ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪੰਜਾਬ ਦੀ ਆਪ ਸਰਕਾਰ ਵੱਲੋੰ ਵਾਹਨਾਂ ‘ਤੇ ਟੈਕਸ ਦਰਾਂ ਵਧਾ ਕੇ ਆਮ ਲੋਕਾਂ ਦੇ ਵਿੱਤੀ ਬੋਝ ਨੂੰ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਬਹੁਤ ਸਾਰੇ ਟੈਕਸ ਲਗਾਏ ਹਨ। ਜਿਨਾਂ ਕਰਕੇ ਆਮ ਜਨਤਾ ਬਹੁਤ ਦੁਖੀ ਹੋ ਰਹੀ ਹੈ, ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਹੇ। ਲੱਖੀ ਨੇ ਕਿਹਾ ਕਿ ਜਦੋਂ ਦੀ ਇਹ ਸਰਕਾਰ ਹੋਂਦ ਵਿੱਚ ਆਈ ਹੈ, ਕੇਵਲ ਕੂੜ ਪ੍ਰਚਾਰ ਦੇ ਨਾਲ ਆਪਣਾ ਕੰਮ ਚਲਾ ਰਹੀ ਹੈ, ‘ਤੇ ਲੋਕਾਂ ਨੂੰ ਸਹੂਲਤ ਦੇਣ ਦੇ ਨਾਂ ਤੇ ਚੋਰ ਰਸਤੇ ਦੇ ਨਾਲ ਟੈਕਸਾਂ ਦਾ ਬੋਝ ਪੰਜਾਬ ਦੀ ਜਨਤਾ ਤੇ ਪਾ ਦਿੱਤਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਨੇ ਕਿਹਾ ਕਿ ਇੱਕ ਸੋਚੀ ਸਮਝੀ ਸਾਜਿਸ਼ ਦੇ ਅਧੀਨ ਕੇਜਰੀਵਾਲ ਅਤੇ ਉਸਦੇ ਸਾਥੀਆਂ ਨੇ ਰਾਜਨੀਤੀ ਦਾ ਵਪਾਰੀਕਰਨ ਕਰਕੇ ਕਰੋੜਾਂ ਰੁਪਏ ਕਮਾਏ ਹਨ। ਉਹਨਾਂ ਕਿਹਾ ਜਨਤਾ ਨੂੰ ਅੱਜ ਵੀ ਸੱਚਾਈ ਦਾ ਸਾਹਮਣਾ ਕਰ ਲੈਣਾ ਚਾਹੀਦਾ ਹੈ, ਕਿ ਇਹ ਝੂਠ ਅਤੇ ਫਰੇਬ ਨਾਲ ਰਾਜ ਗੱਦੀ ਹਾਸਲ ਕਰਨ ਵਿੱਚ ਕਾਮਯਾਬ ਹੋਏ ਸੀ ਤੇ ਉਹੀ ਝੂਠ ਫਰੇਬ ਇਹ ਹੁਣ ਤੱਕ ਬੋਲਦੇ ਆ ਰਹੇ ਹਨ। ਜਦ ਕਿ ਅੰਕੜੇ ਇਹਨਾਂ ਦੇ ਕੰਮਾਂ ਦੇ ਖਿਲਾਫ ਬੋਲ ਰਹੇ ਹਨ। ਤਲਵਾੜ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਸਰਕਾਰ ਦੀ ਕਾਰਜ ਪ੍ਰਣਾਲੀ ਦੇ ਖਿਲਾਫ ਲੋਕਾਂ ਨੇ ਫਤਵਾ ਦਿੱਤਾ ਹੈ ਤੇ ਹੁਣ ਹੋਣ ਵਾਲੀਆਂ ਜਿਮਨੀ ਚੋਣਾਂ ਵਿੱਚ ਹਾਰ ਦੇ ਡਰ ਨੂੰ ਦੇਖਦੇ ਹੋਏ ਸਰਕਾਰ ਨੇ ਅੱਜ ਤੋਂ ਹੀ ਵੋਟਾਂ ਦੀ ਖਰੀਦੋ ਫਰੋਖ਼ਤ ਸ਼ੁਰੂ ਕਰ ਦਿੱਤੀ ਹੈ। ਅਕਾਲੀ ਨੇਤਾਵਾਂ ਨੇ ਲੋਕਾਂ ਨੂੰ ਸੱਚਾਈ ਜਾਨਣ ਦੀ ਗੱਲ ਕਰਦੇ ਹੋਏ ਸਰਕਾਰ ਦੇ ਖਿਲਾਫ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਦਫਤਰ ਇੰਚਾਰਜ ਲਵਲੀ ਤੇ ਪਹਿਲਵਾਨ ਰਵਿੰਦਰ ਸਿੰਘ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly