(ਸਮਾਜ ਵੀਕਲੀ)
ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਵਿਧਾਇਕ ਚੁਣੇ ਜਾਣ ਪਿੱਛੋਂ ਅਸਤੀਫ਼ਾ ਦੇ ਚੁੱਕੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਲੰਘੇ ਦਿਨੀਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਜ਼ਬਾਤੀ ਚਿੱਠੀ ਲਿਖ ਕੇ ਨਾ-ਸਿਰਫ਼ ਪੰਥਕ ਸਫ਼ਾਂ ਵਿਚ ਬਲਕਿ ਸਿਆਸੀ/ਸਮਾਜੀ ਜੀਵਨ ਵਿਚ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਸੀ/ਹੈ।
ਏਸ ਚਿੱਠੀ ਨੂੰ ਲਿਖਣ ਦੇ ਪਿਛੋਕੜ ਵਿਚ ਜਥੇਦਾਰ ਦਾ ਉਹ ਬਿਆਨ ਹੈ, ਜਿਹਦੇ ਵਿਚ ਉਨ੍ਹਾਂ ਆਖਿਆ ਸੀ ਕਿ “ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਵੇ ਜਾਂ ਸਿੱਖ, ਇਹ ਗੱਲ ਦੋਇਮ ਦਰਜੇ ਦੀ ਹੈ, ਅਵੱਲ ਸ਼ਰਤ ਇਹ ਹੈ ਕਿ ਮੁੱਖ ਮੰਤਰੀ ਚੰਗਾ ਬੰਦਾ ਹੋਣਾ ਚਾਹੀਦਾ ਹੈ”।
*******
ਇਹ ਓਹ ਬਿਆਨ ਹੈ, ਜਿਹਨੂੰ ਸੁਣ ਕੇ ਜੇ ਫੂਲਕਾ ਚਿੱਠੀ ਨਾ ਲਿਖਦੇ ਜਾਂ ਫੇਰ ਵੀਡੀਓ ਕਲਿਪ ਬਣਾ ਕੇ ਅਗਾਂਹ ਨਾ ਤੋਰਦੇ ਤਾਂ ਕਿਸੇ ਵੀ ਖ਼ਬਰਨਵੀਸ ਜਾਂ ਸਿਆਸੀ ਤਬਸਰਾਕਾਰ ਨੇ ਇਹਨੂੰ ਤਵੱਜੋ ਨਹੀਂ ਦੇਣੀ ਸੀ।
****
ਹੁਣ, ਕਿਉਂਕਿ, ਫੂਲਕਾ ਹੁਰਾਂ ਨੇ ਏਸ ਬਿਆਨ ਨੂੰ ਸੰਜੀਦਗੀ ਨਾਲ ਲਿਆ ਹੈ ਤੇ ਕਿੱਧਰ ਦੀ ਗੱਲ ਕਿਤੇ ਹੋਰ ਈ ਤੋਰ ਦਿੱਤੀ ਏ, ਏਸ ਕਰ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਰਸਰੀ ਪ੍ਰਗਟਾਵੇ ਦੀ ਨਿਸਬਤ ਹਰਵਿੰਦਰ ਫੂਲਕਾ ਦੇ “ਚਿੱਠੀ ਬੰਬ” ਨੇ ਸੋਚਵਾਨਾਂ ਦੀ ਮਨੋ-ਭੂਮੀ ਉੱਤੇ ਹਲਕਾ ਜਿਹਾ ਧਮਾਕਾ ਜ਼ਰੂਰ ਕੀਤਾ ਹੈ।
*****
ਵਕੀਲ ਫੂਲਕਾ ਨੇ ਕਿਹਾ ਹੈ ਕਿ ਜਥੇਦਾਰ ਜੀਓ, ਤੁਹਾਨੂੰ ਧਾਰਮਕ ਪਦਵੀ ਉੱਤੇ ਹੋਣ ਕਾਰਨ, ਸਿਆਸੀ ਪੱਖ ਦਾ ਬਿਆਨ ਨ੍ਹੀ ਦੇਣਾ ਚਾਹੀਦਾ ਸੀ। (ਏਥੇ ਫੂਲਕਾ ਦਾ ਇਸ਼ਾਰਾ ਏਸ ਪਾਸੇ ਹੈ ਕਿ ਚਲੰਤ ਸਮੇਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਅਕਾਲੀਆਂ ਦੇ ਬਾਦਲ ਗਰੁੱਪ ਦਾ ਗਲਬਾ ਹੈ। ਲਿਹਾਜ਼ਾ, ਜਥੇਦਾਰ ਨੇ ਅਕਾਲੀ ਦਲ ਬਾਦਲ ਗਰੁੱਪ ਨੂੰ ਸਿਆਸੀ ਲਾਹਾ ਦਿਵਾਉਣ ਲਈ ਭੂਮਿਕਾ ਬੰਨ੍ਹ ਦਿੱਤੀ ਹੈ। ਯਾਦ ਰਹੇ ਕਿ ਬਾਦਲ ਧੜੇ ਦਾ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਇਕਾਈ ਨਾਲ ਚੋਣਾਵੀ ਇਤਿਹਾਦ ਅਮਲ ਵਿਚ ਆ ਚੁੱਕਿਆ ਹੈ। ਜਿੱਥੇ ਅਕਾਲੀ ਦਲ ਬਾਦਲ ਆਉਂਦੀਆਂ ਵਿਧਾਨ ਸਭਾਈ ਚੋਣਾਂ ਵਿਚ ਬਸਪਾ ਨਾਲ ਰਲ਼ ਕੇ ਸਰਕਾਰ ਬਣਨ ਦੇ ਖ਼ਾਬ ਲੈ ਰਿਹਾ ਹੈ, ਓਥੇ ਬਸਪਾ ਨਾਲ ਸਿਆਸੀ ਮੁਕੱਦਰ ਜੋੜ ਕੇ ਬੈਠੇ ਸਿਆਸੀ ਕਾਰਕੁਨ ਵੀ ਇਹੋ ਸੁਪਨਾ ਪਾਲ ਕੇ ਬੈਠੇ ਨੇ ਕਿ ਇਹ ਗੱਠਜੋੜ, ਰਾਜਸੀ ਪੱਧਰ ਉੱਤੇ ਵੋਟਾਂ ਦੀ ਵੱਡੀ ਕਮਾਈ ਕਰ ਕੇ, ਰਾਜ ਭਾਗ ਉੱਤੇ ਗਲਬਾ ਪਾਉਣ ਜਾ ਰਿਹਾ ਹੈ)। ਏਸ ਲਈ ਮੁੱਖ ਮੰਤਰੀ ਨਾ ਸਹੀ ਡਿਪਟੀ ਮੁੱਖ ਮੰਤਰੀ ਦੂਜੀ ਧਿਰ ਦਾ ਬਣਾਉਣ ਬਾਰੇ ਸਮਝੌਤਾ ਸਹੀਬੱਧ ਹੋਇਆ ਹੈ।
******
ਸਿਆਸਤ ਤੇ ਕਾਰੋਬਾਰ ਵਿਚ ਉਂਝ ਤਾਂ ਖ਼ਾਸ ਸਮਾਨਤਾ ਨ੍ਹੀ ਹੁੰਦੀ ਪਰ ਏਸ ਗੱਲੋਂ ਅੱਗ ਬਰਾਬਰ ਲੱਗੀ ਹੁੰਦੀ ਐ ਕਿ ਪਤਾ ਨਹੀਂ ਅਗਲੇ ਪਲ, ਕੀ ਹੋ ਜਾਣਾ ਐ। ਉਂਝ ਤਾਂ ਹੁਣ ਸਿਆਸੀ ਸੁਭਾਅ ਵਾਲੇ ਲੋਕ-ਆਗੂ ਬਹੁਤੇ ਬਚੇ ਈ ਨਹੀਂ, ਹੁਣ ਤਾਂ ਵਪਾਰੀ, ਜ਼ਮੀਨੀ ਦਲਾਲ, ਨਜਾਇਜ਼ ਕਾਲੋਨੀਆਂ ਉਸਾਰਣ ਵਾਲੇ ਜਾਅਲਸਾਜ਼ ਤੇ ਵੋਟ ਦਲਾਲਾਂ ਦਾ ਏਸ ਖੇਤਰ ਉੱਤੇ ਕਬਜ਼ਾ ਹੈ। … ਪਰ ਸ਼ਬਦਾਂ ਦੀ ਮਜਬੂਰੀ ਹੋਣ ਕਰ ਕੇ, ਕਹਿਣਾ ਸਿਆਸਤਦਾਨ ਹੀ ਪੈਂਦਾ ਹੈ। ਸਿਆਸਤ ਦੇ ਭੇਤੀ ਦੱਸਦੇ ਨੇ ਕਿ ਜਦੋਂ ਇਕ ਰਾਜਸੀ ਪਾਰਟੀ ਦਾ ਦੂਜੀ ਰਾਜਸੀ ਪਾਰਟੀ ਨਾਲ ਚੋਣ ਅਧਾਰਤ ਸਮਝੌਤਾ ਹੋਇਆ ਹੋਵੇ, ਉਦੋਂ ਦੋਵਾਂ ਪਾਰਟੀਆਂ ਦੇ ਪ੍ਰਧਾਨਾਂ, ਜਨਰਲ ਸਕੱਤਰਾਂ, ਕੌਮੀ ਮੁੱਖ ਬੁਲਾਰਿਆਂ, ਜ਼ਿਲ੍ਹਾ ਪ੍ਰਧਾਨਾਂ ਦੀ ਹਾਲਤ, ਓਸ ਮੁਟਿਆਰ ਜਾਂ ਚੋਬਰ ਵਰਗੀ ਹੋ ਗਈ ਹੁੰਦੀ ਹੈ, ਜਿਨ੍ਹਾਂ ਦਾ ਆਪਸ ਵਿਚ ਸਾਕ ਪੱਕਾ ਹੋ ਚੁੱਕਿਆ ਹੋਵੇ ਤੇ ਫੇਰੇ ਲੈਣ ਲਈ “ਕਿੰਨ੍ਹੇ ਦਿਨ ਰਹਿ ਗਏ ਹੋਰ” ਇਹੀ ਸੋਚਦੇ ਹੋਣ। ਅਕਾਲੀ-ਬੀ ਐੱਸ ਪੀ ਇਤਿਹਾਦ ਕੀ ਨਤੀਜੇ ਦੇਵੇਗਾ? ਇਹ ਤਾਂ ਭਵਿੱਖ ਦੇ ਗਰਭ ਵਿਚ ਹੈ ਪਰ ਹਰਵਿੰਦਰ ਫੂਲਕਾ ਹੋਰਾਂ ਨੇ ਸਿੱਖ ਮੁੱਖ ਮੰਤਰੀ ਤੇ ਗ਼ੈਰ ਸਿੱਖ ਮੁੱਖ ਮੰਤਰੀ ਬਾਰੇ ਬਿਆਨ ਨੂੰ ਬਿਨਾਅ ਬਣਾ ਕੇ, ਚਰਚਾ ਬਟੋਰ ਲਈ ਹੈ।
********
ਵਕੀਲ ਫੂਲਕਾ ਸਿਆਸਤ ਦੇ ਸ਼ੋਅਬੇ ਵਿਚ ਅਨਾੜੀ ਨਹੀਂ ਹਨ ਪਰ ਖਿਡਾਰੀ ਵੀ ਨਹੀਂ ਸਾਬਤ ਹੋਏ। ਜਿਵੇਂ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਕ਼ਾਨੂੰਨਸਾਜ਼ ਅਸੰਬਲੀ ਵਿਚ ਵਿਰੋਧੀ ਧਿਰ ਦਾ ਆਗੂ ਥਾਪ ਦਿੱਤਾ ਸੀ, ਓਹ, ਜੇ, ਸਿਆਸੀ ਫਹਿਮ ਹੁੰਦੇ ਤਾਂ ਸੰਭਾਵਨਾਵਾਂ ਦੀ ਖੇਡ ਸਿਆਸਤ ਵਿਚ ਕੋਈ ਪੁਖ਼ਤਾ ਮੁਕਾਮ ਆਪਣੇ ਲਈ ਰਾਖਵਾਂ ਕਰ ਸਕਦੇ ਸਨ। ਰਾਜਨੀਤਕ ਮੱਸ ਰੱਖਣ ਵਾਲੇ ਖ਼ਬਰਨਵੀਸ ਦੱਸਦੇ ਨੇ ਕਿ ਫੂਲਕਾ ਜਿਹੜੀ ਤਰਜ਼ ਦੀ ਜਜ਼ਬਾਤੀ ਰਾਜਨੀਤੀ ਕਰਦੇ ਨੇ, ਓਹ ਸੰਤ ਫਤਹਿ ਸਿੰਘ ਤੇ ਮਾਸਟਰ ਤਾਰਾ ਸਿੰਘ ਦੇ ਵੇਲਿਆਂ ਵਿਚ ਬੜੀ ਮਾਅਫ਼ਕ ਆਉਂਦੀ ਸੀ, ਹੁਣ, ਨਵੀਂ ਪੀੜ੍ਹੀ ਨੂੰ ਨਾ ਤਾਂ ilets ਤੇ ਪਰਦੇਸਾਂ ਦੇ ਵੀਜ਼ੇ ਤੋਂ ਬਿਨਾਂ ਕੁਝ ਸੁੱਝਦਾ ਹੈ ਤੇ ਨਾ ਹੀ ਕਿਸੇ ਨਵੇਂ ਬੱਚੇ ਵਿਚ ਪੰਥਕ ਲਗਨ ਹੈ। ਸੋ, ਇਹੀ ਵਜ੍ਹਾਹ ਹੈ ਕਿ ਪੰਥਕ ਸਿਆਸਤਦਾਨਾਂ ਦੇ ਧੀਆਂ ਪੁੱਤ ਵੀ ਪੰਥਕ ਲਗਨ ਤੋਂ ਸੱਖਣੇ ਹਨ।
ਬਹੁਤ ਸਾਰੇ ਜਾਂ 90 ਤੋਂ 94 ਫੀਸਦ ਅਕਾਲੀ ਅਹੁਦੇਦਾਰ ਇਹੋ ਜਿਹੇ ਨੇ, ਜਿਨ੍ਹਾਂ ਦੀਆਂ ਔਲਾਦਾਂ ਦੀ ਸਿਰਫ਼ ਦਿੱਖ ਵਿਰਾਸਤੀ ਹੈ ਪਰ ਸਿੱਖ ਇਤਿਹਾਸ ਤੇ ਪੰਥਕ ਸ਼ਖ਼ਸੀਅਤਾਂ ਦੇ ਮੁਤੱਲਕ਼ ਕੁਝ ਵੀ ਪਤਾ ਨਹੀਂ ਹੁੰਦਾ। ਸਿੱਖੀ ਨੂੰ ਲੈ ਕੇ ਅੰਦਰਲੀ ਲਗਨ ਦੀ ਅਣਹੋਂਦ ਕਾਰਨ ਅਕਾਲੀ ਅਹੁਦੇਦਾਰ ਵੋਟਾਂ ਖਿੱਚਣ ਲਈ ਹਰ ਉਹ ਕੰਮ ਕਰਦੇ ਨੇ, ਹਰ ਉਹ ਹਰਬਾ ਵਰਤਦੇ ਨੇ, ਜੀਹਦੀ ਗੁਰਮਤਿ ਵਿਚ ਕ਼ਤਈ ਤੌਰ ਉੱਤੇ ਮਨਜ਼ੂਰੀ ਨਹੀਂ ਹੈ। ਐਡਵੋਕੇਟ ਫੂਲਕਾ ਬੇਸ਼ਕ਼ ਨਾਮਵਰ ਵਕੀਲ ਹਨ ਪਰ ਸਿਆਸਤ, ਖ਼ਾਸਕਰ ਪੰਜਾਬ ਦੀ ਸਿਆਸਤ ਉੱਤੇ ਜੱਫਾ ਮਾਰ ਕੇ ਬੈਠੇ ਘਾਗ ਲੂੰਬੜ ਲਾਣੇ ਦੀਆਂ ਚਾਲਾਂ ਨੂੰ ਓਨਾਂ ਨਹੀਂ ਸਮਝਦੇ, ਜਿੰਨਾ ਕਿ ਸਮਝਣ ਦੀ ਲੋੜ ਹੈ।
********
ਹਫ਼ਤਾ ਪਹਿਲਾਂ ਦੇਖੋ ਕਿ ਕੀ ਮਾਜਰਾ ਹੋਇਆ ਹੈ। ਜਦੋਂ ਚੰਡੀਗੜ੍ਹ ਦੇ ਹੋਟਲ ਮੈਰੀਅਟ ਵਿਚ ਨਵਾਂ ਮੁੱਖ ਮੰਤਰੀ ਲਾਉਣ ਤੇ ਰਜ਼ਾਮੰਦੀ ਲੈਣ ਲਈ ਮੀਟਿੰਗ ਰਵਾਂ ਸੀ, ਉਦੋਂ, ਉਸ ਤੋਂ ਪਹਿਲਾਂ ਬੀਬੀ ਅੰਬਿਕਾ ਸੋਨੀ ਨਾਲ ਸੁਲਾਹ ਮਾਰੀ ਸੀ ਕਿ ਤੁਸੀਂ ਥੋੜ੍ਹ-ਮਿਆਦੀ ਮੁੱਖ ਮੰਤਰੀ ਬਣ ਜਾਓ। ਸੋਨੀ ਨੇ ਪਾਰਟੀ ਹਿਤੈਸ਼ੀ ਸਾਬਤ ਹੋਣ ਲਈ ਬਚਨ ਕਰ ਦਿੱਤੇ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਸ਼ਕ਼ਲ ਵਾਲਾ ਸਿਆਸਤਦਾਨ ਹੋਣਾ ਚਾਹੀਦਾ ਹੈ, ਏਸ ਲਈ ਸਿੱਖ ਨੂੰ ਹੀ ਬਣਾਓ। ਏਸ ਬਿਆਨ ਕਾਰਨ, ਸੁਨੀਲ ਜਾਖੜ ਦਾ ਨਾਂ ਵੀ ਤਕਰੀਬਨ ਕੱਟਿਆ ਗਿਆ ਸੀ। ਜਾਖੜ ਨੇ ਮੁੜ ਕੇ ਭੜਾਸ ਕੱਢ ਦਿੱਤੀ ਕਿ ਅੰਬਿਕਾ ਨੇ ਪੰਜਾਬ ਨੂੰ ਹਿੰਦੂ-ਸਿੱਖ ਦਰਮਿਆਨ ਤਕ਼ਸੀਮ ਕੀਤਾ ਹੈ, ਓਹਨੇ ਇਹ ਲਫ਼ਜ਼ ਮੂੰਹੋਂ ਕੱਢ ਕੇ, ਚੰਗੀ ਪਿਰਤ ਨਹੀਂ ਪਾਈ, ਵਗੈਰਾ..!
***********
ਜਾਖੜ ਦੀ ਤਰਫੋਂ ਕੀਤੀ ਸ਼ਾਬਦਿਕ ਬੰਬਾਰੀ ਮਗਰੋਂ ਵਕੀਲ ਫੂਲਕਾ ਨੇ ਜਥੇਦਾਰ ਅਕਾਲ ਤਖ਼ਤ ਨੂੰ ਲਿਖੀ ਚਿੱਠੀ ਵਿਚ ਆਖ ਦਿੱਤਾ ਹੈ ਕਿ ਜੇ ਸਿੱਖ ਬਹੁ ਵਸੋਂ ਵਾਲੇ ਖਿੱਤੇ (ਪ੍ਰਾਂਤ) ਵਿਚ ਸਿੱਖ ਮੁੱਖ ਮੰਤਰੀ ਨਹੀਂ ਬਣਾਉਣਾ ਤਾਂ ਫੇਰ ਪੰਜਾਬ ਵਿਚੋਂ ਹਿਮਾਚਲ ਤੇ ਅੱਧਿਓਂ ਵਧੇਰੇ ਹਰਿਆਣਾ ਕਟਾ ਕੇ ਇਹ ਪੰਜਾਬੀ ਸੂਬਾ (ਪ੍ਰਚਲਤ ਲਫ਼ਜ਼ ਸੂਬੀ) ਕਾਹਨੂੰ ਲਈ ਸੀ? ਫੂਲਕਾ ਦੀ ਚਿੱਠੀ ਪਿੱਛੇ ਕੋਈ ਮਕ਼ਸਦ ਸੀ ਜਾਂ ਉਨ੍ਹਾਂ ਨੇ ਖ਼ਬਰੀ ਖੜੌਤ ਤੋੜਨ ਲਈ ਚਿੱਠੀ ਲਿਖੀ ਸੀ, ਏਸ ਬਾਬਤ ਪੱਕਾ ਕੁਝ ਨਹੀਂ ਹੈ।
(ਚਿੱਠੀ ਦੀ ਹਕੀਕੀ ਇਬਾਰਤ ਪੜ੍ਹਨੀ ਐ ਤਾਂ ਹੇਠਾਂ ਸਮੁੱਚੀ ਚਿੱਠੀ ਛਾਪ ਰਹੇ ਹਾਂ। ਭਵਿੱਖ ਵਿਚ ਹਵਾਲੇ ਦੇ ਤੌਰ ਉੱਤੇ ਵੀ ਇਹ ਚਿੱਠੀ ਕੰਮ ਆਏਗੀ। ਏਸ ਚਿੱਠੀ ਵਿਚ ਪਰੂਫ ਦੀਆਂ ਗ਼ਲਤੀਆਂ ਬਹੁਤ ਹਨ ਪਰ ਅਸੀਂ ਬਿਨਾਂ ਸੋਧੇ ਛਾਪ ਰਹੇ ਹਾਂ। ਇਹ ਗ਼ਲਤੀਆਂ ਸਾਡੀ ਤਰਫੋਂ ਨਹੀਂ ਹਨ।)
Published on 22 Sep
” ਮਾਣਯੋਗ ਜਥੇਦਾਰ ਸਾਹਿਬ
ਸ੍ਰੀ ਅਕਾਲ ਤਖਤ ਸਾਹਿਬ,
ਸ੍ਰੀ ਅੰਮ੍ਰਿਤਸਰ ਸਾਹਿਬ।
ਵੱਲੋਂ : , ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ
“ਜਥੇਦਾਰ ਜੀ, ਤੁਹਾਡਾ ਅਖਬਾਰਾਂ ਵਿਚ ਬਿਆਨ ਪੜਿ੍ਹਆ, ਜਿਸ ‘ਚ ਤੁਸੀਂ ਕਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਚਾਹੇ ਹਿੰਦੂ ਹੋਵੇ ਤੇ ਚਾਹੇ ਸਿੱਖ, ਫਰਕ ਨਹੀਂ ਪੈਂਦਾ | ਇਹ ਪੜ੍ਹ ਕੇ ਬੜੀ ਹੈਰਾਨੀ ਹੋਈ | ਜੇਕਰ ਸਿੱਖਾਂ ਨੇ ਇਸ ਸਿਧਾਂਤ ‘ਤੇ ਪਹਿਰਾ ਦੇਣਾ ਸੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛੋ ਕਿ ਫਿਰ ਹਜ਼ਾਰਾਂ ਸਿੱਖਾਂ ਨੂੰ ਜੇਲ੍ਹਾਂ ਵਿਚ ਭਿਜਵਾ ਕੇ ਪੰਜਾਬੀ ਸੂਬਾ ਬਣਵਾਉਣ ਦੀ ਕੀ ਜ਼ਰੂਰਤ ਸੀ? ਪਹਿਲਾਂ ਸਾਡਾ ਵੱਡਾ ਪੰਜਾਬ ਦਿੱਲੀ ਦੀਆਂ ਜੜ੍ਹਾਂ ਤੱਕ ਜਾਂਦਾ ਸੀ | ਏਨੀ ਲੰਬੀ ਲੜਾਈ ਲੜ ਕੇ ਤੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਭਿਜਵਾ ਕੇ ਅਕਾਲੀ ਦਲ ਨੇ ਇਹ ਸੂਬਾ ਬਣਵਾਇਆ, ਜਿਸ ਵਿਚ ਪੁਰਾਣੇ ਪੰਜਾਬ ਦਾ ਲੱਗਭੱਗ ਅੱਧਾ ਹਿੱਸਾ ਹੀ ਰਹਿ ਗਿਆ | ਇਸ ਦਾ ਮਕਸਦ ਇਕੋ-ਇਕ ਸੀ ਕਿ ਇਹ ਸਿੱਖ ਬਹੁਮਤ ਵਾਲਾ ਸੂਬਾ ਬਣੇ |
ਪਹਿਲਾਂ ਪੁਰਾਣੇ ਪੰਜਾਬ ਦੇ ਵਿਚ ਕਦੇ ਹਿੰਦੂ ਮੁੱਖ ਮੰਤਰੀ ਤੇ ਕਦੇ ਸਿੱਖ ਮੁੱਖ ਮੰਤਰੀ ਬਣਦੇ ਸੀ | ਇਸ ਦੇ ਬਾਵਜੂਦ ਅਕਾਲੀ ਦਲ ਨੇ 1966 ਵਿਚ ਅਲੱਗ ਸੂਬੇ ਦੀ ਮੰਗ ਕਰਕੇ ਇਹ ਪੰਜਾਬੀ ਸੂਬਾ ਬਣਵਾਇਆ | ਅੱਜ ਅਕਾਲੀ ਦਲ ਤੁਹਾਡੇ ਇਸ ਬਿਆਨ ਦਾ ਸਮੱਰਥਨ ਕਰ ਰਿਹਾ ਹੈ |
ਅਕਾਲੀ ਦਲ ਨੇ ਕਿਹਾ ਸੀ ਕਿ ਦੁਨੀਆ ਵਿਚ ਇਹ ਸਿੱਖਾਂ ਦਾ ਇੱਕੋ-ਇੱਕ ਪੰਜਾਬੀ ਸੂਬਾ ਹੋਵੇਗਾ, ਜਿਸ ਵਿਚ ਸਿੱਖ ਚਿਹਰਾ ਹੀ ਮੁੱਖ ਮੰਤਰੀ ਬਣੇਗਾ | 1966 ਤੋਂ ਬਾਅਦ ਕੋਈ ਵੀ ਪਾਰਟੀ ਪੰਜਾਬ ਦੀ ਸੱਤਾ ਦੇ ਵਿਚ ਆਈ, ਪਰ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੀ ਰਿਹਾ | ਜਦੋਂ ਪਹਿਲਾਂ ਪੁਰਾਣੇ ਪੰਜਾਬ ਵਿਚ ਹਿੰਦੂ ਮੁੱਖ ਮੰਤਰੀ ਸੀ ਤਾਂ ਅਕਾਲੀ ਦਲ ਨੇ ਪੰਥ ਖਤਰੇ ਦਾ ਨਾਅਰਾ ਲਗਾ ਕੇ ਸਿੱਖਾਂ ਨੂੰ ਜੇਲ੍ਹਾਂ ਵਿਚ ਭਿਜਵਾਇਆ | ਕੀ ਹੁਣ ਵੀ ਅਕਾਲੀ ਦਲ ਦੀ ਐਸੀ ਕੋਈ ਸਾਜ਼ਿਸ਼ ਤਾਂ ਨਹੀਂ ਹੈ ਕਿ ਜੇਕਰ ਕੋਈ ਵੀ ਪਾਰਟੀ ਗੈਰ ਸਿੱਖ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵੇ ਤੇ ਅਕਾਲੀ ਦਲ ਪੰਥ ਖਤਰੇ ਦੇ ਨਾਅਰੇ ਫੇਰ ਲਗਾਉਣੇ ਸ਼ੁਰੂ ਕਰ ਦੇਵੇ |
ਅਕਾਲੀ ਦਲ ਆਪਣੇ-ਆਪ ਨੂੰ ਇਹ ਦਿਖਾਉਣਾ ਚਾਹੁੰਦਾ ਕਿ ਸਿੱਖਾਂ ਦੇ ਹੱਕਾਂ ਦੀ ਹਮਾਇਤ ਲਈ ਸਿਰਫ ਅਕਾਲੀ ਦਲ ਹੀ ਲੜ ਸਕਦਾ ਤੇ ਦੂਜੇ ਕਿਸੇ ਹੋਰ ਪਾਰਟੀ ਦੇ ਰਾਜ ਵਿਚ ਸਿੱਖ ਸੁਰੱਖਿਅਤ ਨਹੀਂ ਹਨ | ਇਸ ਨੂੰ ਦਿਖਾਉਣ ਦੇ ਵਾਸਤੇ ਚਾਹੇ ਅਕਾਲੀ ਦਲ ਨੂੰ ਪੰਜਾਬ ਦੀ ਸ਼ਾਂਤੀ ਵੀ ਭੰਗ ਕਿਉਂ ਨਾ ਕਰਵਾਉਣੀ ਪਵੇ, ਉਹ ਚੋਣਾਂ ਜਿੱਤਣ ਵਾਸਤੇ ਕੁਝ ਵੀ ਕਰਵਾ ਸਕਦੇ ਹਨ | ਜਿਵੇਂ ਪਿਛਲੀ ਵਾਰੀ ਉਨ੍ਹਾਂ ਨੇ ਚੋਣਾਂ ਜਿੱਤਣ ਲਈ ਗੁਰੂ ਸਾਹਿਬ ਦੀ ਬੇਅਦਬੀ ਤੱਕ ਕਰਵਾ ਦਿੱਤੀ ਸੀ |
ਬਤੌਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੁਹਾਡਾ ਇਸ ਸਿਆਸੀ ਮੁੱਦੇ ‘ਤੇ ਬਿਆਨ ਦੇਣ ਦਾ ਮਤਲਬ ਹੀ ਨਹੀਂ ਬਣਦਾ ਸੀ | ਇਹ ਕੰਮ ਸਿਆਸੀ ਪਾਰਟੀਆਂ ਦਾ ਹੈ | ਤੁਹਾਡੇ ਅਖਬਾਰਾਂ ਦੇ ਬਿਆਨ ਦਾ ਇਹ ਮਤਲਬ ਕੱਢਿਆ ਜਾ ਰਿਹਾ ਹੈ ਕਿ ਸਿੱਖਾਂ ਨੇ ਪੰਜਾਬ ਦੇ ਸਿੱਖ ਮੁੱਖ ਮੰਤਰੀ ਦਾ ਹੱਕ ਛੱਡ ਦਿੱਤਾ ਹੈ | ਇਸ ਬਿਆਨ ਦੇ ਉੱਤੇ ਮੰਥਨ ਜਾ ਮੁੜ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ | ਸਿੱਖਾਂ ਦੀ ਸਿਰਮੌਰ ਸੰਸਥਾ ਹੋਣ ਦੇ ਨਾਤੇ ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਸਾਰੇ ਸਿੱਖਾਂ ਦੇ ਵਿਚਾਰ ਲੈ ਕੇ ਇਹ ਫੈਸਲਾ ਕਰੋ ਕਿ ਸਿੱਖ ਕੀ ਚਾਹੁੰਦੇ ਹਨ | ਇਹ ਸਾਰੇ ਵਿਚਾਰ ਲੈਣ ਤੋਂ ਬਾਅਦ ਹੀ ਕਿਸੇ ਨਤੀਜੇ ‘ਤੇ ਪਹੁੰਚਣਾ ਚਾਹੀਦਾ ਹੈ |
ਇਹ ਨਾ ਹੋਵੇ ਕਿ ਤੁਹਾਡੇ ਇਸ ਬਿਆਨ ਨੂੰ ਲੈ ਕੇ ਕੋਈ ਰਾਜਨੀਤਕ ਪਾਰਟੀ ਇਹ ਸੋਚ ਕੇ ਕਿ ਅਕਾਲ ਤਖਤ ਸਾਹਿਬ ਨੂੰ ਤਾਂ ਕੋਈ ਇਤਰਾਜ਼ ਨਹੀਂ, ਕਿਸੇ ਗੈਰ-ਸਿੱਖ ਨੂੰ ਮੁੱਖ ਮੰਤਰੀ ਬਣਾ ਦੇਵੇ ਅਤੇ ਉਸ ਤੋਂ ਬਾਅਦ ਇਹ ਨਾਅਰੇ ਸ਼ੁਰੂ ਹੋ ਜਾਣ ਕਿ ਪੰਥ ਖਤਰੇ ਵਿਚ ਹੈ ਜਾਂ ਪੰਥ ਨੂੰ ਢਾਹ ਲਾ ਦਿੱਤੀ ਗਈ ਹੈ, ਇਹ ਬਹਾਨਾ ਲੈ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀਆਂ ਸਾਜ਼ਿਸ਼ਾਂ ਸ਼ੁਰੂ ਹੋ ਜਾਣ |
https://fb.watch/8c92Naceyt/
From : Harvinder Singh phoolka
*****
ਅਸੀਂ ਸਾਰ ਅੰਸ਼ ਦੀ ਸ਼ਕ਼ਲ ਵਿਚ ਚਿੱਠੀ ਆਪਣੇ ਖੋਜੀ ਪਾਠਕਾਂ ਤੱਕ ਪੁੱਜਦੀ ਕਰ ਦਿੱਤੀ ਹੈ। ਏਸ ਮਗਰੋਂ ਜਥੇਦਾਰ ਕੀ ਕਾਰਵਾਈ ਕਰਦੇ ਹਨ ਜਾਂ ਫੇਰ ਚਿੱਠੀ ਨੂੰ ਨਜ਼ਰ ਅੰਦਾਜ਼ ਕਰਣਗੇ। ਜਾਂ ਫੂਲਕਾ ਚਿੱਠੀ ਦਾ ਅਗਲਾ ਸ਼ੁਮਾਰਾ ਲਿਖਣਗੇ, ਇਹ ਸਾਰੇ ਸੁਆਲ ਭਵਿੱਖ ਦੀ ਬੁੱਕਲ ਵਿਚ ਹਨ। ਅਗਲੇ ਕਾਲਮ ਤਕ ਲਈ ਦਿਓ ਆਗਿਆ।
ਯਾਦਵਿੰਦਰ
ਸੰਪਰਕ : ਸਰੂਪ ਨਗਰ, ਰਾਓਵਾਲੀ, ਜਲੰਧਰ ਦਿਹਾਤ।
9465329617
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly