(ਸਮਾਜ ਵੀਕਲੀ)
ਬਹੁਤ ਕੁੱਝ ਬਦਲ ਗਿਆ,ਜਿਸ ਦੀ ਗੱਲ ਹਰ ਕੋਈ ਕਰਦਾ ਹੈ।ਬਹੁਤ ਵਾਰ ਸੁਣਿਆ ਹੈ ਕਿ ਪਹਿਲਾ ਸਮਾਂ ਵਧੀਆ ਸੀ।ਸਹੂਲਤਾਂ ਘੱਟ ਸਨ ਪਰ ਚੈਨ ਦੀ ਜ਼ਿੰਦਗੀ ਜਿਊ ਰਹੇ ਸਾਂ।ਘਰ ਕੱਚੇ ਸੀ ਪਰ ਰਿਸ਼ਤੇ ਪੱਕੇ ਸੀ।ਬਚਪਨ ਵਿੱਚ ਮਹਿੰਗੇ ਖਿਡੌਣੇ ਨਹੀਂ ਮਿਲਦੇ ਸਨ ਪਰ ਖੇਡਣ ਦ ਆਨੰਦ ਹੀ ਵੱਖਰਾ ਸੀ।ਅੱਜ ਬੱਚਿਆਂ ਕੋਲ ਮਹਿੰਗੇ ਖਿਡੌਣੇ ਹਨ ਪਰ ਉਨ੍ਹਾਂ ਦਾ ਬਚਪਨ ਹੀ ਗੁਆਚ ਗਿਆ। ਬੇਪਰਵਾਹੀਆ ਵਾਲਾ ਬਚਪਨ ਸ਼ਾਇਦ ਇਸ ਵੇਲੇ ਦੇ ਬੱਚਿਆਂ ਨੂੰ ਪਤਾ ਹੀ ਨਹੀਂ।ਬੱਚਿਆਂ ਨੂੰ ਸੰਸਕਾਰ ਤੇ ਕਦਰਾਂ ਕੀਮਤਾਂ ਤਾਂ ਸਿਖਾਉਣੀਆਂ ਚਾਹੀਦੀਆਂ ਹਨ ਪਰ ਉਨ੍ਹਾਂ ਦੇ ਵਿਅਕਤੀਤਵ ਨੂੰ ਦਬਾਅ ਕੇ ਨਹੀਂ। ਅੱਜ ਆਪਾਂ ਗੱਲ ਕਰਦੇ ਹਾਂ ਹੁਣ ਦੇ ਬੱਚਿਆਂ ਦੇ ਬਚਪਨ ਦੀ। ਇਸ ਵਕਤ ਵਧੇਰੇ ਬੱਚਿਆਂ ਨੂੰ ਮਿੱਟੀ ਵਿੱਚ ਖੇਡਣ ਹੀ ਨਹੀਂ ਦਿੱਤਾ ਜਾਂਦਾ।ਸਫਾਈ ਦੇ ਕੀੜੇ ਨੇ ਬੱਚਿਆਂ ਨੂੰ ਆਪਣੀ ਮਰਜ਼ੀ ਨਾਲ ਖੇਡਣ ਹੀ ਨਹੀਂ ਦਿੱਤਾ।
ਰੇਤ ਦੇ ਢੇਰਾਂ ਵਿੱਚ ਪੈਰ ਦੇਕੇ ਕੋਠੀਆਂ ਬਣਾਉਣੀਆਂ ਬੱਚਿਆਂ ਨੂੰ ਪਤਾ ਹੀ ਨਹੀਂ। ਹਰ ਵੇਲੇ ਪਲਾਸਟਿਕ ਦੇ ਮਹਿੰਗੇ ਖਿਡੌਣਿਆਂ ਨਾਲ ਸੀ ਬੱਚੇ ਖੇਡਦੇ ਹਨ।ਆਪਣਾ ਬਚਪਨ ਖੁੱਲੇ ਆਸਮਾਨ ਹੇਠ ਵੀ ਘੱਟ ਹੀ ਬਿਤਾਉਂਦੇ ਹਨ।ਘਰਾਂ ਵਿੱਚ ਏ ਸੀ ਅਤੇ ਸਕੂਲ ਏ ਸੀ।ਜਿਸ ਕਾਰ ਵਿੱਚ ਜਾਂਦੇ ਹਨ ਉਹ ਵੀ ਏ ਸੀ।ਬੱਚਿਆਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਅੰਦਰੂਨੀ ਸ਼ਕਤੀ ਹੀ ਨਹੀਂ।ਕੁਦਰੱਤ ਨੇ ਸਿਹਤਮੰਦ ਰਹਿਣ ਲਈ ਹਵਾ ਪਾਣੀ ਅਤੇ ਧੁੱਪ ਦਿੱਤੀ ਹੈ।ਅੱਜ ਵਧੇਰੇ ਕਰਕੇ ਬੱਚਿਆਂ ਵਿੱਚ ਵਿਟਾਮਿਨ ਡੀ ਦੀ ਕਮੀ ਵੇਖਣ ਨੂੰ ਮਿਲ ਰਸੀ ਹੈ।ਘਰਾਂ ਦੇ ਅੰਦਰ ਅਤੇ ਬੰਦ ਮਾਹੌਲ ਨੇ ਬੱਚਿਆਂ ਨੂੰ ਸਿਹਤ ਅਤੇ ਮਾਨਸਿਕ ਪੱਖੋਂ ਰੋਗੀ ਬਣਾ ਦਿੱਤਾ ਹੈ।ਬੱਚੇ ਖਿਝੇ ਖਿਝੇ ਰਹਿੰਦੇ ਹਨ ਅਤੇ ਚਿੜਚਿੜੇ ਜਿਹੇ ਹੋ ਰਹੇ ਹਨ।
ਦਾਦੀਆਂ ਦੀ ਗੋਦ ਤੋਂ ਨੌਕਰਾਂ ਦੇ ਹੱਥਾਂ ਵਿੱਚ ਬੱਚੇ ਵਧੇਰੇ ਕਰਕੇ ਚਲੇ ਗਏ ਹਨ।ਪਿਆਰ ਤੋਂ ਵੀ ਸੱਖਣੇ ਹਨ ਅਤੇ ਅਸੁਰੱਖਿਅਤ ਮਹਿਸੂਸ ਕਰਦੇ ਹਨ।ਪਿਆਰ ਅਤੇ ਆਪਣਿਆਂ ਦੀ ਗੋਦ ਬੱਚਿਆਂ ਨੂੰ ਬਚਪਨ ਦਾ ਅਹਿਸਾਸ ਦਿੰਦਾ ਹੈ।ਬੱਚੇ ਅਜੇ ਬੋਲਣਾ ਵੀ ਪੂਰੀ ਤਰ੍ਹਾਂ ਨਹੀਂ ਸਿੱਖਦੇ ਕਿ ਸਕੂਲ ਦੀ ਦੌੜ ਸ਼ੁਰੂ ਹੋ ਜਾਂਦੀ ਹੈ।ਆਪਣੀ ਮਾਂ ਬੋਲੀ ਦੀ ਥਾਂ ਹਿੰਦੀ ਜਾਂ ਅੰਗਰੇਜ਼ੀ ਬੋਲਣ ਤੇ ਜ਼ੋਰ ਦਿੱਤਾ ਜਾਂਦਾ ਹੈ।ਮਾਂ ਬੋਲੀ ਸਿੱਖਣ ਲਈ ਬੱਚੇ ਤੇ ਦਬਾਅ ਨਹੀਂ ਪੈਂਦਾ।ਅਸਲ ਵਿੱਚ ਮਾਪਿਆਂ ਨੂੰ ਲੱਗਦਾ ਹੈ ਕਿ ਜੇਕਰ ਬੱਚਾ ਅੰਗਰੇਜ਼ੀ ਬੋਲ ਰਿਹਾ ਹੈ ਤਾਂ ਹੀ ਉਨ੍ਹਾਂ ਦਾ ਸਮਾਜ ਵਿੱਚ ਰੁੱਤਬਾ ਬਣਦਾ ਹੈ।ਪਰ ਖੋਜਾਂ ਨੇ ਸਿੱਧ ਕੀਤਾ ਹੈ ਕਿ ਮਾਂ ਬੋਲੀ ਹੀ ਬੱਚੇ ਦਾ ਵਧੀਆ ਵਿਕਾਸ ਕਰ ਸਕਦੀ ਹੈ।ਹਕੀਕਤ ਇਹ ਹੈ ਕਿ ਬੱਚੇ ਤੇ ਹਰ ਵੇਲੇ ਦਬਾਅ ਪਿਆ ਹੀ ਰਹਿੰਦਾ ਹੈ।
ਅਨੁਸ਼ਾਸਨ ਵਿੱਚ ਰਹਿਣਾ ਠੀਕ ਹੈ ਪਰ ਇਵੇਂ ਵੀ ਨਾ ਕਰੋ ਕਿ ਬੱਚੇ ਦੀਆਂ ਆਪਣੀਆਂ ਭਾਵਨਾਵਾਂ ਹੀ ਮਰ ਜਾਣ।ਬਹੁਤ ਵਾਰ ਬੱਚਿਆਂ ਨੂੰ ਖਾਣ,ਪੀਣ,ਹੱਸਣ,ਬੋਲਣ ਅਤੇ ਤੁਰਨ ਆਦਿ ਤੇ ਹਰ ਵੇਲੇ ਟੋਕਿਆ ਜਾਂਦਾ ਹੈ।ਇਸ ਨਾਲ ਬੱਚਿਆਂ ਵਿੱਚ ਆਤਮ ਵਿਸ਼ਵਾਸ ਦੀ ਘਾਟ ਆ ਜਾਂਦੀ ਹੈ।ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰੱਖੋ ਪਰ ਉਸਦੇ ਬੇਪਰਵਾਹੀਆ ਵਾਲੇ ਬਚਪਨ ਨੂੰ ਨਾ ਮਾਰੋ।ਇਸ ਵਕਤ ਵਿਖਾਵੇ ਅਤੇ ਭੱਜ ਦੌੜ ਨੇ ਬੱਚਿਆਂ ਦਾ ਬਚਪਨ ਹੀ ਖੋਹ ਲਿਆ ਹੈ।ਜੇਕਰ ਅਸੀਂ ਇਹ ਕਹੀਏ ਕਿ ਬੱਚਿਆਂ ਦਾ ਬਚਪਨ ਹੀ ਗੁਆਚ ਗਿਆ ਹੈ ਤਾਂ ਅਤਿਕਥਨੀ ਨਹੀਂ ਹੋਏਗੀ।
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ ਮੋਬਾਈਲ ਨੰਬਰ 9815030221
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly