HOME ਕੁੜਤੇ-ਪਜਾਮਿਆਂ ਨੇ ਉਡਵਾਇਆ ਮਜ਼ਾਕ 

ਕੁੜਤੇ-ਪਜਾਮਿਆਂ ਨੇ ਉਡਵਾਇਆ ਮਜ਼ਾਕ 

2
  (ਸਮਾਜ ਵੀਕਲੀ)   ਦੁਨੀਆਂ ਭਰ ਵਿੱਚ  ਜਿੰਨੀ  ਤਰੱਕੀ   ਪਿਛਲੇ ਪੰਜਾਹ ਸਾਲਾਂ ਵਿੱਚ ਹੋਈ ਹੈ ਓਨੀ ਤਰੱਕੀ  ਉਸ ਤੋਂ ਪਹਿਲੇ ਦੋ ਸੌ ਸਾਲਾਂ ਵਿੱਚ  ਵੀ ਨਹੀਂ ਹੋਈ। ਭਾਰਤ  ਦੇਸ਼ ਆਜ਼ਾਦ ਹੋਣ ਤੋਂ ਬਾਅਦ  ਬਹੁਤ  ਤੇਜੀ ਨਾਲ ਅੱਗੇ ਵਧਿਆ ਹੈ।ਹਾਲਾਂਕਿ  ਪੱਛਮੀ ਦੇਸ਼ਾਂ ਵਿੱਚ  ਏਸ਼ੀਆਈ ਦੇਸ਼ਾਂ ਨਾਲੋਂ ਵੱਧ ਵਿਕਾਸ ਹੋਇਆ ਹੈ।ਸਾਡੇ  ਵੱਡੇ ਵਡੇਰੇ ਕਹਿੰਦੇ ਹੁੰਦੇ ਸਨ  ਕਿ ਏਸ਼ੀਆਈ ਦੇਸ਼  ਪੱਛਮੀ ਦੇਸ਼ਾਂ ਨਾਲੋਂ ਵੀਹ ਸਾਲ ਪਿੱਛੇ  ਚੱਲ ਰਹੇ ਹਨ ,ਫਿਰ ਵੀ ਭਾਰਤ ਨੇ ਤਕਰੀਬਨ ਹਰ ਖੇਤਰ  ਵਿੱਚ  ਪਿਛਲੇ  60-70ਸਾਲਾਂ ਵਿੱਚ  ਬਹੁਤ ਤਰੱਕੀ ਕੀਤੀ ਹੈ। ਖੇਤੀਬਾੜੀ ਪੈਦਾਵਾਰ, ਉਦਯੋਗਿਕ ਪੈਦਾਵਾਰ, ਕੱਪੜਾ  ਉਦਯੋਗ ਦੀ ਸਥਾਪਨਾ,ਦਵਾਈਆਂ, ਬਿਜਲੀ ਦਾ ਸਾਮਾਨ,ਆਧੁਨਿਕ ਕੰਪਿਊਟਰੀਕਰਨ, ਟਰਾਂਸਪੋਰਟ ਮਸ਼ੀਨਰੀ,ਹੋਰ ਆਵਾਜਾਈ ਦੇ ਸਾਧਨ, ਰਿਹਾਇਸ਼ੀ ਘਰਾਂ ਦੀ ਉਸਾਰੀ,ਹਰ ਤਰ੍ਹਾਂ ਦੀਆਂ ਸਿੱਖਿਅਕ ਸੰਸਥਾਵਾਂ ਦੀ ਸਥਾਪਨਾ  ਅਤੇ  ਜਿੰਦਗੀ ਜਿਉਣ ਦੇ  ਪੱਧਰ ਤੋਂ ਲੈ ਕੇ ਲਗਭਗ ਹਰ ਖੇਤਰ ਵਿੱਚ ਅੱਗੇ ਅੱਗੇ ਵਧ ਰਿਹਾ ਹੈ।  ਕੱਪੜਾ ਉਦਯੋਗ ਨੇ  ਤਾਂ  ਲੋੜ ਤੋਂ ਵੱਧ ਵਿਕਾਸ ਕੀਤਾ ਹੈ ।ਭਾਵੇਂ  ਇਹ ਖੁੱਲ੍ਹਾ ਕੱਪੜਾ ਥਾਨਾਂ ਵਿੱਚ ਹੋਵੇ ਜਾਂ ਰੈਡੀਮੇਡ ਗਾਰਮੈਂਟਸ ਦੀ ਪੈਦਾਵਾਰ ਹੋਵੇ, ਹਰ ਪਾਸੇ  ਹੜ੍ਹ ਆਇਆ ਪਿਆ ਹੈ।ਹਰ ਵਰਗ ਦੇ  ਲੋਕ ਜੋ ਥੋੜ੍ਹੀ ਬਹੁਤ ਕਮਾਈ ਕਰਦੇ ਹਨ ਉਨ੍ਹਾਂ ਦੇ ਘਰ ਕੱਪੜਿਆਂ ਨਾਲ ਅਲਮਾਰੀਆਂ ਡੱਕੀਆਂ ਪਈਆਂ ਹਨ। ਜਦੋਂ ਕੋਈ  ਵਿਆਹ ਸ਼ਾਦੀ ਆਉਂਦੀ ਹੈ ਫਿਰ ਨਵੇਂ ਕਪੜੇ ਸਿਲਵਾਏ ਜਾਂਦੇ ਹਨ। ਪਹਿਨਣ ਤੇ ਖਾਣ-ਪੀਣ ਉੱਪਰ  ਟੀਵੀ ਤੇ ਫਿਲਮ ਉਦਯੋਗ ਨੇ ਬਹੁਤ  ਡੂੰਘਾ ਅਸਰ ਪਾਇਆ ਹੈ।ਸੁਣਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਫੈਸ਼ਨ  ਮੁੰਬਈ ਤੋਂ ਚਲਦਾ ਹੈ ਫਿਰ ਹੌਲ਼ੀ ਹੌਲ਼ੀ  ਹੋਰ ਸ਼ਹਿਰਾਂ ਤੇ ਕਸਬਿਆਂ ਵਿੱਚ ਪਹੁੰਚ ਜਾਂਦਾ ਹੈ।ਦੇਖੋ ਦੇਖੀ  ਇੱਕ ਦੂਜੇ ਦੀ ਰੀਸ ਨੇ  ਕੱਪੜਾ ਵਪਾਰ ਵਿੱਚ ਬਹੁਤ ਵਾਧਾ ਕੀਤਾ ਹੈ।ਵੱਡੇ ਸ਼ਹਿਰਾਂ ‘ਚ ਚਲੇ ਜਾਓ ਤਾਂ ਸ਼ੋਅ ਰੂਮ ਕੱਪੜਿਆਂ ਨਾਲ ਲੱਦੇ ਪਏ ਹਨ,ਛੋਟੇ ਸ਼ਹਿਰਾਂ ਜਾਂ ਕਸਬਿਆਂ ਵਿੱਚ ਚਲੇ ਜਾਓ ਬਾਜ਼ਾਰਾਂ ਵਿੱਚ ਦੁਕਾਨਾਂ ਭਰੀਆਂ ਪਈਆਂ ਹਨ। ਹੁਣ ਤਾਂ ਹਰ ਸ਼ਹਿਰ  ਵਿੱਚ ਮਾਲ ਖੁਲ੍ਹ ਗਏ ਹਨ ਜਿੱਥੇ ਹਰ ਕਿਸਮ  ਦੇ ਬ੍ਰਾਂਡ ਦੇ  ਰੈਡੀਮੇਡ ਕੱਪੜੇ ਮਿਲ ਜਾਂਦੇ ਹਨ।ਅੱਜ ਕੱਲ੍ਹ ਨਵਾਂ ਟਰੈਂਡ ਚੱਲਿਆ ਹੈ।ਜਿਹੜੇ ਵੀ  ਭਾਰਤ ਵਿੱਚ  ਨਵੇਂ ਹਾਈਵੇ ਬਣੇ ਹਨ ਜਾਂ ਬਣ  ਰਹੇ ਹਨ  ਉਨ੍ਹਾਂ ਉੱਪਰ  ਹਰ ਪੰਦਰਾਂ-ਵੀਹ ਕਿਲੋਮੀਟਰ ਤੇ ਮਾਲ-ਨੁਮਾਂ ਮਾਰਕੀਟ ਬਣੀਆਂ ਹਨ ਜਾਂ ਬਣ  ਰਹੀਆਂ ਹਨ ।ਉੱਥੇ ਹਰ ਕਿਸਮ  ਦੇ  ਬ੍ਰਾਂਡ ਦਾ ਜੁੱਤੀ,ਕਪੜਾ, ਖਾਣਾ ਪੀਣਾ, ਫਾਸਟ ਫੂਡ ਦੇ ਆਊਟਲੈਟ ,ਹੋਟਲ  ਰੈਸਟੋਰੈਂਟ, ਮਸਾਜ ਕੇਂਦਰ ,ਸੈਲੂਨ ਅਤੇ ਸਿੰਗਾਰ ਦਾ ਸਮਾਨ ਵਾਲੇ  ਸ਼ੋਅ ਰੂਮ, ਹੋਰ ਪਤਾ ਨਹੀਂ ਕੀ ਕੁੱਝ ਸਹੂਲਤਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ।
      ਅਠਾਰਵੀਂ ਉਨੀਂਵੀ ਸਦੀ ਵਿੱਚ ਭਾਰਤੀ  ਕੱਪੜਾ ਉਦਯੋਗ ਬਹੁਤ ਪ੍ਰਫੁੱਲਿਤ ਸੀ।ਢਾਕੇ ਦੀ ਮਲਮਲ,ਬਨਾਰਸ ਦਾ ਰੇਸ਼ਮੀ ਕੱਪੜਾ, ਮੁੰਬਈ ਅਹਿਮਦਾਬਾਦ ਤੇ ਸੂਰਤ ਦਾ  ਸੂਤੀ ਕਪੜਾ, ਲੁਧਿਆਣਾ ਦੀ ਵੂਲਨ ਇੰਡਸਟ੍ਰੀ ਤੇ  ਹਰ ਕਿਸਮ ਦਾ ਕੱਪੜਾ  ਬਾਹਰਲੇ ਦੇਸ਼ਾਂ ਨੂੰ ਬਰਾਮਦ ਹੁੰਦਾ ਸੀ।ਪਰ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ  ਤੇ ਉਸ ਨੇ ਆਪਣੇ ਕੱਪੜਾ ਉਦਯੋਗ  ਨੂੰ ਵਿਕਸਿਤ ਕਰਨ ਲਈ  ਭਾਰਤੀ  ਬਰਾਮਦ ਉੱਪਰ ਟੈਕਸ ਦੀ ਦਰ ਬਹੁਤ ਵਧਾ ਦਿੱਤੀ ਤੇ ਭਾਰਤ ਆਉਣ ਵਾਲਾ ਉਨ੍ਹਾਂ ਦਾ ਕੱਪੜਾ  ਭਾਰਤ ਵਿੱਚ ਆਉਣ ਤੇ ਕਰ-ਮੁਕਤ ਕਰ ਦਿੱਤਾ। ਇਸ ਤਰ੍ਹਾਂ  ਬਰਾਮਦ ਘਟਣ  ਨਾਲ  ਤੇ ਦਰਾਮਦ ਵਧਣ ਨਾਲ ਭਾਰਤੀ ਉਦਯੋਗ ਨੂੰ ਬਹੁਤ ਭਾਰੀ ਸੱਟ ਵੱਜੀ। ਕੁੱਝ  ਅੰਗਰੇਜ਼ਾਂ ਨੇ ਧੋਤੀ ਕੁਰਤੇ ਦੇ ਸਥਾਨ ਤੇ ਪੈਂਟ-ਸ਼ਰਟ ਤੇ ਪੈਂਟ-ਕੋਟ ਪਹਿਨਣ  ਦਾ ਰਿਵਾਜ  ਵਲੈਤੋਂ ਲੈ ਆਂਦਾ ਤੇ ਭਾਰਤੀਆਂ ਤੇ ਜਬਰਦਸਤੀ ਥੋਪ  ਦਿੱਤਾ । ਇਸ ਤਰ੍ਹਾਂ  ਭਾਰਤੀ ਕੱਪੜਾ ਉਦਯੋਗ ਤਬਾਹੀ ਵੱਲ ਵਧਣ ਲੱਗਿਆ। ਮਹਾਤਮਾ ਗਾਂਧੀ ਨੇ  ਬਾਹਰਲੇ ਕੱਪੜਿਆਂ ਦੇ ਖਿਲਾਫ  “ਸਵਦੇਸ਼ੀ “ ਲਹਿਰ  ਚਲਾਈ  ਪਰ ਉਹ ਕੱਪੜਾ ਉਦਯੋਗ ਨੂੰ  ਸਹਾਰਾ ਦੇਣ ਲਈ ਬਹੁਤੀ ਕਾਮਯਾਬ ਨਾ ਹੋਈ।1918 ਤੇ 1965 ਦੇ ਸੋਕੇ  ਨੇ  ਦੱਖਣ ਪੱਛਮੀ ਤੇ ਦੱਖਣੀ ਸੂਬਿਆਂ  ਦੀ ਕਪਾਹ ਦੀ ਫ਼ਸਲ ਦੀ ਪੈਦਾਵਾਰ  ਤਬਾਹ ਕਰ ਦਿੱਤੀ ਜਿਸ ਨਾਲ ਕੱਪੜਾ ਉਦਯੋਗ ਨੂੰ ਬਹੁਤ ਧੱਕਾ ਲੱਗਿਆ। ਲੋਕਾਂ ਨੂੰ ਪਹਿਨਣ ਲਈ ਕੱਪੜਾ , ਡਿਪੂਆਂ ਤੋਂ ਮਿਲਣ ਲੱਗਿਆ। ਕੱਪੜੇ ਦੀ ਪੈਦਾਵਾਰ ਨਾ ਮਾਤਰ ਰਹਿ ਗਈ। ਪਿੰਡਾਂ ਵਿੱਚ  ਆਮ ਲੋਕ ਤਾਂ ਖੱਡੀ ਦਾ ਤਿਆਰ ਕੀਤਾ ਖੱਦਰ ਹੀ ਪਹਿਨਦੇ ਸਨ । ਖੱਦਰ ਦੇ ਕੱਪੜੇ ਬੜੇ ਆਰਾਮਦਾਇਕ ਰਹਿੰਦੇ ਸਨ। ਸਰਦੀਆਂ ਵਿੱਚ  ਨਿੱਘੇ ਤੇ ਗਰਮੀਆਂ ਵਿੱਚ  ਠੰਡੇ ਰਹਿੰਦੇ ਸਨ। ਪਰ ਵਿਆਹ ਸ਼ਾਦੀਆਂ ਵਿੱਚ ਨਵਾਂ ਕੱਪੜਾ ,ਟੈਰਾਲੀਨ,ਪਾਪਲੀਨ, ਦੋ ਘੋੜਿਆਂ ਦੀ ਬੋਸਕੀ, ਅਤੇ ਇਸਤਰੀਆਂ  ਲਈ  ਲੇਡੀਮਿੰਟਨ  ਦਾ ਕੱਪੜਾ ਸਰਕਾਰ ਵੱਲੋਂ  ਅਲਾਟ ਕੀਤੇ  ਡਿਪੂਆਂ ਤੋਂ ਪ੍ਰਾਪਤ ਹੁੰਦਾ ਸੀ ਉਹ  ਵੀ ਸੀਮਤ ਮਾਤਰਾ ਵਿੱਚ।
 1961-62 ਦੀ ਗੱਲ ਹੈ ,ਸਾਡੇ ਚਾਚਾ ਜੀ ਦਾ ਵਿਆਹ ਆ ਗਿਆ ਸੀ। ਦਾਦਾ ਜੀ  ਨੇ ਪਿੰਡ ਦੀ ਬਜਾਜੀ ਦੇ ਡਿਪੂ ਤੋਂ ਬੜੀ ਮੁਸ਼ਕਲ ਨਾਲ  ਪਾਪਲੀਨ ਦਾ ਅਸਮਾਨੀ (ਨੀਲਾ) ਰੰਗ ਦਾ ਥਾਨ, ਲੱਠੇ ਦਾ ਥਾਨ, ਬੋਸਕੀ ਦਾ ਥਾਨ ਅਤੇ ਔਰਤਾਂ ਵਾਸਤੇ ਗਿਣੇ ਚੁਣੇ ਸੂਟ  ਬੜੀ ਮੁਸ਼ਕਲ ਨਾਲ  ਲਏ। ਪਿੰਡ ਦਾ ਦਰਜ਼ੀ ਕੱਪੜੇ ਸਿਉਣ ਲਈ  ਵਿਆਹ ਤੋਂ ਚਾਰ-ਪੰਜ ਦਿਨ ਪਹਿਲਾਂ ਘਰੇ ਬਿਠਾ ਲਿਆ। ਉਹਨਾਂ  ਸਮਿਆਂ ਵਿੱਚ  ਰਿਵਾਜ ਸੀ ,ਦਰਜ਼ੀ  ਵਿਆਹ ਸ਼ਾਦੀ ਮੌਕੇ ਵਿਆਹ ਆਲ਼ੇ ਘਰ ਬੈਠ ਕੇ ਹੀ ਕੱਪੜੇ ਸਿਉਂਦਾ ਸੀ। ਸਾਡੇ  ਟੱਬਰ  ਦੇ ਬੜੇ ਤੋਂ ਲੈਕੇ  ਛੋਟੇ  ਲਈ ਇੱਕੋ ਰੰਗ ਦੇ ਪਾਪਲੀਨ ਦਾ ਕੁੜਤੇ ਅਤੇ  ਬੋਸਕੀ ਦੇ ਪਜਾਮੇ ਦਰਜ਼ੀ ਨੇ ਸਿਉਂ ਕੇ ਦੇ ਦਿੱਤੇ  ।ਮੈਂ ਕਿਉਂਕਿ ਸਭ ਤੋਂ ਛੋਟਾ ਸੀ ਮੇਰੇ  ਲਈ  ਉਸੇ ਪਾਪਲੀਨ  ਦੀ ਸ਼ਰਟ ਤੇ ਪੈਂਟ ਨੁਮਾ ਪਜਾਮਾ  ਸਿਲ ਦਿੱਤਾ। ਪੈਂਟ ਨੂੰ ਉਸੇ ਕੱਪੜੇ ਦੀ  ਬੈਲਟ ਬਣਾ ਕੇ ਦੇ ਦਿੱਤੀ ਤੇ ਪੈਂਟ ਨੂੰ ਦੋ ਜੇਬਾਂ ਲਾ ਦਿੱਤੀਆਂ। ਬਰਾਤ ਜਾਣ ਵਾਲੇ ਦਿਨ ਲਾਰੀ ਆ ਗਈ। ਉਸ ਦਾ ਇੰਜਣ ਵਾਲਾ (ਹਿੱਸਾ) ਮੁੰਹ  ਬਾਹਰ ਹੁੰਦਾ ਸੀ।ਜਦੋਂ ਸਾਰੇ ਨਹਾ ਧੋ ਕੇ ਆਪਣੇ ਆਪਣੇ ਕੱਪੜੇ ਪਾ ਕੇ ਬੱਸ ਵਿਚ ਬੈਠਣ ਲੱਗੇ ਤਾਂ ਵਾਜੇ ਵਾਲ਼ਿਆਂ ਵਾਂਗੂ  ਇੱਕੋ ਰੰਗ ਦੇ ਪਾਏ ਕੱਪੜੇ ਵੇਖ ਕੇ ਬਾਕੀ ਸ਼ਰੀਕੇ ਭਾਈਚਾਰੇ ਦੇ ਲੋਕ  ਤੇ ਰਿਸ਼ਤੇਦਾਰ ਮੁਸਕੜੀਏਂ ਹੱਸਣ ਲੱਗੇ। ਜਦੋਂ ਕਿ ਸਾਡੇ ਕੱਪੜੇ ਤਾਂ ਨਵੇਂ ਸਿਉਂਤੇ ਹੋਏ ਸਨ ਪਰ ਬਾਕੀਆਂ ਦੇ  ਤਾਂ ਧੋ-ਧਾ ਕੇ ਹੀ ਪਾਏ ਹੋਏ ਸਨ।ਪਰੰਤੂ ਸਾਡਾ  ਮਜ਼ਾਕ ਬਣਾ ਕੇ ਉਨ੍ਹਾਂ ਬੜੀਆਂ ਵੱਖੀਆਂ ਭਨਾਈਆਂ। ਵਾਜੇ ਵਾਲ਼ਿਆਂ ਦੇ ਵੀ ਇਕੋ ਰੰਗ ਦੀ ਵਰਦੀ ਪਾਈ ਹੋਈ ਸੀ ਤੇ ਸਾਡੇ ਟੱਬਰ  ਦੇ ਵੀ ਡਿਪੂ ਵਾਲੇ ਇਕੋ ਰੰਗ ਦੇ ਕਪੜੇ ਪਾਏ ਹੋਏ ਸਨ। ਜਦੋਂ  ਪਟਿਆਲੇ ਕੋਲ  ਢਕੜੱਬੇ ਜਾ ਕੇ ਬਰਾਤ ਲਾਰੀ ਚੋਂ ਉੱਤਰੀ ਤੇ ਬਰਾਂਡੇ ਵਿੱਚ  ਵਿਛੀਆਂ ਪਟੀਆਂ ਉਤੇ  ਚਾਹ ਪਾਣੀ ਪੀਣ ਲਈ ਬੈਠੀ ਤਾਂ ਕੁੜੀ ਵਾਲਿਆਂ ਦੇ ਆਏ ਮੇਲ਼ ਦੀਆਂ ਕੁੜੀਆਂ-ਕੱਤਰੀਆਂ ਸਾਡੇ ਟੱਬਰ ਦੇ ਪਾਏ ਇੱਕੋ ਜਿਹੇ ਕੱਪੜੇ ਵੇਖ ਵੇਖ ਬਹੁਤ ਹੱਸੀਆਂ ਤੇ ਢਿੱਡੀਂ ਪੀੜਾਂ ਪਾ ਲਈਆਂ।ਮੇਰੇ ਨਿੱਕੇ ਜਿਹੇ ਦੇ  ਬੁਰਸ਼ਟ-ਪੈਂਟ ਪਾਈ ਵੇਖ ਕੇ  ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਨੇ ਮੈਨੂੰ ਗੋਦੀ ਚੁੱਕ ਕੇ ਸਾਰੇ ਵਿਹੜੇ ਵਿੱਚ ਘੁਮਾ ਕੇ ਹਾਸੇ-ਠੱਠੇ ਦਾ ਪਾਤਰ ਬਣਾ ਦਿੱਤਾ। ਕੋਈ ਮੇਰੀ ਕੱਪੜੇ ਵਾਲੀ ਬੈਲਟ ਖਿੱਚੇ ਤੇ ਕੋਈ  ਮੇਰੀਆਂ ਜੇਬਾਂ ਫੋਲ ਫੋਲ ਵੇਖੇ। ਮੈਂ  ਤਾਂ ਬਰਾਤ ਵਿੱਚ ਆਪਣੀ ਪੂਰੀ ਟੌਰ ਕੱਢ ਕੇ ਗਿਆ  ਸੀ ਪਰ ਹੋਇਆ ਇਸ ਦੇ ਉਲਟ। ਅਜੀਬੋ-ਗਰੀਬ ਵਰਤਾਰਾ ਵੇਖ ਕੇ  ਮੈਂ  ਭਮੱਤਰ ਗਿਆ। ਮੈਨੂੰ ਸਮਝ ਨਾ ਆਵੇ ਕਿ ਮੈਂ ਹੱਸਾਂ ਜਾਂ  ਰੋਵਾਂ। ਫਿਰ ਕਿਤੇ ਦੁਪਹਿਰ ਤੱਕ ਜਾ ਕੇ ਇੱਕੋ ਜਿਹੇ  ਪਾਏ ਕੱਪੜਿਆਂ ਦਾ  ਇਪਿਸੋਡ ( ਪ੍ਰਸੰਗ) ਖ਼ਤਮ ਹੋਇਆ।
ਸੁਰਿੰਦਰ ਸ਼ਰਮਾ ਨਾਗਰਾ
9878646595
(ਲੇਖਕ  ਐੱਮ ਏ ਅਰਥ ਸ਼ਾਸਤਰ ਹੈ ਤੇ ਬੈਂਕ ਚੋਂ ਚੀਫ਼ ਮੈਨੇਜਰ ਸੇਵਾਮੁਕਤ ਹੈ)
Previous articleਪੰਥ ਪ੍ਰਸਿੱਧ ਵਿਦਵਾਨ ਅਤੇ ਸਿੱਖ ਪ੍ਰਚਾਰਕ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦੇ ਪਿਤਾ ਸ੍ਰ: ਹਰਦਿਆਲ ਸਿੰਘ ਜੀ ਦਾ ਸਸਕਾਰ ਅੱਜ ਲੁਧਿਆਣਾ ਦੀ ਦਾਣਾ ਮੰਡੀ ਸ਼ਮਸ਼ਾਨਘਾਟ ਨੇੜੇ ਅਰੋੜਾ ਪੈਲਿਸ : ਨਿਮਾਣਾਂ
Next articleਯੁੱਧ ਨਸ਼ਿਆਂ ਵਿਰੁੱਧ ਲੜਦੀ ਪੁਲੀਸ ਤੇ ਸਰਕਾਰ ਨਸ਼ਿਆਂ ਦੇ ਨਾਲ ਹੋਣ ਮੌਤਾਂ ਮੱਚੀ ਹਾਹਾਕਾਰ