ਡਰੋਨ ਹਮਲੇ ਵਿੱਚ ਇਰਾਕ ਦੇ ਪ੍ਰਧਾਨ ਮੰਤਰੀ ਵਾਲ-ਵਾਲ ਬਚੇ

ਬਗ਼ਦਾਦ (ਸਮਾਜ ਵੀਕਲੀ):  ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫ਼ਾ ਅਲ-ਕਦੀਮੀ ਦੀ ਰਿਹਾਇਸ਼ ’ਤੇ ਐਤਵਾਰ ਤੜਕੇ ਹਥਿਆਰਾਂ ਨਾਲ ਲੈਸ ਡਰੋਨਾਂ ਨਾਲ ਕੀਤੇ ਗਏ ਹਮਲੇ ਵਿੱਚ ਉਹ ਵਾਲ-ਵਾਲ ਬਚ ਗਏ। ਇਹ ਹਮਲਾ, ਇਰਾਨ ਦੇ ਹਮਾਇਤੀ ਮਿਲੀਸ਼ੀਆ ਵੱਲੋਂ ਪਿਛਲੇ ਮਹੀਨੇ ਦੇ ਸੰਸਦੀ ਚੋਣਾਂ ਦੇ ਨਤੀਜਿਆਂ ਨੂੰ ਮੰਨਣ ਤੋਂ  ਇਨਕਾਰ ਕਰਨ ਤੋਂ ਪੈਦਾ ਹੋਏ ਤਣਾਅ ਦੌਰਾਨ ਹੋਇਆ ਹੈ।

ਇਰਾਕੀ ਅਧਿਕਾਰੀਆਂ ਨੇ ਦਿ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਬਗਦਾਦ ਦੇ ਸਖ਼ਤ ਸੁਰੱਖਿਆ ਨਾਲ ਲੈਸ ਗਰੀਨ ਜ਼ੋਨ ਇਲਾਕੇ ਵਿੱਚ ਦੋ ਹਥਿਆਰਬੰਦ ਡਰੋਨਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਅਲ-ਕਦੀਮੀ ਦੇ ਸੱਤ ਸੁਰੱਖਿਆ ਮੁਲਾਜ਼ਮ ਫੱਟੜ ਹੋ ਗਏ। ਉਨ੍ਹਾਂ ਪਛਾਣ ਗੁਪਤ ਰੱਖਣ ’ਤੇ ਇਹ ਜਾਣਕਾਰੀ ਦਿੱਤੀ ਕਿਉਂਕਿ ਉਨ੍ਹਾਂ ਨੂੰ ਅਧਿਕਾਰਿਤ ਬਿਆਨ ਦਾ ਅਧਿਕਾਰ ਨਹੀਂ ਹੈ। ਹਮਲੇ ਮਗਰੋਂ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਦੱਸਿਆ,‘ਮੈਂ ਠੀਕ-ਠਾਕ ਹਾਂ, ਅੱਲ੍ਹਾ ਦਾ ਸ਼ੁੱਕਰ ਹੈ। ਉਨ੍ਹਾਂ ਇਰਾਕ ਵਾਸੀਆਂ ਨੂੰ ਅਮਨ ਤੇ ਸੰਜਮ ਵਰਤਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਉਹ ਇਰਾਕੀ ਟੈਲੀਵਿਜ਼ਨ ’ਤੇ ਪੇਸ਼ ਹੋਏ। ਇਸ ਦੌਰਾਨ ਉਹ ਸ਼ਾਂਤ ਨਜ਼ਰ ਆਏ। ਉਨ੍ਹਾਂ ਕਿਹਾ,‘ਅਜਿਹੇ ਰਾਕੇਟ ਤੇ ਡਰੋਨ ਹਮਲੇ ਕਾਇਰਤਾ ਦੀ ਨਿਸ਼ਾਨੀ ਹੁੰਦੇ ਹਨ, ਇਸ ਨਾਲ ਭਵਿੱਖ ਨਹੀਂ ਘੜੇ ਜਾਂਦੇ। ਇਕ ਬਿਆਨ ਵਿੱਚ ਸਰਕਾਰ ਨੇ ਕਿਹਾ ਕਿ ਹਥਿਆਰਾਂ ਨਾਲ ਲੈਸ ਡਰੋਨ ਨੇ ਅਲ-ਕਦੀਮੀ ਦੀ ਰਿਹਾਇਸ਼ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਬਗਦਾਦ ਦੇ ਲੋਕਾਂ ਨੇ ਗਰੀਨ ਜ਼ੋਨ ਵਾਲੇ ਪਾਸਿਉਂ ਭਾਰੀ ਗੋਲੀਬਾਰੀ ਦੀ ਆਵਾਜ਼ ਸੁਣੀ ਜਿੱਥੇ ਵਿਦੇਸ਼ੀ ਸਫ਼ਾਰਤਖਾਨੇ ਅਤੇ ਸਰਕਾਰੀ ਦਫ਼ਤਰ ਹਨ।

ਸਰਕਾਰੀ ਮੀਡੀਆ ਵੱਲੋਂ ਜਾਰੀ ਕੀਤੇ ਗੲੇ ਬਿਆਨ ਮੁਤਾਬਕ ਇਸ ਨਾਕਾਮ ਰਹੀ ਕਾਰਵਾਈ ਸਬੰਧੀ ਸੁਰੱਖਿਆ ਫੌਜਾਂ ਲੋੜੀਂਦੇ ਕਦਮ ਉਠਾ ਰਹੀਆਂ ਹਨ। ਇਸ ਹਮਲੇ ਲਈ ਹਾਲ ਦੀ ਘੜੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਸੁਰੱਖਿਆ ਬਲਾਂ ਤੇ ਇਰਾਨ ਪੱਖੀ ਸ਼ੀਆ ਮਿਲੀਸ਼ੀਆ ਵਿਚਾਲੇ ਸਥਿਤੀ ਟਕਰਾਅ ਦੀ ਬਣੀ ਹੋਈ ਹੈ। ਇਰਾਕ ਦੀਆਂ ਸੰਸਦੀ ਚੋਣਾਂ ਦੇ ਨਤੀਜਿਆਂ ਨੂੰ ਨਕਾਰਦਿਆਂ ਇਨ੍ਹਾਂ ਦੇ ਹਮਾਇਤੀਆਂ ਨੇ ਗਰੀਨ ਜ਼ੋਨ ਦੇ ਬਾਹਰ ਕਰੀਬ ਇਕ ਮਹੀਨੇ ਤੱਕ ਰੋਸ ਜਤਾਇਆ ਸੀ। 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਦੀ ਰੈਲੀ ’ਚ ਪਹੁੰਚੀਆਂ ਨੌਕਰੀਓਂ ਹਟਾਈਆਂ ਨਰਸਾਂ
Next articleਸੰਯੁਕਤ ਮੋਰਚੇ ਦੀ ਮੀਟਿੰਗ ’ਚ ਤੈਅ ਹੋਵੇਗੀ ਅਗਲੀ ਰਣਨੀਤੀ: ਬਾਜਵਾ