ਇੰਦੌਰ (ਸਮਾਜ ਵੀਕਲੀ): ਜੰਗ ਦਾ ਸ਼ਿਕਾਰ ਯੂਕਰੇਨ ਤੋਂ ਭਾਰਤ ਪਰਤਣ ਦੇ ਚਾਹਵਾਨ ਕਈ ਵਿਦਿਆਰਥੀਆਂ ਨੂੰ ਰੋਮਾਨੀਆ ਦੀ ਹੱਦ ’ਤੇ ਹੱਡ ਚੀਰਵੀਂ ਠੰਢ ਵਿਚ ਖੁੱਲ੍ਹੇ ਆਸਮਾਨ ਹੇਠਾਂ ਦੋ ਦਿਨ ਬਿਤਾਉਣੇ ਪਏ ਹਨ। ਇੰਦੌਰ ਸ਼ਹਿਰ ਨਾਲ ਸਬੰਧਤ ਇਕ ਵਿਦਿਆਰਥੀ ਦੀ ਮਾਂ ਨੇ ਦੱਸਿਆ ਕਿ ਉਹ ਬੱਸ ਰਾਹੀਂ ਸਫ਼ਰ ਕਰ ਕੇ ਤੇ 25 ਕਿਲੋਮੀਟਰ ਪੈਦਲ ਚੱਲ ਕੇ ਸਰਹੱਦ ’ਤੇ ਪੁੱਜੇ ਹਨ। ਇੰਦੌਰ ਦੇ ਰਹਿਣ ਵਾਲੇ 22 ਸਾਲਾ ਵਿਭੋਰ ਸ਼ਰਮਾ ਦੀ ਮਾਂ ਕਾਮਿਨੀ ਸ਼ਰਮਾ ਹੁਣ ਆਪਣੇ ਪੁੱਤਰ ਦੀ ਸੁਰੱਖਿਅਤ ਵਾਪਸੀ ਲਈ ਪ੍ਰਾਰਥਨਾ ਕਰ ਰਹੀ ਹੈ। ਉਹ ਯੂਕਰੇਨ ਦੀ ਟਰਨੋਪਿਲ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਮੈਡੀਕਲ ਕੋਰਸ ਕਰ ਰਿਹਾ ਹੈ।
ਕਾਮਿਨੀ ਨੇ ਦੱਸਿਆ, ‘ਮੇਰਾ ਪੁੱਤਰ ਕਿਸੇ ਤਰ੍ਹਾਂ ਟਰਨੋਪਿਲ ਤੋਂ ਬੱਸ ਵਿਚ ਬੈਠ ਰੋਮਾਨੀਆ ਜਾ ਰਿਹਾ ਸੀ ਪਰ ਰਾਹ ਵਿਚ ਉਨ੍ਹਾਂ ਨੂੰ ਬੱਸ ਤੋਂ ਉਤਰਨਾ ਪਿਆ ਤੇ ਸਰਹੱਦ ਦੂਰ ਸੀ।’ ਫਿਰ ਉਹ ਕਈ ਭਾਰਤੀ ਵਿਦਿਆਰਥੀਆਂ ਨਾਲ ਪੈਦਲ ਚੱਲ ਕੇ ਰੋਮਾਨੀਆ ਦੇ ਬਾਰਡਰ ਉਤੇ ਪੁੱਜਿਆ। ਹਾਲਾਂਕਿ ਇਨ੍ਹਾਂ ਨੂੰ ਤੁਰੰਤ ਰੋਮਾਨੀਆ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ ਦੋ ਦਿਨ ਠੰਢ ਵਿਚ ਗੁਜ਼ਾਰਨੇ ਪਏ ਹਨ। ਕਾਮਿਨੀ ਦੀ ਆਪਣੇ ਪੁੱਤਰ ਨਾਲ ਫੋਨ ਉਤੇ ਗੱਲਬਾਤ ਹੋਈ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਇਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਸੋਮਵਾਰ ਸਵੇਰੇ ਰੋਮਾਨੀਆ ਵਿਚ ਦਾਖਲ ਹੋਣ ਦੀ ਪ੍ਰਵਾਨਗੀ ਮਿਲ ਗਈ ਹੈ ਤੇ ਉਹ ਆਪਣੇ ਪੁੱਤਰ ਨੂੰ ਛੇਤੀ ਤੋਂ ਛੇਤੀ ਅੱਖਾਂ ਸਾਹਮਣੇ ਦੇਖਣਾ ਚਾਹੁੰਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly