ਬਲਦੇਵ ਸਿੰਘ ਬੇਦੀ
(ਸਮਾਜ ਵੀਕਲੀ) ਪੰਜਾਬ ਦੀ ਧਰਤੀ ਨੇ ਹਮੇਸ਼ਾਂ ਸੰਗੀਤ, ਸੱਭਿਆਚਾਰ ਅਤੇ ਕਲਾ ਦੇ ਖੇਤਰ ਵਿੱਚ ਮਹਾਨ ਯੋਗਦਾਨ ਪਾਇਆ ਹੈ। ਇਸ ਰੰਗ-ਬਰੰਗੇ ਕਲਾਕਾਰੀ ਜਗਤ ਵਿੱਚ ਜੇਕਰ ਕਿਸੇ ਇਕ ਨੇ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ ਹੈ, ਤਾਂ ਉਹ ਹੈ ਆਕਾਸ਼ਵਾਣੀ ਜਲੰਧਰ। ਇਸ ਦਾ ਬੋਲ ਬਾਲਾ ਨਾਂ ਸਿਰਫ਼ ਪੰਜਾਬ ਵਿੱਚ , ਬਲਕਿ ਸਾਰੀ ਦੁਨੀਆ ‘ਚ ਹੀ ਸੰਗੀਤ ਦੇ ਪ੍ਰੇਮੀਆਂ ਵਲੋਂ ਪਸੰਦ ਕੀਤਾ ਜਾਂਦਾ ਹੈ।
ਆਕਾਸ਼ਵਾਣੀ ਜਲੰਧਰ ਦੀ ਸਥਾਪਨਾ ਉਸ ਸਮੇਂ ਹੋਈ ਜਦੋਂ ਪੰਜਾਬ ਵਿੱਚ ਟੈਕਨਾਲੋਜੀ ਦਾ ਵਿਕਾਸ ਬਹੁਤ ਘਟ ਸੀ। ਇਸ ਸਟੇਸ਼ਨ ਨੇ 16 ਮਈ 1948 ਨੂੰ ਉੱਘੇ ਲੇਖਕ ਤੇ ਪ੍ਰਸਾਰਕ ਕਰਤਾਰ ਸਿੰਘ ਦੁੱਗਲ ਦੀ ਅਗਵਾਈ ‘ਚ ਪ੍ਰਸਾਰਣ ਸ਼ੁਰੂ ਕੀਤਾ। ਇਸ ਸਟੇਸ਼ਨ ਨੇ ਰੂਹਾਨੀ ਅਤੇ ਸੰਗੀਤਕ ਪ੍ਰਸਾਰਣਾਂ ਨਾਲ ਪੰਜਾਬੀ ਕਲਾਕਾਰਾਂ ਨੂੰ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ। ਹਰ ਸਵੇਰੇ ਸ਼ਾਮ ਸਿੱਧਾ ਪ੍ਰਸਾਰਣ ਸ਼੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਹੁੰਦਾ ਸੀ, ਜੋ ਲੋਕਾਂ ਨੂੰ ਰੱਬੀ ਰੰਗ ਵਿੱਚ ਰੰਗਦਾ ਸੀ। ਗੁਰਬਾਣੀ ਵਿਚਾਰ ਪ੍ਰੋਗਰਾਮ ਅਤੇ ਸਿੱਧਾ ਪ੍ਰਸਾਰਣ ਅੱਜ ਵੀ ਆਕਾਸ਼ਵਾਣੀ ਜਲੰਧਰ ਦੀ ਪਹਿਚਾਣ ਬਣਿਆ ਹੋਇਆ ਹੈ, ਜਿਸ ਨੂੰ ਲੋਕ ਘਰਾਂ ਵਿੱਚ ਬੈਠ ਕੇ ਬੜੀ ਸ਼ਰਧਾ ਨਾਲ ਸੁਣਦੇ ਹਨ।
ਅਕਾਸ਼ਵਾਣੀ ਜਲੰਧਰ ਸਿਰਫ਼ ਸੰਗੀਤ ਜਾਂ ਰੂਹਾਨੀ ਪ੍ਰਸਾਰਣਾਂ ਲਈ ਹੀ ਨਹੀਂ ਜਾਣਿਆ ਜਾਂਦਾ ਸੀ, ਸਗੋਂ ਇਹ ਕਲਾਕਾਰਾਂ ਅਤੇ ਗਾਇਕਾਂ ਲਈ ਇੱਕ ਵੱਡਾ ਪਲੇਟਫਾਰਮ ਵੀ ਰਿਹਾ। ਹਰ ਕਲਾਕਾਰ ਦਾ ਇਹ ਸੁਪਨਾ ਹੁੰਦਾ ਸੀ ਕਿ ਉਸ ਨੂੰ ਇਸ ਮੰਚ ਤੇ ਗਾਉਣ ਦਾ ਮੌਕਾ ਮਿਲੇ ਅਤੇ ਉਹ ਆਪਣੇ ਆਪ ਨੂੰ “ਰੇਡੀਓ ਆਰਟਿਸਟ” ਕਹਾ ਸਕੇ। ਇਹ ਸਟੇਸ਼ਨ ਕਲਾਕਾਰਾਂ ਨੂੰ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਜੋੜਦਾ ਸੀ, ਜਿਸ ਨਾਲ ਉਨ੍ਹਾਂ ਦੀ ਕਲਾ ਨੂੰ ਵੱਡੀ ਪਹਿਚਾਣ ਮਿਲਦੀ ਸੀ। ਅਕਾਸ਼ਵਾਣੀ ਜਲੰਧਰ ਰਾਹੀਂ ਕਈ ਨਾਮਵਰ ਪੰਜਾਬੀ ਕਲਾਕਾਰ ਬੁਲੰਦੀਆਂ ‘ਤੇ ਪਹੁੰਚੇ। ਜਿਨ੍ਹਾਂ ਵਿੱਚੋਂ ਲਾਲ ਚੰਦ ਯਮਲਾ ਜੱਟ, ਬੀਬੀ ਨੂਰਾਂ,ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਮੁਹੰਮਦ ਸਦੀਕ, ਕੁਲਦੀਪ ਮਾਣਕ, ਪੂਰਨ ਚੰਦ-ਪਿਆਰੇ ਲਾਲ ਗੁਰੂ ਕੀ ਵਡਾਲੀ, ਜਗਮੋਹਨ ਕੌਰ, ਨਰਿੰਦਰ ਬੀਬਾ, ਗੁਰਮੀਤ ਬਾਵਾ, ਰੰਜਨਾਂ, ਸੁਰਿੰਦਰ ਛਿੰਦਾ, ਸਰਦੂਲ ਸਿਕੰਦਰ, ਹੰਸ ਰਾਜ ਹੰਸ ਵਰਗੇ ਹੋਰ ਵੀ ਕਈ ਗਾਇਕ ਇੱਥੋਂ ਦੀ ਦੇਣ ਹੀ ਹਨ।
ਆਕਾਸ਼ਵਾਣੀ ਜਲੰਧਰ ਦੀ ਇੱਕ ਹੋਰ ਵੱਡੀ ਖਾਸੀਅਤ ਇਸ ਦਾ ‘ਦਿਹਾਤੀ ਪ੍ਰੋਗਰਾਮ’ ਹੈ। ਇਹ ਪ੍ਰੋਗਰਾਮ ਪੰਜਾਬੀ ਲੋਕ ਕਲਾ ਅਤੇ ਲੋਕ ਸੱਭਿਆਚਾਰ ਨੂੰ ਸੰਚਾਰਿਤ ਕਰਨ ਵਾਲਾ ਹੈ। ਠੰਡੂ ਰਾਮ, ਚਾਚਾ ਕੁੰਮੇਦਾਨ ਅਤੇ ਭਾਈਆ ਜੀ ਵਾਂਗ ਦਿਹਾਤੀ ਕਿਰਦਾਰਾਂ ਨੇ ਇਸਨੂੰ ਲੋਕ ਪ੍ਰਸੰਨਤਾ ਵਿੱਚ ਗ਼ੈਰ-ਮੁਕਾਬਲਾ ਬਣਾ ਦਿੱਤਾ। ਇਸ ਪ੍ਰੋਗਰਾਮ ਨੇ ਪਿੰਡਾਂ ਦੀ ਜ਼ਿੰਦਗ਼ੀ ਅਤੇ ਬੋਲ-ਚਾਲ ਨੂੰ ਇੱਕ ਨਵੇਂ ਅੰਦਾਜ਼ ‘ਚ ਲੋਕਾਂ ਤੱਕ ਪਹੁੰਚਾਇਆ। ਜਿੱਥੇ ਇਹ ਕਿਰਦਾਰ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਜ਼ਿੰਦਾ ਹਨ ਉੱਥੇ ਹੀ ਇਸ ਪ੍ਰੋਗਰਾਮ ਦੀ ਸ਼ੁਰੂਆਤੀ ਟਿਉਣ ਅੱਜ ਵੀ ਕੰਨਾਂ ਵਿੱਚ ਗੂੰਜਦੀ ਹੈ।
ਆਕਾਸ਼ਵਾਣੀ ਜਲੰਧਰ ਦੇ ਪ੍ਰਸਾਰਣ ਵਿਚਲੇ ਕਈ ਹੋਰ ਪ੍ਰੋਗਰਾਮ ਵੀ ਬਹੁਤ ਪਸੰਦੀਦਾ ਸਨ। ‘ਭੈਣਾਂ ਦਾ ਪ੍ਰੋਗਰਾਮ’ ਖਾਸ ਕਰਕੇ ਪਿੰਡ ਦੀਆਂ ਮਹਿਲਾਵਾਂ ਲਈ ਇੱਕ ਪ੍ਰਮੁੱਖ ਰਿਹਾ। ਇਸ ਵਿੱਚ ਸਵੈ-ਰੁਜ਼ਗਾਰ, ਸਿਹਤ ਅਤੇ ਘਰੇਲੂ ਸਮੱਸਿਆਂ ਨਾਲ ਜੁੜੀਆਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ।
ਛਾਂਗੂ ਮਾਂਗੂ ਆਕਾਸ਼ਵਾਣੀ ਜਲੰਧਰ ਤੋਂ ਬਚਿਆਂ ਲਈ ਪੇਸ਼ ਕੀਤਾ ਜਾਣ ਵਾਲਾ ਇੱਕ ਬਾ – ਕਮਾਲ ਰੇਡੀਓ ਪ੍ਰੋਗਰਾਮ ਸੀ, ਜੋ ਅੱਜ ਵੀ ਸਾਡੇ ਦਿਲਾਂ ਵਿੱਚ ਜਿਉਂਦਾ ਹੈ। ਜਿਸਦੇ ਦੋ ਮਜ਼ਾਕੀਆ ਪਾਤਰ ਛਾਂਗੂ ਤੇ ਮਾਂਗੂ ਆਪਣੇ ਹਾਸੇ ਅਤੇ ਸਿੱਖਿਆ ਭਰਪੂਰ ਗੱਲਾਂ ਰਾਹੀਂ ਬੱਚਿਆਂ ਨੂੰ ਖੂਬ ਮਨੋਰੰਜਨ ਕਰਦੇ
ਜੇਕਰ ਖ਼ਬਰਾਂ ਦੀ ਗੱਲ ਕੀਤੀ ਜਾਵੇ, ਤਾਂ ਆਕਾਸ਼ਵਾਣੀ ਜਲੰਧਰ ਅੱਜ ਵੀ ਦੱਸ ਕੁ ਮਿੰਟਾਂ ਵਿੱਚ ਦੇਸ਼ ਦੇ ਹਰੇਕ ਹਿੱਸੇ ਦੀ ਸਾਫ਼- ਸੁਥਰੀ ਅਤੇ ਭਰੋਸੇਮੰਦ ਖ਼ਬਰ ਦੇਣ ਦੀ ਸਮਰਥਾ ਰੱਖਦਾ ਹੈ। ਅਵਤਾਰ ਸਿੰਘ ਢਿੱਲੋਂ ਜੀ ਦੀ ਆਵਾਜ਼ ਅਤੇ ਖ਼ਬਰਾਂ ਪੜ੍ਹਨ ਦਾ ਅੰਦਾਜ਼, ਅੱਜ ਦੀਆਂ ਵਪਾਰਕ ਖ਼ਬਰਾਂ ਤੋਂ ਵੱਖਰਾ ਅਤੇ ਕੋਹਾਂ ਦੂਰ ਹੈ। ਢਿੱਲੋਂ ਸਾਬ ਵਲੋਂ ਸੁਤੰਤਰ ਅਤੇ ਅਸਲ ਖ਼ਬਰਾਂ ਪੇਸ਼ ਕਰਨ ਦੀ ਅਦਾਏਗੀ ਉਨ੍ਹਾਂ ਨੂੰ ਅਜੋਕੇ ਮੀਡੀਆ ਜਗਤ ਤੋਂ ਅਲੱਗ ਖੜ੍ਹਾ ਕਰਦੀ ਹੈ। ਪਹਿਲਾਂ ਇਹ ਖ਼ਬਰਾਂ ਆਕਾਸ਼ਵਾਣੀ ਦੇ ਚੰਡੀਗੜ੍ਹ ਅਤੇ ਦਿੱਲੀ ਕੇਂਦਰਾਂ ਤੋਂ ਆਉਂਦੀਆਂ ਸਨ, ਪਰ 15 ਮਈ 2023 ਤੋਂ ਇਹ ਆਕਾਸ਼ਵਾਣੀ ਜਲੰਧਰ ਤੋਂ ਹੀ ਪੜ੍ਹੀਆਂ ਜਾਣ ਲੱਗੀਆਂ।
ਇਸ ਤੋ ਇਲਾਵਾ ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਸਰੋਤਿਆਂ ਦੀ ਖ਼ਾਸ ਪਸੰਦ ਬਣ ਗਏ। ਆਕਾਸ਼ਵਾਣੀ ਜਲੰਧਰ ਨੂੰ ਲੋਕ ਆਪਣੇ ਮਨਭੌਂਦੇ ਗੀਤ ਸੁਣਨ ਲਈ ਚਿੱਠੀਆਂ ਪਾਉਂਦੇ। ਜਿਸ ਵਿੱਚ ਲੋਕ ਆਪਣੀ ਫ਼ਰਮਾਇਸ਼ ਮੁਤਾਬਕ ਗਾਣੇ ਸੁਣਦੇ। ਇਹ ਪ੍ਰੋਗਰਾਮ ਰੋਜ਼ਾਨਾ ਦੇ ਜੀਵਨ ਦਾ ਇੱਕ ਹਿੱਸਾ ਹੀ ਬਣ ਗਏ ਸੀ।
ਮੈਡਮ ਸੁਖਜੀਤ ਦੀ ਅਵਾਜ਼ ਅਤੇ ਲਾਈਵ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਦੇ ਸਫ਼ਰ ਵਿੱਚ ਅੱਜ ਵੀ ਇੱਕ ਖਾਸ ਅਹਿਮੀਅਤ ਰੱਖਦੇ ਹਨ। ਮੈਡਮ ਸੁਖਜੀਤ ਦੇ ਪ੍ਰੋਗਰਾਮਾਂ ‘ਚ ਲੋਕ ਬਹੁਤ ਰੁੱਚੀ ਰੱਖਦੇ, ਅਤੇ ਹਰ ਕੋਈ ਇਸ ਦਾ ਇੰਤਜ਼ਾਰ ਕਰਦਾ ਕਿ ਉਸ ਦੀ ਅਵਾਜ਼ ਕਦੋਂ ਇਸ ਪਲੇਟਫਾਰਮ ‘ਤੇ ਸੁਣੀ ਜਾਵੇਗੀ। ਇਹ ਪ੍ਰੋਗਰਾਮ ਸਿਰਫ਼ ਗੱਲ-ਬਾਤ ਦੇ ਹੀ ਸਾਧਨ ਨਹੀਂ , ਸਗੋਂ ਲੋਕਾਂ ਦੇ ਦਿਲਾਂ ਵਿੱਚ ਇੱਕ ਵੱਖਰਾ ਰਿਸ਼ਤਾ ਵੀ ਕਾਇਮ ਕਰਦੇ ਹਨ। ਇਸ ਦੇ ਨਾਲ ਨਾਲ, ਬੀਰਿੰਦਰ ਅਤੇ ਸਰਬਜੀਤ ਰਿਸ਼ੀ ਤੋਂ ਇਲਾਵਾ ਬਾਕੀ ਸਾਰੇ ਅਨੌਉਸਰਾਂ ਦੀ ਪੇਸ਼ਕਾਰੀ ਵੀ ਕਾਬਿਲ-ਏ-ਤਾਰੀਫ਼ ਹੈ। ਇਹ ਸਾਰੇ ਆਪੋ-ਆਪਣੇ ਅੰਦਾਜ਼ ‘ਚ ਇੱਕ ਵੱਖਰੀ ਛਾਪ ਛੱਡਦੇ ਹਨ।
ਅੱਜ ਜਦ ਪ੍ਰਾਈਵੇਟ ਐਫ. ਐਮ. ਰੇਡੀਓ ਚੈਨਲਾਂ ਦਾ ਬੋਲ-ਬਾਲਾ ਹੈ, ਉਸ ਸਮੇਂ ਵੀ ਆਕਾਸ਼ਵਾਣੀ ਜਲੰਧਰ ਨੇ ਆਪਣੀ ਵਿਰਾਸਤ ਅਤੇ ਖਾਸੀਅਤ ਨੂੰ ਜਿਉਂ ਦੀ ਤਿਉਂ ਕਾਇਮ ਰੱਖਿਆ ਹੋਇਆ ਹੈ। ਇਹ ਸਟੇਸ਼ਨ ਪੇਂਡੂ ਲੋਕਾਂ ਲਈ ਪ੍ਰੋਗਰਾਮ, ਵਿਗਿਆਨਕ ਖੇਤੀਬਾੜੀ ਬਾਰੇ ਪ੍ਰੋਗਰਾਮ, ਜਾਗਰੂਕਤਾ ਫੈਲਾਉਣ ਵਾਲੇ ਪ੍ਰੋਗਰਾਮ, ਸਿਹਤ, ਔਰਤਾਂ, ਨੌਜਵਾਨਾਂ, ਬੱਚਿਆਂ, ਬਜ਼ੁਰਗ ਨਾਗਰਿਕਾਂ ਅਤੇ ਫੌਜ ਦੇ ਜਵਾਨਾਂ ਲਈ ਪ੍ਰਸਾਰਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ “ਮਨ ਕੀ ਬਾਤ” ਵੀ ਪ੍ਰਸਾਰਿਤ ਕੀਤੀ ਜਾਂਦੀ ਹੈ, ਜੋ ਸਥਾਨਕ ਪੱਧਰ ਤੇ ਲੋਕਾਂ ਨੂੰ ਰਾਸ਼ਟਰੀ ਮੁੱਦਿਆਂ ਨਾਲ ਜੋੜ ਰਹੀ ਹੈ।
ਇਹ ਕੇਂਦਰ ਸਮਾਜਿਕ ਮੁੱਦਿਆਂ ‘ਤੇ ਵੀ ਵਿਸ਼ੇਸ਼ ਧਿਆਨ ਦੇਂਦਾ ਹੈ, ਜਿਸ ਨਾਲ ਇਹ ਹਰ ਵਰਗ ਦੇ ਲੋਕਾਂ ਨੂੰ ਸਿੱਖਣ ਅਤੇ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ। ਆਪਣੇ ਪ੍ਰੋਗਰਾਮਾਂ ‘ਚ ਲੋਕ-ਧਾਰਾ, ਗੀਤ-ਸੰਗੀਤ ਨੂੰ ਵੱਖ-ਵੱਖ ਰੂਪਾਂ ਵਿੱਚ ਪੇਸ਼ ਕੀਤਾ ਜਾਂਦਾ ਹੈ। ਪ੍ਰਾਈਵੇਟ ਚੈਨਲਾਂ ਦੀ ਆਵਾਜ਼ ਹੋ ਸਕਦੀ ਹੈ ਬਹੁਤ ਦੂਰ ਤੱਕ ਜਾਵੇ, ਪਰ ਆਕਾਸ਼ਵਾਣੀ ਜਲੰਧਰ ਦੀ ਆਵਾਜ਼ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਵਸਦੀ ਹੈ।
ਨਵੇਂ ਦੌਰ ਦੀ ਮੀਡੀਆ ਭਾਵੇਂ ਤੇਜ਼ੀ ਨਾਲ ਵਿਕਸਤ ਹੋ ਰਹੀ ਹੈ, ਪਰ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ਦੀ ਮਿਆਦ ਅੱਜ ਵੀ ਉੱਥੇ ਹੀ ਹੈ। ਜਿੱਥੇ ਆਮ ਮੀਡੀਆ ਰੋਜ਼ਾਨਾ ਦੀਆਂ ਸੂਚਨਾਵਾਂ ਅਤੇ ਮਸਾਲੇਦਾਰ ਪੇਸ਼ਕਸ਼ਾਂ ਨਾਲ ਨਵੀਆਂ ਪੀੜ੍ਹੀਆਂ ਨੂੰ ਮੋਹ ਰਹੀ ਹੈ, ਉਥੇ ਹੀ ਆਕਾਸ਼ਵਾਣੀ ਜਲੰਧਰ ਪੰਜਾਬ ਦੇ ਅਮੀਰ ਸਭਿਆਚਾਰ ਅਤੇ ਵਿਰਾਸਤ ਨੂੰ ਸੰਜੋਏ ਬੈਠਾ ਹੈ।
ਆਧੁਨਿਕ ਤਕਨਾਲੋਜੀ ਦੇ ਸਮੇਂ ‘ਚ, ਆਕਾਸ਼ਵਾਣੀ ਜਲੰਧਰ ਵੀ ਆਪਣੇ ਪ੍ਰੋਗਰਾਮਾਂ ਨੂੰ ਵੱਖ-ਵੱਖ ਪਲੇਟਫਾਰਮਾਂ AM 873, DRM 864 Khz, FM 100.9, ਅਤੇ FM 100.8 ‘ਤੇ ਪ੍ਰਸਾਰਿਤ ਕਰ ਰਿਹਾ ਹੈ। ਇਸ ਦੇ ਨਾਲ, ਤੁਸੀਂ NEWSONAIR ਰੇਡੀਓ ਐਪ ਅਤੇ DTH ਡੀਡੀ ਫ੍ਰੀ ਡਿਸ਼ ਪਲੇਟਫਾਰਮ ਰਾਹੀਂ ਵੀ ਇਸਦੇ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ।
ਬਲਦੇਵ ਸਿੰਘ ਬੇਦੀ
ਜਲੰਧਰ
9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly