(ਸਮਾਜ ਵੀਕਲੀ)
ਰੀਤ ਅਕਸਰ ਸੋਚਦੀ ਕਿ ਉਸਤੋਂ ਕਿ ਪਾਪ ਹੋਇਆ ਪਿਛਲੇ ਜਨਮ ਵਿੱਚ ਜੋ ਇਸ ਜਨਮ ਵਿੱਚ ਸੰਤਾਪ ਭੁਗਤ ਰਹੀ। ਸਾਰੀ ਉਮਰ ਨਸ਼ੇ ਦੇ ਕੋਹੜ ਨੇ ਉਸਦਾ ਪਿੱਛਾ ਨਾ ਛੱਡਿਆ। ਬਚਪਨ ਵਿੱਚ ਪਿਓ ਦਾਰੂ ਦਾ ਰੱਜਿਆ ਘਰ ਮੁੜਦਾ। ਮਾਂ ਡਰੀ ਸਹਿਮੀ ਰਹਿੰਦੀ। ਸ਼ਾਮ ਹੁੰਦੇ ਹੀ ਰੋਟੀ ਖਵਾ ਨਿਆਣਿਆਂ ਨੂੰ ਸਵਾ ਦਿੰਦੀ।ਮਨ ਵਿੱਚ ਡਰ ਹੁੰਦਾ ਕਿ ਪਿਓ ਨੂੰ ਸ਼ਰਾਬੀ ਹਾਲਤ ਵਿੱਚ ਨਾ ਦੇਖ ਲੈਣ। ਉਹ ਸੌਂਦੇ ਨਾਂ ਪਰ ਸੁੱਤੇ ਹੋਣ ਦਾ ਨਾਟਕ ਕਰਦੇ। ਪਿਓ ਨੂੰ ਗਾਲ਼ਾਂ ਕੱਢਦੇ ਸੁਣ ਸਹਿਮ ਜਾਂਦੇ। ਇਹ ਰੋਜ਼ ਦਾ ਕਿੱਸਾ ਸੀ। ਮਾਂ ਨੂੰ ਪਿਓ ਤੋਂ ਕੁੱਟ ਖਾਂਦੀ ਉਸ ਅਕਸਰ ਦੇਖਿਆ ਸੀ। ਮਨ ਹੀ ਮਨ ਸੋਚਦੀ ਕਿ ਵਿਆਹ ਹੀ ਨਹੀਂ ਕਰਵਾਉਣਾ। ਛੋਟਾ ਭਰਾ ਜਿਵੇਂ ਜਿਵੇਂ ਵੱਡਾ ਹੋ ਰਿਹਾ ਸੀ ਪਿਓ ਨੂੰ ਅੱਗਿਓਂ ਜਵਾਬ ਦਿੰਦਾ।
ਮਾਂ ਦਾ ਦਰਦ ਦੋਵੇਂ ਬੱਚੇ ਮਹਿਸੂਸ ਕਰਦੇ। ਦਿਨ ਬੀਤਦੇ ਰਹੇ। ਰੀਤ ਨੇ ਕਾਲਜ ਦੀ ਪੜ੍ਹਾਈ ਪੂਰੀ ਕਰ ਲਈ। ਪਿਓ ਦਾ ਮਿਜ਼ਾਜ ਕੁਝ ਬਦਲਿਆ ਸੀ। ਦਾਰੂ ਪੀਣੀ ਛੱਡ ਹੁਣ ਨਿਤਨੇਮੀ ਹੋ ਗਿਆ ਸੀ। ਰੀਤ ਦੇ ਮਨ ਤੋਂ ਉਸਦੀ ਬਚਪਨ ਦੀ ਛਾਪ ਨਹੀਂ ਮਿਟੀ। ਮਾਂ ਅਕਸਰ ਵਿਆਹ ਲਈ ਜ਼ੋਰ ਪਾਉਂਦੀ ਪਰ ਰੀਤ ਨੌਕਰੀ ਕੇ ਪੈਰਾਂ ਸਿਰ ਹੋਣਾ ਚਾਹੁੰਦੀ ਸੀ।ਰੀਤ ਨੂੰ ਬੈਂਕ ਵਿੱਚ ਨੌਕਰੀ ਮਿਲ ਗਈ। ਛੋਟਾ ਭਰਾ ਅਗਲੇਰੀ ਸਿੱਖਿਆ ਲਈ ਹੋਸਟਲ ਚਲਾ ਗਿਆ। ਰੀਤ ਦੇ ਲਈ ਕਈ ਚੰਗੇ ਘਰਾਂ ਦੇ ਰਿਸ਼ਤੇ ਆਉਣ ਲੱਗੇ। ਰੀਤ ਦੀ ਇੱਕੋ ਸ਼ਰਤ ਸੀ ਕਿ ਮੁੰਡਾ ਸ਼ਰਾਬ ਨੂੰ ਹੱਥ ਵੀ ਨਾ ਲਾਉਂਦਾ ਹੋਵੇ। ਮਾਮੇ ਨੇ ਮੁੰਡੇ ਦੀ ਦੱਸ ਪਾਈ। ਮੁੰਡਾ ਕਾਲਜ ਵਿੱਚ ਪੜਾਉਂਦਾ ਸੀ।ਮਾਮੇ ਨੇ ਦੱਸਿਆ ਕਿ ਮੁੰਡਾ ਕੋਈ ਨਸ਼ਾ ਨਹੀਂ ਕਰਦਾ। ਰੀਤ ਮੰਨ ਗਈ।
ਬੜੇ ਚਾਅ ਨਾਲ ਸਾਰੇ ਵਿਆਹ ਦੀਆਂ ਤਿਆਰੀਆਂ ਵਿਚ ਜੁੱਟ ਗਏ। ਮੁੰਡੇ ਦਾ ਨਾ ਅਮਨ ਸੀ। ਸੋਹਣਾ ਸੁਨੱਖਾ ਤੇ ਉੱਚਾ ਲੰਮਾ। ਅਮਨ ਰੀਤ ਨੂੰ ਦੋ ਵਾਰ ਮਿਲਿਆ। ਰੀਤ ਨੂੰ ਉਸਦਾ ਵਿਹਾਰ ਕੁਝ ਅਜੀਬ ਲੱਗਾ। ਅਮਨ ਚੁੱਪ ਹੀ ਰਹਿੰਦਾ। ਰੀਤ ਨਾਲ ਫ਼ੋਨ ਤੇ ਕਦੇ ਥੋੜੀ ਜਿਹੀ ਗੱਲ ਕਰਦਾ ਤੇ ਕਿਸੇ ਦਿਨ ਬਹੁਤ ਗੱਲਾਂ ਕਰਦਾ। ਰੀਤ ਨੂੰ ਕੁਝ ਸਮਝ ਨਾ ਆਉਂਦੀ। ਬੱਝੇ ਦਿਨ ਬੜੀ ਛੇਤੀ ਮੁੱਕ ਜਾਂਦੇ ਨੇ। ਅਖੀਰ ਵਿਆਹ ਦਾ ਦਿਨ ਆ ਗਿਆ। ਸਵੇਰੇ ਰੀਤ ਤਿਆਰ ਹੋ ਰਹੀ ਦੀ ਕਿ ਅਮਨ ਦਾ ਫੋਨ ਆਇਆ। ਉਸਨੇ ਜੋ ਕਿਹਾ ਉਹ ਰੀਤ ਨੂੰ ਬੌਂਦਲਾ ਦੇਣ ਵਾਲਾ ਸੀ। ਉਸਨੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਹੈ ਤੇ ਹੈ ਰੀਤ ਚਾਹੇ ਤਾਂ ਵਿਆਹ ਤੋਂ ਨਾਂਹ ਕਰ ਸਕਦੀ ਹੈ।
ਰੀਤ ਲਈ ਇਹ ਸਭ ਬਹੁਤ ਅਸਹਿਜ ਸੀ। ਉਸਨੇ ਆਪਣੇ ਮਾਂ ਨੂੰ ਸਾਰੀ ਗੱਲ ਦੱਸੀ। ਮਾਂ ਦਾ ਕਹਿਣਾ ਸੀ ਕਿ ਇਹ ਮਜ਼ਾਕ ਹੋਣਾ। ਪਰ ਜਦੋਂ ਰੀਤ ਨੇ ਜ਼ੋਰ ਦੇ ਕੇ ਕਿਹਾ ਤਾਂ ਮਾਂ ਨੇ ਕਿਹਾ ਹੁਣ ਕੁਝ ਨਹੀਂ ਹੋ ਸਕਦਾ। ਵਿਆਹ ਦੀ ਸਾਰੀ ਤਿਆਰੀ ਹੋ ਚੁੱਕੀ ਹੈ। ਰਿਸ਼ਤੇਦਾਰ ਅਤੇ ਹੋਏ ਨੇ। ਇਸ ਸਮੇਂ ਇੱਜ਼ਤ ਦਾ ਸਵਾਲ ਹੈ। ਰੀਤ ਹੈਰਾਨ ਸੀ ਕਿ ਮਾਂ ਇਹ ਕਿਵੇਂ ਕਹਿ ਸਕਦੀ ਹੈ? ਕੀ ਮਾਂ ਨੂੰ ਰੀਤ ਦੇ ਭਵਿੱਖ ਦਾ ਕੋਈ ਫ਼ਿਕਰ ਨਹੀਂ ਸੀ? ਕੀ ਮਾਂ ਚਾਹੁੰਦੀ ਹੈ ਕਿ ਰੀਤ ਵੀ ਉਹਦੇ ਵਾਲੀ ਬੇਰੰਗ ਜ਼ਿੰਦਗੀ ਜੀਵੇ। ਸਵਾਲਾਂ ਵਿੱਚ ਉਲਜ਼ਹੀ ਰੀਤ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਰੀਤ ਨੇ ਆਪਣੇ ਪਿਤਾ ਨਾਲ ਗੱਲ ਕੀਤੀ। ਉਹਨਾਂ ਰੀਤ ਨੂੰ ਆਪਣਾ ਫੈਸਲਾ ਆਪ ਲੈਣ ਲਈ ਕਿਹਾ ਰੀਤ ਆਪਣੇ ਕਮਰੇ ਵਿੱਚ ਬੈਠੀ ਬਹੁਤ ਦੇਰ ਸੋਚਦੀ ਰਹੀ।
ਕਦੀ ਉਸਨੂੰ ਮਾਂ ਤੇ ਤਰਸ ਆਉਂਦਾ ਤੇ ਕਦੀ ਗੁੱਸਾ। ਪਰ ਇਹ ਸਮਝ ਗਈ ਦੀ ਕਿ ਜਿਸ ਤਰ੍ਹਾਂ ਦੀ ਜ਼ਿੰਦਗੀ ਮਾਂ ਨੇ ਬਿਤਾਈ ਹੈ ਉਸਦਾ ਮਜ਼ਬੂਤ ਹੋਣਾ ਸੰਭਵ ਹੀ ਨਹੀਂ ਸੀ। ਫਿਰ ਉਹ ਆਪਣੇ ਪਿਤਾ ਬਾਰੇ ਸੋਚਣ ਲੱਗੀ। ਉਸਨੂੰ ਜਾਪਿਆ ਜਿਵੇਂ ਪਿਤਾ ਆਪਣੇ ਕੀਤੇ ਦਾ ਪਛਤਾਵਾ ਧੀ ਨੂੰ ਫੈਸਲਾ ਲੈਣ ਦੇ ਆਜ਼ਾਦੀ ਦੇ ਕੇ ਕਰਨਾ ਚਾਹੁੰਦਾ ਹੋਵੇ। ਰੀਤ ਨੂੰ ਗੁੱਸਾ ਸੀ ਕਿ ਅਮਨ ਨੇ ਇਹ ਗੱਲ ਉਸਨੂੰ ਪਹਿਲਾਂ ਕਿਉਂ ਨਹੀਂ ਦੱਸੀ। ਅਖੀਰ ਰੀਤ ਨੇ ਮਨ ਬਣਾ ਲਿਆ ਕਿ ਉਸਨੇ ਕਿ ਕਰਨਾ ਹੈ। ਰੀਤ ਨੇ ਕਮਰੇ ਦਾ ਦਰਵਾਜ਼ਾ ਖੋਲਿਆ ਤੇ ਵੇਹੜੇ ਵਿੱਚ ਬੈਠੇ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਸੰਬੋਧਨ ਕਰ ਕਿਹਾ ਕਿ ਉਹ ਇਹ ਵਿਆਹ ਨਹੀਂ ਕਰਵਾਏਗੀ।
ਉਸਨੇ ਅਮਨ ਨੂੰ ਫੋਨ ਕੀਤਾ ਤੇ ਆਪਣੇ ਫੈਸਲਾ ਦੱਸ ਦਿੱਤਾ। ਰਿਸ਼ਤੇਦਾਰਾਂ ਵਿੱਚ ਖੁਸਰ ਫੁਸਰ ਹਨ ਲੱਗੀ ਪਰ ਰੀਤ ਨੂੰ ਇਸਦੀ ਕੋਈ ਪ੍ਰਵਾਹ ਨਹੀਂ ਸੀ। ਰੀਤ ਦੀ ਮਾਂ ਦੇ ਚਿਹਰੇ ਤੇ ਇਕ ਚਮਕ ਸੀ। ਉਹ ਆਪਣੀ ਮਜ਼ਬੂਰੀ ਦਾ ਹੱਲ ਰੀਤ ਦੇ ਫੈਸਲੇ ਵਿਚ ਦੇਖ ਰਹੀ ਸੀ। ਉਸਨੂੰ ਇੱਕ ਮਜ਼ਬੂਤੀ ਦਾ ਅਹਿਸਾਸ ਹੋ ਰਿਹਾ ਸੀ। ਰੀਤ ਦੇ ਪਿਤਾ ਨੂੰ ਲੱਗ ਰਿਹਾ ਸੀ ਕਿ ਉਸਦੇ ਗੁਨਾਹ ਕੁਛ ਹੱਦ ਤੱਕ ਮਾਫ ਹੋ ਗਏ। ਰੀਤ ਨੂੰ ਜ਼ਿੰਦਗੀ ਵਿੱਚ ਰੌਸ਼ਨੀ ਨਜ਼ਰ ਆ ਰਹੀ ਸੀ।
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly