ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਭਾਜਪਾ ਨੇਤਾ ਤੇਜਿੰਦਰਪਾਲ ਸਿੰਘ ਬੱਗਾ ਅਤੇ ਮਸ਼ਹੂਰ ਕਵੀ ਤੇ ‘ਆਪ’ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਖ਼ਿਲਾਫ਼ ਦਰਜ ਪੁਲੀਸ ਕੇਸਾਂ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਦੀ ‘ਆਪ’ ਸਰਕਾਰ ਲਈ ਇਹ ਵੱਡਾ ਝਟਕਾ ਹੈ ਜਦੋਂ ਕਿ ਪੀੜਤ ਧਿਰ ਨੂੰ ਰਾਹਤ ਦੇਣ ਵਾਲਾ ਫ਼ੈਸਲਾ ਹੈ। ਜਸਟਿਸ ਅਨੂਪ ਚਿਤਕਾਰਾ ਨੇ ਅਗਸਤ ’ਚ ਇਸ ਫ਼ੈਸਲੇ ਨੂੰ ਰਾਖਵਾਂ ਰੱਖ ਲਿਆ ਸੀ। ਹਾਈ ਕੋਰਟ ਨੇ ਦੋ ਵੱਖੋ ਵੱਖਰੀਆਂ ਐੱਫਆਈਆਰਜ਼ ਦੇ ਸਬੰਧ ਵਿਚ ਦੋ ਵੱਖਰੇ ਫ਼ੈਸਲੇ ਲਿਖੇ ਹਨ। ਭਾਜਪਾ ਨੇਤਾ ਤੇਜਿੰਦਰਪਾਲ ਸਿੰਘ ਬੱਗਾ ਨੇ 6 ਅਪਰੈਲ ਨੂੰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਪੰਜਾਬ ਪੁਲੀਸ ਵੱਲੋਂ ਦਰਜ ਐੱਫਆਈਆਰ ਰੱਦ ਕੀਤੇ ਜਾਣ ਦੀ ਮੰਗ ਕੀਤੀ ਸੀ।
ਉਨ੍ਹਾਂ ਪਟੀਸ਼ਨ ’ਚ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਕਰਕੇ ਕੇਸ ਦਰਜ ਕੀਤਾ ਗਿਆ ਹੈ। ਬੱਗਾ ਖ਼ਿਲਾਫ਼ ‘ਆਪ’ ਦੇ ਬੁਲਾਰੇ ਡਾ. ਸੰਨੀ ਸਿੰਘ ਆਹਲੂਵਾਲੀਆ ਦੀ ਸ਼ਿਕਾਇਤ ’ਤੇ ਕੇਸ ਦਰਜ ਹੋਇਆ ਸੀ। ਚੇਤੇ ਰਹੇ ਕਿ ਭਾਜਪਾ ਨੇਤਾ ਬੱਗਾ ਨੇ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਜਿੰਨੀ ਦੇਰ ਕੇਜਰੀਵਾਲ ਕਸ਼ਮੀਰੀਆਂ ਤੋਂ ਮੁਆਫ਼ੀ ਨਹੀਂ ਮੰਗ ਲੈਂਦੇ, ਓਨੀ ਦੇਰ ਉਹ ਉਨ੍ਹਾਂ ਨੂੰ ਚੈਨ ਨਾਲ ਜੀਣ ਨਹੀਂ ਦੇਣਗੇ। ਅਦਾਲਤ ਵਿਚ ਪਟੀਸ਼ਨਕਰਤਾ ਦੇ ਵਕੀਲ ਨੇ ਤਰਕ ਦਿੱਤਾ ਸੀ ਕਿ ਬੱਗਾ ਦੇ ਬਿਆਨ ਦੇ ਕੁੱਝ ਹਿੱਸੇ ਨੂੰ ਆਧਾਰ ਬਣਾ ਕੇ ਕੇਸ ਦਰਜ ਕੀਤਾ ਗਿਆ ਹੈ। ਕੇਸ ਦਰਜ ਕਰਨ ਮਗਰੋਂ ਪੰਜਾਬ ਪੁਲੀਸ ਨੇ ਬੱਗਾ ਨੂੰ ਉਸ ਦੀ ਦਿੱਲੀ ਸਥਿਤ ਰਿਹਾਇਸ਼ ਤੋਂ ਹਿਰਾਸਤ ਵਿਚ ਲੈ ਲਿਆ ਸੀ। ਮਗਰੋਂ ਦਿੱਲੀ ਪੁਲੀਸ ਹਰਿਆਣਾ ’ਚੋਂ ਬੱਗਾ ਨੂੰ ਵਾਪਸ ਲੈ ਗਈ ਸੀ ਜਿਸ ਕਾਰਨ ਪੰਜਾਬ ਪੁਲੀਸ ਦੀ ਕਿਰਕਿਰੀ ਹੋਈ ਸੀ।
ਹਾਈ ਕੋਰਟ ਨੇ ਕਿਹਾ ਕਿ ਉਨ੍ਹਾਂ ਸਾਰੇ ਟਵੀਟਾਂ ਅਤੇ ਪੋਸਟਾਂ ਨੂੰ ਘੋਖਿਆ ਹੈ। ਇਹ ਕਿਧਰੇ ਸਾਫ਼ ਨਹੀਂ ਹੁੰਦਾ ਹੈ ਕਿ ਪਟੀਸ਼ਨਕਰਤਾ ਨੇ ਪੰਜਾਬ ਵਿਚ ਦਾਖ਼ਲ ਹੋ ਕੇ ਇਹ ਟਵੀਟ ਕੀਤੇ ਹਨ ਜਾਂ ਅਜਿਹੇ ਟਵੀਟ ਕਾਰਨ ਕੋਈ ਘਟਨਾ ਵਾਪਰੀ ਸੀ। ਜਸਟਿਸ ਨੇ ਸੰਘੀ ਢਾਂਚੇ ਦਾ ਹਵਾਲਾ ਵੀ ਦਿੱਤਾ ਕਿ ਹਰ ਰਾਜ ਦੀਆਂ ਆਪਣੀਆਂ ਖੇਤਰੀ ਸੀਮਾਵਾਂ ਹੁੰਦੀਆਂ ਹਨ ਜਿਨ੍ਹਾਂ ’ਚ ਅਗਰ ਕੋਈ ਦੂਸਰਾ ਰਾਜ ਦਖ਼ਲ ਦੇਵੇਗਾ ਤਾਂ ਭਾਰਤੀ ਸੰਵਿਧਾਨ ਤਹਿਤ ਸੰਘੀ ਢਾਂਚਾ ਪ੍ਰਭਾਵਿਤ ਹੁੰਦਾ ਹੈ। ਇਸੇ ਤਰ੍ਹਾਂ ਅਦਾਲਤ ਨੇ ਕੁਮਾਰ ਵਿਸ਼ਵਾਸ ਖ਼ਿਲਾਫ਼ 12 ਅਪਰੈਲ ਨੂੰ ਦਰਜ ਕੀਤੀ ਐੱਫਆਈਆਰ ਵੀ ਰੱਦ ਕਰ ਦਿੱਤੀ ਹੈ। ਵਿਸ਼ਵਾਸ ਨੇ 26 ਅਪਰੈਲ ਨੂੰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਐੱਫਆਈਆਰ ਰੱਦ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦਲੀਲ ਦਿੱਤੀ ਸੀ ਕਿ ਉਸ ਦੀ ਇੰਟਰਵਿਊ ਮੁੰਬਈ ਵਿਚ ਹੋਈ ਹੈ ਅਤੇ ਉਸ ਨੂੰ ਲੈ ਕੇ ਪੁਲੀਸ ਕੇਸ ਪੰਜਾਬ ਵਿਚ ਦਰਜ ਕੀਤਾ ਗਿਆ ਹੈ।
ਬਾਜਵਾ ਤੇ ਰਾਜਾ ਵੜਿੰਗ ਵੱਲੋਂ ਫ਼ੈਸਲੇ ਦਾ ਸਵਾਗਤ
ਹਾਈ ਕੋਰਟ ਦੇ ਫ਼ੈਸਲੇ ਮਗਰੋਂ ਵਿਰੋਧੀ ਧਿਰ ਦੇ ਨੇਤਾ ਪ੍ਰ੍ਤਾਪ ਸਿੰਘ ਬਾਜਵਾ ਨੇ ਇਸ ਫ਼ੈਸਲੇ ਨੂੰ ਮਾਨ ਤੇ ਕੇਜਰੀਵਾਲ ਲਈ ਵੱਡੀ ਨਮੋਸ਼ੀ ਦੱਸਿਆ ਹੈ। ਬਾਜਵਾ ਨੇ ਤਾੜਨਾ ਕੀਤੀ ਕਿ ਭਗਵੰਤ ਮਾਨ ਆਪਣੀ ਤਾਕਤ ਨੂੰ ਨਿੱਜੀ ਇੱਛਾਵਾਂ ਦੀ ਪੂਰਤੀ ਲਈ ਨਾ ਵਰਤਣ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਹੀ ‘ਆਪ’ ਸਰਕਾਰ ਕਾਂਗਰਸੀ ਲੀਡਰਾਂ ’ਤੇ ਬਦਲਾਖੋਰੀ ਤਹਿਤ ਮੁਕੱਦਮੇ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਫ਼ੈਸਲੇ ਤੋਂ ਸਰਕਾਰ ਨੂੰ ਸਬਕ ਜ਼ਰੂਰ ਮਿਲਿਆ ਹੋਵੇਗਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly