(ਸਮਾਜ ਵੀਕਲੀ) ਜ਼ਿੰਦਗੀ ਵਿੱਚ ਵਿਹਲੀਆਂ ਖਾਣ ਦੀ ਆਦਤ ਬਹੁਤ ਮਾੜੀ ਹੁੰਦੀ ਹੈ l ਜਿਸ ਨੂੰ ਇਹ ਆਦਤ ਪੈ ਜਾਂਦੀ ਹੈ ਉਸ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਗੁਲਾਮ ਕਰ ਦਿੰਦੀ ਹੈ l ਕਈ ਵਾਰ ਸਰਕਾਰਾਂ ਖੁਦ ਲੋਕਾਂ ਨੂੰ ਕੁੱਝ ਨਾ ਕੁੱਝ ਮੁਫ਼ਤ ਦੇ ਕੇ ਆਪਣੀਆਂ ਵੋਟਾਂ ਕਾਇਮ ਰੱਖਦੀਆਂ ਹਨ ਅਤੇ ਕਈ ਵਾਰੀ ਵਿਅਕਤੀ ਖੁਦ ਹੀ ਕੁੱਝ ਕਰਨਾ ਨਹੀਂ ਚਾਹੁੰਦਾ l
ਵਿਹਲਾ ਰਹਿਣ ਵਾਲੇ ਕੋਲ ਚਾਰ ਰਾਹ ਹੁੰਦੇ ਹਨ l ਪਹਿਲਾ ਰਾਹ ਇਹ ਹੈ ਕਿ ਉਹ ਹਮੇਸ਼ਾਂ ਉਸ ਦੀ ਭਾਲ ਵਿੱਚ ਰਹਿੰਦਾ ਹੈ ਜੋ ਉਸ ਨੂੰ ਬਿਨਾਂ ਕੰਮ ਤੋਂ ਲੋੜ ਅਨੁਸਾਰ ਚੀਜ਼ਾਂ ਖਰੀਦ ਕੇ ਦੇਵੇ l
ਦੂਜਾ ਰਾਹ ਹੁੰਦਾ ਹੈ ਕਿ ਉਹ ਪੁਜਾਰੀਆਂ ਵਾਲਾ ਰਾਹ ਅਪਣਾਵੇ ਤਾਂ ਕਿ ਲੋਕ ਸ਼ਰਧਾ ਦੇ ਰੂਪ ਵਿੱਚ ਹੀ ਉਸ ਨੂੰ ਦਾਨ ਦੇਣ ਜਿਸ ਨਾਲ ਉਸ ਨੂੰ ਕੰਮ ਨਾ ਕਰਨਾ ਪਵੇ l ਪੁਜਾਰੀ ਵਾਲਾ ਰਾਹ ਬੜਾ ਸੌਖਾ ਹੁੰਦਾ ਹੈ ਕਿਉਂਕਿ ਦਾਨ ਲੈਣ ਵੇਲੇ ਕਿਸੇ ਨੂੰ ਕੋਈ ਗਰੰਟੀ ਨਹੀਂ ਦੇਣੀ ਪੈਂਦੀ ਅਤੇ ਲੋਕ ਸਵਾਲ ਵੀ ਨਹੀਂ ਕਰਦੇ l ਉਲਟਾ ਪੁਜਾਰੀ ਨੂੰ ਰੱਬ ਦਾ ਭਗਤ ਮੰਨਿਆ ਜਾਂਦਾ ਹੈ ਅਤੇ ਰੱਬ ਦੇ ਬਹੁਤ ਲਾਗੇ ਮੰਨਿਆ ਜਾਂਦਾ ਹੈ l ਸਵਾਲ ਹਮੇਸ਼ਾਂ ਜਾਗਦੇ ਦਿਮਾਗ ਵਾਲੇ ਹੀ ਕਰਦੇ ਹੁੰਦੇ ਹਨ ਪਰ ਸ਼ਰਧਾ ਰੱਖਣ ਵਾਲਿਆਂ ਦਾ ਦਿਮਾਗ ਸਵਾਲ ਕਰਨ ਦੇ ਯੋਗ ਨਹੀਂ ਰਹਿੰਦਾ l ਸੋਚਣਾ ਦਿਮਾਗ ਦੀ ਕਸਰਤ ਹੁੰਦੀ ਹੈ l ਸੋਚ ਵਿਅਕਤੀ ਤਾਂ ਹੀ ਸਕਦਾ ਹੈ ਜਦੋਂ ਸਵਾਲ ਕਰੇ l ਸ਼ਰਧਾ ਕਰਨ ਵਾਲੇ ਸਵਾਲ ਕਰਨ ਤੋਂ ਗੁਰੇਜ਼ ਕਰਦੇ ਹਨ ਇਸੇ ਕਰਕੇ ਉਹ ਇਹ ਯੋਗਤਾ ਗੁਆ ਬੈਠਦੇ ਹਨ l ਅਖੀਰ ਵਿੱਚ ਮੱਥੇ ਟੇਕਣੇ ਤੇ ਸੁੱਖਾਂ ਸੁੱਖਣੀਆਂ ਹੀ ਉਨ੍ਹਾਂ ਦੇ ਪੱਲੇ ਰਹਿੰਦੀਆਂ ਹਨ l
ਤੀਜਾ ਰਾਹ ਹੈ ਠਗੀ ਦਾ l ਠਗੀ ਵਿੱਚ ਦਿਨੋਂ ਦਿਨ ਬਹੁਤ ਲੋਕ ਪੈ ਰਹੇ ਹਨ l ਜਦੋਂ ਦਾ ਆਨਲਾਇਨ ਸਿਸਟਮ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਉਹ ਠਗੀ ਵਧੀ ਹੈ ਅਤੇ ਲਗਾਤਾਰ ਵਧਣ ਦੀ ਆਸ ਹੈ l ਇਹ ਠਗੀ ਕਰੈਡਿਟ ਕਾਰਡਾਂ ਦੁਆਰਾ, ਇੰਟਰਨੈਟ ਬੈਂਕਿੰਗ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਧਮਕੀਆਂ ਰਾਹੀਂ ਅਤੇ ਫੋਨ ਰਾਹੀਂ ਜਾਰੀ ਹੈ l ਇਸ ਦੇ ਹੋਰ ਵਧਣ ਦੀ ਆਸ ਹੈ l
ਚੌਥਾ ਰਾਹ ਹੈ ਚੋਰੀ ਦਾ l ਚੋਰੀ ਇਕੱਲੀ ਭਾਰਤ ਵਰਗੇ ਮੁਲਕਾਂ ਵਿੱਚ ਨਹੀਂ ਬਲਕਿ ਵਿਦੇਸ਼ੀ ਮੁਲਕਾਂ ਵਿੱਚ ਵੀ ਹੁੰਦੀ ਹੈ ਹਾਲਾਂਕਿ ਵਿਦੇਸ਼ੀ ਮੁਲਕਾਂ ਵਿੱਚ ਸਰਕਾਰ ਵਲੋਂ ਬੇਰੁਜ਼ਗਾਰਾਂ ਲਈ ਵੀ ਰੋਟੀ ਦੀ ਗਰੰਟੀ ਹੁੰਦੀ ਹੈ l ਭਾਵ ਬੇਰੁਜ਼ਗਾਰਾਂ ਨੂੰ ਸਰਕਾਰੀ ਭੱਤਾ (Benefit) ਦਿੱਤਾ ਜਾਂਦਾ ਹੈ l ਇਹ ਭੱਤਾ ਲੋਕਾਂ ਦੇ ਤਾਰੇ ਹੋਏ ਟੈਕਸ ਵਿੱਚੋਂ ਸਰਕਾਰ ਦੁਆਰਾ ਦਿੱਤਾ ਜਾਂਦਾ ਹੈ l ਲੋਕ ਕੰਮ ਕਰਕੇ ਜਾਂ ਸਖਤ ਮਿਹਨਤ ਕਰਕੇ ਜਾਂ ਆਪਣੇ ਕਾਰੋਬਾਰ ਚਲਾ ਕੇ ਟੈਕਸ ਦਿੰਦੇ ਹਨ ਜਿਸ ਨਾਲ ਬੇਰੁਜ਼ਗਾਰਾਂ ਦਾ ਭੱਤਾ ਚੱਲਦਾ ਹੈ l ਬਹੁਤੇ ਬੇਰੁਜ਼ਗਾਰ ਦੁਬਾਰਾ ਕੰਮ ਕਰਨਾ ਹੀ ਨਹੀਂ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਵਿਹਲੀਆਂ ਖਾਣ ਦੀ ਆਦਤ ਪੈ ਜਾਂਦੀ ਹੈ l ਉਸ ਦੇ ਨਾਲ ਨਾਲ ਕੁੱਝ ਬੇਰੁਜ਼ਗਾਰ ਚੋਰੀਆਂ ਵੀ ਕਰਨ ਲੱਗ ਪੈਂਦੇ ਹਨ l ਚੋਰੀਆਂ ਕਰਨ ਵੇਲੇ ਕਈ ਵਾਰ ਉਹ ਬਿਲਡਰਾਂ, ਪਲੰਬਰਾਂ, ਮਕੈਨਿਕਾਂ ਅਤੇ ਹੋਰ ਕੰਮ ਕਰਨ ਵਾਲਿਆਂ ਦੇ ਔਜ਼ਾਰ ਵੀ ਚੋਰੀ ਕਰ ਲੈਂਦੇ ਹਨ l ਕਈ ਵਾਰ ਇਨ੍ਹਾਂ ਟਰੇਡਸ ਵਾਲਿਆਂ ਨੇ ਉਨ੍ਹਾਂ ਔਜ਼ਾਰਾਂ ਦਾ ਅਜੇ ਕਰਜ਼ਾ ਵੀ ਨਹੀਂ ਉਤਾਰਿਆ ਹੁੰਦਾ l ਚੋਰੀ ਹੋਣ ਦੀ ਸੂਰਤ ਵਿੱਚ ਉਹ ਔਜ਼ਾਰ ਦੁਬਾਰਾ ਖਰੀਦਣ ਲਈ ਫਿਰ ਕਰਜ਼ਾ ਚੁੱਕਦੇ ਹਨ l ਇਸ ਤਰਾਂ ਵਿਹਲੜ੍ਹਾਂ ਦੀ ਵਜ੍ਹਾ ਕਾਰਣ ਕੰਮ ਕਰਨ ਵਾਲੇ ਲੋਕ ਦਿਨੋਂ ਦਿਨ ਕਰਜ਼ਾਈ ਹੋ ਰਹੇ ਹਨ l ਚੋਰਾਂ ਦੇ ਡਰ ਤੋਂ ਕੁੱਝ ਲੋਕ ਤਾਂ ਆਪਣੀਆਂ ਦੁਕਾਨਾਂ ਵੀ ਵੇਚ ਦਿੰਦੇ ਹਨ l
ਥੱਲੇ ਇੱਕ ਜੂਟ/ਟਰੱਕ (Ute/truck) ਦੀ ਫੋਟੋ ਸਾਂਝੀ ਕਰ ਰਿਹਾ ਹਾਂ ਜਿਸ ਦੇ ਪਿੱਛੇ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਹੈ ਕਿ “ਮੇਰੇ ਟੂਲ ਚੋਰੀ ਨਾ ਕਰੋ, ਇਨ੍ਹਾਂ ਨਾਲ ਕੰਮ ਕਰਕੇ ਤੁਹਾਨੂੰ ਬੈਨੀਫਿਟ ਦਿੱਤਾ ਜਾਂਦਾ ਹੈ” l
ਇਸ ਕਰਕੇ ਕਿਸੇ ਵੀ ਪੱਖੋਂ ਵਿਹਲੇ ਨਹੀਂ ਰਹਿਣਾ ਚਾਹੀਦਾ l ਵਿਹਲਾ ਰਹਿਣਾ ਸਿਹਤ ਲਈ, ਸਮਾਜ ਲਈ, ਮੁਲਕ ਲਈ ਅਤੇ ਦੁਨੀਆਂ ਲਈ ਬਹੁਤ ਖਤਰਨਾਕ ਹੈ l ਮੋਟਾਪਾ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਕਰਦਾ ਹੈ l ਕਈ ਵਾਰ ਮੋਟਾਪਾ ਆਉਣ ਦਾ ਕਾਰਣ ਕਿਰਤ ਤੋਂ ਦੂਰ ਹੋਣਾ ਵੀ ਹੁੰਦਾ ਹੈ l
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly