ਲੋਕਾਂ ਨੂੰ ਸੁਚੇਤ ਕੀਤਾ ਕਿ ਜ਼ਿੰਦਗੀ ਦੇ ਹਰ ਖੇਤਰ ਵਿਚ ਗਲਬਾ ਪਾਈ ਬੈਠਾ ਕਾਬਜ਼ ਟੋਲਾ ਮੁੱਠੀ ਭਰ 15 ਕੁ ਫ਼ੀਸਦੀ ਤੋਂ ਵੀ ਘੱਟ ਹੈ। ਜੇਕਰ ਅਨੁਸੂਚਿਤ ਜਾਤੀਆਂ, ਜਨ ਜਾਤੀਆਂ ਤੇ ਪਛੜੇ ਵਰਗ ਧਾਰਮਿਕ ਘੱਟ ਗਿਣਤੀਆਂ ( ਸਿੱਖ, ਈਸਾਈ, ਮੁਸਲਮਾਨ,ਬੋਧੀ ਤੇ ਪਾਰਸੀ ) ਵਜੋਂ ਜਾਣੇ ਜਾਂਦੇ ਵਰਗ ਇੱਕਠੇ ਹੋ ਜਾਣ ਤਾਂ ਇਹ ਬਹੁਤ ਗਿਣਤੀ ਯਾਨੀ 85 ਫੀਸਦੀ ਤੋਂ ਵੀ ਵਧੇਰੇ ਲੋਕਾਂ ਦਾ ਸਮਾਜ ਬਣ ਜਾਂਦਾ ਹੈ। ਜਿਹਨਾਂ ਨੂੰ ਜਾਤ ਪਾਤ ਦੇ ਨਾਂ ਤੇ ਟੁਕੜੇ ਟੁਕੜੇ ਕਰਕੇ ਰੱਖਿਆ ਗਿਆ ਹੈ। ਲੀਰੋ ਲੀਰ ਕੀਤਾ ਗਿਆ ਸਮਾਜ ਭਾਈਚਾਰੇ ਦੇ ਸੀਮੈਂਟ ਨਾਲ ਜੁੜ ਕੇ ਇਕ ਸ਼ਕਤੀਸ਼ਾਲੀ ਸੰਗਠਨ ਦਾ ਰੂਪ ਅਖ਼ਤਿਆਰ ਕਰ ਸਕਦਾ ਹੈ। ਉਹਨਾਂ ਨੇ ਆਪਣੀ ਮੌਲਿਕ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਲਈ ਉਪ੍ਰੋਕਤ ਵਰਗਾਂ ਦੇ ਪੜ੍ਹੇ ਲਿਖੇ ਕਰਮਚਾਰੀਆਂ ਦਾ ਸੰਗਠਨ ਤਿਆਰ ਕੀਤਾ ਜਿਸ ਦਾ ਨਾਂ ਬਾਮਸੇਫ BAMCEF ( SC.+ST.+ OBC & Minority Communities Employees Federation ) ਰੱਖਿਆ ਤੇ ਉਹਨਾਂ ਵਿਚ Pay back to society ਦੀ ਭਾਵਨਾ ਪੈਦਾ ਕੀਤੀ ਸਾਹਿਬ ਕਾਂਸ਼ੀ ਰਾਮ ਨੇ ਬਾਮਸੇਫ ਨੂੰ ਇਸ ਗੱਲ ਲਈ ਰਜ਼ਾਮੰਦ ਕਰ ਲਿਆ — “ਅਸੀਂ ਆਪਣੇ ਦਿਮਾਗ, ਆਪਣੇ ਹੁਨਰ ਅਤੇ ਆਪਣੇ ਪੈਸੇ ਨਾਲ ਅੱਗੇ ਵਧਣਾ ਹੈ।” ਬਾਮਸੇਫ ਨੂੰ ਪਰਛਾਵੇਂ ਵਰਗੀ (Shadow organization) ਜਥੇਬੰਦੀ ਦਾ ਰੂਪ ਦਿੰਦਿਆਂ ਇਸ ਨੂੰ ਗੈਰ ਰਾਜਨੀਤਕ, ਸੰਘਰਸ਼ ਰਹਿਤ ਰਹਿਣ ਲਈ ਪ੍ਰੇਰਿਤ ਕੀਤਾ। ਕਰਮਚਾਰੀਆਂ ਦੇ ਇਸ ਸੰਗਠਨ ਨੂੰ ਵਾਧੂ ਸਮੇਂ ਚ ਸਮਾਜ ਨੂੰ ਜਾਗਰੂਕ ਕਰਨ ਅਤੇ ਆਪਣੀ ਆਮਦਨ ਚੋਂ ਘੱਟੋ ਘੱਟ ਇਕ ਫ਼ੀਸਦੀ ਉਸ ਸਮਾਜ ਦੇ ਲੇਖੇ ਲਾਉਣ ਦੀ ਭਾਵਨਾ ਪੈਦਾ ਕੀਤੀ, ਜਿਸ ਵਰਗ ਵਿਚੋਂ ਉਹ ਉਪਰ ਉੱਠੇ ਹਨ। ਡੀ ਐਸ ਫ਼ੋਰ (ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸੰਮਤੀ) DS4 (Dalit soshit samaj sangharsh samatti) ਬਣਾ ਕੇ ਉਹਨਾਂ ਨੇ ਬਾਮਸੇਫ ਦੀ ਅਗਵਾਈ ‘ਚ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ। ਉਪਰੋਕਤ ਦੋਵਾਂ ਸੰਗਠਨਾਂ ਦੇ ਸੁਮੇਲ ਤੋਂ ਬਹੁਜਨ ਸਮਾਜ ਪਾਰਟੀ ਦਾ ਜਨਮ 14 ਅਪ੍ਰੈਲ 1984 ਨੂੰ ਹੋਇਆ। ਸਾਹਿਬ ਕਾਂਸ਼ੀ ਰਾਮ ਨੇ ਬਹੁਜਨ ਸਮਾਜ ਨੂੰ ਅਹਿਸਾਸ ਕਰਵਾਇਆ ਕਿ ਲੋਕਤੰਤਰ ਵਿਚ ਵੋਟ ਭਾਰੀ ਕੀਮਤ ਰੱਖਦੀ ਹੈ। ਬਹੁਜਨ ਸਮਾਜ ਕੋਲ ਵੋਟਾਂ ਦੀ ਕਮੀਂ ਨਹੀਂ ਹੈ। ਜੇ ਇਹ ਸਮਾਜ ਇਹ ਧਾਰ ਲਵੇ ਕਿ ਵੋਟ ਹਮਾਰਾ ਰਾਜ ਤੁਮ੍ਹਾਰਾ ਨਹੀਂ ਚਲੇਗਾ ਨਹੀਂ ਚਲੇਗਾ ਤਾਂ ਮੁੱਠੀ ਭਰ ਲੁੱਟਣ ਤੇ ਕੁੱਟਣ ਵਾਲੇ ਕਾਬਜ਼ ਧੜੇ ਨੂੰ ਸੱਤਾ ਤੋਂ ਲਾਂਭੇ ਕੀਤਾ ਜਾ ਸਕਦਾ ਹੈ। ਕੇਵਲ ਬਹੁਜਨ ਸਮਾਜ ਦਾ ਹਿਤ ਪਾਲਣ ਵਾਲਾ ਦਲ ਹੀ ਦਿੱਲੀ ਦੇ ਤਖ਼ਤ ਦਾ ਮਾਲਕ ਬਣ ਸਕੇਗਾ–
“ਜੋ ਬਹੁਜਨ ਕੀ ਬਾਤ ਕਰੇਗਾ
ਵੋਹ ਦਿੱਲੀ ਤੇ ਰਾਜ ਕਰੇਗਾ।”
ਭਾਰਤੀ ਰਾਜਨੀਤੀ ਨੂੰ ਨਵੀਂ ਦਿਸ਼ਾ ਵਿਚ ਉਭਾਰਨ ਲਈ ਵੱਖਰੇ ਰਾਜਸੀ ਅੰਦਾਜ਼ ਵਿਚ ਬਹੁਜਨ ਸਮਾਜ ਨੂੰ
“ਤਖ਼ਤ ਬਦਲ ਦਿਓ ਤਜ ਬਦਲ ਦਿਓ
ਬੇਈਮਾਨਾਂ ਦਾ ਰਾਜ ਬਦਲ ਦਿਓ।”
ਵਰਗੀ ਨਵੀਂ ਤੇ ਵਿਲੱਖਣ ਸੁਰ ਪ੍ਰਦਾਨ ਕੀਤੀ। ਉਹਨਾਂ ਨੇ ਡੰਕੇ ਦੀ ਚੋਟ ਤੇ ਕਿਹਾ
“ਸਾਡਾ ਚੋਣ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਹੈ।”
ਉਹਨਾਂ ਨੇ ਜ਼ੋਰ ਦੇਕੇ ਆਖਿਆ ਕਿ ਅਸੀਂ ਨਾ ਵਿਕਣ ਵਾਲਾ ਹੁਕਮਰਾਨ ਸਮਾਜ ਬਣਨਾ ਹੈ। ਉਹਨਾਂ ਨੇ ਆਪਣੇ ਜੀਵਨ ਦੌਰਾਨ ਕੀਤੇ ਸੰਘਰਸ਼ ਸਦਕਾ ਬਹੁਜਨ ਸਮਾਜ ਪਾਰਟੀ ਨੂੰ ਨਾ ਸਿਰਫ਼ ਤੀਸਰੀ ਵੱਡੀ ਅਤੇ ਕੌਮੀ ਪੱਧਰ ਦੀ ਪਾਰਟੀ ਵਜੋਂ ਮਾਨਤਾ ਪ੍ਰਾਪਤ ਕਰਨ ਵਿਚ ਕਾਮਯਾਬੀ ਹਾਸਲ ਕਰ ਲਈ ਸਗੋਂ ਉਤਰ ਪ੍ਰਦੇਸ਼ ਵਰਗੇ ਹਿੰਦੂਤਵੀ ਗੜ੍ਹ ਚ ਰਾਜ ਪਾਟ ਪ੍ਰਾਪਤ ਕਰਨ ਦੀ ਸ਼ਕਤੀ ਤੇ ਸਮਰੱਥਾ ਵੀ ਪ੍ਰਾਪਤ ਕਰ ਲਈ। ਉਹਨਾਂ ਨੇ ਸਾਰੇ ਮਨੂਵਾਦੀ ਦਲਾਂ ਨੂੰ ਗੋਡਿਆਂ ਪਰਨੇ ਕਰ ਦਿਤਾ ਅਤੇ ਸਮਝੌਤਿਆਂ ਦੀ ਰਾਜਨੀਤੀ ਦਾ ਮੁੱਢ ਬੰਨ੍ਹਿਆਂ। ਭਾਰਤੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਵਾਲਾ ਦਰਵੇਸ਼ ਸਿਆਸਤਦਾਨ, ਮਜ਼ਲੂਮਾਂ ਤੇ ਮੂਕ ਲੋਕਾਂ ਦੀ ਆਵਾਜ਼, ਕਰੋੜਾਂ ਬਹੁਜਨਾਂ ਦੀ ਮੁਕਤੀ ਦਾ ਤਲਬਗਾਰ, ਬੇਗਮਪੁਰੇ ਦਾ ਸੁਪਨਸਾਜ਼, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਸੁਪਨਿਆਂ ਦਾ ਸੱਚਾ ਆਸ਼ਕ, ਸਵੈਮਾਣ ਤੇ ਅਣਖ ਦਾ ਪ੍ਰਤੀਕ, ਦਲਿਤਾਂ ਸ਼ੋਸ਼ਿਤਾਂ ਦੀ ਆਜ਼ਾਦੀ ਦਾ ਮੁੱਦਈ ਯੋਧਾ ਜ਼ਿੰਦਗੀ ਦੇ ਆਖਰੀ ਪੜਾਅ ਤੇ ਅਣਹੋਣੀਆਂ ਸਾਹਵੇਂ ਮਿਰਜ਼ੇ ਵਾਂਗ ਇਕੱਲਾ ਘਿਰ ਕੇ ਰਹਿ ਗਿਆ। ਐਸੇ ਮਹੌਲ ਵਿਚ “ਕਾਂਸ਼ੀ ਰਾਮ ਸੰਘਰਸ਼ ਕਰੋ, ਹਮ ਤੁਮ੍ਹਾਰੇ ਸਾਥ ਹੈਂ” ਵਰਗੇ ਨਾਅਰੇ ਮਾਰਨ ਵਾਲੀਆਂ ਭੀੜਾਂ ਬੇਬਸ ਤੇ ਕਿਧਰੇ ਗੁੰਮ ਹੋ ਕੇ ਰਹਿ ਗਈਆਂ। ਭਾਰਤੀ ਰਾਜਨੀਤੀ ਤੇ ਬੱਬਰ ਸ਼ੇਰ ਬਣ ਕੇ ਉੱਭਰੀ ਸਾਹਿਬ ਕਾਂਸ਼ੀ ਰਾਮ ਦੀ ਬੇਬਾਕ ਆਵਾਜ਼ 9 ਅਕਤੂਬਰ 2006 ਨੂੰ ਹਮੇਸ਼ਾ ਲਈ ਸ਼ਾਂਤ ਹੋ ਗਈ। ਕੰਮੀਆਂ ਦੇ ਵਿਹੜਿਆਂ ਦਾ ਮੱਘਦਾ ਸੂਰਜ ਹਮੇਸ਼ਾ ਲਈ ਅਸਤ ਹੋ ਗਿਆ।

ਲਾਲ ਸਿੰਘ ਸੁਲਹਾਣੀ
 9872155120

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleTribute from IWA(GB): Remembering Rajvir Jawanda — The Voice of Punjab Silenced Too Soon
Next articleਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਫਾਈਬਰੋ ਸਕੈਨ ਕੈਂਪ ਦਾ 207 ਮਰੀਜ਼ਾਂ ਨੇ ਲਾਭ ਲਿਆ