(ਸਮਾਜ ਵੀਕਲੀ)
ਤੇਰੇ ਨੈਣ..
ਸਜੀਵ ਹਨ
ਕਿਸੇ ਭਾਸ਼ਾ ਵਰਗੇ,
ਲਿੱਪੀ, ਸ਼ਬਦ ਤੇ ਵਾਕ ਬਿਨਾਂ ਹੀ
ਕਰਦੇ ਹਨ ਸੰਵਾਦ।
ਤੇਰੇ ਨੈਣ..
ਕਦੇ ਪ੍ਰਸ਼ਨ ਚਿੰਨ੍ਹ ਜਿਹੇ
ਖਲੋ ਜਾਂਦੇ ਹਨ ਸਾਹਮਣੇ,
ਤੇ ਕਦੇ-ਕਦੇ
ਦੁਬਿੰਦੀ ਸੁ ਲਗ
ਹਰ ਗੱਲ ਕਰ ਦਿੰਦੇ ਸਾਫ਼।
ਤੇਰੇ ਨੈਣ..
ਕਦੇ ਕਿਸੇ ਕਾਮੇ ਸੁ
ਇੱਕ ਵਾਰ ‘ਚ ਹੀ
ਕਰ ਜਾਂਦੇ ਹਨ ਬਹੁਤੀਆਂ ਗੱਲਾਂ,
ਤੇ ਕਦੇ-ਕਦੇ
ਮੁਕਾ ਦਿੰਦੇ ਹਨ
ਡੰਡੀ ਸੁ ਲਗ
ਸਾਰੀ ਬਾਤ।
ਤੇਰੇ ਨੈਣ..
ਕਦੇ ਵਿਸਮਕ ਚਿੰਨ੍ਹ ਹੋ
ਪਾਉਂਦੇ ਹਨ ਸਾਂਝ ਅਹਿਸਾਸਾਂ ਦੀ,
ਤੇ ਕਦੇ-ਕਦੇ
ਪੁੱਠੇ ਕਾਮੇ ਸੁ ਲਗ
ਹੋ ਜਾਂਦੇ ਹਨ ਖ਼ਾਸ।
ਤੇਰੇ ਨੈਣ..
ਕਦੇ ਇੱਕ ਦਾ ਪਿੱਛਾ ਕਰਦੇ
ਕਈ ਬਿੰਦੂਆਂ ਦੀ ਤਰ੍ਹਾਂ
ਅਧੂਰੀ ਗੱਲ ਕਹਿ
ਚੁੱਪ ਹੋ ਜਾਂਦੇ ਨੇ,
ਤੇ ਕਦੇ-ਕਦੇ
ਖੁਦ ਜਾਣਦੇ ਹੋਏ
ਹਰ ਉੱਤਰ
ਪਾਉਂਦੇ ਹਨ ਬੁਝਾਰਤ
ਕਿਸੇ ਖਾਲੀ ਥਾਂ ਵਾਂਗ।
ਤੇਰੇ ਨੈਣ..
ਤੂੰ ਤੇ ਮੈਂ ਨੂੰ,
ਤੈਨੂੰ-ਮੈਨੂੰ
ਜੋੜਨੀ ਬਣ ਜੋੜਦੇ ਹਨ।
ਤੇਰੇ ਨੈਣਾਂ ਦੀ ਭਾਸ਼ਾ
ਹਰ ਮਨੁੱਖੀ ਜ਼ੁਬਾਨ ਨਾਲੋਂ
ਹੈ ਖੂਬਸੂਰਤ
ਤੇ ਸਭ ਤੋਂ ਸਰਲ ਹੈ
ਇਸ ਭਾਸ਼ਾ ਦੀ
ਵਿਆਕਰਣ।
ਜੋਗਿੰਦਰ ਨੂਰਮੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly