(ਸਮਾਜ ਵੀਕਲੀ)
ਵਾਣ ਦੀਆਂ ਮੰਜੀਆਂ ਘਰਾਂ ਦੀਆਂ ਤੰਗੀਆਂ
ਤਰਸਦੇ ਨੇ ਵਾਲ ਬਾਲਾਂ ਦੇ ਕੰਘੀਆਂ
ਉਮਰਾਂ ਲੰਘੀਆਂ ਪੱਕ ਗਈਆਂ ਖੰਘੀਆਂ
ਦੇਹਾਂ ਅੱਧ ਨੰਗੀਆਂ ਕੰਗਰੋੜਾਂ ਕਰੰਗੀਆਂ
ਅੱਖਾਂ ਵਿੱਚ ਪੀਘਾਂ ਸੀ ਸਤਰੰਗੀਆਂ
ਜਾਤ ਦੀਆਂ ਵੰਡੀਆਂ ਗਈਆਂ ਨਾ ਛੰਡੀਆਂ
ਤੇ ਸੜਕਾਂ ਬਣ ਗਈਆਂ ਪਗਡੰਡੀਆਂ
ਖਾ ਗਈਆਂ ਮੰਦੀਆਂ ਉਲਝੀਆਂ ਤੰਦੀਆਂ
ਕਿਰਤੀ ਦੀ ਲੁੱਟ ਮਚਾਉਂਦੀਆਂ ਮੰਡੀਆਂ
ਮਿਹਨਤਾਂ ਲੈਂਦੀਆਂ ਮਾਰ ਪਾਖੰਡੀਆਂ…
ਉਮਰ ਦਾ ਰਾਗ ਰੁਲੇ ਛੰਦ ਬੰਦੀਆਂ
ਵਾਣ ਦੀਆਂ ਮੰਜੀਆਂ ਘਰਾਂ ਦੀਆਂ ਤੰਗੀਆਂ
ਤਰਸਦੇ ਨੇ ਵਾਲ ਬਾਲਾਂ ਦੇ ਕੰਘੀਆਂ
ਦੁੱਖਦਾ ਜਿਸਮ ਟੁੱਟਦੀਆਂ ਲੱਤਾਂ
ਨਾ ਸੁੱਕਣ ਪਸੀਨੇ ਨਿਚੂੜਦੇ ਰੱਤਾਂ
ਠੇਕੇਦਾਰ ਚੂੰਡ ਮਾਰਦੇ ਮੱਤਾਂ
ਦਿਹਾੜੀਆਂ ਮਾਰ ਝਾੜਦੇ ਪੱਤਾਂ
ਸੁਹੇਨੜੇ ਰੋਜ ਰਾਮ ਨੂੰ ਘੱਤਾਂ
ਖੋਲਦੇ ਕਰਮ ਜਾਲ ਨਾਲ ਤੱਤਾਂ
ਝੁੱਕੇ ਨੇ ਬਾਲੇ ਚੋਂਦੀਆਂ ਛੱਤਾਂ
ਸੁਪਨ ਦੇ ਸੂਤ ਸੂਲਾਂ ਤੇ ਕੱਤਾਂ
ਤਨ ਦੀਆਂ ਖਤਮ ਹੋ ਗਈਆਂ ਸੱਤਾਂ
ਮੁੜ੍ਹਕੇ ਨਾਲ ਸਿੰਜਦੇ ਆਉਣ ਨਾ ਵੱਤਾਂ
ਥੋੜੀਆਂ ਬਚੀਆਂ ਬਹੁਤੀਆਂ ਲੰਘੀਆਂ
ਵਾਣ ਦੀਆਂ ਮੰਜੀਆਂ ਘਰਾਂ ਦੀਆਂ ਤੰਗੀਆਂ
ਤਰਸਦੇ ਨੇ ਵਾਲ ਬਾਲਾਂ ਦੇ ਕੰਘੀਆਂ
ਜਿਸਮ ਨੂੰ ਮੋੜ ਲੈਂਦੇ ਨਿੱਤ ਤੋੜ
ਨੇ ਸੁਰਖ ਸਵੇਰ ਲੈਂਦੇ ਆਂ ਜੋੜ
ਚਲਦੇ ਜਿਉਂ ਚੱਕੀ ਦੇ ਪੌੜ
ਕਦੇ ਨਾ ਮੁੱਕਣ ਵਾਲੀ ਦੌੜ
ਰਾਹਾਂ ਵਿੱਚ ਕਦਮ ਕਦਮ ਤੇ ਰੋੜ
ਤਿਲਕ ਕੇ ਅਹੁ ਗਿਰ ਜਾਂਦੇ ਮੋੜ
ਦਿਲਾਂ ਦੇ ਮੋਰ ਭਾਲਦੇ ਬੋਹੜ
ਦਿਸੇ ਨਾ ਛਾਂ ਦੀ ਬੜੀ ਏ ਲੋੜ
ਮੂੰਹ ਸੁੱਕਿਆ ਲੱਗੀ ਪਈ ਏ ਔੜ
ਉਮੀਦ ਦੀ ਬੱਦਲੀ ਕਿਤੋਂ ਤਾਂ ਬਹੁੜ
ਅਸੀਂ ਤੰਦਰੁਸਤੀ ਦੌਲਤਾਂ ਮੰਗੀਆਂ
ਵਾਣ ਦੀਆਂ ਮੰਜੀਆਂ ਘਰਾਂ ਦੀਆਂ ਤੰਗੀਆਂ
ਤਰਸਦੇ ਨੇ ਵਾਲ ਬਾਲਾਂ ਦੇ ਕੰਘੀਆਂ
ਅਸੀਂ ਮਜਦੂਰ ਬੜੇ ਮਜਬੂਰ
ਸਾਡੇ ਲਈ ਚਾਵਾਂ ਦੇ ਘਰ ਦੂਰ
ਨਿੱਤ ਦੇ ਖਾਣ ਕਮਾਉਣ ਹਜੂਰ
ਵਕਤ ਦੀ ਘੂਰ ਅਸਾਂ ਦੀ ਹੂਰ
ਵੋਟ ਦੇ ਮੰਗਤੇ ਪਾਉਣ ਨਾ ਪੂਰ
ਸਾਡੇ ਨਾਂ ਤੇ ਘਪਲੇ ਮਸ਼ਹੂਰ
ਵੱਡੇ ਢਿੱਡ ਖਾ ਜਾਂਦੇ ਨੇ ਸੂਰ
ਅਸਾਡੇ ਹਿੱਸੇ ਦਾ ਅੰਨ ਚੂਰ
ਬਣ ਗਈ ਚੀਸ ਹਰੀਸ਼ ਨਾਸੂਰ
ਮੌਲਾ ਦੀ ਮੌਜ ਏ ਜੋ ਮਨਜੂਰ
ਸਾਹਾਂ ਦੀ ਸੋਖ ਮੰਗਦੀਆਂ ਸੰਘੀਆਂ
ਵਾਣ ਦੀਆਂ ਮੰਜੀਆਂ ਘਰਾਂ ਦੀਆਂ ਤੰਗੀਆਂ
ਤਰਸਦੇ ਨੇ ਵਾਲ ਬਾਲਾਂ ਦੇ ਕੰਘੀਆਂ
ਹਰੀਸ਼ ਪਟਿਆਲਵੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly