(ਸਮਾਜ ਵੀਕਲੀ)
ਇੱਕ ਤੋਰ ਇਹ ਵੀ (ਜੇਲ੍ਹ ਜੀਵਨ ‘ਚੋਂ)
ਕਾਂਡ -17 (ਭਾਗ-ਪਹਿਲਾ)
ਸ਼ਹੀਦ ਰਮੇਸ਼ ਕੋਹਲੀ ਦੀ ਸ਼ਹਾਦਤ ਤੋਂ ਬਾਅਦ ਜੇਲ੍ਹ ਵਾਤਾਵਰਨ ਇੱਕ ਦਮ ਉਦਾਸੀ ਦੇ ਪ੍ਰਤੀ- ਸਿਖਰ ‘ਤੇ ਪਹੁੰਚ ਗਿਆ ਸੀ। ਹੁਣ ਉਸ ਨੂੰ ਆਪਣੀ ਪੁਰਾਣੀ ਲੈਅ ਵਿਚ ਲਿਆਉਣਾ ਬਹੁਤ ਜ਼ਰੂਰੀ ਸੀ। ਭਾਵੇਂ ਬਿਮਾਰਾਂ ਦੀਆਂ ਕਤਾਰਾਂ ਕਾਫ਼ੀ ਵੱਡੀਆਂ ਹੋ ਗਈਆਂ ਸਨ ਪਰ ਫ਼ੇਰ ਵੀ ਬਹੁਤੇ ਅਧਿਆਪਕ ਹੌਂਸਲੇ ਵਿਚ ਸਨ। ਜੇਲ੍ਹ ਪ੍ਰਸ਼ਾਸਨ ਨੇ ਅੱਜ ਸਮੁੱਚੇ ਅਧਿਆਪਕ (ਜੇਲ੍ਹੀਆਂ) ਵਰਗ ਲਈ ਸਪੈਸ਼ਲ ਡਾਕਟਰਾਂ ਦੀ ਟੀਮ ਮੰਗਵਾਈ ਸੀ। ਕਿਉਂਕਿ ਸਾਢੇ ਬਾਰਾਂ ਸੌ ਅਧਿਆਪਕਾਂ ਨੂੰ ਦੇਖਣਾ ਦੋ ਡਾਕਟਰਾਂ, ਕੰਪਾਊਡਰਾਂ ਦਾ ਕੰਮ ਨਹੀਂ ਸੀ। ਸਵੇਰ ਤੋਂ ਸ਼ਾਮ ਤੱਕ ਸਾਰੇ ਅਧਿਆਪਕਾਂ/ ਕਰਮਚਾਰੀਆਂ ਦਾ ਮੁਆਇਨਾ ਹੁੰਦਾ ਰਿਹਾ। ਡਾਕਟਰਾਂ ਦੀ ਟੀਮ ਵੱਡੀਆਂ ਵੱਡੀਆਂ ਕਤਾਰਾਂ ‘ਚ ਖੜ੍ਹੇ ਅਧਿਆਪਕਾਂ ਦੀਆਂ ਬਿਮਾਰੀਆਂ ਨੂੰ ਟਟੋਲਦੀ ਰਹੀ ਤੇ ਪਰਚੀਆਂ ਲਿਖਦੀ ਰਹੀ।
ਡਿਸਪੈਂਸਰੀ ਦੇ ਅੱਗੇ ਦਵਾਈ ਲੈਣ ਵਾਲਿਆਂ ਦੀ ਐਡੀ ਲੰਮੀ ਭੀੜ ਸੀ ਕਿ ਘੰਟੇ ਤੋਂ ਪਹਿਲਾਂ ਮੇਰਾ ਨੰਬਰ ਨਹੀਂ ਆ ਸਕਦਾ ਸੀ। ਮੇਰੇ ਤੋਂ ਅੱਗੇ ਸੌ ਕੁ ਸਾਥੀ ਖੜ੍ਹੇ ਸਨ। ਮੈਂ ਸੋਚਿਆ, ਲਾਈਨ ‘ਚ ਖੜ੍ਹਕੇ ਤਾਂ ਸਮਾਂ ਨਹੀਂ ਲੰਘਣਾ ਸੋ ਸਾਰੀ ਲਾਈਨ ਦੇ ਕੋਲ ਹੀ ਚਹਿਲ- ਕਦਮੀ ਕਰ ਲੈਣੀ ਚਾਹੀਦੀ ਹੈ। ਇਸ ਬਹਾਨੇ ਸਾਰੇ ਜ਼ਿਲ੍ਹਿਆਂ ਦੇ ਸਾਥੀਆਂ ਦੇ ਖੁੱਲ੍ਹੇ ਦਰਸ਼ਨ ਵੀ ਹੋ ਜਾਣਗੇ ਤੇ ਉਹਨਾਂ ਦੀਆਂ ਬਿਮਾਰੀਆਂ ਤੋਂ ਵੀ ਵਾਕਫ਼ ਹੋ ਸਕਾਂਗਾ। ਭਾਵੇਂ ਮੈਂ ਸਾਢੇ ਬਾਰਾਂ ਸੌ ਵਿਅਕਤੀਆਂ ‘ਚੋਂ ਦੋ ਕੁ ਸੌ ਵਿਅਕਤੀਆਂ ਦੇ ਹੀ ਨਾਮ ਜਾਣਦਾ ਸਾਂ ਪਰ ਉਹ ਸਾਰੇ ਮੈਨੂੰ ਨਾਮ ਲੈ ਕੇ ਬੁਲਾਉਂਦੇ ਸਨ ਕਿਉਂਕਿ ਮੈਂ ਰੁਜ਼ਾਨਾ ਸਟੇਜ ‘ਤੇ ਉਹਨਾਂ ਦੇ ਮਨੋਰੰਜਨ ਦਾ ਬੰਦੋਬਸਤ ਕਰਦਾ ਸਾਂ। ਮੇਰੇ ਲਾਈਨ ਕੋਲ਼ ਗੇੜਾ ਲਾਉਣ ਦੀ ਦੇਰ ਸੀ,” ਜੱਸੀ ਭਾਅ ਜੀ ! ਜੱਸੀ ਭਾਅ ਜੀ ! ਦੀ ਸਵਰ ਸ਼ੁਰੂ ਹੋ ਗਈ। ਕੋਈ ਪੁੱਛੇ,” ਕੀ ਤਕਲੀਫ਼ ਹੈ ਭਾਅ ਜੀ ?” ਕੋਈ ਕਹੇ,” ਏਥੇ ਕਿਵੇਂ ਜੱਸੀ ਭਾਅ ?”
ਬਹੁਤੇ ਸੱਜਣ ਅਧਿਆਪਕ ਲਾਈਨ ਛੱਡ ਛੱਡ ਕਹਿਣ,” ਜੱਸੀ ਭਾਅ ਜੀ, ਤੁਸੀਂ ਪਹਿਲਾਂ ਦਵਾਈ ਲੈ ਲਵੋ। ਮੈਂ ਉਹਨਾਂ ਨੂੰ ਬੜਾ ਕਿਹਾ,” ਮੈਨੂੰ ਕੋਈ ਅਜਿਹੀ ਤਕਲੀਫ਼ ਨਹੀਂ ਕਿ ਮੈਂ ਪਹਿਲਾਂ ਦਵਾਈ ਪਹਿਲਾਂ ਲਵਾਂ। ਮੈਂ ਤਾਂ ਤੁਹਾਡਾ ਸਾਰਿਆਂ ਦਾ ਹਾਲ ਚਾਲ ਪੁੱਛਣ ਲਈ, ਲਾਈਨ ‘ਚੋਂ ਬਾਹਰ ਆਇਆ ਹਾਂ। ਮੈਨੂੰ ਸਿਰਫ਼ ਥੋੜ੍ਹੀ ਜਿਹੀ ਖਾਂਸੀ ਦੀ ਤਕਲੀਫ਼ ਹੈ।” ਵੱਡੀਆਂ ਵੱਡੀਆਂ ਬੀਬੀਆਂ ਦਾੜ੍ਹੀਆਂ ਵਾਲੇ ਬਜ਼ੁਰਗ ਵੀ ਮੈਨੂੰ ਕਹਿਣ , ਜਸਪਾਲ ਐਥੇ ਸਾਡੇ ਅੱਗੇ ਲੱਗ ਕੇ ਦਵਾਈ ਲੈ ਲੈ। ਪਰ ਮੈਂ ਉਹਨਾਂ ਨੂੰ ਦੱਸਿਆ, “ਬਜ਼ੁਰਗੋ ! ਮੈਂ ਤਾਂ ਤੁਹਾਡਾ ਹਾਲ ਚਾਲ ਪੁੱਛਣ ਆਇਆਂ।” ਪਤਾ ਨਹੀਂ ਉਹਨਾਂ ਦਾ ਪਿਆਰ ਤੇ ਅਪਣੱਤ ਕਿਹੋ ਜਿਹਾ ਸੀ, ਮੈਂ ਮੱਲੋ ਮੱਲੀ ਉਹਨਾਂ ਦੇ ਪਿਆਰ ਵਿਚ ਜਕੜਦਾ ਜਾ ਰਿਹਾ ਸਾਂ।
ਕਈ ਬਜ਼ੁਰਗ ਤਾਂ ਸ਼ਕਲੋਂ ਐਨੇ ਸੁੰਦਰ, ਉਹਨਾਂ ਦੀਆਂ ਚਿੱਟੀਆਂ ਚਿੱਟੀਆਂ ਸੁੰਦਰ ਦਾੜ੍ਹੀਆਂ, ਉਹਨਾਂ ਦੇ ਚਿਹਰੇ ‘ਤੇ ਐਨੀਆਂ ਫਬਦੀਆਂ ਸਨ ਕਿ ਮੈਂ ਬਿਆਨ ਨਹੀਂ ਕਰ ਸਕਦਾ। ਰਘੁਬੀਰ ਸਿੰਘ ਤੁਗਲਵਾਲ ਉਹਨਾਂ ‘ਚੋਂ ਹੋਰ ਵੀ ਸੁੰਦਰ ਜਾਪਦੇ ਸਨ। ਉਹਨਾਂ ਦੀ ਦੁੱਧ ਵਰਗੀ ਚਿੱਟੀ ਤੇ ਰੇਸ਼ਮੀ ਦਾੜ੍ਹੀ, ਅੱਖਾਂ ‘ਚ ਨੂਰ ਜਿਵੇਂ ਕੋਈ ਸੱਚੀ ਹੀ ਰੱਬੀ ਨੂਰ ਹੁੰਦੈ। ਬੜੇ ਮਿਲਣਸਾਰ, ਉਹਨਾਂ ਨਾਲ ਕਈ ਹੋਰ ਬਜ਼ੁਰਗ ਵੀ ਬਣ ਠਣ ਕੇ ਰਹਿਣ ਵਾਲੇ, ਗੁਰੂ ਦੇ ਪਿਆਰੇ, ਗੁਰਬਾਣੀ ਦੇ ਰਸੀਏ, ਕੱਟੜਤਾ ਤੋਂ ਕੋਹਾਂ ਦੂਰ, ਦੂਜੇ ਦੀ ਤਕਲੀਫ਼ ਨੂੰ ਆਪਣੀ ਸਮਝਣ ਵਾਲੇ ਸਨ।
ਇੱਕ ਬਜ਼ੁਰਗ ਦੀ ਘਟਨਾ ਬਾਰੇ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ, ਕਿ ਉਹ ਦੂਜੇ ਦੀਆਂ ਤਕਲੀਫ਼ਾਂ ਨੂੰ ਕਿਵੇਂ ਸਮਝਦੇ ਸਨ :
ਇੱਕ ਬਜ਼ੁਰਗ ਸਾਡੇ ਵਾਲੀ ਬੈਰਕ ਵਿਚ ਸ਼ਾਇਦ ਗੁਰਦਾਸਪੁਰ ਜ਼ਿਲ੍ਹੇ ਸਨ। ਉਹਨਾਂ ਦਾ ਬਿਸਤਰ ਭਾਵੇਂ ਸਾਥੋਂ ਦੂਰ ਸੀ ਪਰ ਉਹਨਾਂ ਦੇ ਘੁਰਾੜੇ ਬੜੇ ਉੱਚੇ ਸਨ। ਉਹਨਾਂ ਨੂੰ ਵੀ ਪੱਕਾ ਪਤਾ ਸੀ ਕਿ ਮੇਰੇ ਘੁਰਾੜਿਆਂ ਦੇ ਖਰਾਟੇ ਕਾਫ਼ੀ ਉੱਚੇ ਵੱਜਦੇ ਹਨ। ਉਹਨਾਂ ਨੂੰ ਪਤਾ ਲੱਗਿਆ ਕਿ ਮੇਰੇ ਕਰ ਕੇ ਕਈ ਨਾਜ਼ੁਕ ਤਬੀਅਤ ਬੰਦੇ ਰਾਤ ਨੂੰ ਸੌਂ ਨਹੀਂ ਸਕਦੇ। ਉਹ ਵਿਚਾਰੇ ਰਾਤ ਦੇਰ ਤੱਕ ਬੈਰਕ ਵਿਚ ਜਾਂ ਬਾਹਰ ਤੁਰਦੇ ਫਿਰਦੇ ਰਹਿੰਦੇ। ਜਦੋਂ ਸਾਰੇ ਸੌਂ ਜਾਂਦੇ ਉਹ ਗੁਰੁ ਪਿਆਰੇ ਸਭ ਤੋਂ ਬਾਅਦ ‘ਚ ਸੌਂਦੇ ਤੇ ਸਵੇਰੇ ਸਭ ਤੋਂ ਜਲਦੀ ਉੱਠਦੇ। ਮੈਂ ਉਹਨਾਂ ਨੂੰ ਅਕਸਰ ਦਿਨ ਵੇਲੇ ਸੌਂਦੇ ਦੇਖਿਆ। ਕਿੰਨੇ ਸਮਝਦਾਰ ਇਨਸਾਨ ਸਨ। ਕਈ ਬੰਦੇ ਦੂਜਿਆਂ ਦੀਆਂ ਤਕਲੀਫ਼ਾਂ ਵਧਾਉਂਦੇ ਹਨ ਤੇ ਕਈ ਕਿੰਨੇ ਵਧੀਆ ਮਨੁੱਖ ਹੁੰਦੇ ਹਨ ਜੋ ਇਹ ਸੋਚਦੇ ਹਨ ਕਿ ਮੇਰੇ ਕਰ ਕੇ ਕਿਸੇ ਨੂੰ ਤਕਲੀਫ਼ ਨਾ ਹੋਵੇ।
ਮੈਨੂੰ ਬਹੁਤੇ ਜੇਲ੍ਹ ਅਧਿਆਪਕ ਖ਼ਾਲਸਾ ਸਕੂਲ ਬਠਿੰਡੇ ਦਾ ਅਧਿਆਪਕ ਸਮਝਦੇ ਸਨ ਕਿਉਂਕਿ ਪ੍ਰਿੰਸੀਪਲ ਹਰਨੇਕ ਸਿੰਘ ਸਿੱਧੂ ਜੀ ਦਾ ਬਿਸਤਰਾ ਵੀ ਸਾਡੇ ਨਾਲ ਸੀ ਤੇ ਉਹ ਪਿਆਰ ਦੀ ਬਹੁਤ ਕਰਦੇ ਸਨ। ਵਧੀਆ ਵਧੀਆ ਗੱਲਾਂ ਤੇ ਟੋਟਕੇ ਵੀ ਬਹੁਤ ਸੁਣਾਉਂਦੇ, ਕਿਉਂਕਿ ਬਠਿੰਡੇ ਜਿਲ੍ਹੇ ਦੇ ਸਕੂਲਾਂ ਵਿਚੋਂ ਪ੍ਰਿੰਸੀਪਲ ਕਾਡਰ ਨਾਲ ਸਬੰਧਤ ਉਹ ਇਕੱਲੇ ਹੀ ਵਿਅਕਤੀ ਸਨ। ਭਾਵੇਂ ਐੱਮ.ਐੱਚ.ਆਰ. ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀ ਕੇ.ਸੀ. ਗੁਪਤਾ ਜੀ ਵੀ ਨਾਲ ਸਨ ਪਰ ਉਹ ਕਾਫ਼ੀ ਰੀਜ਼ਰਵ ਰਹਿੰਦੇ ਸਨ। ਸਿੱਧੂ ਸਾਹਿਬ ਦੀ ਵੱਖਰੀ ਹੀ ਟੋਹਰ ਸੀ। ਇਸ ਗੱਲ ਨੂੰ ਸਾਰੇ ਜੇਲ੍ਹੀਂ ਸਾਥੀ ਭਲੀ-ਭਾਂਤ ਜਾਣਦੇ ਸਨ।
ਇੱਕ ਦਿਨ ਸਿੱਧੂ ਸਾਹਿਬ ਮੈਨੂੰ ਕਹਿੰਦੇ,” ਜੱਸੀ ! ਆਪਣੀ ਕਿੰਨੀ ਇੱਜ਼ਤ ਜੇਲ੍ਹ ਵਿਚ ਸੀ, ਪਰ ਇਕ-ਦੋ ਨਿਕੰਮਿਆਂ ਨੇ ( ਗਾਲ਼ ਦੇ ਕੇ) ਆਪਣੀ ਬੇਇੱਜ਼ਤੀ ਕਰਵਾ ‘ਤੀ। ”
ਮੈਂ ਕਿਹਾ,” ਕਿਹੜੇ ਸਰ?”
ਕਹਿੰਦੇ,” ਆਹ ਜ਼ਮਾਨਤ ਕਰਵਾ ਕੇ ਇੱਕ ਥੋਡਾ ਭੱਜ ਗਿਆ, ਇੱਕ ਸਾਡਾ ਭੱਜ ਗਿਆ, ਭਰਾਵਾ ! ਕਿਹੜੇ ਮੂੰਹ ਨਾਲ ਸਟੇਜ ‘ਤੇ ਬੋਲੀਏ ।
ਵੀਹ ਦਿਨਾਂ ਦੀ ਕੀਤੀ ਕਰਾਈ ਖੂਹ ‘ਚ ਪਾ ‘ਤੀ। ਮੈਨੂੰ ਪਤਾ ਲੱਗਿਐ, ਇੱਕ ਦੋ ਹੋਰ ਭੱਜਣ ਨੂੰ ਫਿਰਦੇ ਐ।”
ਮੈਂ ਕਿਹਾ,” ਨਹੀਂ ਸਿੱਧੂ ਸਾਹਿਬ, ਉਹ ਤਾਂ ਮਜ਼ਬੂਰੀ ਨੂੰ ਗਏ ਨੇ।”- ਹੂੰ…… ਮਜ਼ਬੂਰੀ ਨੂੰ ਗਏ ਨੇ….. ਸ਼ਹੀਦ ਹੋ ਜਾਂਦੇ ਕੋਹਲੀ ਸੂਰਮੇ ਆਂਗੂ।” ਮੈਂ ਕਿਹਾ,” ਹੁਣ ਨਹੀਂ ਜਾਣ ਦਿੰਦੇ ਸਿੱਧੂ ਸਾਹਿਬ ਘਬਰਾਓ ਨਾ।” ਸਾਨੂੰ ਭਿਣਕ ਪਈ ਕਿ ਕਈ ਹੋਰ ਸਾਥੀ ਦੀ ਘਬਰਾਏ ਬੈਠੇ ਨੇ ਤੇ ਕੁਝ ਘਰ ਦੇ ਉਹਨਾਂ ਨੂੰ ਮਜ਼ਬੂਰ ਕਰ ਰਹੇ ਸਨ। ਜੇ ਤੁਸੀਂ ਜਮਾਨਤ ਕਰਵਾ ਕੇ ਆ ਜਾਵੋ। ਪਰ ਸਾਡੇ ਅਸ਼ੋਕ ਸ਼ਰਮਾ ਦੇ ਪਰਮਜੀਤ, ਪਵਨ (ਬਠਿੰਡਾ) ਰਾਜਿੰਦਰ ਸਿੰਘ (ਮੋੜ) ਸਰਦਾਰ ਗਿਆਨ ਸਿੰਘ (ਅੰਮ੍ਰਿਤਸਰ) ਵਰਗੇ ਐਨੇ ਕਾਇਮ ਸਾਥੀ ਸਨ ਜਿਹੜੇ ਆਪਣਿਆਂ ਨੂੰ ਤਾਂ ਕੀ ਦੂਸਰੇ ਜ਼ਿਲ੍ਹਿਆਂ ਵਾਲਿਆਂ ਨੂੰ ਵੀ ਹੌਂਸਲਾ ਦਿੰਦੇ ਸਨ।
ਚਲਦਾ…..
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly