ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਨਵੇਂ ਲੰਗਰ ਹਾਲ ਦਾ ਲੈਂਟਰ ਪਾਇਆ

 ਸੰਤਾ ਮਹਾਂਪੁਰਸ਼ਾਂ ਤੇ ਸੰਗਤਾਂ ਵੱਲੋਂ ਵੱਡੀ ਪੱਧਰ ਤੇ ਸ਼ਮੂਲੀਅਤ 
ਕਪੂਰਥਲਾ (ਕੌੜਾ)- ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਚਰਨਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਨਵੇਂ  ਵਿਸ਼ਾਲ ਲੰਗਰ ਹਾਲ ਦੇ ਨਿਰਮਾਣ ਕਾਰਜ ਦੀ ਕਾਰ ਸੇਵਾ ਮੁਖ ਸੇਵਾਦਾਰ ਬਾਬਾ ਹਰਜੀਤ ਸਿੰਘ ਦੀ ਸਰਪ੍ਰਸਤੀ ਹੇਠ , ਸਮੂਹ ਇਲਾਕਾ ਨਿਵਾਸੀ ਸੰਗਤਾਂ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਨਿਰੰਤਰ ਚੱਲ ਰਹੀ ਹੈ ਜਿਸ ਦਾ ਲੈਂਟਰ ਅੱਜ ਪਾਇਆ ਗਿਆ । ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਸਮੇਂ ਅਰੰਭਤਾ ਦੀ ਅਰਦਾਸ ਭਾਈ ਸਤਿੰਦਰਪਾਲ ਸਿੰਘ ਵੱਲੋਂ ਕੀਤੀ ਗਈ।
ਇਹਨਾਂ ਸੇਵਾ ਦੇ ਮਹਾਨ ਕਾਰਜਾਂ ਸਮੇਂ ਸੰਤ ਬਾਬਾ ਲੀਡਰ ਸਿੰਘ ਗੁਰਸਰ ਸਾਹਿਬ ਸੈਫ਼ਲਾਬਾਦ ਵਾਲੇ, ਬਾਬਾ ਗੁਰਦੇਵ ਸਿੰਘ ਗੱਗੋਬੂਹਾ, ਬਾਬਾ ਜੈ ਸਿੰਘ ਮਹਿਮਦਵਾਲ, ਬਾਬਾ ਬਲਬੀਰ ਸਿੰਘ ਬੂੜੇਵਾਲ ਵਾਲੇ ਆਦਿ ਸਮੇਤ ਹੋਰ ਸੰਤਾਂ ਮਹਾਂਪੁਰਸ਼ਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ।ਇਸ ਮੌਕੇ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਾਲਿਆਂ ਦੱਸਿਆ ਕਿ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ, ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਵਰੋਸਾਈ ਹੋਈ ਪਾਵਨ ਧਰਤੀ ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸੰਸ਼ੋਬਿਤ ਹੈ ਜਿੱਥੇ ਹਰ ਸਾਲ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ ਤੇ ਸਲਾਨਾ ਜੋੜ ਮੇਲਾ ਸਤਾਈਆਂ ਸਮੇਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਿਰਕਤ ਕਰਦੀਆਂ ਹਨ। ਉਹਨਾਂ ਦੱਸਿਆ ਕਿ ਸੰਗਤਾਂ ਦੀ ਵਿਸ਼ਾਲ ਆਮਦ ਨੂੰ ਮੁਖ ਰੱਖਦਿਆਂ ਵਿਸ਼ਾਲ ਲੰਗਰ ਹਾਲ ਦੀ ਵੱਡੀ ਜਰੂਰਤ ਪਿਛਲੇ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ।ਵਿਸ਼ਾਲ ਲੰਗਰ ਹਾਲ ਦੇ ਨਿਰਮਾਣ ਕਾਰਜਾਂ ਦੀ ਕਾਰ ਸੇਵਾ ਸੰਤਾਂ ਮਹਾਂਪੁਰਸ਼ਾਂ,ਇਲਾਕਾ ਨਿਵਾਸੀ ਸੰਗਤਾਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਅਰੰਭ ਕੀਤੀ ਗਈ ਸੀ ਜਿਸ ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਅਥਾਹ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਸੇਵਾ ਦੇ ਕਾਰਜ ਕਰ ਰਹੀਆਂ ਹਨ
ਅਤੇ ਉਸਾਰੀ ਦਾ ਕਾਰਜ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ ਜਿਸਦਾ ਲੈਂਟਰ ਪਾਉਣ ਦੀ ਅਰੰਭਤਾ ਸਵੇਰੇ 7 ਵਜੇ ਇਲਾਕੇ ਭਰ ਦੇ ਸੰਤ ਮਹਾਂਪੁਰਸ਼ਾਂ ਵੱਲੋਂ ਅਰਦਾਸ ਉਪਰੰਤ ਆਪਣੇ ਕਰ ਕਮਲਾਂ ਨਾਲ ਕੀਤੀ ਗਈ। ਸੇਵਾ ਦੇ ਇਹਨਾਂ ਮਹਾਨ ਕਾਰਜਾਂ ਵਿਚ ਪਿੰਡ ਠੱਟਾ ਪੁਰਾਣਾ, ਠੱਟਾ ਨਵਾਂ, ਦੰਦੂਪੁਰ, ਦਰੀਏਵਾਲ, ਸੈਦਪੁਰ, ਬੂਲਪੁਰ, ਬੂੜੇਵਾਲ, ਟਿੱਬਾ , ਮੰਗੂਪੁਰ, ਕਾਲੂਭਾਟੀਆ, ਟੋਡਰਵਾਲ, ਸਾਬੂਵਾਲ, ਮਹੀਜੀਤ ਪੁਰ, ਵਲਣੀ ਆਦਿ ਪਿੰਡਾਂ ਦੀਆਂ ਸੰਗਤਾਂ ਵੱਲੋਂ ਨਿਸ਼ਕਾਮ ਸੇਵਾ ਕਰਦਿਆਂ ਗੁਰੂ ਘਰ ਤੋਂ ਲਾਹਾ ਪ੍ਰਾਪਤ ਕੀਤਾ।ਇਸ ਮੌਕੇ ਗੁਰੂ ਨਾਨਕ ਸੇਵਕ ਜਥਾ ਬਾਹਰਾ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਚਾਹ ਪਕੌੜੇ ਤੇ ਗੁਰੂ ਕੇ ਲੰਗਰ ਨਿਰੰਤਰ ਚਲਾਏ ਗਏ। ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਵੱਲੋਂ ਸੇਵਾ ਦੇ ਮਹਾਨ ਕਾਰਜਾਂ ਵਿਚ ਸ਼ਿਰਕਤ ਕਰਨ ਵਾਲੇ ਸੰਤਾਂ ਮਹਾਂਪੁਰਸ਼ਾਂ ਤੇ ਯੋਗਦਾਨ ਪਾਉਣ ਵਾਲੀਆਂ ਸੰਗਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਡੇਂਗੂ ਜਾਗਰੂਕਤਾ ਸਬੰਧੀ ਸੈਮੀਨਾਰ
Next article‘ਧੰਮ ਚੱਕਰ ਪ੍ਰਵਰਤਨ ਦਿਵਸ’ ਸਮਾਗਮ 14 ਨੂੰ