ਪੰਜਾਬ ਨੂੰ ਚੰਬੜਿਆ ਡੇਰਾਵਾਦ ਦਾ ਕੋਹੜ ..!!
-ਬੁੱਧ ਸਿੰਘ ਨੀਲੋਂ
94643-70823
(ਸਮਾਜ ਵੀਕਲੀ)- ਪੰਜਾਬ ਵਿੱਚ ਪੋਹਲ਼ੀ ਦੇ ਨਦੀਣ ਵਾਂਗੂੰ ਉੱਗ ਆਏ ਡੇਰਿਆਂ ਨੇ ਜਿਹੜੇ ਕੰਡੇ ਸਮਾਜ ਲਈ ਬੀਜੇ ਹਨ ਉਹਨਾਂ ਨਾਲ਼ ਵਿੰਨ੍ਹੇਂ ਹੋਏ ਸਮਾਜ ਦੀ ਤਸਵੀਰ ਵੇਖਕੇ ਇੰਞ ਲੱਗਦਾ ਹੈ ਜਿਵੇਂ ਸਾਰਾ ਸਮਾਜ 21ਵੀਂ ਸਦੀ ਵਿੱਚ ਗੰਭੀਰ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ ਹੋਵੇ ਅਤੇ ਉਸ ਦਾ ਆਪਣੇ ਆਪ ਤੋਂ ਭਰੋਸਾ ਵੀ ਚੁੱਕਿਆ ਗਿਆ ਹੋਵੇ। ਇਹ ਵੀ ਲਗਦਾ ਕਿ ਉਸ ਕੋਲ਼ ਇਹਨਾਂ ਡੇਰਿਆਂ ਦੀ ਸ਼ਰਨ ਵਿੱਚ ਜਾਣ ਦੇ ਸਿਵਾਏ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਹੈ। ਇਸ ਸਮੇਂ ਪੰਜਾਬ ਦੇ 12368 ਪਿੰਡ ਹਨ ਤੇ ਅਬਾਦੀ ਤਿੰਨ ਕਰੋੜ ਹੈ। 117 ਵਿਧਾਨ ਸਭਾ ਤੇ 13 ਲੋਕ ਸਭਾ ਦੀਆਂ ਸੀਟਾਂ ਲਈ ਇੱਕ ਕਰੋੜ 76 ਲੱਖ, 83 ਹਜ਼ਾਰ 22 ਵੋਟਰ ਹਨ, ਸਾਖ਼ਰਤਾ ਦਰ 15ਵੇਂ ਤੋਂ 22ਵੇਂ ਤੱਕ ਪੁੱਜ ਗਈ ਹੈ। ਅਨਪੜ੍ਹਤਾ ਦੇ ਕਾਰਨ ਇਸ ਸਮੇਂ ਪੰਜਾਬ ਮੁਲਕ ਵਿਚ 20ਵੇਂ ਸਥਾਨ ਤੇ ਹੈ।
ਪੰਜਾਬ ਵਿਚ 2200 ਦੇ ਕਰੀਬ ਡੇਰੇ ਮੌਜੂਦ ਹਨ। ਇਨਾਂ ਵਿੱਚੋਂ ਦਰਜ਼ਨ ਦੇ ਕਰੀਬ ਅਜਿਹੇ ਡੇਰੇ ਹਨ ਜਿਨਾਂ ਦੇ ਲੱਖਾਂ ਸ਼ਰਧਾਲੂ ਹਨ। ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਡੇਰੇਦਾਰ ਕਿਸੇ ਨਾ ਕਿਸੇ ਰਾਜਸੀ ਪਾਰਟੀ ਨੂੰ ਹਮਾਇਤ ਦੇਣ ਲਈ ਸੌਦੇਬਾਜ਼ੀ ਕਰਦੇ ਹਨ ਤੇ ਉਨਾਂ ਦੇ ਸ਼ਰਧਾਲੂ ਅੱਖਾਂ ਮੀਚ ਕੇ ਆਪਣੇ ਅਖੌਤੀ ਡੇਰੇਦਾਰ ‘ਪਿਤਾ ਜੀ’ ਦਾ ਹੁਕਮ ਵਜਾਉਂਦੇ ਹਨ। ਪਿਛਲੇ ਸਮਿਆਂ ਵਿੱਚ ਪੰਜਾਬ ਵਿੱਚ ਸੌਦਾ ਸਾਧ ਦਾ ਡੇਰਾ ਚਰਚਾ ਵਿੱਚ ਰਿਹਾ ਹੈ। ਉਸ ਨੇ ਜਿਸ ਤਰਾਂ ਸਿੱਖ ਧਰਮ ਦੀਆਂ ਮਾਣਮੱਤੀਆਂ ਰਵਾਇਤਾਂ ਦੀਆਂ ਧੱਜੀਆਂ ਉਡਾਈਆਂ ਹਨ, ਉਹ ਹੁਣ ਜੱਗ ਜ਼ਾਹਰ ਹੋ ਚੁੱਕੀਆਂ ਹਨ। ਪਰ ਸਿੱਖਾਂ ਦੇ ਸਰਬ ਉੱਚ ਅਸਥਾਨ ਅਕਾਲ ਤਖ਼ਤ ਸਾਹਿਬ ਨੇ ਜਿਸ ਤਰਾਂ ਦੀ ਡੰਗ ਟਪਾਊ ‘ਸਿਆਸੀ’ ਨੀਤੀ ਅਪਣਾਈ ਹੋਈ ਹੈ ਇਸ ਨੇ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਤਖ਼ਤ ਦੀ ‘ਮਰ ਜਾਓ ਚਿੜੀਓ, ਜੀ ਪਓ ਚਿੜੀਓ’ ਵਾਲ਼ੀ ਵਿਚਾਰਧਾਰਾ ਨੇ ਸਿੱਖਾਂ ਨੂੰ ਕਈ ਖੇਮਿਆਂ ਵਿੱਚ ਵੰਡ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਉੱਤੇ ਬਾਦਲਕਿਆਂ ਦਾ ਕਬਜ਼ਾ ਹੈ। ਉਹ ਤਖ਼ਤਾਂ ਨੂੰ ਆਪਣੇ ਸਿਆਸੀ ਮਨਸੂਬਿਆਂ ਅਨੁਸਾਰ ਵਰਤਦੇ ਰਹਿੰਦੇ ਹਨ। ਐਤਕੀਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਜਿਸ ਤਰਾਂ ਸਿਰਸੇ ਵਾਲ਼ੇ ਸੌਦਾ ਸਾਧ ਨੇ ਬਾਦਲਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਸੀ ਉਸ ਤੋਂ ਇਹ ਜੱਗ ਜ਼ਾਹਰ ਹੋ ਗਿਆ ਹੈ ਕਿ ਬਾਦਲ ਪਰਿਵਾਰ ਗੱਦੀ ਲੈਣ ਦੀ ਖ਼ਾਤਰ ਕਿੱਥੋਂ ਤੱਕ ਨੀਵਾਂ ਡਿੱਗ ਸਕਦਾ ਹੈ। ਇਸੇ ਤਰ੍ਹਾਂ ਪੰਜਾਬ ਦੇ ਅਖੌਤੀ ਸੰਤਾਂ ਦੇ ਸਮਾਜ ਨੇ ਜਿਸ ਤਰਾਂ ਬਾਦਲਕਿਆਂ ਦਾ ਪੱਖ ਪੂਰਿਆ ਹੈ, ਉਸ ਤੋਂ ਵੀ ਇਹ ਪਤਾ ਲੱਗ ਗਿਆ ਹੈ ਕਿ ਜਿਹੜੇ ਸੰਤ ਸੰਗਤਾਂ ਨੂੰ ਕਿਸੇ ਅਗੰਮੀ ਧੁਰ ਦਰਗਾਹ ਦਾ ਰਸਤਾ ਦੱਸਦੇ ਹਨ ਉਹਨਾਂ ਲਈ ਧੁਰ ਦਰਗਾਹ ਦਾ ਮਤਲਬ ਬਾਦਲ ਪਰਿਵਾਰ ਹੀ ਹੁੰਦਾ ਹੈ।
ਇਹਨਾਂ ਚੋਣਾਂ ਦੋਰਾਨ ਪੰਜਾਬ ਦੇ ਲੋਕਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਰਮਾਂ ਦੀ ਬੇਅਦਬੀ ਤੋਂ ਖਿਝ ਕੇ ਜਿਸ ਤਰਾਂ ਦਾ ਮਾਹੌਲ ਪੰਜਾਬ ਵਿੱਚ ਸਿਰਜਿਆ ਹੈ, ਉਸ ਤੋਂ ਇੰਞ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਡੇਰੇਦਾਰਾਂ ਅਤੇ ਸਿਆਸੀ ਆਗੂਆਂ ਦੇ ‘ਗੋਲੇ’ ਨਹੀਂ ਰਹੇ। ਇਸ ਦੇ ਬਾਵਜੂਦ ਪੰਜਾਬ ਦੇ ਚਿੰਤਕਾਂ ਲਈ ਇਹ ਖੋਜ ਦਾ ਵਿਸ਼ਾ ਹੋ ਸਕਦਾ ਹੈ ਕਿ ਡੇਰਾਵਾਦ ਦਿਨੋਂ ਦਿਨ ਐਨਾਂ ਪ੍ਰਫੁੱਲਤ ਕਿਵੇਂ ਹੋ ਰਿਹਾ ਹੈ।
ਦੂਜੇ ਪਾਸੇ ਇਹਨਾਂ ਸਾਧਾਂ ਦੇ ਡੇਰਿਆਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖ਼ਾਮੋਸ਼ੀ ਨੇ ਚਿੰਤਨਸ਼ੀਲ ਵਿਅਕਤੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਅਜਿਹੇ ‘ਸੱਜਣ ਪੁਰਸ਼’ ਤਾਂ ਦੁਖੀ ਹਨ ਕਿਉਂਕਿ ਸਿਆਸੀ ਲੋਕ ਆਪਣੇ ਸਿਰ ਪਏ ਸਿਆਸੀ ਸੰਕਟ ਵੇਲ਼ੇ ‘ਪੰਥ ਖ਼ਤਰੇ ਵਿੱਚ ਹੈ’ ਦਾ ਨਾਅਰਾ ਲਾ ਕੇ ਪੰਜਾਬ ਦੀ ਭੋਲ਼ੀ-ਭਾਲ਼ੀ ਜਨਤਾ ਨੂੰ ਮੌਤ ਦੇ ਮੂੰਹ ਵੱਲ ਧੱਕ ਦੇਂਦੇ ਹਨ। ਜੇਕਰ ਦੇਖਿਆ ਜਾਵੇ ਤਾਂ ਤਿੰਨ ਦਹਾਕੇ ਪਹਿਲਾਂ ਅੱਤਵਾਦ ਦੇ ਪਤਨ ਤੋਂ ਬਾਅਦ ਡੇਰਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਇਆ ਹੈ। ਇਹ ਵਾਧਾ ਕਿਉਂ ਹੋਇਆ? ਇਸ ਦੇ ਦੋ ਹੀ ਕਾਰਨ ਉਭਰਵੇਂ ਰੂਪ ਵਿੱਚ ਸਾਹਮਣੇ ਆਏ ਹਨ। ਪਹਿਲਾ, ਇਸ ਭੋਗਵਾਦੀ ਤੇ ਖਪਤਵਾਦੀ ਦੌਰ ਵਿੱਚ ਵੱਧ ਤੋਂ ਵੱਧ ਪੂੰਜੀ ਪ੍ਰਾਪਤ ਕਰਨ ਦੀ ਹਵਸ ਅਤੇ ਦੂਜਾ ਕਾਰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਰਮਲ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਵਿੱਚ ਆਈ ਖੜੋਤ, ਜਿਸ ਨੇ ਨਾਨਕ ਨਾਮ ਲੇਵਾ ਲੋਕਾਂ ਨੂੰ ਸਿੱਖ ਧਰਮ ਤੋਂ ਦੂਰ ਕੀਤਾ ਹੈ।
ਵਿਸ਼ਵੀਕਰਨ ਨੇ ਜਿੱਥੇ ਤੀਜੀ ਦੁਨੀਆਂ ਦੇ ਦੇਸ਼ਾਂ ਨੂੰ ਸੂਚਨਾ ਕ੍ਰਾਂਤੀ ਦੇ ਕਾਰਨ ਇੱਕ-ਦੂਜੇ ਦੇ ਨੇੜੇ ਕੀਤਾ ਹੈ, ਉਥੇ ਵੱਡੇ ਤੇ ਵਿਕਸਤ ਦੇਸ਼ਾਂ ਲਈ ਭਾਰਤ ਵਰਗਾ ਗਰੀਬ ਦੇਸ਼ ਕੱਚੇ ਮਾਲ ਦੀ ਵਧੀਆ ਮੰਡੀ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ ਤਾਹੀਓਂ ਇੱਥੋਂ ਦੇ ਵਸਨੀਕ ਵਪਾਰੀਆਂ ਦੇ ਤੰਦੂਏ ਜਾਲ਼ ਵਿੱਚ ਮੱਛੀ ਵਾਂਗਰਾਂ ਫਸ ਕੇ ਰਹਿ ਗਏ ਹਨ । ਮਨੁੱਖ ਨੇ ਆਪਣੀਆਂ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਇੱਕ ਅਜਿਹੀ ਦੁਨੀਆਂ ਵਿੱਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਰਿਸ਼ਤੇ ਵੀ ਉਸ ਦੇ ਅਸਲ ਮਕਸਦ ਤੋਂ ਪਿੱਛੇ ਰਹਿ ਗਏ ਹਨ। ਵੱਧ ਤੋਂ ਵੱਧ ਪੂੰਜੀ ਇਕੱਠੀ ਕਰਨ ਲਈ ਮਨੁੱਖ ਨੇ ਇਸ ਤਰਾਂ ਦੇ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਹਨ ਜਿਸ ਨਾਲ਼ ਉਸ ਨੂੰ ਨਾ ਤਾਂ ਧਨ ਪ੍ਰਾਪਤ ਹੋਇਆ ਤੇ ਨਾ ਹੀ ਰਿਸ਼ਤੇ ਬਚੇ ਹਨ। ਉਹ ਮਨੁੱਖ ਮਾਨਸਿਕ ਤੌਰ ਤੇ ਬਿਮਾਰ ਰਹਿਣ ਲੱਗਾ ਹੈ। ਰੋਜ਼ਾਨਾਂ ਦੀਆਂ ਨਵੀਆਂ ਮੁਸੀਬਤਾਂ ਤੇ ਆਰਥਿਕ ਟੁੱਟ-ਭੱਜ ਨੇ ਮਨੁੱਖ ਦਾ ਤਵਾਜ਼ਨ ਹਿਲਾ ਕੇ ਰੱਖ ਦਿੱਤਾ ਹੈ। ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਸਾਧਾਂ ਦੇ ਡੇਰਿਆਂ ਵਿੱਚ ਜਾ ਕੇ ਧਰਵਾਸ ਲੱਭਣਾ ਸ਼ੁਰੂ ਕਰ ਦਿੱਤਾ ਹੈ। ਇਨਾਂ ਡੇਰਿਆਂ ਵਿੱਚ ਪੁੱਜੇ ਮਾਨਸਿਕ ਰੋਗੀ ਆਰਥਿਕ ਤੇ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਬਣ ਰਹੇ ਹਨ। ਅੱਜ ਪੰਜਾਬ ਦੇ ਹਰ ਪਿੰਡ, ਸ਼ਹਿਰ ਵਿੱਚ ਅਜਿਹੇ ਅਖੌਤੀ ਬਾਬਿਆਂ ਦੇ ਡੇਰੇ ਖੁੰਬਾਂ ਵਾਂਗੂੰ ਉੱਗੇ ਹੋਏ ਹਨ। ਇਨਾਂ ਦੇ ਨਾਂ ਵੀ ਅਜੀਬ ਕਿਸਮ ਦੇ ਹਨ, ਸੋਟੀ ਵਾਲ਼ਾ ਬਾਬਾ, ਪਤਾਸਿਆਂ ਵਾਲ਼ਾ, ਧੂਣੀ ਵਾਲ਼ਾ, ਭਨਿਆਰੇ ਵਾਲ਼ਾ, ਟੂਸਿਆਂ ਵਾਲ਼ਾ, ਪਹੋਏ ਵਾਲ਼ਾ, ਸੰਗਲ਼ਾਂ ਵਾਲ਼ਾ, ਤੀਰ ਵਾਲ਼ਾ, ਕੁੱਤਿਆਂ ਵਾਲ਼ਾ ਆਦਿ । ਪਤਾ ਨਹੀਂ ਇਨਾਂ ਦੇ ਕਿੰਨੇ ਕੁ ਨਾਂ ਹਨ।
ਇਹਨਾਂ ਡੇਰਿਆਂ ਵਿਚਲੇ ਸਾਧਾਂ ਦੀ ਪ੍ਰਸ਼ਾਸਨ ਵਿੱਚ ਧੁਰ ਅੰਦਰ ਤੱਕ ਪਹੁੰਚ ਹੋਣ ਕਰਕੇ ਆਪਣੇ ਸੇਵਕਾਂ ਨੂੰ ਤਰਾਂ-ਤਰਾਂ ਦੇ ਲੱਕੜ ਦੇ ਮੁੰਡੇ ਬਖਸ਼ਦੇ ਹਨ। ਇਨਾਂ ਦੇ ਚੰਗੁਲ ਵਿੱਚ ਫਸਿਆ ਕੋਈ ਵੀ ਵਿਅਕਤੀ ਨਾ ਘਰ ਦਾ ਰਹਿੰਦਾ ਹੈ ਤੇ ਨਾ ਘਾਟ ਦਾ । ਕੋਈ ਬਾਬਾ ਇਲੈਚੀਆਂ ਦਾ ਪ੍ਰਸ਼ਾਦ ਵੰਡਦਾ ਹੈ, ਕੋਈ ਸਿਗਰਟਾਂ ਦਾ, ਕੋਈ ਪਤਾਸਿਆਂ ਦਾ ਤੇ ਭਨਿਆਰੇ ਵਾਲ਼ਾ ਤਾਂ ਲੋਕਾਂ ਨੂੰ ਮਿੱਟੀ ਹੀ ਵੰਡੀ ਗਿਆ। ਸਾਡੇ ਅੰਧ-ਵਿਸ਼ਵਾਸੀ ਲੋਕਾਂ ਨੇ ਵਿਗਿਆਨਕ ਨਜ਼ਰੀਏ ਤੋਂ ਕਦੀ ਵੀ ਇਹਨਾਂ ਸਾਧਾਂ ਦੇ ਕਿਰਦਾਰ ਦੀ ਪੁਣਛਾਣ ਨਹੀਂ ਕੀਤੀ। ਉਹ ਸ਼ਰਧਾ ਵੱਸ ਹੋ ਕੇ ਇਨਾਂ ਸਾਧਾਂ ਦੇ ਚੁੰਗਲ ਵਿੱਚ ਫਸੀ ਜਾ ਰਹੇ ਹਨ। ਇਨਾਂ ਸਾਧਾਂ ਕੋਲ਼ ਗਿਆ ਕੋਈ ਵੀ ਵਿਅਕਤੀ ਨਾ ਕਦੀ ਸੁਖੀ ਵੇਖਿਆ ਗਿਆ ਹੈ ਤੇ ਨਾ ਕਦੇ ਓਥੋਂ ਸੁੱਕਾ ਵਾਪਸ ਪਰਤਿਆ ਹੈ।
ਪੰਜਾਬ ਵਿੱਚ ਇਹਨਾਂ ਸਾਧਾਂ ਨੇ ਸਿੱਖ ਧਰਮ ਦਾ ਜਿਹੜਾ ਨਾਸ਼ ਕੀਤਾ ਹੈ, ਉਸ ਪਾਸੇ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਿਆਨ ਦਿੱਤਾ, ਤੇ ਨਾ ਹੀ ਹੋਰ ਸਿੱਖ ਜੱਥੇਬੰਦੀਆਂ ਨੇ। ਇਹਨਾਂ ਸਾਧਾਂ ਨੇ ਸਿੱਖ ਧਰਮ ਪ੍ਰਚਾਰ ਦੇ ਨਾਂ ਹੇਠ ਆਪਣੇ ਮਹਿਲ ਨੁਮਾ ਆਲੀਸ਼ਾਨ ਮਹਿਲ ਹੀ ਉਸਾਰੇ ਹਨ। ਇਹਨਾਂ ਕੋਲ਼ ਏ.ਸੀ. ਗੱਡੀਆਂ ਤੇ ਕੋਠੀਆਂ ਹਨ। ਲੋਕਾਂ ਉੱਪਰ ਰੋਅਬ ਪਾਉਣ ਲਈ ਬੰਦੂਕਾਂ, ਰਾਈਫ਼ਲਾਂ, ਜਿਪਸੀਆਂ ਆਦਿ ਹਨ। ਕਈ ਬਾਬਿਆਂ ਨੇ ਤਾਂ ਆਪਣੀਆਂ ਮੋਟਰ ਗੱਡੀਆਂ ਉੱਪਰ ਲਾਲ ਬੱਤੀ ਤੱਕ ਵੀ ਲਗਾਈ ਹੋਈ ਹੈ। ਇਹਨਾਂ ਦੇ ਜਾਂਦੇ ਕਾਫ਼ਲੇ ਕਈ ਵਾਰ ਸੜਕਾਂ ਉੱਪਰ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ, ਪਰ ਇਹ ਪੁੱਛਣ ਵਾਲ਼ਾ ਕੋਈ ਵੀ ਨਹੀਂ ਕਿ ਕਿਸੇ ਬੰਦੇ ਨੇ ਅਣਅਧਿਕਾਰਤ ਤੌਰ ਤੇ ਆਪਣੀ ਗੱਡੀ ਉੱਪਰ ਲਾਲ ਬੱਤੀ ਕਿਉਂ ਲਗਾਈ ਹੈ? ਪੁੱਛੇ ਵੀ ਕੌਣ, ਕਿਉਂਕਿ ਇਨਾਂ ਬਾਬਿਆਂ ਦੀ ਸੱਤਾਧਾਰੀ ਆਗੂਆਂ ਤੱਕ ਪਹੁੰਚ ਹੁੰਦੀ ਹੈ। ਸੱਤਾਧਾਰੀ ਆਗੂ ਇਹਨਾਂ ਡੇਰਿਆਂ ਤੇ ਅਕਸਰ ਹੀ ਗੇੜੇ ਮਾਰਦੇ ਰਹਿੰਦੇ ਹਨ। ਉਹਨਾਂ ਦੀ ਰੀਸੇ ਆਮ ਲੋਕ ਵੀ ਡੇਰਿਆਂ ਵੱਲ ਵਹੀਰਾਂ ਘੱਤ ਲੈਂਦੇ ਹਨ।
ਇਹਨਾਂ ਅਖੌਤੀ ਬਾਬਿਆਂ ਕੋਲ਼ ਬਹੁਤੀ ਭੀੜ ਔਰਤਾਂ ਦੀ ਹੁੰਦੀ ਹੈ। ਇਹ ਔਰਤਾਂ ਹੀ ਬਾਬਿਆਂ ਨੂੰ ਮਾਣਤਾ ਬਖ਼ਸ਼ਦੀਆਂ ਹਨ ਤੇ ਉਨਾਂ ਦੀ ਇਸ਼ਤਿਹਾਰਬਾਜ਼ੀ ਦਾ ਕੰਮ ਵੀ ਨਾਲ਼ੋ ਨਾਲ਼ ਕਰਦੀਆਂ ਹਨ। ਘਰ ਭਾਂਵੇਂ ਇਹ ਘਰਵਾਲ਼ੇ ਨੂੰ ਚਾਹ ਦਾ ਕੱਪ ਨਾ ਫੜਾਉਂਦੀਆਂ ਹੋਣ, ਪਰ ਬਾਬਿਆਂ ਕੋਲ਼ ਦੁੱਧ ਦੇ ਡੋਲੂ ਭਰੀ ਹੱਥਾਂ ਵਿੱਚ ਫੜ੍ਹੀ ਜਾਂਦੀਆਂ ਇਨਾਂ ਔਰਤਾਂ ਦੀ ਲਾਮ ਲੱੱਗੀ ਤੁਸੀਂ ਹਰੇਕ ਡੇਰੇ ਦੇ ਬਾਹਰ ਵੇਖ ਸਕਦੇ ਹੋ। ਇਹ ਬਾਬੇ ਜਦੋਂ ਕੀਰਤਨ ਕਰਦੇ ਹਨ ਉਦੋਂ ਸਭ ਨੂੰ ਮਾਇਆ ਤੋਂ ਬਚਣ ਦੀ ਸਿੱਖਿਆ ਦਿੰਦੇ ਹਨ। ਉਸ ਸਮੇਂ ਸਿੱਖ ਧਰਮ, ਸਿੱਖ ਇਤਿਹਾਸ ਵਿੱਚੋਂ ਨਹੀਂ, ਸਗੋਂ ਅਜਿਹੀਆਂ ਮਨਘੜਤ ਕਹਾਣੀਆਂ ਸੁਣਾਉਂਦੇ ਹਨ ਅਤੇ ਗੁਰਬਾਣੀ ਦੀ ਅਜਿਹੀ ਵਿਆਖਿਆ ਕਰਦੇ ਹਨ ਕਿ ਗੁਰਮਤਿ ਸਿਧਾਂਤ ਦੀ ਥੋੜ੍ਹੀ ਜਿਹੀ ਵੀ ਸੂਝ ਬੂਝ ਰੱਖਣ ਵਾਲ਼ੇ ਬੰਦੇ ਦਾ ਸਿਰ ਚਕਰਾਉਣ ਲੱਗ ਪੈਂਦਾ ਹੈ ਪਰ ਜਿਹੜੀ ਸਾਧ ਸੰਗਤ ਸਿਰ ਸੁੱਟੀ ਇਹਨਾਂ ਬਾਬਿਆਂ ਦੇ ਪ੍ਰਵਚਨ ਸੁਣਦੀ ਹੈ, ਉਹ ਧੰਨ-ਧੰਨ ਕਰਦੀ ਹੈ ਤੇ ਜੈਕਾਰੇ ਲਾਉਂਦੀ ਹੈ। ਕਿਉਂਕਿ ਉਹ ਲੋਕ ਸਿਰੇ ਦੇ ਅੰਧ ਵਿਸ਼ਵਾਸੀ ਹੁੰਦੇ ਹਨ। ਉਹਨਾਂ ਨੂੰ ਬਾਬੇ ਵਿੱਚ ਕੋਈ ਖੋਟ ਨਜ਼ਰ ਹੀ ਨਹੀਂ ਆਉਂਦੀ। ਇਸ ਕਰਕੇ ਉਹ ਮੰਤਰ-ਮੁਗਧ ਹੋ ਕੇ ਬਾਬਾ ਜੀ ਦੀ ਕੱਚੀ ਬਾਣੀ ਦਾ ਆਨੰਦ ਮਾਣਦੇ ਹਨ। ਕਈ ਬਾਬੇ ਤਾਂ ਛੋਟੀਆਂ ਜਾਤਾਂ ਦਾ ਪ੍ਰਸ਼ਾਦ ਜਾਂ ਕੋਈ ਹੋਰ ਵਸਤੂ ਵੀ ਸਵੀਕਾਰ ਨਹੀਂ ਕਰਦੇ ਜਦ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਾਤ-ਪਾਤ ਦਾ ਕੋਈ ਭੇਦਭਾਵ ਨਹੀਂ ਦੱਸਿਆ ਗਿਆ ਹੈ।
ਇਨਾਂ ਬਾਬਿਆਂ ਨੇ ਆਪਣਾ ਹੀ ਇੱਕ ਵੱਖਰੀ ਤਰਾਂ ਦਾ ਨੈਟਵਰਕ ਤਿਆਰ ਕੀਤਾ ਹੋਇਆ ਹੈ। ਇਨਾਂ ਬਾਬਿਆਂ ਦੇ ਮੁੱਖ ਸੇਵਾਦਾਰ ਆਈ ਸੰਗਤ ਵਿਚੋਂ ਅਜਿਹੇ ਵਿਅਕਤੀ ਦੀ ਤਲਾਸ਼ ਵਿੱਚ ਰਹਿੰਦੇ ਹਨ, ਜਿਸ ਦੀ ਔਲਾਦ ਕਹਿਣੇ ਵਿੱੱਚ ਨਾ ਹੋਵੇ। ਉਹ ਉਸ ਬੀਬੀ ਜਾਂ ਬੀਬੇ ਨੂੰ ਸੰਤਾਂ ਦੀਆਂ ਅਜਿਹੀਆਂ ਚੀਕਣੀਆਂ ਚੋਪੜੀਆਂ ਗੱਲਾਂ ਸੁਣਾਉਂਦੇ ਹਨ ਕਿ ਸੁਣਨ ਵਾਲ਼ਾ ਬੰਦਾ ਕੀਲਿਆ ਜਾਂਦਾ ਹੈ। ਅਸਲ ਵਿੱਚ ਉਨਾਂ ਦੀ ਅੱਖ ਉਸ ਵਿਅਕਤੀ ਦੀ ‘ਜ਼ਮੀਨ ਜਾਇਦਾਦ’ ਉੱਪਰ ਹੁੰਦੀ ਹੈ। ਉਹ ਫਿਰ ਉਸ ਵਿਅਕਤੀ ਦੀ ਅਜਿਹੀ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹਨ ਕਿ ਬੰਦਾ ਉਨਾਂ ਦੇ ਜਾਲ਼ ਵਿੱਚ ਫਸਦਾ ਹੀ ਚਲਿਆ ਜਾਂਦਾ ਹੈ। ਜਦੋਂ ਉਸ ਵਿਅਕਤੀ ਦੀ ਜ਼ਮੀਨ-ਜਾਇਦਾਦ ਇਨਾਂ ਦੇ ਹੱਥ ਲੱਗ ਜਾਂਦੀ ਹੈ, ਫਿਰ ਤੂੰ ਕੌਣ ਤੇ ਮੈਂ ਕੌਣ। ਡੇਰੇ ਵਿਚ ਉਸ ਬੰਦੇ ਨੂੰ ਕੋਈ ਪਾਣੀ ਪੁੱਛਣ ਵਾਲ਼ਾ ਵੀ ਨਹੀਂ ਹੁੰਦਾ। ਜ਼ਮੀਨ ਹੱਥਿਆਉਣ ਦੇ ਇਸ ਧੰਦੇ ਵਿੱਚ ਸਭ ਡੇਰਿਆਂ ਦੀ ਪੂਰੀ ਚੜ੍ਹਾਈ ਹੈ।
ਇਹਨਾਂ ਡੇਰਿਆਂ ਵਾਲਿਆਂ ਦੀ ਉੱਪਰ ਤੱਕ ਪਹੁੰਚ ਹੈ। ਇਨਾਂ ਕੋਲ਼ ਅਸਲਾ ਹੈ। ਅਫ਼ਸਰਾਂ ਅਤੇ ਪੁਲਿਸ ਨੂੰ ਕਾਣਾ ਕਰਨ ਲਈ ਬੇਅੰਤ ਮਾਇਆ ਹੈ। ਇਹਨਾਂ ਦਾ ਮੁੱਖ ਧੰਦਾ ਬੇਸਹਾਰਾ ਵਿਅਕਤੀਆਂ ਦੀਆਂ ਜ਼ਮੀਨਾਂ ਉੱਪਰ ਕਬਜ਼ੇ ਕਰਨਾ ਹੈ। ਇਹਨਾਂ ਵੱਲੋਂ ਪੰਚਾਇਤੀ ਜ਼ਮੀਨਾਂ ਉੱਪਰ ਕਬਜ਼ੇ ਕਰਨ ਦੀਆਂ ਖ਼ਬਰਾਂ ਪਿਛਲੇ ਵਰ੍ਹੇ ਅਖ਼ਬਾਰਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਇਹਨਾਂ ਡੇਰਿਆਂ ਦੇ ਬਹੁਤ ਸਾਰੇ ਪ੍ਰਬੰਧਕਾਂ ਕੋਲ਼ ਇਸ ਤਰਾਂ ਕਬਜ਼ੇ ਵਿੱਚ ਲਈਆਂ ਜ਼ਮੀਨਾਂ ਹੀ ਨਹੀਂ, ਕੋਠੀਆਂ ਅਤੇ ਔਰਤਾਂ ਵੀ ਹਨ, ਪਰ ਇਹਨਾਂ ਡੇਰਿਆਂ ਵਾਲ਼ਿਆਂ ਨੂੰ ਕੋਈ ਵੰਗਾਰਨ ਵਾਲ਼ਾ ਨਹੀਂ ਹੈ ਕਿਉਂਕਿ ਬਹੁਤੀ ਦੁਨੀਆਂ ਆਪਣੀ ਔਲਾਦ ਹੱਥੋਂ ਦੁਖੀ ਹੈ ਤੇ ਇਹ ਡੇਰੇ ਵਾਲ਼ੇ ਉਸ ਦਾ ਨਜਾਇਜ ਤੌਰ ਤੇ ਫ਼ਾਇਦਾ ਉਠਾਉਂਦੇ ਹਨ।
ਇਹਨਾਂ ਡੇਰੇਦਾਰਾਂ ਦੇ ਅਸਲ ਕਿਰਦਾਰ ਦੀ ਗਾਥਾ ਪਾਉਂਦੀ ਕਹਾਣੀਕਾਰ ਸੁਖਜੀਤ ਦੀ ਕਹਾਣੀ ‘ਪਾਤਸ਼ਾਹ’, ਮੈਂ ਇੰਜਵਾਏ ਕਰਦੀ ਹਾਂ’ ਤੇ ‘ਆਦਮਖੋਰ’ ਪੜ੍ਹਨ ਵਾਲ਼ੀਆਂ ਹੈ। ਇਨਾਂ ਕਹਾਣੀਆਂ ਵਿੱਚ ਡੇਰਿਆਂ ਦੇ ਕਿਰਦਾਰ ਨੂੰ ਬੜੇ ਸਪੱਸ਼ਟ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਜੇ ਕਦੇ ਮੌਕਾ ਮਿਲੇ ਤਾਂ ਇਹ ਕਹਾਣੀਆਂ ਪੜ੍ਹ ਲਿਓ। ਸੁਖਜੀਤ ਦੀ ਸਵੈ ਜੀਵਨੀ ਵੀ ਇਕ ਡੇਰੇ ਦੇ ਪਰਦੇ ਚਾਕ ਕਰਦੀ ਹੈ। ਤੁਹਾਨੂੰ ਇਹਨਾਂ ਡੇਰਿਆਂ ਦੀ ਅੰਦਰਲੀ ਉਹ ਤਸਵੀਰ ਨਜ਼ਰ ਪੈ ਜਾਵੇਗੀ, ਜਿਹੜੀ ਸਾਨੂੰ ਬਾਹਰੀ ਰੂਪ ਵਿੱਚ ਦਿਖਾਈ ਨਹੀਂ ਦਿੰਦੀ।
ਇਹਨਾਂ ਡੇਰਿਆਂ ਵੱਲੋਂ ਸਾਡੇ ਮਹਾਨ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਭੋਲ਼ੇ ਭਾਲ਼ੇ ਲੋਕਾਂ ਨੂੰ ਵਰਗਲ਼ਾਇਆ ਜਾਂਦਾ ਹੈ ਤੇ ਬੜੀ ਚਲਾਕੀ ਨਾਲ਼ ‘ਗੁਰੂ ਘਰ ਨੂੰ ਦਾਨ’ ਦੇ ਨਾਂ ਤੇ ਉਹਨਾਂ ਦੀ ਜ਼ਮੀਨ ਜਾਇਦਾਦ ਹੜੱਪ ਲਈ ਜਾਂਦੀ ਹੈ। ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਦਾਅਵਾ ਕਰਦੀ ਹੈ, ਹਰ ਵਰ੍ਹੇ ਕਰੋੜਾਂ ਰੁਪਏ ਸਿੱਖਾਂ ਤੋਂ ਕਾਰ ਸੇਵਾ, ਲੰਗਰ ਸੇਵਾ ਦੇ ਨਾਂ ਤੇ ਇਕੱਠੇ ਕਰਦੀ ਹੈ, ਭਾਂਵੇਂ ਉਸਨੂੰ ਇਹਨਾਂ ਬੂਬਨੇ ਸਾਧਾਂ ਦੀਆਂ ਹੇਰਾਫੇਰੀਆਂ ਦਾ ਸਭ ਪਤਾ ਹੈ ਪਰ ਉਸਦੀ ਖਾਮੋਸ਼ੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਉਹ ਵੀ ਇਹਨਾਂ ਸਾਧਾਂ ਨਾਲ਼ ਰਲ਼ੀ ਹੋਈ ਹੈ। ਇਹ ਸਾਰੇ ਲੋਕ ਕਿਸੇ ਮਾਫ਼ੀਏ ਵਾਂਗੂੰ ਧਰਮ ਦੇ ਨਾਂ ਹੇਠ ਜਿੱਥੇ ਧਰਮ ਦਾ ਨੁਕਸਾਨ ਕਰ ਰਹੇ ਹਨ, ਉੱਥੇ ਲੋਕਾਂ ਦਾ ਆਰਥਕ ਤੇ ਸ਼ਰੀਰਕ ਸ਼ੋਸ਼ਣ ਵੀ ਕਰ ਰਹੇ ਹਨ।
ਅੰਗਰੇਜ਼ਾਂ ਨੇ ਕੁਝ ਫ਼ੌਜੀਆਂ ਨੂੰ ਪੂਰੀ ਸਿਖਲਾਈ ਤੋਂ ਬਾਅਦ ਸੰਤਵਾਦ ਰੂਪੀ ਸੇਹ ਦਾ ਤੱਕਲਾ ਸੌ ਕੁ ਸਾਲ ਪਹਿਲਾਂ ਪੰਜਾਬ ਦੇ ਵਿਹੜੇ ਵਿੱਚ ਗੱਡਿਆ ਸੀ। ਅੱਜ ਉਹ ਤੱਕਲਾ ਇੱਕ ਵੱਡਾ ਕੰਡਿਆਲ਼ਾ ਰੁੱਖ ਬਣਕੇ ਪੰਜਾਬ ਦੇ ਸਮਾਜ ਨੂੰ ਲਹੂ ਲੁਹਾਨ ਕਰ ਰਿਹਾ ਹੈ। ਅੱਜ ਸਾਰਾ ਪੰਜਾਬ ਇਹਨਾਂ ਅਖੌਤੀ ਬਾਬਿਆਂ ਦੇ ਵੱਸ ਪਿਆ ਹੋਇਆ ਹੈ। ਇਹਨਾਂ ਦੀ ਰੀਸੇ ਕੁਝ ਲੋਕਾਂ ਨੇ ਬਾਹਰਲੇ ਸੂਬਿਆਂ ਤੋਂ ਆਕੇ ਧਰਮ ਦੀਆਂ ਛੋਟੀਆਂ ਤੇ ਵੱਡੀਆਂ ਦੁਕਾਨਾਂ ਇੱਥੇ ਖੋਲ੍ਹ ਲਈਆਂ ਹਨ। ਮਕਸਦ ਸਾਰਿਆਂ ਦਾ ਪੰਜਾਬੀਆਂ ਨੂੰ ਲੁੱਟਣਾ ਹੀ ਹੈ। ਆਪਣੇ ਕਾਰੋਬਾਰੀ ਹੱਕਾਂ ਦੀ ਰਾਖੀ ਲਈ ਇਹਨਾਂ ਨੇ ਇੱਕ ਯੂਨੀਅਨ ਵੀ ਬਣਾ ਲਈ ਹੈ ਜੋ ਗਾਹੇ ਵਗਾਹੇ ਦਿੱਲੀ ਦਰਬਾਰ ਵਿੱਚ ਹਾਜਰੀ ਭਰਦੀ ਰਹਿੰਦੀ ਹੈ।
ਜਿਹੜਾ ਪੰਜਾਬ ਕਦੇ ਅਣਖ ਦਾ ਪ੍ਰਤੀਕ ਹੁੰਦਾ ਸੀ, ਅੱਜ ਆਪਣੀਆਂ ਬਹੂ-ਬੇਟੀਆਂ ਨੂੰ ਇਨਾਂ ਸਾਧਾਂ ਦੇ ਡੇਰਿਆਂ ਵਿੱਚ ਕਿਉਂ ਭੇਜਣ ਲਈ ਮਜਬੂਰ ਹੋ ਰਿਹਾ ਹੈ? ਇਹ ਭਾਵੇਂ ਸਮਾਜਿਕ, ਮਨੋਵਿਗਿਆਨਕ ਅਤੇ ਆਰਥਿਕਤਾ ਦੇ ਨਾਲ਼ ਜੁੜਿਆ ਵਿਸ਼ਾ ਹੈ ਪ੍ਰੰਤੂ ਇਸ ਸਮੇਂ ਸਾਨੂੰ ਇਸ ਵਰਤਾਰੇ ਨੂੰ ਦੇਖ ਕੇ ਜ਼ਰੂਰ ਸੋਚਣਾ ਪਵੇਗਾ ਕਿ ਪੰਜਾਬ ਦੇ ਲੋਕਾਂ ਨੂੰ ਇਨਾਂ ਸਾਧਾਂ ਦੇ ਕਬਜ਼ੇ ਵਿੱਚੋਂ ਕਿਵੇਂ ਛੁਡਵਾਇਆ ਜਾਵੇ ? ਭਾਵੇਂ ਤਰਕਸ਼ੀਲ ਸੁਸਾਇਟੀ ਵਾਲ਼ਿਆਂ ਨੇ ਇਹਨਾਂ ਅਖੌਤੀ ਸਾਧਾਂ ਦੇ ਖ਼ਿਲਾਫ਼ ਬੀੜਾ ਚੁੱਕਿਆ ਹੋਇਆ ਹੈ ਪਰ ਆਪਣਾ ਮਾੜਾ ਚੰਗਾ ਸੋਚਣ ਦੀ ਸੂਝ ਬੂਝ ਰੱਖਣ ਵਾਲ਼ੇ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਇਹਨਾਂ ਤਰਕਸ਼ੀਲਾਂ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਲੋਕਾਂ ਨੂੰ ਸਾਧਾਂ ਦੇ ਚੁੰਗਲ ਤੋਂ ਬਚਾਉਣ।