ਕੈਨੇਡਾ ਸਰਕਾਰ ਨੇ ਮੂਲਵਾਸੀਆਂ ਦੇ ਘਾਣ ਨੂੰ ਯਾਦ ਕੀਤਾ

ਵੈਨਕੂਵਰ (ਸਮਾਜ ਵੀਕਲੀ):  ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਵਿਚ 1860 ਤੋਂ 1996 ਤੱਕ ਜਬਰੀ ਦਾਖਲ ਕੀਤੇ ਗਏ ਡੇਢ ਲੱਖ ਮੂਲਵਾਸੀਆਂ ਦੇ ਬੱਚਿਆਂ ਨਾਲ ਹੋਏ ਦੁਰਵਿਹਾਰ, ਤਸ਼ੱਦਦ ਤੇ ਮੌਤਾਂ ਦੀ ਯਾਦ ਵਿਚ ਅੱਜ ਦੇਸ਼ ਭਰ ਵਿਚ ਛੁੱਟੀ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਨਾਲ ਕੁਝ ਦਿਨ ਛੁੱਟੀਆਂ ਮਨਾਉਣ ਅੱਜ ਸਵੇਰੇ ਦੇਸ਼ ਦੇ ਪੱਛਮੀ ਤੱਟ ’ਤੇ ਸਥਿਤ ਪਿਕਨਿਕ ਸਥਾਨ ਟੋਫੀਨੇ ਬੀਚ ਪਹੁੰਚੇ ਸਨ। ਪਰ ਮੂਲਵਾਸੀ ਆਗੂਆਂ ਦੀ ਬੇਨਤੀ ’ਤੇ ਉਨ੍ਹਾਂ ਪੀੜਤ ਮਾਪਿਆਂ ਨੂੰ ਮਿਲ ਕੇ ਉਨ੍ਹਾਂ ਦਾ ਦੁੱਖ ਵੰਡਾਇਆ। ਕੁਝ ਮਹੀਨੇ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਕਾਮਲੂਪ ਤੇ ਕੁਝ ਹੋਰ ਥਾਵਾਂ ਦੇ ਰਿਹਾਇਸ਼ੀ ਸਕੂਲਾਂ ਵਾਲੀਆਂ ਥਾਵਾਂ ਦੀ ਪੁਟਾਈ ਦੌਰਾਨ ਉਥੋਂ 215 ਬੱਚਿਆਂ ਦੇ ਕੰਕਾਲ ਮਿਲੇ ਸਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਬੱਚਿਆਂ ਦੇ ਵਾਰਿਸਾਂ ਨਾਲ ਦੁੱਖ ਸਾਂਝਾ ਕੀਤਾ ਤੇ ਉਨ੍ਹਾਂ ਦੀ ਵਿੱਤੀ ਮਦਦ ਦਾ ਐਲਾਨ ਕੀਤਾ।

ਉਨ੍ਹਾਂ ਇਸ ਦਿਨ ਨੂੰ ਹਕੀਕਤ ਅਤੇ ਪੁਨਰ ਮੇਲ ਮਿਲਾਪ ਦੇ ਕੌਮੀ ਦਿਨ ਦਾ ਨਾਂ ਦਿੰਦਿਆਂ ਕਿਹਾ ਕਿ ਦੇਸ਼ਵਾਸੀਆਂ ਨੂੰ ਕੁਝ ਸਮੇਂ ਲਈ ਮੌਨ ਧਾਰਨ ਅਤੇ ਸੰਤਰੀ ਰੰਗੀਆਂ ਕਮੀਜ਼ਾਂ ਪਹਿਨ ਕੇ ਰਿਹਾਇਸ਼ੀ ਸਕੂਲਾਂ ਦੀਆਂ ਬਸਤੀਵਾਦ ਨੀਤੀਆਂ ਕਾਰਨ ਹੋਏ ਘਾਣ ਉਤੇ ਝਾਤੀ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਨੂੰ ਉਸ ਸਾਰੇ ਘਟਨਾਕ੍ਰਮ ਤੋਂ ਜਾਣੂ ਹੋ ਕੇ ਕੈਨੇਡਾ ਦੇ ਮੂਲਵਾਸੀਆਂ ਦਾ ਮਾਣ ਸਤਿਕਾਰ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਦੇ ਮਨਾਂ ’ਚੋਂ ਬੇਗਾਨੇਪਣ ਤੇ ਵਿਤਕਰੇ ਵਾਲੀ ਭਾਵਨਾ ਖਤਮ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਲੰਘੀ 20 ਸਤੰਬਰ ਨੂੰ ਦੇਸ਼ ਵਿਚ ਹੋਈਆਂ ਮੱਧਕਾਲੀ ਚੋਣਾਂ ਵਿਚ ਡਾਕ ਰਾਹੀਆਂ ਆਈਆਂ ਵੋਟਾਂ ਦੀ ਗਿਣਤੀ ਵਿਚ ਦੇਰੀ ਕਾਰਨ ਅਜੇ ਸਾਰੇ ਹਲਕਿਆਂ ਦੇ ਨਤੀਜਿਆਂ ਦਾ ਐਲਾਨ ਨਹੀਂ ਹੋਇਆ, ਜਿਸ ਕਾਰਨ ਨਵੀਂ ਸਰਕਾਰ ਦੇ ਗਠਨ ਵਿਚ ਦੇਰੀ ਹੋ ਰਹੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੈਕਸੀਨ ਯੋਗਤਾ ਵਾਲੇ ਦੇਸ਼ਾਂ ਦੀ ਸੂਚੀ ਦੀ ਲਗਾਤਾਰ ਹੋ ਰਹੀ ਹੈ ਸਮੀਖਿਆ: ਬਰਤਾਨਵੀ ਸਰਕਾਰ ਦੇ ਸੂਤਰ
Next articleਰੋਮਾਨੀਆ ਦੇ ਹਸਪਤਾਲ ’ਚ ਅੱਗ ਨਾਲ ਸੱਤ ਮੌਤਾਂ