ਪੰਜਾਬੀ ਮਾਂ ਬੋਲੀ ਦੀ ਮਹਾਨ ਸਿਰਮੌਰ ਅਤੇ ਮਾਣਮੱਤੀ ਕਲਮ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਜੀ ਦੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਜਾਣ ਮਗਰੋਂ ਉਹਨਾਂ ਦੀ ਯਾਦ ਵਿੱਚ ਤੁਹਾਡੇ ਆਪਣੇ ਕਲਾਕਾਰ ਕੁਲਦੀਪ ਚੁੰਬਰ ਕਨੇਡਾ ਦੀ ਕਲਮ ਤੋਂ ਲਿਖੇ ਕੁਝ ਸ਼ੇਅਰ ਅਤੇ ਯਾਦਾਂ ਦਾ ਸਰਮਾਇਆ ਆਪ ਸਭ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ ਜੀ

ਕੁਲਦੀਪ ਚੁੰਬਰ ਕਨੇਡਾ
 (ਸਮਾਜ ਵੀਕਲੀ)
ਸਾਹਿਤ ਦਾ ਅਨਮੋਲ ਖ਼ਜ਼ਾਨਾ , ਤੁਰ ਗਿਆ ਹੱਥ ਛੁਡਾ ਕੇ ਪਾਤਰ ।
ਮਾਂ ਬੋਲੀ ਦਾ ਯਾਰ ਦੀਵਾਨਾ, ਤੁਰ ਗਿਆ ਪੰਧ ਮੁਕਾਕੇ ਪਾਤਰ ।
ਲੋਕ ਚੇਤਿਆਂ ਵਿੱਚ ਰਹੂ ਵਸਦਾ , ਇੰਝ ਗਿਆ ਕਲਮ ਚਲਾਕੇ ਪਾਤਰ ।
ਸਾਹਿਤ ਸਿਰਜ ਕੇ ਪਦਮ ਸ੍ਰੀ ਦਾ, ਉੱਚਾ ਰੁਤਬਾ ਪਾ ਗਿਆ ਪਾਤਰ ।

ਚਾਰ ਚੁਫ਼ੇਰੇ ਪਾਤਰ ਪਾਤਰ, ਉਹ ਲਿਖ ਤੁਰ ਗਿਆ ਬਹੁਤ ਕਿਤਾਬਾਂ ।
ਉਸ ਦੇ ਰਚੇ ਹੋਏ ਹਰਫ਼ ਮਹਿਕ ਦੇ , ਮਹਿਕਾਂ ਵਿੱਚ ਨੇ ਜਿਉਂ ਗੁਲਾਬਾਂ ।
ਪਾਤਰ ਲਿਖ ਜੋ ਮੰਜ਼ਿਲ ਪਾ ਗਿਆ, ਕਵੀਆਂ ਵਿੱਚ ਸੀ ਵਾਂਗ ਨਵਾਬਾਂ ।
ਤਰਜਮਾਨੀ ਜ਼ਿੰਦਗੀ ਦੀ ਕਰਦੇ, ਬੋਲ ਘੁਲੇ ਉਸਦੇ ਪੰਜ ਆਬਾਂ।

ਪੱਤੜ ਕਲਾਂ ‘ਚ ਜਨਮਿਆ ਪਾਤਰ, ਨੇੜੇ ਹੀ ਕਰਤਾਰ ਦਾ ਪੁਰ ਹੈ ।
ਰੋਮ ਰੋਮ ਮਾਂ ਬੋਲੀ ਗੂੰਜੇ, ਕਲਮ ਦੀ ਬੜੀ ਨਵੇਕਲੀ ਸੁਰ ਹੈ ।
ਜਿੰਦਗੀ ਦੇ ਸੀ ਸੱਚ ਦਾ ਸ਼ੀਸ਼ਾ, ਹਰਫ ਉਸ ਦਾ ਇੱਕ ਇੱਕ ਧੁਰ ਹੈ ।
ਜੀਵਨ ਦਾ ਹਰ ਪਹਿਲੂ ਲਿਖ ਗਿਆ, ਲਿਖੇ ਵੀ ਕਿਉਂ ਨਾ ਲਿਖਣ ਦਾ ਗੁਰ ਹੈ।

ਸਾਹਿਤ ਕਲਾ ਵਿਰਾਸਤ ਵਿਰਸੇ, ਦਾ ਸੀ ਪਹਿਰੇਦਾਰ ਦੀਵਾਨਾ ।
ਹਰਫਾਂ ਦਾ ਸੌਦਾਗਰ ਸੀ ਉਹ, ਸ਼ਬਦਾਂ ਦੇ ਸੀ ਨਾਲ ਯਰਾਨਾ ।

ਐਸੀਆਂ ਲਿਖਤਾਂ ਲਿਖ ਕੇ ਦੇ ਗਿਆ, ਜੋ ਅੱਜ ਬਣੀਆਂ ਕਲਾ ਖ਼ਜ਼ਾਨਾ ।
ਸੱਚਮੁੱਚ ਹੀ ਸੁਰਜੀਤ ਪਾਤਰ ਸੀ ,ਮਾਂ ਬੋਲੀ ਦਾ ਇਕ ਪਰਵਾਨਾ ।

ਇੱਕ ਵਾਰੀ ਜੋ ਮਿਲਿਆ ਉਸ ਨੂੰ, ਉਹ ਨਹੀਂ ਸੀ ਉਹਦੇ ਚੇਤਿਓਂ ਭੁੱਲਦਾ ।
ਕਵੀਆਂ ਦਾ ਸਰਦਾਰ ਕਵੀ ਸੀ, ਲਿਖਤਾਂ ਵਿੱਚ ਸੀ ਰੱਜ ਰੱਜ ਖੁੱਲ੍ਹਦਾ ।
ਮਾਂ ਬੋਲੀ ਦੇ ਦਰਦ ਦਾ ਹੰਝੂ , ਉਸ ਦੀ ਕਲਮ ਚੋਂ ਪਲ ਪਲ
ਡੁੱਲ੍ਹਦਾ ।
ਕਿਸ ਨਾਲ ਕਰਾਂ ਪਾਤਰ ਦੀ ਤੁਲਨਾ, ਦਿਸਦਾ ਨਹੀਂ ਕੋਈ ਉਸ ਦੇ ਤੁੱਲਦਾ ।

ਇਕ ਸਮਾਗਮ ਸ਼ਾਮ ਚੁਰਾਸੀ , ਵਿੱਚ ਸੀ ਸਾਹਿਤ ਸਭਾ ਰਚਾਇਆ ।
ਜਿਥੇ ਖਾਨਪੁਰੀ ਸਾਹਬ ਨੇ , ਮੈਨੂੰ ਪਾਤਰ ਸਾਹਿਬ ਮਿਲਾਇਆ ।
ਮਿਲ ਕੇ ਰੂਹ ਸੀ ਗੱਦ ਗੱਦ ਹੋਈ, ਚਾਅ ਅੰਦਰ ਸੀ ਦੂਣ ਸਵਾਇਆ ।
‘ਚੁੰਬਰਾ’ ਇੱਕ ਮਿਲਣੀ ਹੀ ਮੇਰੀਆਂ, ਸੱਚਮੁੱਚ ਯਾਦਾਂ ਦਾ ਸਰਮਾਇਆ।

 ਪੇਸ਼ਕਸ਼ ਲੇਖਕ – ਕੁਲਦੀਪ ਚੁੰਬਰ ਕਨੇਡਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਹਾਣੀ – ਮੋਏ ਤੇ ਵਿਛੜੇ
Next articleਮਾਣ ਨਾ ਕਰੀ ਸੋਹਣਿਆਂ