ਸਮਾਜ ਵੀਕਲੀ
ਬੂਹਾ ਖੁੱਲਿਆ ਤਾਂ ਸਾਹਮਣੇ ਪੁਲਿਸ ਦੀ ਵਰਦੀ ਵਿੱਚ ਇੱਕ ਨੋਜਵਾਨ ਖੜਿਆ ਵੇਖ ਜਸਵੰਤ ਦੀ ਮਾਂ ਘਬਰਾ ਗਈ ਜਦ ਉਸ ਨੇ ਧਿਆਨ ਨਾਲ ਵੇਖਿਆ ਤਾਂ ਉਹ ਵੇਖ ਹੈਰਾਨ ਜਿਹੀ ਹੋ ਗਈ ਤੇ ਬੋਲੀ
” ਜਸਵੰਤ ਪੁੱਤ ਤੂੰ ”
ਉਸ ਨੇ ਆਪਣੇ ਪੁੱਤ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਜਸਵੰਤ ਪੁਲਿਸ ‘ਚ ਭਰਤੀ ਹੋ ਗਿਆ , ਜਸਵੰਤ ਦੀ ਮਾਂ ਖੁਸ਼ੀ ਵਿੱਚ ਉੱਚੀ ਅਵਾਜ਼ ਮਾਰੀ ” ਬਾਹਰ ਆਓ ਜੀ , ਆਪਣਾ ਜਸਵੰਤ ਆਇਆ , ਪੁਲਿਸ ਚ ਭਰਤੀ ਹੋ ਗਿਆ ਮੇਰਾ ਪੁੱਤ “।
ਗੁਰਨਾਮ ਨੇ ਕਿਤਾਬ ਰੱਖ ਬਹਾਰ ਬੂਹੇ ਤੇ ਆ ਗਿਆ, ਸਾਹਮਣੇ ਪੁਲਿਸ ਦੀ ਵਰਦੀ ਚ ਪੁੱਤ ਨੂੰ ਵੇਖ ਖੁਸ਼ ਤਾਂ ਹੋਇਆ ਪਰ ਨਾਲ ਹੀ ਨਾਲ ਆਪਣੇ ਸੁਪਨਿਆਂ ਦਾ ਕਤਲ ਹੁੰਦਾ ਵੀ ਵੇਖਿਆ, ਕਿਉਂ ਕਿ ਗੁਰਨਾਮ ਇੱਕ ਅਧਿਆਪਕ ਰਿਟਾਇਰ ਹੋਇਆ ਸੀ ਉਹ ਵੀ ਚਹੁੰਦਾ ਸੀ ਕਿ ਉਸ ਪੁੱਤ ਵੀ ਅਧਿਆਪਕ ਬਣੇ। ਜਸਵੰਤ ਨੇ ਆਪਣੇ ਮਾਪਿਆਂ ਦੇ ਪੈਰੀਂ ਹੱਥ ਲਾਏ ਤੇ ਆਪਣੇ ਪੁਲਿਸ ਚ ਭਰਤੀ ਹੋਣ ਵਾਲੇ ਸੁਪਨੇ ਨੂੰ ਪੂਰਾ ਕੀਤਾ। ਐਮ.ਏ. ਪੜ੍ਹਾਈ ਵੇਲੇ ਅਕਸਰ ਉਹ ਆਪਣੇ ਮਿੱਤਰਾਂ ਨੂੰ ਦੱਸਿਆ ਕਰਦਾ ਕਿ ਉਸ ਮਾਮਾ ਜੀ ਜੋ ਪੁਲਿਸ ਵਿੱਚ ਇੰਸਪੈਕਟਰ ਹਨ ਉਹਨਾਂ ਵਰਗਾ ਬਣਨਾ ਚਾਹੁੰਦਾ ਇਮਾਨਦਾਰ ਤੇ ਨੇਕ ਇਨਸਾਨ ਤੇ ਪੁਲਿਸ ਚ ਭਰਤੀ ਹੋਣਾ ।
ਜਸਵੰਤ ਮਾਪਿਆਂ ਦਾ ਇੱਕਲਾ ਪੁੱਤ ਹੋਣ ਕਰਕੇ ਉਸਨੂੰ ਉਸਦੇ ਮਾਪਿਆਂ ਨੇ ਕਦੇ ਦੂਰ ਨਾ ਭੇਜਦੇ ਪਰ ਟ੍ਰੇਨਿੰਗ ਤੇ ਡਿਊਟੀ ਆਪਣੇ ਸ਼ਹਿਰ ਤੋਂ ਦੂਰ ਹੋਣ ਕਾਰਣ ਮਾਪਿਆਂ ਨੂੰ ਇੱਕਲਿਆਂ ਰਹਿਣਾ ਪਿਆ, ਜਸਵੰਤ ਨੇ ਜਦ ਵੀ ਛੁੱਟੀ ਆਉਣਾ ਤਾਂ ਉਹਨਾਂ ਦੀਆਂ ਦਵਾਈਆਂ , ਰਾਸ਼ਨ ਆਦਿ ਲੋੜਵੰਦ ਸਮਾਨ ਲਿਆ ਰੱਖ ਦੇਣਾ। ਪ੍ਰੀਤ ਹੁਣ ਬਹੁਤ ਖੁਸ਼ ਸੀ ਉਸ ਦੀ ਟ੍ਰੇਨਿੰਗ ਸਮਾਪਤ ਹੋ ਗਈ ਤੇ ਜਲੰਧਰ ਸ਼ਹਿਰ ਵਿੱਚ ਉਸ ਦੀ ਡਿਊਟੀ ਲੱਗ ਗਈ । ਜੋ ਉਸ ਦੇ ਸ਼ਹਿਰ ਨਾਲੋਂ ਬਹੁਤ ਦੂਰ ਸੀ। ਅਚਾਨਕ ਜਸਵੰਤ ਦੇ ਮਾਤਾ ਬਹੁਤ ਜ਼ਿਆਦਾ ਬਿਮਾਰ ਹੋ ਗਏ ਘਰ ਕੋਈ ਦੇਖਭਾਲ ਵਾਲਾ ਨਾ ਹੋਣ ਕਰਕੇ ਬਹੁਤ ਬੇਚੈਨੀ ਲੱਗੀ ਰਹਿੰਦੀ , ਜਸਵੰਤ ਨੇ ਆਪਣੇ ਅਫ਼ਸਰ ਸਹਿਬਾਨ ਨੂੰ ਛੁੱਟੀ ਲਈ ਬੇਨਤੀ ਕੀਤੀ, ਪਰ ਅਫ਼ਸਰ ਸਹਿਬਾਨ ਨੇ ਬਿਨਾਂ ਸਮੱਸਿਆ ਸੁਣੇ ਛੁੱਟੀ ਤੋਂ ਮਨਾ ਕਰ ਦਿੱਤਾ।
ਜਸਵੰਤ ਦਾ ਮਨ ਬਹੁਤ ਦੁਖੀ ਹੋਇਆ। ਕੁੱਝ ਦਿਨਾਂ ਬਾਅਦ ਜਸਵੰਤ ਘਰ ਆਇਆ । ਆਪਣੀ ਮਾਂ ਦੀ ਬਹੁਤ ਜ਼ਿਆਦਾ ਮਾੜੀ ਹਾਲਤ ਵੇਖ ਉਸ ਨੂੰ ਇਹ ਨੌਕਰੀ ਜ਼ਹਿਰ ਵਾਂਗਰਾਂ ਲੱਗਣ ਲੱਗੀ , ਉਸ ਨੇ ਆਪਣੀ ਮਾਂ ਨੂੰ ਹਸਪਤਾਲ ਦਾਖਲ ਕਰਵਾ ਇਲਾਜ ਕਰਵਾਇਆ ਤੇ ਮਾਂ ਥੋੜਾ ਦਿਨਾਂ ਵਿੱਚ ਹੀ ਠੀਕ ਹੋ ਗਈ ਤੇ ਉਹ ਵੀ ਵਾਪਸ ਡਿਊਟੀ ਤੇ ਚਲਾ ਗਿਆ। ਜਸਵੰਤ ਦਾ ਮਨ ਹੁਣ ਡਿਊਟੀ ਤੇ ਘੱਟ ਤੇ ਘਰ ਵੱਧ ਰਹਿੰਦੇ ਹੋਣ ਕਰਕੇ ਅਕਸਰ ਡਿਊਟੀ ਤੇ ਕੋਈ ਨਾ ਕੋਈ ਗਲਤੀ ਹੋ ਜਾਂਦੀ ਅਫਸਰਾਂ ਦੀਆਂ ਝਿੜਕਾਂ ਤੇ ਇਕਾਂਤ ਰਹਿਣ ਕਰਕੇ ਉਹ ਇਸ ਡਿਊਟੀ ਤੋਂ ਨਫ਼ਰਤ ਜਿਹੀ ਕਰਨ ਲੱਗਾ।
ਉਹ ਸੋਚਦਾ ਕਿ ਅਸੀਂ ਕੋਈ ਤਿਉਹਾਰ ਘਰ ਨੀ ਮਨਾਂ ਸਕਦੇ, ਬਿਮਾਰ ਮਾਪਿਆਂ ਨੂੰ ਸਮੇਂ ਦਵਾਈ-ਬੂਟੀ ਨੀ ਦਵਾਈ ਸਕਦੇ……….ਕੀ ਕਰਨਾ ਇਹੋ ਜਿਹੀ ਡਿਊਟੀ ਨੂੰ। ਉਹ ਇਸ ਸਮੇਂ ਸ਼ਰਾਬ ਵੀ ਪੀਣ ਲੱਗ ਗਿਆ। ਜੇ ਛੁੱਟੀ ਵੀ ਆਉਂਦਾ ਤਾਂ ਘਰ ਵੀ ਚੁੱਪ ਚੁੱਪ ਦੇ ਰਹਿੰਦਾ। ਗੁਰਨਾਮ ਨੇ ਜਸਵੰਤ ਦੇ ਚਿਹਰਾ ਦੀ ਉਦਾਸੀ ਵੇਖ ਉਸ ਨੂੰ ਪੁੱਛਿਆ ” ਕੀ ਗੱਲ ਹੋ ਗਈ ਪੁੱਤ ”
” ਕੁੱਝ ਨੀ ਬਾਪੂ ”
” ਫੇਰ ਉਦਾਸ ਉਦਾਸ ਜਾਂ ਕਿਉਂ , ਹੁਣ ਤਾਂ ਤੂੰ ਖੁਸ਼ ਰਿਹਾ ਕਰ ਤੈਨੂੰ ਤੇਰੀ ਪਸੰਦ ਦੀ ਨੌਕਰੀ ਵੀ ਮਿਲ ਗਈ” ਗੁਰਨਾਮ ਨੇ ਜਸਵੰਤ ਨੂੰ ਹੌਸਲਾ ਦਿੰਦਿਆਂ ਕਿਹਾ।
” ਬਾਪੂ ਇਹ ਵੀ ਕੋਈ ਨੋਕਰੀ ਐ ਜਦੋਂ ਲੋੜ ਐ ਕੋਈ ਛੁੱਟੀ ਨਹੀਂ ਮਿਲਦੀ, ਅਫਸਰਾਂ ਦੀ ਚਾਪਲੂਸੀ ਐ ਜਿੰਨੀ ਮਰਜ਼ੀ ਕਰ ਲਵੋ” ਜਸਵੰਤ ਨੇ ਆਪਣਾ ਦੁੱਖ ਦੱਸਿਆ।
ਗੁਰਨਾਮ ਨੇ ਉਸ ਨੂੰ ਇੱਕ ਸਾਲ ਦੀ ਬਿਨਾਂ ਤਨਖ਼ਾਹ ਵਾਲੀ ਛੁੱਟੀ ਕਰਕੇ ਬੀ. ਐਡ . ਵਿੱਚ ਦਾਖਲਾ ਦਿਵਾ ਦਿੱਤਾ, ਤਾਂ ਜੋ ਆਪਣੇ ਹਾਣ ਦਿਆਂ ਵਿੱਚ ਜਸਵੰਤ ਦਾ ਮਨ ਵੀ ਲੱਗ ਜਾਵੇਗਾ । ਜਸਵੰਤ ਬੀ. ਐਡ ਦੀ ਪੜ੍ਹਾਈ ਦੌਰਾਨ ਉਸ ਦਾ ਮੇਲ ਹਰਮਨ ਨਾਮ ਦੀ ਕੁੜੀ ਨਾਲ ਹੋਇਆ । ਹਰਮਨ ਨੇ ਉਸ ਦੇ ਇੱਕਲੇਪਣ ਨੂੰ ਸਮਝਿਆ ਤੇ ਕਾਲਜ ਵਿੱਚ ਉਸ ਨਾਲ ਵਿਆਹ ਕਰਵਾਉਣ ਲਈ ਕਿਹਾ । ਜਸਵੰਤ ਨੂੰ ਵੀ ਹਰਮਨ ਬਹੁਤ ਵਧੀਆ ਲੱਗਦੀ ਸੀ । ਜਸਵੰਤ ਨੇ ਆਪਣੇ ਮਾਪਿਆਂ ਨਾਲ ਵਿਆਹ ਦੀ ਗੱਲ ਕੀਤੀ । ਜਾਤ ਦਾ ਮੇਲ ਨਾ ਹੋਣ ਦੇ ਬਾਵਜੂਦ ਵੀ ਗੁਰਨਾਮ ਮੰਨ ਗਿਆ।
ਜਸਵੰਤ ਦਾ ਵਿਆਹ ਹੋ ਗਿਆ , ਪ੍ਰੀਤ ਹੁਣ ਖੁਸ਼ ਸੀ ਤੇ ਉਸ ਨੇ ਮੁੜ ਪੁਲਿਸ ਦੀ ਡਿਊਟੀ ਜੁਆਇੰਨ ਕਰ ਲਈ। ਜਸਵੰਤ ਹੁਣ ਹੋਰ ਵੀ ਖੁਸ਼ ਸੀ ਜਦੋਂ ਹਰਮਨ ਨੇ ਉਸ ਨੂੰ ਆਪਣੇ ਹੋਣ ਵਾਲੇ ਬੱਚੇ ਦੀ ਖਬਰ ਦਿੱਤੀ। ਕੁੱਝ ਦਿਨਾਂ ਬਾਅਦ ਆਪਣੇ ਪਿੰਡ ਚਲੀ ਗਈ ਉਸ ਦੇ ਅਚਾਨਕ ਤੇਜ ਦਰਦ ਹੋਣ ਲੱਗਾ ਜਸਵੰਤ ਨੂੰ ਵੀ ਦੱਸਿਆ ਤੇ ਉਸ ਦੇ ਕਹਿਣ ਤੇ ਉਹ ਹਸਪਤਾਲ ਚਲੀ ਗਈ । ਹਰਮਨ ਦੇ ਸੇਹਲੀਆਂ ਦੇ ਬਾਰ-ਬਾਰ ਕਹਿਣ ਤੇ ” ਤੇਰੀ ਉਮਰ ਹਾਲੇ ਜਵਾਕ ਜੰਮਣ ਦੀ ਨਹੀਂ, ਜ਼ਿੰਦਗੀ ਚ ਕਾਮਜਾਬ ਹੋਣ ਦੀ ਐ, ਨਾਲੇ ਤੇਰੇ ਵਿਆਹ ਨੂੰ ਕੁੱਝ ਮਹੀਨੇ ਤਾਂ ਹੋਏ ਨੇ, ਪਹਿਲਾਂ ਉਹਨਾਂ ਨੂੰ ਸਮਝ …..” ।
ਹਰਮਨ ਨੇ ਜਸਵੰਤ ਦੇ ਬੱਚੇ ਬਾਰੇ ਪੁੱਛਣ ਤੇ ਕਿਹਾ ਹਾਲੇ ਆਪਾਂ ਰੁੱਕ ਕੇ ਬੱਚਾ ਬਾਰੇ ਸੋਚਾਂਗੇ, ਹਾਲੇ ਮੈਂ ਨੋਕਰੀ ਕਰਨੀ ਹੈ ਆਪਣੇ ਪੈਰਾਂ ਸਿਰ ਖੜ੍ਹੇ ਹੋਣਾ ਹੈ। ਜਸਵੰਤ ਨੂੰ ਆਪਣੇ ਸੁਪਨਿਆਂ ਦਾ ਕਤਲ ਹੁੰਦਾ ਦਿਖਾਈ ਦਿੱਤਾ। ਬਿਨਾਂ ਦੱਸੇ ਹਰਮਨ ਦੇ ਇਸ ਫੈਸਲੇ ਨੇ ਜਸਵੰਤ ਨੂੰ ਝਿੰਜੋੜ ਕੇ ਰੱਖ ਦਿੱਤਾ। ਜਿਸ ਕਾਰਨ ਜਸਵੰਤ ਤੇ ਹਰਮਨ ਵਿੱਚ ਅਕਸਰ ਲੜਾਈ ਰਹਿਣ ਲੱਗ ਪਈ। ਇਸ ਦਾ ਅੰਤ ਤਲਾਕ ਤੱਕ ਪਹੁੰਚ ਗਿਆ।
ਜਸਵੰਤ ਮੁੜ ਸ਼ਰਾਬ ਆਦਿ ਨਸ਼ਿਆਂ ਦਾ ਸੇਵਨ ਕਰਨ ਲੱਗ ਪਿਆ, ਆਪਣੇ ਇੱਕਲੇਪਣ ਕਰਨ ਉਸ ਸੁਭਾਅ ਵੀ ਚਿੜਚਿੜਾ ਜਾ ਹੋ ਗਿਆ, ਸਮੇਂ ਸਿਰ ਡਿਊਟੀ ਨਾ ਜਾਣਾ , ਜਿਸ ਕਰਕੇ ਉਸਦੇ ਮਾਪੇ ਵੀ ਪ੍ਰੇਸ਼ਾਨ ਸਨ , ਜਸਵੰਤ ਦੇ ਤਲਾਕ ਨੂੰ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਸੀ ਪਰ ਜਸਵੰਤ ਹੋਰ ਵਿਆਹ ਕਰਾਉਣ ਲਈ ਤਿਆਰ ਨਹੀਂ ਸੀ। ਜਸਵੰਤ ਦੇ ਮਾਤਾ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗੇ ਉਸ ਨੂੰ ਸਮਝਾਉਣ ਤੇ ਉਹ ਵਿਆਹ ਲਈ ਮੰਨ ਗਿਆ। ਜਸਵੰਤ ਦਾ ਵਿਆਹ ਆਪਣੇ ਨਾਲੋਂ ਘੱਟ ਪੜੀ ਤੇ ਪੰਜ ਸੱਤ ਸਾਲ ਘੱਟ ਉਮਰ ਵਾਲੀ ਜੀਤੀ ਨਾਲ ਹੋ ਗਿਆ। ਹੁਣ ਜਸਵੰਤ ਦੀ ਡਿਊਟੀ ਵੀ ਲੋਕਲ ਹੀ ਆ ਗਈ ।
ਜੀਤੀ ਉਸ ਦੇ ਦੇਰ ਰਾਤ ਘਰ ਆਉਣ ਤੇ ਵੀ ਉਸ ਨੂੰ ਕੁੱਝ ਨਾ ਕਹਿੰਦੀ । ਸਮਾਂ ਬੀਤਿਆ ਜਸਵੰਤ ਨੇ ਜੀਤੀ ਨੂੰ ਆਪਣੀ ਤੇ ਆਪਣੇ ਮਾਪਿਆਂ ਦੀ ਸੇਵਾ ਸੰਭਾਲ ਕਰਦਿਆਂ ਵੇਖਿਆ ਤਾਂ ਉਸ ਨੇ ਮਹਿਸੂਸ ਕੀਤਾ ਕਿ ਇਹ ਔਰਤ ਮੇਰੇ ਤੇ ਮੇਰੇ ਮਾਪਿਆਂ ਲਈ ਦਿਨ ਰਾਤ ਸੇਵਾ ਕਰ ਰਹੀ ਹੈ ਪਰ ਮੈਂ ਇਸ ਨੂੰ ਕਦੇ ਵੀ ਨੀ ਸਮਝਿਆ। ਜਸਵੰਤ ਨੇ ਉਸ ਦਿਨ ਤੋਂ ਬਾਅਦ ਸ਼ਰਾਬ ਛੱਡ ਦਿੱਤੀ ਤੇ ਸਮੇਂ ਨਾਲ ਡਿਊਟੀ ਤੋਂ ਘਰ ਆ ਜਾਣਾ , ਜ਼ਿਆਦਾ ਸਮਾਂ ਘਰ ਬਿਤਾਉਣ ਲੱਗਾ । ਜਸਵੰਤ ਨੂੰ ਆਪਣੇ ਸੁਪਨੇ ਸੱਚ ਹੁੰਦੇ ਨਜ਼ਰ ਆਉਣ ਲੱਗੇ । ਸਮਾਂ ਬੀਤਿਆ ਘਰ ਬੱਚਿਆਂ ਦੀਆਂ ਕਿਲਕਾਰੀਆਂ ਨੇ ਚਹਿਲ ਪਹਿਲ ਕਰ ਦਿੱਤੀ। ਹੁਣ ਜਸਵੰਤ ਦੇ ਮਾਤਾ ਵੀ ਠੀਕ ਹੋ ਗਏ।
ਗੁਰਨਾਮ ਨੇ ਜਦੋਂ ਸ਼ਾਮ ਨੂੰ ਜਸਵੰਤ ਨੂੰ ਆਪਣੇ ਬੱਚਿਆਂ ਨੂੰ ਸਕੂਲ ਦਾ ਕੰਮ ਕਰਵਾਉਂਦਿਆਂ ਇਕ ਅਧਿਆਪਕ ਦੇ ਰੂਪ ਚ ਵੇਖਿਆ ਤਾਂ ਉਸ ਨੂੰ ਵੀ ਆਪਣੇ ਪੁੱਤ ਦੇ ਅਧਿਆਪਕ ਬਣਨ ਵਾਲਾ ਸੁਪਨਾ ਸੱਚ ਹੁੰਦਾ ਜਾਪਿਆ ਜੋ ਕਦੇ ਉਸ ਨੂੰ ਕਤਲ ਹੁੰਦਾ ਲੱਗਿਆ ਸੀ , ਇਹ ਸਭ ਕੁੱਝ ਉਸ ਦੀ ਨੂੰਹ ਜੀਤੀ ਕਰਕੇ ਹੀ ਸੰਭਵ ਹੋਇਆ ਸੀ ਜਿਸ ਨੇ ਆਪਣੇ ਸੁਪਨਿਆਂ ਦਾ ਕਤਲ ਕਰ ਆਪਣੇ ਪਤੀ, ਬੱਚਿਆਂ ਤੇ ਸੱਸ ਸਹੁਰੇ ਦੇ ਸੁਪਨਿਆਂ ਨੂੰ ਪੂਰਾ ਕੀਤਾ। ਅੱਜ ਜਸਵੰਤ ਖੁਸ਼ੀ ਖੁਸ਼ੀ ਡਿਊਟੀ ਕਰਦਾ ਹੈ ਤੇ ਘਰ ਪਰਿਵਾਰ ਤੇ ਡਿਊਟੀ ਨੂੰ ਹੀ ਜ਼ਿੰਦਗੀ ਮੰਨਦਾ ਹੈ।
ਅਸਿ. ਪ੍ਰੋ. ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
9888881862
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly