(ਸਮਾਜ ਵੀਕਲੀ)
ਹੋਰ ਰਾਜੇ ਕੀ ਹਾਲ ਚਾਲ ਹੈ?
ਕਨੇਡਾ ਤੋਂ ਆਈ ਵ੍ਹਟਸਐਪ ਕਾਲ ਤੇ ਆਪਣੇ ਮਿੱਤਰ ਵਲੋਂ ਹੈਲੋ ਕਹਿਣ ਤੋਂ ਬਾਅਦ ਮੈਂ ਪੁੱਛਿਆ |
ਬੱਸ ਠੀਕ ਆ ਭਰਾ, ਦਿਹਾੜੀ ਤੇ ਚੱਲੇ ਆਂ,ਅਜੇ ਬੱਸ ਆਉਣ ਚ ਦਸ ਕੁ ਮਿੰਟ ਪਏ ਸੀ, ਮੈ ਕਿਹਾ ਤੇਰਾ ਹਾਲ ਚਾਲ ਹੀ ਪੁੱਛ ਲਈਏ |
ਹੋਰ ਸੁਣਾ ਕੀ ਹਾਲ ਚਾਲ, ਕੰਮ ਕਾਰ ਕਿੱਦਾਂ,ਪਿੰਡ ਦਾ ਕੀ ਹਾਲ |ਆ ਗਿਆ ਦੁਕਾਨ ਤੇ?
ਰਾਜੇ ਨੇ ਮੇਰੇ ਵਲੋਂ ਹਾਲ ਚਾਲ ਪੁੱਛਣ ਤੋਂ ਬਾਅਦ ਫ਼ੋਨ ਲਾਉਣ ਦਾ ਕਰਨ ਦੱਸਿਆ, ਤੇ ਇੱਕੋ ਸਾਹੇ ਕਿੰਨਾ ਕੁਝ ਪੁੱਛ ਲਿਆ |
ਕਿਰਪਾ ਮਾਲਿਕ ਦੀ, ਹਾਂ ਮੈ ਦੁਕਾਨ ਤੇ ਥੋੜਾ ਜਲਦੀ ਆ ਜਾਨਾ, ਬੱਚਿਆਂ ਨੇ ਵੀ ਸਕੂਲ ਮੇਰੇ ਨਾਲ ਹੀ ਆਉਣਾ ਹੁੰਦਾ ਤਾ ਕਰਕੇ |
ਮੈ ਰਾਜੇ ਦੇ ਸਵਾਲ ਦਾ ਜਵਾਬ ਦਿੱਤਾ |
ਮੌਜ ਆ ਤੁਹਾਨੂੰ ਇੰਡੀਆ ਵਾਲਿਓ,ਲੱਤ ਤੇ ਲੱਤ ਰੱਖ ਕੇ ਬੈਠੇ ਦੁਕਾਨ ਤੇ|’ਚੰਗਾ ਖਾਨੇ ਮੰਦਾ ਬੋਲਦੇ’ ਵੱਡੀ ਗੱਲ ਆਪਣੇ ਟੱਬਰ ਟੀਰੇ ਚ ਬੈਠੇ ਤੁਸੀ |ਰਾਜੇ ਨੇ ਇੱਕ ਲੰਮਾ ਸਾਹ ਭਰ ਕੇ ਟਿੱਚਰ ਵਿੱਚ ਟਾਂਚ ਦੇ ਮਾਰੀ |
ਗੱਲ ਤਾਂ ਤੇਰੀ ਸਹੀ ਆ ਬਈ, ਆਵਦੇ ਘਰ ਨਾਲ ਦੀ ਰੀਸ ਨਹੀ,ਪਰ ਤੂੰ ਤੇ ਏਦਾਂ ਕਹਿ ਰਿਹਾ ਜਿਵੇਂ ਤੈਨੂੰ ਕੋਈ ਨੂੜ ਕੇ ਕਨੇਡਾ ਲੈ ਕੇ ਗਿਆ ਹੋਵੇ |ਗਿਆ ਤਾਂ ਆਵਦੀ ਮਰਜ਼ੀ ਨਾਲ ਹੀ ਆ? ਰਾਜੇ ਦੀ ਟਾਂਚ ਦਾ ਜਵਾਬ ਦਿੰਦੇ ਹੋਏ ਰਾਜੇ ਨੂੰ ਅਸਲੀਅਤ ਨੇੜੇ ਲਿਆਂਦਾ |
ਬੱਸ ਬਾਹਰ ਲਿਆਂ ਦੀ ਚਮਕ ਦਮਕ ਨੇ ਪੱਟ ਲਿਆ ਸੀ ਯਰ, ਵੱਡੀਆਂ ਕੋਠੀਆਂ, ਮਹਿੰਗੀਆਂ ਕਾਰਾਂ ਦੇਖ ਕੇ ਮਨ ਲਾਲਚੀ ਹੋ ਗਿਆ ਸੀ, ਕਿ ਪਤਾ ਨਹੀ ਬਾਹਰ ਡਾਲਰ ਰੁੱਖਾਂ ਨੂੰ ਲੱਗਦੇ ਖ਼ੌਰੇ |ਪਰ ਏਥੇ ਆ ਕੇ ਪਤਾ ਲੱਗਾ, ਕਮਾਈ ਸੌਖੀ ਨਹੀ ਭਰਾ|ਅਗਲੇ ਲੱਕ ਨਹੀ ਸਿੱਧਾ ਕਰਨ ਦਿੰਦੇ ਜੌਬ ਤੇ|ਥੋਡੇ ਆਂਗੂ ਲਹਿੰਦੀਆਂ ਲਹਿੰਦੀਆਂ ਨਹੀ ਖਾਂਦੇ ਭਾਈ ਹੁਣ ਅਸੀਂ, ਜੋ ਰੁੱਖੀ ਮਿੱਸੀ ਹੁੰਦੀ ਕਾਲਜਾ ਨੱਪਣਾ ਪੈਂਦਾ ਏਥੇ|ਜੇ ਪੀਜ਼ੇ ਬਰਗਰ ਖਾਣ ਬੈਠ ਜਾਈਏ ਭਾਈ ਪਿੰਡ ਟੱਬਰ ਟੀਰੇ ਵਲ ਖਿਆਲ ਚਲੇ ਜਾਂਦਾ ਕੇ ਦਸ ਦਸ ਜੋੜ ਕੇ ਭਾਵੇਂ ਘਰ ਭੇਜ ਦਿੰਦੇ |ਬਹੁਤੀ ਵਾਰ ਤਾਂ ਭਰਾਵਾ ਜੌਬ ਤੋਂ ਲੇਟ ਆਉਣ ਕਰਕੇ ਤੇ ਥਕਾਵਟ ਕਰਕੇ ਦੋ ਗਲਾਸ ਪਾਣੀ ਦੇ ਪੀ ਕੇ ਵੀ ਭੁੱਖ ਮਾਰ ਲਈ ਦੀ |ਅੱਜ ਦੀ ਪ੍ਰਦੇਸਾਂ ਦੀ ਜ਼ਿੰਦਗੀ ਫੋਕੀ ਵਾਹ ਵਾਹ ਹੀ ਰਹਿ ਗਈ ਮਿੱਤਰਾ |
ਤਿੰਨ ਕੋ ਹਜ਼ਾਰ ਡਾਲਰ ਮਸਾਂ ਬਣਦੇ ਮਹੀਨੇ ਦੇ, ਇਨ੍ਹਾਂ ਚੋਂ ਅੱਧੇ ਤਾਂ ਘਰ ਦੇ ਰੈਂਟ ਤੇ ਰੋਟੀ ਪਾਣੀ ਤੇ ਨਿਕਲ ਜਾਂਦੇ, ਬਾਕੀ ਕੰਮ ਤੇ ਆਉਣ ਜਾਣ ਦਾ ਕਿਰਾਇਆ,ਮੋਬਾਇਲ, ਤੇ ਟੈਕਸ ਹੋਰ ਉਰਾ ਪਰਾ ਪਾ ਕੇ ਮਸਾਂ ਚਾਰ ਪੰਜ ਸੌ ਡਾਲਰ ਬਚਦਾ ਔਖੇ ਹੋ ਕੇ ਮੰਥ ਐਂਡ ਤੇ |…ਉਧਰ ਇੰਡੀਆ ਵਾਲੇ ਅੱਡੀਆਂ ਚੁੱਕ ਚੁੱਕ ਦੇਖਦੇ ਸ਼ਾਇਦ ਐਤਕੀ ਭੇਜੂੰ ਕੁਝ… ਬੱਸ ਯਰ ਦੂਰ ਦੇ ਢੋਲ ਵੱਜਦੇ ਹੀ ਸੁਹਾਵਣੇ ਲੱਗਦੇ |
ਇੰਡੀਆ ਅਸੀਂ ਵਾਹੀ ਲਈ 2 ਸੀਰੀ ਰੱਖੇ ਸੀ, ਏਥੇ ਖ਼ੁਦ ਸੀਰੀ ਬਣੇ ਹੋਏ ਆ | ਯਰ ਹੁਣ ਇੱਕ ਤਰਾਂ ਦੇ ਕਿਸਤਾਂ ਦੇ ਮੱਕੜ ਜਾਲ ਜਿਹੇ ਚ ਫਸ ਗਏ ਆਂ |
ਤਾਂ ਹੀ ਤੈਨੂੰ ਕਿਹਾ ਸੀ ਮੌਜ ਆ ਤੁਹਾਨੂੰ…. ਰਾਜੇ ਨੇ ਆਪਣੇ ਅੰਦਰਲੀਆ ਕਹਿ ਕੇ ਢਿੱਡ ਹੌਲਾ ਕੀਤਾ |
ਬੱਸ ਰਾਜੇ ਮੋਹ ਮਾਇਆ ਖਿੱਚ ਕੇ ਲੈ ਜਾਂਦੀ,ਹੋਰ ਤਾਂ ਕੁਝ ਨਹੀ| ਖਾਣੀਆਂ ਤਾਂ ਦੋ ਰੋਟੀਆਂ |ਏਥੇ ਕੀ ਤੇ ਉੱਥੇ ਕੀ… ਬਾਕੀ ਬਾਹਰ ਜਾਣ ਦਾ ਵੀ ਕੋਈ ਢੰਗ ਤਰੀਕਾ ਹੁੰਦਾ |ਇੰਡੀਆ ਤੋਂ ਵਧੀਆ ਸਟੱਡੀ ਕਰਕੇ ਜਾਓ ਘੱਟੋ ਘੱਟ ਉਧਰਲੀ ਸਰਕਾਰ ਤੁਹਾਨੂੰ ਵਧੀਆ ਨੌਕਰੀ ਤਾਂ ਦੇ ਸਕੇ, ਅਸੀਂ ਤਾਂ ਕਹਿਨੇ ਕਿਹੜੀ ਘੜੀ ਨਿਆਣੇ ਬਾਰ੍ਹਵੀਂ ਕਰਨ ਆਈਲਟਸ ਕਰਵਾਈਏ ਤੇ ਬਾਹਰ ਤੋਰੀਏ |ਜਿਹੜੀ ਸਾਡੀ ਬਾਰ੍ਹਵੀਂ ਜਾ ਬੀ. ਏ ਨੂੰ ਏਥੇ ਕੋਈ ਨਹੀ ਪੁੱਛਦਾ ਉੱਥੇ ਕੌਣ ਪੁੱਛੂ|ਜਮੀਨਾਂ ਜਾਇਦਾਦਾਂ ਦਾ ਮਾਲਿਕ ਅਸੀਂ ਬਾਹਰ ਦਿਹਾੜੀ ਕਰਨ ਤੋਰ ਦੇਈਦਾ|ਇਹ ਮਾੜੀ ਗੱਲ ਆ ਬਈ, ਮੈ ਵੀ ਆਪਣੇ ਮਨ ਦੀ ਆਪਣੇ ਮਿੱਤਰ ਨੂੰ ਕਹਿ ਮਾਰੀ|
ਏਨੇ ਨੂੰ ਮੇਰੇ ਮਿੱਤਰ ਦੀ ਬੱਸ ਆ ਗਈ ਉਸਨੇ ਇਹ ਕਹਿ ਕੇ ਫ਼ੋਨ ਕੱਟ ਦਿੱਤਾ,ਕਿ ਇਸ ਗੱਲ ਦੀ ਸਮਝ ਹੁਣ ਪੱਲੇ ਪਈ
“ਗ਼ੈਰ ਮੁਲਖ਼ ਦੀ ਚਾਕਰੀ ਨਾਲੋਂ ਆਪਣੇ ਵਤਨ ‘ਚ ਬਾਦਸ਼ਾਹੀ ਚੰਗੀ”
ਹੈਪੀ ਸ਼ਾਹਕੋਟੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly