(ਸਮਾਜ ਵੀਕਲੀ)
ਜਿਨ੍ਹਾਂ ਨੂੰ ਤੂੰ ਵੋਟਾਂ ਖੁਸ਼ੀ ਖੁਸ਼ੀ ਕਦੇ ਪਾਈਆਂ ਸੀ
ਚੂਨਾ ਲਾ ਗਏ ਤੈਨੂੰ ਲੀਡਰ ਕਰ ਹੁਸ਼ਿਆਰੀ।
ਘਰ ਦੇ ਭੇਤੀ ਲੰਕਾਂ ਮੁੱਢ ਤੋ ਢਾਉਂਦੇ ਆਏ ਆ,
ਧੋਖਾ ਕਰ ਗਏ ਤੇਰੇ ਨਾਲ਼ ਵੱਡੇ ਹੰਕਾਰੀ।
ਸੌਦੇ ਕਰ ਲਏ ਇਹਨਾਂ ਦੀ ਮਰੀ ਜਮੀਰਾਂ ਨੇ,
ਬਣਗੇ ਨੇਤਾ ਵੀ ਹੁਣ ਝੂਠ ਦੇ ਵਪਾਰੀ।
ਕਤਲ ਕਰਦੇ ਫਿਰਦੇ ਬਣ ਰਾਖੇ ਕਾਨੂੰਨ ਦੇ,
ਰੋਵੈ ਕਾਤਿਲ ਉੱਤੇ ਧਰਤ ਮਾਂ ਹੁਣ ਪਿਆਰੀ।
ਬਣ ਗਏ ਦੌਲਤਾਂ ਦੇ ਕੁਬੇਰ ਰਾਤੋ ਰਾਤ ਬਈ,
ਮਾਇਆ ਉੱਤੇ ਬਹਿ ਗਏ ਵਿਸੀਅਰ ਕੁੰਡਲੀ ਮਾਰੀ।
ਖੁੱਲ੍ਹੇ ਗੱਫੇ ਧਾੜੇ ਮਾਰਦੇ ਨੇ ਸ਼ਰਿਆਮ ਲੋਕੋ,
ਜੱਗ ਨਚਾਉਂਦੇ ਫਿਰਦੇ ਇਹ ਜੋ ਅਜਬ ਮਦਾਰੀ।
ਗੱਡੀ ਅੰਨਦਾਤੇ ਤੇ ਚਾੜਨ ਵਾਲ਼ੇ ਦੋਸ਼ੀ ਨੇ,
ਚੱਲੇ ਕੇਸ ਕਸੁੱਤੀ ਫ਼ਸ ਗਈ ਠਾਣੇਦਾਰੀ।
ਤੜਕੇ ਲਾਉਂਦੇ ਫਿਰਦੇ ਅੱਜਕਲ ਝੂਠੀਆਂ ਖਬਰਾਂ ਨੂੰ,
ਬੈਠੀ ਚੁਗਲਬਾਜਾਂ ਦੀ ਜੁੜਕੇ ਮੰਡਲੀ ਭਾਰੀ।
ਧੰਨਿਆਂ ਹੋਕੇ ਤੁਰਗੇ ਏਥੋਂ ਸਿਆਸਤਦਾਨ ਬੜੇ,
ਇਹਨਾਂ ਨੇ ਵੀ ਤੁਰਨਾ ਆਪੋ ਆਪਣੀ ਵਾਰੀ।
ਕਿਵੇਂ ਸੀਨਾ ਚੀਰਕੇ ਦਿਲ ਦਾ ਹਾਲ ਵਿਖਾ ਦਿਆਂ ਓਏ,
ਧਾਲੀਵਾਲਾ ਕੈਸੀ ਇਹ ਹੈ ਦੁਨੀਆਂਦਾਰੀ।
ਜੁਮਲੇ ਮਹਿੰਗੇ ਪੈ ਗਏ,ਸਮੇਂ ਦੀਆਂ ਸਰਕਾਰਾਂ ਨੂੰ,
ਜੁਮਲਿਆਂ ਵਿੱਚ ਫਸ ਗਿਆ,ਜੁਮਲਿਆਂ ਦਾ ਸ਼ਿਕਾਰੀ।
ਧੰਨਾ ਧਾਲੀਵਾਲ
9878235714
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly