ਕਰਨਾਟਕ: ਪਹਿਲੀ ਕੈਬਨਿਟ ਮੀਟਿੰਗ ਿਵੱਚ ਪੰਜ ਗਾਰੰਟੀਆਂ ’ਤੇ ਮੋਹਰ

ਬੰਗਲੂਰੂ(ਸਮਾਜ ਵੀਕਲੀ): ਸਿੱਧਾਰਮਈਆ ਨੇ ਅੱਜ ਦੂਜੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ.ਕੇ.ਸ਼ਿਵਕੁਮਾਰ ਨੇ ਉਪ ਮੁੱਖ ਮੰਤਰੀ ਜਦੋਂਕਿ ਅੱਠ ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਮੁੱਖ ਮੰਤਰੀ ਸਿੱਧਾਰਮਈਆ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਹੁੰ ਚੁੱਕ ਸਮਾਗਮ ਤੋਂ ਫੌਰੀ ਮਗਰੋਂ ਕੀਤੀ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਚੋਣਾਂ ਦੌਰਾਨ ਦਿੱਤੀਆਂ ਪੰਜ ਗਾਰੰਟੀਆਂ ਅਮਲ ਵਿੱਚ ਲਿਆਉਣ ਦੇ ਹੁਕਮ ਦਿੱਤੇ ਹਨ। ਸਿੱਧਾਰਮਈਆ ਨੇ  ਕਿਹਾ ਕਿ ਅਗਲੇ ਹਫ਼ਤੇ ਸੱਦੀ ਦੂਜੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਇਹ ਗਾਰੰਟੀਆਂ ਅਮਲ ਵਿੱਚ ਹੋਣਗੀਆਂ। ਇਨ੍ਹਾਂ ਪੰਜ ਗਾਰੰਟੀਆਂ ਵਿੱਚ ਸਾਰੇ ਘਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ, ਹਰੇਕ ਪਰਿਵਾਰ ਦੀ ਮਹਿਲਾ ਮੁਖੀ ਨੂੰ ਮਾਸਿਕ 2000 ਰੁਪਏ ਦੀ ਸਹਾਇਤਾ, ਬੀਪੀਐੱਲ ਪਰਿਵਾਰ ਦੇ ਹਰੇਕ ਜੀਅ ਨੂੰ 10 ਕਿਲੋ ਚਾਵਲ, 18 ਤੋਂ 25 ਸਾਲ ਉਮਰ ਵਰਗ ਦੇ ਬੇਰੁਜ਼ਗਾਰ ਗਰੈਜੂਏਟ ਨੌਜਵਾਨਾਂ ਤੇ ਬੇਰੁਜ਼ਗਾਰ ਡਿਪਲੋਮਾ ਧਾਰਕਾਂ ਨੂੰ ਦੋ-ਦੋ ਸਾਲਾਂ ਲਈ ਕ੍ਰਮਵਾਰ ਮਾਸਿਕ 3000 ਰੁਪਏ ਤੇ 1500 ਰੁਪਏ ਦਾ ਭੱਤਾ ਦੇਣਾ ਤੇ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸ਼ਾਮਲ ਹੈ।

ਇਥੇ ਸ੍ਰੀ ਕਾਂਤੀਵੀਰਾ ਸਟੇਡੀਅਮ ਵਿੱਚ ਰਾਜਪਾਲ ਥਾਵਰਚੰਦ ਗਹਿਲੋਤ ਨੇ ਮੁੱਖ ਮੰਤਰੀ ਤੇ ਉਨ੍ਹਾਂ ਦੀ ਕੈਬਨਿਟ ਨੂੰ ਅਹੁਦੇ ਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਿੱਧਾਰਮਈਆ ਨੇ ਸਾਲ 2013 ਵਿੱਚ ਇਸੇ ਸਟੇਡੀਅਮ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ। ਜਿਨ੍ਹਾਂ ਵਿਧਾਇਕਾਂ ਨੇ ਮੰਤਰੀ ਵਜੋਂ ਹਲਫ਼ ਲਿਆ, ਉਨ੍ਹਾਂ ’ਚ ਜੀ. ਪਰਮੇਸ਼ਵਰਾ, ਕੇ. ਐੱਚ. ਮੁਨੀਯੱਪਾ, ਕੇ.ਜੇ.ਜੌਰਜ, ਐੱਮ.ਬੀ.ਪਾਟਿਲ, ਸਤੀਸ਼ ਜਰਖੀਹੋਲੀ, ਪ੍ਰਿਯਾਂਕ ਖੜਗੇ, ਰਾਮਲਿੰਗਾ ਰੈੱਡੀ ਤੇ ਬੀ.ਜ਼ੈੱਡ. ਜ਼ਮੀਰ ਅਹਿਮਦ ਖ਼ਾਨ ਸ਼ਾਮਲ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਸਿੱਧਾਰਮਈਆ ਤੇ ਸ਼ਿਵਕੁਮਾਰ ਨੂੰ ਕ੍ਰਮਵਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲੈਣ ਦੀ ਵਧਾਈ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਵੀ ਆਪਣੇ ਜਾਨਸ਼ੀਨ ਸਿੱਧਾਰਮਈਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕਰਨਾਟਕ ਅਸੈਂਬਲੀ ਦਾ ਤਿੰਨ ਰੋਜ਼ਾ ਇਜਲਾਸ ਸੋਮਵਾਰ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਨਵੇਂ ਵਿਧਾਇਕਾਂ ਨੂੰ ਸਹੁੰ ਚੁਕਾਉਣ ਤੋਂ ਇਲਾਵਾ ਨਵੇਂ ਸਪੀਕਰ ਦੀ ਚੋਣ ਕੀਤੀ ਜਾਵੇਗੀ। ਸਭ ਤੋਂ ਸੀਨੀਅਰ ਵਿਧਾਇਕ ਆਰ.ਵੀ.ਦੇਸ਼ਪਾਂਡੇ ਪ੍ਰੋਟੈੱਮ ਸਪੀਕਰ ਵਜੋਂ ਵਿਧਾਇਕਾਂ ਨੂੰ ਹਲਫ਼ ਦਿਵਾਉਣਗੇ।

ਹਲਫ਼ਦਾਰੀ ਸਮਾਗਮ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ। ਸਾਬਕਾ ਏਆਈਸੀਸੀ ਪ੍ਰਧਾਨ ਸੋਨੀਆ ਗਾਂਧੀ ਇਸ ਮੌਕੇ ਗੈਰਹਾਜ਼ਰ ਰਹੇ। ਹੋਰਨਾਂ ਮਹਿਮਾਨਾਂ ਵਿੱਚ ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ (ਰਾਜਸਥਾਨ), ਭੁਪੇਸ਼ ਬਘੇਲ(ਛਤੀਸਗੜ੍ਹ) ਤੇ ਸੁਖਵਿੰਦਰ ਸਿੰਘ ਸੁੱਖੂ (ਹਿਮਾਚਲ ਪ੍ਰਦੇਸ਼) ਤੇ ਪਾਰਟੀ ਦੇ ਕਈ ਸਿਖਰਲੇ ਆਗੂ ਸ਼ਾਮਲ ਸਨ। ਕਾਂਗਰਸ ਪ੍ਰਧਾਨ ਖੜਗੇ ਨੇ ਹਲਫ਼ਦਾਰੀ ਸਮਾਗਮ ਲਈ ਕਈ ਹਮਖਿਆਲ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਸੀ। ਕਾਂਗਰਸ ਨੇ ਸਮਾਗਮ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਟਾਕਰੇ ਲਈ ਵਿਰੋਧੀ ਧਿਰਾਂ ਦੀ ਤਾਕਤ ਵਿਖਾਉਣ ਦੇ ਮੰਚ ਵਜੋਂ ਪੇਸ਼ ਕੀਤਾ।

ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ, ਝਾਰਖੰਡ ਤੇ ਬਿਹਾਰ ਦੇ ਉਨ੍ਹਾਂ ਦੇ ਹਮਰੁਤਬਾ    ਕ੍ਰਮਵਾਰ ਹੇਮੰਤ ਸੋਰੇਨ ਤੇ ਨਿਤੀਸ਼ ਕੁਮਾਰ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਐੱਨਸੀਪੀ ਪ੍ਰਧਾਨ ਸ਼ਰਦ ਪਵਾਰ, ਨੈਸ਼ਨਲ ਕਾਨਫਰੰਸ ਸੁਪਰੀਮੋ ਫ਼ਾਰੂਕ ਅਬਦੁੱਲਾ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ, ਸੀਪੀਐੱਮ ਦੇ ਸਕੱਤਰ ਜਨਰਲ ਸੀਤਾਰਾਮ ਯੇਚੁਰੀ ਤੇ ਸੀਪੀਆਈ ਦੇ ਜਨਰਲ ਸਕੱਤਰ ਡੀ.ਰਾਜਾ ਨੇ ਵੀ ਹਲਫ਼ਦਾਰੀ ਸਮਾਗਮ ’ਚ ਹਾਜ਼ਰੀ ਭਰੀ। ਸਿੱਧਾਰਮਈਆ ਦੂਜੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਬਣੇ ਹਨ। ਇਸ ਤੋਂ ਪਹਿਲਾਂ 2013 ਵਿੱਚ ਵੀ ਉਨ੍ਹਾਂ ਨੇ ਕਾਂਗਰਸ ਸਰਕਾਰ ਦੀ ਕਮਾਨ ਸੰਭਾਲੀ ਸੀ। ਉਧਰ ਸ਼ਿਵਕੁਮਾਰ ਅਗਲੇ ਸਾਲ   ਹੋਣ ਵਾਲੀਆਂ ਸੰਸਦੀ ਚੋਣਾਂ ਤੱਕ ਕਰਨਾਟਕ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਰਿਆਂ ਦਾ ਅੰਨਦਾਤਾ
Next articleਅਸੀਂ ਜੋ ਕਹਿੰਦੇ ਹਾਂ, ਪੂਰਾ ਕਰਦੇ ਹਾਂ: ਰਾਹੁਲ