(ਸਮਾਜ ਵੀਕਲੀ)
ਕਸ਼ਮੀਰ *ਚ ਆਮ ਨਾਗਰਿਕਾਂ *ਤੇ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਨੇ ਇਕ ਵਾਰ ਫਿਰ ਸਰਕਾਰ ਦੇ ਸੁਰੱਖਿਆ ਦਾਅਵਿਆਂ *ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਅੱਤਵਾਦੀ ਸੰਗਠਨਾਂ ਨੇ ਇਸ ਮਹੀਨੇ ਜਿਸ ਤਰ੍ਹਾਂ ਆਮ ਲੋਕਾਂ, ਖਾਸ ਤੌਰ *ਤੇ ਪਰਵਾਸੀ ਕਾਮਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ, ਉਸ ਤੋਂ ਲੱਗ ਰਿਹਾ ਹੈ ਕਿ ਵਾਦੀ ਮੁੜ 90 ਦੇ ਦਹਾਕੇ ਵਾਲੇ ਹਲਾਤਾਂ ਵੱਲ ਜਾ ਰਹੀ ਹੈ। ਕਸ਼ਮੀਰ ਦੇ ਮੌਜੂਦਾ ਹਲਾਤਾਂ ਦੀ ਗੰਭੀਰਤਾ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਿਰਫ ਪਿਛਲੇ 18 ਦਿਨਾਂ *ਚ 12 ਲੋਕ ਅੱਤਵਾਦੀ ਹਮਲਿਆਂ *ਚ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 10 ਗੈਰ ਮੁਸਲਮ ਹਨ।
ਜਦਕਿ ਇਸ ਸਾਲ ਜਨਵਰੀ ਤੋਂ ਸਤੰਬਰ ਤੱਕ 20 ਆਮ ਨਾਗਰਿਕ ਅੱਤਵਾਦੀ ਹਮਲਿਆਂ ਦੇ ਸ਼ਿਕਾਰ ਹੋਏ ਸਨ।ਯਾਨੀ ਇਸ ਮਹੀਨੇ ਅੱਤਵਾਦੀ ਹਮਲਿਆਂ *ਚ ਅਚਾਨਕ ਤੇਜੀ ਆਈ ਹੈ। ਹਾਲਾਂਕਿ ਕੇਂਦਰ ਸਰਕਾਰ ਦਾਅਵਾ ਕਰਦੀ ਆਈ ਹੈ ਕਿ ਅਗਸਤ 2019 *ਚ ਜੰਮੂ —ਕਸ਼ਮੀਰ *ਚੋਂ ਧਾਰਾ 370 ਹਟਾਉਣ ਤੋਂ ਬਾਅਦ ਉਥੇ ਬਚੇ—ਖੁਚੇ ਅੱਤਵਾਦੀਆਂ ਦੇ ਖਾਤਮੇ ਲਈ ਫੌਜ਼ ਅਤੇ ਪੁਲਿਸ ਮੁਹਿੰਮ ਚਲਾ ਰਹੀ ਹੈ। ਪਰ ਜਿਸ ਤਰ੍ਹਾਂ ਅੱਤਵਾਦੀ ਸੰਗਠਨ ਸਿਰ ਚੱਕ ਰਹੇ ਹਨ, ਉਸ ਨੂੰ ਦੇਖਕੇ ਕੌਣ ਕਹੇਗਾ ਕਿ ਅੱਤਵਾਦੀਆਂ *ਤੇ ਨਕੇਲ ਪਈ ਹੈ।
ਇਹ ਨਹੀਂ ਭੁੱਲਣਾ ਚਾਹੀਦਾ ਕਿ ਪਿਛਲੇ ਸਾਲ ਵੀ ਕਸ਼ਮੀਰ *ਚ ਅੱਤਵਾਦੀਆਂ ਨੇ ਸਿਆਸੀ ਪਾਰਟੀਆਂ ਦੇ ਸਥਾਨਕ ਆਗੂਆਂ ਅਤੇ ਪਾਰਟੀ ਵਰਕਰਾਂ ਨੂੰ ਚੁਣ—ਚੁਣ ਕੇ ਨਿਸ਼ਾਨਾ ਬਣਾਇਆ ਸੀ। ਉਦੋਂ ਵੀ ਡਰ ਦੇ ਮਾਰੇ ਕਈ ਲੋਕਾਂ ਨੇ ਸਿਆਸਤ ਤੋੱ ਤੌਬਾ ਕਰ ਲਈ ਸੀ।ਇਸ ਵਾਰ ਅੱਤਵਾਦੀ ਸੰਗਠਨਾ ਨੇ ਆਮ ਨਾਗਰਿਕਾਂ ਨੂੰ ਮਾਰ ਕੇ ਦਹਿਸ਼ਤ ਫੈਲਾਉਣ ਦੀ ਰਣਨੀਤੀ ਅਪਣਾਈ ਹੈ। ਜਿਸ ਤਰ੍ਹਾਂ ਆਮ ਲੋਕਾਂ ਬਾਰੇ ਪਹਿਲਾਂ ਦੱਸ ਕੇ ਉਨ੍ਹਾਂ ਨੂੰ ਮਾਰਿਆ ਜਾ ਰਿਹਾ ਹੈ, ਉਸਦਾ ਮਕਸਦ ਗੈਰ—ਕਸ਼ਮੀਰੀਆਂ ਅਤੇ ਗੈਰ—ਮੁਸਲਮਾਨਾ ਅੰਦਰ ਖੌਫ ਪੈਦਾ ਕਰਨਾ ਹੀ ਹੈ, ਇਸੇ ਲਈ ਲੱਗ ਰਿਹਾ ਹੈ ਜਿਵੇਂ 90 ਦੇ ਦਹਾਕੇ *ਚ ਕਸ਼ਮੀਰੀ ਪੰਡਤਾਂ ਨੂੰ ਵਾਦੀ ਛੱਡਣ ਲਈ ਮਜਬੂਰ ਹੋਣਾ ਪਿਆ ਸੀ, ਇਹ ਅੱਤਵਾਦੀ ਸੰਗਠਨ ਮੁੜ ਉਹ ਜਿਹਾ ਮਾਹੌਲ ਸਿਰਜਣਾ ਚਾਹ ਰਹੇ ਹਨ।
ਕਸ਼ਮੀਰ *ਚ ਤਕਰੀਬਨ ਪੰਜ ਲੱਖ ਪਰਵਾਸੀ ਮਜ਼ਦੂਰ ਹਨ, ਜੋ ਭਵਨ ਨਿਰਮਾਣ ,ਖੇਤੀ ਅਤੇ ਹੋਰ ਸਥਾਨਕ ਕਾਰਖਾਨਿਆਂ *ਚ ਕੰਮ ਕਰਦੇ ਹਨ।ਰੇਹੜੀ ਲਾਉਣ ਅਤੇ ਹੋਰ ਛੋਟੇ ਕੰਮ ਕਰਕੇ ਰੋਜੀ ਰੋਟੀ ਕਮਾਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵੀ ਘੱਟ ਨਹੀਂ ਹੈ। ਅਜਿਹੇ *ਚ ਜੇਕਰ ਵੱਡੀ ਗਿਣਤੀ *ਚ ਇਹ ਕਾਮੇ ਆਪਣੇ ਘਰਾਂ ਨੂੰ ਪਰਤਣ ਲੱਗੇ ਤਾਂ ਕਸ਼ਮੀਰ ਦੀ ਅਰਥਵਿਵਸਥਾ ਡਾਂਵਾਡੋਲ ਹੋ ਸਕਦੀ ਹੈ। ਕਸ਼ਮੀਰ ਦੀ ਅਰਥਵਿਵਸਥਾ ਸੈਰ—ਸਪਾਟੇ *ਤੇ ਟਿਕੀ ਹੈ। ਜੇਕਰ ਇਸੇ ਤਰਾਂ ਅੱਤਵਾਦੀ ਹਮਲੇ ਹੁੰਦੇ ਰਹੇ ਤਾਂ ਕੀ ਲੋਕ ਆਪਣੀ ਜਾਨ ਜ਼ੋਖਮ *ਚ ਪਾ ਕੇ ਕਸ਼ਮੀਰ ਘੁੰਮਣ ਜਾਣਗੇ?
ਕਸ਼ਮੀਰ *ਚ ਲਗਾਤਾਰ ਹੋ ਰਹੇ ਹਮਲਿਆਂ ਨੂੰ ਅੱਤਵਾਦੀਆਂ ਵੱਲੋਂ ਖੁੰਦਕ *ਚ ਕੀਤੇ ਗਏ ਹਮਲੇ ਦੱਸ ਕੇ ਜਾਂ ਪਾਕਿਸਤਾਨ ਦੇ ਮੱਥੇ ਇਲਜ਼ਾਮ ਲਾ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ।ਜੇਕਰ ਫੌਜ਼ ਦੀਆਂ ਅੱਤਵਾਦ ਰੋਕੂ ਮੁਹਿੰਮਾਂ ਦੇ ਬਾਵਜੂਦ ਅੱਤਵਾਦੀ ਸ਼ਰੇਆਮ ਹਮਲੇ ਕਰਕੇ ਲੋਕਾਂ ਨੂੰ ਮਾਰਨ *ਚ ਕਾਮਯਾਬ ਹੋ ਰਹੇ ਹਨ ਤਾਂ ਇਹ ਕਿਤੇ ਨਾ ਕਿਤੇ ਸੁਰੱਖਿਆ ਸਬੰਧੀ ਰਣਨੀਤੀ *ਤੇ ਸਵਾਲ ਖੜਾ ਕਰਨ ਵਾਲੀ ਗੱਲ ਹੈ। ਮੌਜੂਦਾ ਸਮੇ *ਚ ਸਭ ਤੋਂ ਜਰੂਰੀ ਹੈ ਕਿ ਸਰਕਾਰ ਤੁਰੰਤ ਅਜਿਹੇ ਕਦਮ ਚੱਕੇ ਜਿਸ ਨਾਲ ਪ੍ਰਵਾਸੀ ਮਜ਼ਦੂਰਾਂ ਅੰਦਰ ਪੈਦਾ ਹੋਈ ਅਸੁਰੱਖਿਆ ਦੀ ਭਾਵਨਾ ਖਾਤਮ ਹੋਵੇ ਅਤੇ ਉਨ੍ਹਾਂ ਨੂੰ ਆਪਣੇ ਘਰ ਪਰਤਣ ਲਈ ਮਜ਼ਬੂਰ ਨਾ ਹੋਣਾ ਪਵੇ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly