ਨੌਕਰੀ

ਸੁਖਮਿੰਦਰ ਸੇਖੋਂ

(ਸਮਾਜ ਵੀਕਲੀ)

ਮਿੰਨੀ ਕਹਾਣੀ – ਨੌਕਰੀ  

-ਸੁਖਮਿੰਦਰ ਸੇਖੋਂ – 98145-07693 –

ਪੁੱਤ! ਕਿੱਥੇ ਚੱਲਿਐਂ ਸਵੇਰੇ-ਸਵੇਰੇ ਤਿਆਰ ਹੋ ਕੇ—?
-ਇੰਟਰਵਿਊ ‘ਤੇ– ਹਰਵਿੰਦਰ ਦਾ ਨਿੱਕਾ ਜਿੰਨਾ ਉਤਰ।
-ਦੇਖ ਪੁੱਤ! ਹੁਣ ਤੱਕ ਤੂੰ ਕਿੰਨੀਆਂ ਇੰਟਰਵਿਊਆਂ ਦੇ ਚੁੱਕਿਐਂ, ਕਿਤੇ ਨੌਕਰੀ ਮਿਲੀ–?
ਹਰਵਿੰਦਰ ਇਸ ਗੱਲ ਦਾ ਕੀ ਜਵਾਬ ਦਿੰਦਾ। ਪਰ ਉਹ ਆਪਣੀ ਬੇਚੈਨੀ ਨੂੰ ਆਪਣੀ ਮਾਂ ਤੋਂ ਲੁਕਾਉਂਦੇ ਹੱਸਦਿਆਂ ਬੋਲਿਆ, ਪਰ ਮੈਨੂੰ ਲੱਗਦੈ ਇਸ ਬਾਰ ਮੈਨੂੰ ਨੌਕਰੀ—

ਹਾਲੇ ਉਸ ਦਾ ਵਾਕ ਪੂਰਾ ਵੀ ਨਹੀਂ ਸੀ ਹੋਇਆ ਕਿ ਮੋਬਾਇਲ ਦੀ ਰਿੰਗ ਵੱਜੀ। ਗੱਲਬਾਤ ਸੁਣਦਿਆਂ ਉਸ ਦੇ ਹੱਥਾਂ ਵਿੱਚ ਮੋਬਾਇਲ ਵੀ ਕੰਬਣ ਲੱਗ ਪਿਆ।
– ਪਾਪਾ ਦਾ ਐਕਸੀਡੈਂਟ—? ਅੱਗਿਓਂ ਉਸ ਤੋਂ ਬੋਲਿਆ ਨਾ ਗਿਆ। ਉਸਦੀਆਂ ਅੱਖਾਂ ਭਰ ਆਈਆਂ। ਹਰਵਿੰਦਰ ਦੇ ਮੂੰਹੋਂ ਪੂਰੀ ਗੱਲ ਸੁਣਦਿਆਂ ਹੀ ਇੱਕ ਪਤਨੀ ਦੇ ਹੋਸ਼ ਹੀ ਉਡ ਗਏ ਤੇ ਉਹ ਫਰਸ਼ ‘ਤੇ ਬੈਠ ਕੇ ਕੀਰਨੇ ਪਾਉੰਦਿਆਂ ਰੋਣ ਲੱਗ ਪਈ । ਆਪਣੀ ਮਾਂ ਨੂੰ ਥਾਪੜਕੇ ਚੁੱਪ ਕਰਾਉਂਦਿਆਂ ਹਰਵਿੰਦਰ ਦੇ ਮਨ ਵਿੱਚ ਕਿੰਨੇ ਹੀ ਖਿਆਲਾਂ ਵਿੱਚੋਂ ਇਹ ਖਿਆਲ ਵੀ ਖੌਰੇ ਕਿਵੇਂ ਉਭਰ ਆਇਆ, ਹੁਣ–?
ਹੁਣ ਸਰਕਾਰੀ ਨਿਯਮਾਂ ਅਨੁਸਾਰ ਉਸ ਨੂੰ ਆਪਣੇ ਪਿਤਾ ਦੀ ਥਾਂ ਸਰਕਾਰੀ ਨੌਕਰੀ—?

Previous articleਕਵਿਤਾ / ਕਦੇ ਕਦੇ
Next articleMen’s ODI WC: Did not think we can win it till Australia needed 40 off 40, says Cummins after memorable win