ਜਲੰਧਰ, ਫਿਲੌਰ, ਅੱਪਰਾ (ਜੱਸੀ)-ਮੇਲਿਆਂ ਅਤੇ ਤਿਓਹਾਰਾਂ ਦੀ ਧਰਤੀ ਪੰਜਾਬ ਅੰਦਰ ਨਿਵੇਕਲੀ ਪਹਿਚਾਣ ਅਤੇ ਖਿੱਚ ਦਾ ਕੇਂਦਰ ਮੇਲਾ ਗ਼ਦਰੀ ਬਾਬਿਆਂ ਦਾ ਪੰਜਾਬ ਅਤੇ ਦੇਸ਼-ਬਦੇਸ਼ ਤੋਂ ਆ ਰਹੇ ਮੇਲਾ ਪ੍ਰੇਮੀਆਂ ਨੂੰ ਪਲਕਾਂ ਵਿਛਾ ਕੇ ਉਡੀਕ ਰਿਹਾ ਹੈ।
ਦੇਸ਼ ਭਗਤ ਯਾਦਗਾਰ ਹਾਲ ਅੰਦਰ ਮਹੀਨਾ ਪਹਿਲਾਂ ਹੀ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਦੇਸ਼ ਭਗਤ ਯਾਦਗਾਰ ਹਾਲ ਨੂੰ ਮੇਲੇ ਦੇ ਦਿਨਾਂ ‘ਚ ਗ਼ਦਰੀ ਪ੍ਰੋ. ਬਰਕਤ ਉੱਲਾ ਨਗਰ ਅਤੇ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਵਿਸ਼ਾਲ ਪੰਡਾਲ ਸਜਾਉਣ ਲਈ ਝੰਡੇ, ਮਾਟੋ, ਬੈਨਰ, ਫਲੈਕਸਾਂ, ਰੌਸ਼ਨੀ-ਲੜੀਆਂ, ਰੰਗ ਰੋਗਨ ਆਦਿ ਦਾ ਕੰਮ ਜੋਰਾਂ ‘ਤੇ ਹੈ।
ਕਾਲਜਾਂ, ਯੂਨੀਵਰਸਿਟੀਆਂ, ਸਕੂਲਾਂ, ਪਿੰਡਾਂ ਅਤੇ ਸ਼ਹਿਰਾਂ ‘ਚ ਸਰਗਰਮ ਸੰਸਥਾਵਾਂ ਨੂੰ ਕੁਇਜ਼, ਪੇਂਟਿੰਗ ਮੁਕਾਬਲਿਆਂ, ਕਵੀ-ਦਰਬਾਰ, ਵਿਚਾਰ-ਚਰਚਾਵਾਂ, ਗੀਤ-ਸੰਗੀਤ ਅਤੇ ਨਾਟਕਾਂ ਦੀ ਦੁਨੀਆਂ ‘ਚ ਨੌਜਵਾਨਾਂ, ਵਿਦਿਆਰਥੀਆਂ ਅਤੇ ਸਮੂਹ ਲੋਕਾਂ ਨੂੰ ਸ਼ੁਮਾਰ ਕਰਨ ਲਈ ਸੱਦਾ-ਪੱਤਰ ਦੇਣ ਦੀ ਮੁਹਿੰਮ ਉਤਸ਼ਾਹ ਨਾਲ ਚੱਲ ਰਹੀ ਹੈ।
ਅੱਜ ਦੇਸ਼ ਭਗਤ ਯਾਦਗਾਰ ਹਾਲ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਦੇ ਘਾਹ ਪਾਰਕ ਵਿੱਚ ਝੰਡਿਆਂ, ਫਲੈਕਸਾਂ ਦੀਆਂ ਤਿਆਰੀਆਂ ਲਈ ਟੀਮਾਂ ਜੁਟੀਆਂ ਰਹੀਆਂ।
ਪੰਜਾਬ ਭਰ ਦੀਆਂ ਜਨਤਕ ਜਮਹੂਰੀ ਜੱਥੇਬੰਦੀਆਂ ਆਪਣੀਆਂ ਚੱਲ ਰਹੀਆਂ ਸਰਗਰਮੀਆਂ ਵਿੱਚ ਥਾਓਂ ਥਾਈਂ 31 ਅਕਤੂਬਰ ਅਤੇ ਪਹਿਲੀ ਨਵੰਬਰ ਸਾਰਾ ਦਿਨ ਸਾਰੀ ਰਾਤ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਲੱਗ ਰਹੇ 32ਵੇਂ ਮੇਲੇ ‘ਚ ਪੁੱਜਣ ਲਈ ਲੋਕਾਂ ਨੂੰ ਅਪੀਲ ਕਰ ਰਹੀਆਂ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਅੱਜ ਮੇਲੇ ਦੀ ਹਰ ਪੱਖੋਂ ਸਫ਼ਲਤਾ ਲਈ ਵਿਚਾਰਾਂ ਕਰਨ ਅਤੇ ਲੋੜੀਂਦੀ ਸਮੱਗਰੀ ਚੈੱਕ ਕਰਨ ਲਈ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਰਣਜੀਤ ਸਿੰਘ ਔਲਖ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਤੇਜਿੰਦਰ ਵਿਰਲੀ, ਐਡਵੋਕੇਟ ਰਾਜਿੰਦਰ ਮੰਡ, ਦਰਸ਼ਨ ਖਟਕੜ, ਡਾ. ਸੈਲੇਸ਼ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਦੇ ਮੇਲਾ ਤਿਆਰੀਆਂ ‘ਚ ਜੁਟੇ ਕਾਮੇ ਗੁਰਦੀਪ ਸਿੰਘ, ਭੂਵਨ ਜੋਸ਼ੀ, ਰਾਮਜੀ, ਬੇਟੀ ਕਮਲ, ਰਤਨ, ਰਾਜੂ, ਤਾਲਿਬ, ਕੁਲਵੰਤ ਕਾਕਾ, ਹਰਭਜਨ ਸਿੰਘ ਆਦਿ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly