HOME ਜਵੱਦੀ ਟਕਸਾਲ ਵਿਖੇ ਸਲਾਨਾਂ ਗੁਰਮਤਿ ਸੰਗੀਤ ਕਾਰਜਸ਼ਾਲਾ ਦੇ ਦੂਜੇ ਦਿਨ ਵਿਸ਼ਵ ਪ੍ਰਸਿੱਧ...

ਜਵੱਦੀ ਟਕਸਾਲ ਵਿਖੇ ਸਲਾਨਾਂ ਗੁਰਮਤਿ ਸੰਗੀਤ ਕਾਰਜਸ਼ਾਲਾ ਦੇ ਦੂਜੇ ਦਿਨ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਰਿੰਪਾ ਸ਼ਿਵਾ ਨੇ ਸੰਗੀਤ ਦੀਆਂ ਬਾਰੀਕੀਆਂ ਸਮਝਾਈਆਂ

2

ਲੁਧਿਆਣਾ   (ਸਮਾਜ ਵੀਕਲੀ)    (ਕਰਨੈਲ ਸਿੰਘ ਐੱਮ.ਏ.) ਜਵੱਦੀ ਟਕਸਾਲ ਵੱਲੋਂ ਕਰਵਾਈ ਜਾਂਦੀ ਸਲਾਨਾਂ ਗੁਰਮਤਿ ਸੰਗੀਤ ਕਾਰਜਸ਼ਾਲਾ ਦੇ ਅੱਜ ਦੂਜੇ ਦਿਨ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਨੂੰ  ਫਾਰੁਖਾਬਾਦ ਘਰਾਣੇ ਨਾਲ ਸੰਬੰਧਿਤ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਕੁਮਾਰੀ ਰਿੰਪਾ ਸ਼ਿਵਾ ਜੀ ਦੀਆਂ ਉਂਗਲਾਂ ਦੇ ਪੋਟਿਆਂ ਦੀ ਤਬਲੇ ਦੇ ਪੁੜਾਂ ‘ਤੇ ਹਰਕਤ ਵੇਖ, ਆਪਣੇ ਅੰਦਰੋਂ ਉਹੋ-ਜਿਹੇ ਗੁਣ ਪ੍ਰਗਟ ਕਰਨ ਦੀ ਪ੍ਰੇਰਨਾ ਮਿਲੀ। ਉਨ੍ਹਾਂ ਨਾਲ ਭਾਈ ਭਗਤਾ ਸਿੰਘ ਨੇ ਇਸਰਾਜ਼ ਤੇ ਸੰਗਤ ਕੀਤੀ। ਆਪਣੇ ਵਿਚਾਰਾਂ ‘ਚ ਉਨ੍ਹਾਂ ਦੱਸਿਆ ਕਿ ਸੰਗੀਤ ਮਨੁੱਖੀ ਜੀਵਨ ਦਾ ਸਾਜ਼ ਹੈ, ਸੰਗੀਤ ਇਨਸਾਨ ਦਾ ਆਦਿ ਕਾਲ ਤੋਂ ਅੰਤ ਤੱਕ ਹਾਣੀ ਹੈ। ਸੰਗੀਤ ਹਿਰਦੇ ਦੀ ਪ੍ਰਵਜ਼ੀ ਉਡਾਰੀ ਹੈ। ਸੰਗੀਤ ਨਿਮਰਤਾ ਦੀ ਪਹਿਲੀ ਪੌੜੀ ਹੈ। ਸੰਗੀਤ ਇਕੱਲਤਾ ਨੂੰ ਨਿਗਲਦਾ ਹੈ। ਸੰਗੀਤ ਕੁਮਲਾਏ ਹਿਰਦਿਆਂ ਲਈ ਸੰਜੀਵਨੀ ਬੂਟੀ ਹੈ। ਸੰਗੀਤ ਪਥਰੀਲੇ ਦਿਲਾਂ ਲਈ ਮੋਮ ਹੈ। ਸੰਗੀਤ ਆਪਣੇ-ਪਣ ਦਾ ਅਮੁੱਕ ਖ਼ਜਾਨਾ ਹੈ। ਸੰਗੀਤ ਉੱਤਮ ਤੇ ਸੁਹਜ ਕਲਾ ਹੈ। ਉਨ੍ਹਾਂ ਸੰਗੀਤ ਦੇ ਵੱਖ-ਵੱਖ ਪੱਖਾਂ ਦਾ ਵਰਣਨ ਕਰਦਿਆਂ ਕਿਹਾ ਕਿ ਅਸਲ ‘ਚ ਸੰਗੀਤ ਜੀਵਨ ਹੈ। ਜਵੱਦੀ ਟਕਸਾਲ ਵੱਲੋਂ ਕਰਵਾਈ ਜਾਂਦੀ ਇਸ ਗੁਰਮਤਿ ਸੰਗੀਤ ਕਾਰਜਸ਼ਾਲਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਮਹਾਨ ਸ਼ਖਸ਼ੀਅਤਾਂ ਹੀ ਮਹਾਨ ਕਾਰਜ ਕਰਦੀਆਂ ਹੁੰਦੀਆਂ ਹਨ। ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਭਾਈ ਅਰਸ਼ਦੀਪ ਸਿੰਘ  ਅਤੇ ਜਸਪਿੰਦਰ ਸਿੰਘ ਵੱਲੋਂ ਤਿੰਨ ਤਾਲ ਤਬਲਾ ਵਾਦਨ ਦੀ ਪੇਸ਼ਕਾਰੀ ਕਰਦਿਆਂ ਸੰਗਤ ਅਤੇ ਗੁਣੀ ਜਨ ਉਸਤਾਦ ਸਾਹਿਬਾਨਾਂ ਦੀ ਅਸੀਸ ਪ੍ਰਾਪਤ ਕੀਤੀ ਅਤੇ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ। ਅੱਜ ਦੀ ਗੁਰਮਤਿ ਸੰਗੀਤ ਕਾਰਜਸ਼ਾਲਾ ‘ਚ ਭਾਈ ਬਨੀਤ ਸਿੰਘ ਦਿੱਲੀ, ਭਾਈ ਜਤਿੰਦਰ ਸਿੰਘ ਅੰਮ੍ਰਿਤਸਰ, ਉਸਤਾਦ ਰਾਜਬਰਿੰਦਰ ਸਿੰਘ, ਉਸਤਾਦ ਸਤਵਿੰਦਰ ਸਿੰਘ ਬੋਦਲ,  ਆਦਿ ਨੇ ਸੰਗੀਤ ਦੇ ਵਿਦਿਆਰਥੀਆਂ ਨੂੰ ਸੰਗੀਤ ਦੀਆਂ ਬਾਰੀਕੀਆਂ ਸਮਝਾਈਆਂ। ਉਸਤਾਦ ਇੰਦਰਜੀਤ ਸਿੰਘ ਬਿੰਦੂ, ਉਸਤਾਦ ਗੋਬਿੰਦਰ ਸਿੰਘ ਆਲਮਪੁਰੀ, ਉਸਤਾਦ ਜਤਿੰਦਰਪਾਲ ਸਿੰਘ, ਉਸਤਾਦ ਮਨਜੀਤ ਸਿੰਘ ਫਗਵਾੜਾ, ਉਸਤਾਦ ਬਲਵੀਰ ਸਿੰਘ, ਉਸਤਾਦ ਰਮਾ ਕਾਂਤ, ਸੰਗੀਤ ਦੇ ਮਾਹਿਰ ਡਾ: ਅਨਿਲ ਕੁਮਾਰ ਸ਼ਾਸਤਰੀ,  ਭਾਈ ਸਤਿੰਦਰ ਸਿੰਘ ਸਾਰੰਗ ਆਦਿ ਨੇ ਵੀ ਉਚੇਚੇ ਤੌਰ ਤੇ ਪੁੱਜ ਕੇ ਗੁਰਮਤਿ ਸੰਗੀਤ ਕਾਰਜਸ਼ਾਲਾ ਦੀ ਸ਼ੋਭਾ ਵਧਾਈ। ਜ਼ਿਕਰ ਕਰਨਯੋਗ ਹੈ ਸੰਤ ਬਾਬਾ ਅਮੀਰ ਸਿੰਘ ਜੀ ਜਵੱਦੀ ਟਕਸਾਲ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਦੇ ਗਿਆਨ ‘ਚ ਵਾਧਾ ਕਰਨ ਲਈ ਸਿਖਰ ਦਰਜ਼ੇ ਦੇ ਸੰਗੀਤ ਮਾਹਿਰਾਂ  ਨੂੰ ਸਲਾਨਾਂ ਕਾਰਜਸ਼ਾਲਾ ‘ਚ ਉਚੇਚੇ ਤੌਰ ਤੇ ਸੱਦਦੇ ਹਨ। ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਕੁਮਾਰੀ ਰਿੰਪਾ ਸ਼ਿਵਾ ਜੀ ਅਤੇ ਅੱਜ ਦੀ ਕਾਰਜਸ਼ਾਲਾ ‘ਚ ਪੇਸ਼ਕਾਰੀ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ-1 ਵਿੱਚ ਗੁਰਮਤਿ ਕੈੰਪ ਦੇ ਦੂਸਰੇ ਦਿਨ = ਕੁਲਵਿੰਦਰ ਸਿੰਘ ਬੈਨੀਪਾਲ
Next article*ਐੱਸ.ਐੱਸ.ਡੀ ਕਾਲਜ ਦੇ ਪੀ.ਜੀ.ਡੀ.ਸੀ.ਏ ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ*