ਕਣਕ ਦੇ ਨਾੜ ਦਾ ਸੇਕ ਹਾਲੇ ਠੰਡਾ ਨਹੀਂ ਹੋਇਆ, ਤੇ ਹੁਣ ਮੱਕੀ ਦੇ ਟਾਂਡਿਆਂ ਨੂੰ ਅੱਗ

ਬਲਬੀਰ ਸਿੰਘ ਬੱਬੀ 
(ਸਮਾਜ ਵੀਕਲੀ) ਪੰਜਾਬ ਵਿੱਚ ਹਰ ਸਾਲ ਦੋ ਵਾਰ ਜਦੋਂ ਕਣਕ ਦੀ ਕਟਾਈ ਹੁੰਦੀ ਹੈ ਤੇ ਜਦੋਂ ਝੋਨੇ ਦੀ ਕਟਾਈ ਹੁੰਦੀ ਹੈ ਤਾਂ ਪੰਜਾਬ ਦੇ ਖੇਤਾਂ ਦੇ ਵਿੱਚ ਅੱਗ ਦੇ ਭਾਂਬੜ ਬਣੇ ਦਿਸਦੇ ਸਨ ਪਿਛਲੇ ਸਮੇਂ ਦੇ ਵਿੱਚ ਬੇਸ਼ਕ ਅੱਗ ਲਾਉਣ ਦਾ ਰੁਝਾਨ ਕਾਫੀ ਤੇਜ਼ ਹੋਇਆ ਪਰ ਫਿਰ ਵੀ ਕਈ ਸਮਝਦਾਰ ਕਿਸਾਨ ਅਜਿਹੇ ਸਨ ਜਿਹਨਾਂ ਨੇ ਕਦੇ ਵੀ ਖੇਤ ਦੇ ਵਿੱਚ ਚਾਹੇ ਕਣਕ ਦਾ ਨਾੜ ਹੋਵੇ ਚਾਹੇ ਝੋਨੇ ਦੀ ਪਰਾਲੀ ਹੋਵੇ ਅੱਗ ਨਹੀਂ ਲਗਾਈ ਤੇ ਉਹ ਕਿਸਾਨ ਹੁਣ ਤੱਕ ਵੀ ਅੱਗ ਨਹੀਂ ਲਗਾ ਰਹੇ ਪਰ ਇਸ ਵਾਰ ਜਦੋਂ ਕਣਕ ਦੀ ਕਟਾਈ ਹੋ ਕੇ ਹਟੀ ਤਾਂ ਸਮੁੱਚੇ ਪੰਜਾਬ ਵਿੱਚ ਹੀ ਇਸ ਤਰ੍ਹਾਂ ਕਣਕ ਦੇ ਖੇਤਾਂ ਵਿੱਚ ਨਾੜ ਨੂੰ ਅਜਿਹੀ ਅੱਗ ਲਾਈ ਗਈ ਕਿ ਸਮੁੱਚੇ ਪੰਜਾਬ ਵਿੱਚ ਇਸ ਤਰ੍ਹਾਂ ਹੋ ਰਿਹਾ ਸੀ ਕਿ ਜਿਵੇਂ ਕਿਸੇ ਦੁਸ਼ਮਣ ਦੇਸ਼ ਨੇ ਆਪਣੇ ਦੁਸ਼ਮਣ ਨੂੰ ਖਤਮ ਕਰਨ ਲਈ ਅੱਗ ਲਗਾਈ ਹੋਵੇ। ਅਸੀਂ ਸਾਰਿਆਂ ਨੇ ਇਹ ਦ੍ਰਿਸ਼ ਸਮੁੱਚੇ ਪੰਜਾਬ ਵਿੱਚ ਦੇਖੇ ਹਨ ਇਸ ਤਰਾਂ ਗਲਤ ਤਰੀਕੇ ਨਾਲ ਅੱਗ ਲਾਉਣ ਕਾਰਨ ਅਨੇਕਾਂ ਕੀਮਤੀ ਜਾਨਾਂ ਚਲੀ ਗਈਆਂ ਕਈ ਜ਼ਖਮੀ ਹੋਏ ਜਿਹੜੇ ਹਾਲੇ ਵੀ ਇਲਾਜ ਲਈ ਹਸਪਤਾਲਾਂ ਵਿੱਚ ਦਾਖਲ ਹਨ ਇਸ ਤੋਂ ਬਿਨਾਂ ਜੋ ਮਸ਼ੀਨਰੀ ਟੁੱਟੀ ਉਹ ਅਲੱਗ। ਇੱਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਹੋਣ ਕਾਰਨ ਕਿਸੇ ਨੇ ਵੀ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ। ਪਹਿਲਾਂ ਜੇਕਰ ਅੱਗ ਲੱਗਦੀ ਸੀ ਤਾਂ ਸਰਕਾਰੀ ਤੌਰ ਉਤੇ ਥੋੜੀ ਬਹੁਤ ਸਖਤੀ ਹੁੰਦੀ ਸੀ ਪਰ ਇਸ ਵਾਰ ਤਾਂ ਬਿਲਕੁਲ ਵੀ ਕੋਈ ਗੱਲ ਸਾਹਮਣੇ ਨਹੀਂ ਆਈ ਹੁਣ ਮੌਜੂਦਾ ਸਮੇਂ ਕਣਕ ਦੀ ਫਸਲ ਤੋਂ ਬਾਅਦ ਸਾਡੇ ਕਿਸਾਨਾਂ ਨੇ ਮੱਕੀ ਦੀ ਫਸਲ ਬੀਜੀ ਹੈ ਮੱਕੀ ਦੀ ਫਸਲ ਇਨੀਂ ਦਿਨੀ ਪੱਕ ਗਈ ਹੈ ਮੱਕੀ ਕੱਢੀ ਜਾ ਰਹੀ ਹੈ ਤੇ ਖੇਤਾਂ ਵਿੱਚ ਜੋ ਮੱਕੀ ਦੇ ਟਾਂਡੇ ਤੇ ਮੱਕੀ ਦੀ ਹੋਰ ਰਹਿੰਦ ਖੂੰਦ ਬਚੀ ਹੈ ਹੁਣ ਉਸ ਨੂੰ ਅੱਗ ਲਗਾਈ ਜਾ ਰਹੀ ਹੈ ਹਰੇ ਹੋਣ ਕਾਰਨ ਉਹ ਚੰਗੀ ਤਰਹਾਂ ਅੱਗ ਵਿੱਚ ਮੱਚਦੇ ਵੀ ਨਹੀਂ,ਪਹਿਲਾਂ ਤਾਂ ਇਹ ਦੋ ਵਾਰ ਕਣਕ ਤੇ ਝੋਨੇ ਦੇ ਟਾਈਮ ਹੀ ਹੁੰਦੀ ਸੀ ਤੇ ਹੁਣ ਤੀਜੀ ਵਾਰ ਮੱਕੀ ਨੂੰ ਵੀ ਸਾਡੇ ਸੂਝਵਾਨ ਕਿਸਾਨਾਂ ਨੇ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਵਾਤਾਵਰਣ ਪ੍ਰੇਮੀ ਤੇ ਹੋਰ ਜੋ ਸੁਹਿਰਦ ਸੱਜਣ ਹਨ ਉਨਾਂ ਦੁਖੀ ਮਨ ਨਾਲ ਇਹ ਕਹਿਣਾ ਸੀ ਕਿ ਸਾਡੇ ਸਮਾਜ ਦੇ ਲੋਕਾਂ ਨੂੰ ਕਦੋਂ ਅਕਲ ਆਉਗੀ ਹਾਲੇ ਤਾਂ ਕਣਕ ਦੇ ਨਾੜ ਦਾ ਜੋ ਸੇਕ ਸੀ ਉਹੀ ਧਰਤੀ ਅਤੇ ਦਰਖਤਾਂ ਤੋਂ ਮੱਠਾ ਨਹੀਂ ਹੋਇਆ ਤੇ ਉਲਟਾ ਹੁਣ ਮੱਕੀ ਦੇ ਖੜੇ ਟਾਂਡਿਆਂ ਨੂੰ ਅੱਗ ਦੇ ਲਾਬੂ ਲਾ ਕੇ ਅਸੀਂ ਪਤਾ ਨਹੀਂ ਇਹੋ ਜਿਹੇ ਗਰਮੀ ਦੇ ਵਿੱਚ ਕਿਹੜਾ ਸੁਨੇਹਾ ਦੇਣਾ ਚਾਹੁੰਦੇ ਹਾਂ ਲਾਲਚੀ ਪ੍ਰਵਿਰਤੀ ਨੇ ਸਾਡਾ ਨੁਕਸਾਨ ਕੀਤਾ ਹੈ। ਭਰਾਵੋ ਹੋਸ਼ ਕਰੋ ਹੋਸ਼ ਇਸ ਸਮਾਜ ਵਿੱਚ ਤੁਸੀਂ ਵੀ ਰਹਿ ਰਹੇ ਹੋ ਜਿੱਥੇ ਇਨੀ ਅੱਗ ਵਰ੍ਹ ਰਹੀ ਹੈ ਤੇ ਉਹਨਾਂ ਪਸ਼ੂ ਪੰਛੀਆਂ ਮਿੱਤਰ ਕੀੜੇ ਮਕੌੜਿਆਂ ਨੂੰ ਤਾਂ ਅਸੀਂ ਅੱਗ ਦੀ ਭੇਂਟ ਚੜਾ ਕੇ ਖਤਮ ਕਰਨ ਦਾ ਜਿਵੇਂ ਠੇਕਾ ਹੀ ਲੈ ਲਿਆ ਹੈ ਰੱਬ ਸੁਮੱਤ ਬਖਸ਼….।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਪਿਤਾ ਦਿਵਸ ਮਨਾਇਆ
Next articleਡਾ. ਅਮਨ ਅੱਚਰਵਾਲ ਦਾ ਕਾਵਿ ਸੰਗ੍ਰਹਿ ‘ਲੀਹਾਂ’ ਕੀਤਾ ਲੋਕ ਅਰਪਣ ਲੇਖਕ ਤੇ ਪੱਤਰਕਾਰ ਐੱਸ. ਅਸ਼ੋਕ ਭੌਰਾ ਦਾ ਹੋਇਆ ਵਿਸ਼ੇਸ਼ ਸਨਮਾਨ