ਫਗਵਾੜਾ (ਸਮਾਜ ਵੀਕਲੀ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ’ਚ ਕਿਰਤੀਆਂ, ਮਜ਼ਦੂਰਾਂ, ਕਿਸਾਨਾਂ ਤੇ ਦੁਕਾਨਦਾਰਾਂ ਦੀ ਸਰਕਾਰ ਹੈ ਅਤੇ ਇਹ ਸਰਕਾਰ ਹੁਣ ਪੰਜਾਬ ਦੀ ਪੁਰਾਣੀ ਤਸਵੀਰ ਬਦਲ ਕੇ ਇਸ ਦਾ ਨਵਾਂ ਨਕਸ਼ ਉਭਾਰੇਗੀ। ਉਨ੍ਹਾਂ ਨੇ ਇੱਥੇ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਵਾਸਤੇ 2 ਕਰੋੜ ਰੁਪਏ ਦੀ ਰਾਸ਼ੀ ਤੇ ਇੱਕ ਆਧੁਨਿਕ ਐਂਬੂਲੈਂਸ ਦੇਣ ਦਾ ਐਲਾਨ ਵੀ ਕੀਤਾ।
ਅੱਜ ਇੱਥੇ ਸ੍ਰੀ ਵਿਸ਼ਵਕਰਮਾ ਮੰਦਿਰ ਵਿੱਚ ਬਾਬਾ ਵਿਸ਼ਵਕਰਮਾ ਦੇ 111ਵੇਂ ‘ਵਿਸ਼ਵਕਰਮਾ ਮਹਾਉਤਸਵ’ ਸਮਾਗਮ ਮੌਕੇ ਉਨ੍ਹਾਂ ਕਿਹਾ, ‘ਮੈਂ ਅੱਜ ਇਸ ਅਸਥਾਨ ’ਤੇ ਪੁੱਜ ਕੇ ਬੇਨਤੀ ਕੀਤੀ ਹੈ ਕਿ ਮੇਰਾ ਪੰਜਾਬ ਇੱਕ ਸੋਨੇ ਦੀ ਚਿੜੀ ਬਣ ਜਾਵੇ, ਜਿਸ ਨੂੰ ਲੋਕ ਦੂਰ-ਦੁਰੇਡੇ ਤੋਂ ਦੇਖਣ ਆਉਣ।’ ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਨੂੰ ਉਦਯੋਗਿਕ ਗਤੀਵਿਧੀਆਂ ’ਚ ਲੋਕਾਂ ਦੁਆਰਾ ਵਰਤੀ ਜਾਂਦੀ ਮਸ਼ੀਨਰੀ ਤੇ ਉਪਕਰਨਾਂ ਦਾ ਨਿਰਮਾਤਾ ਮੰਨਿਆ ਜਾਂਦਾ ਹੈ। ਉਨ੍ਹਾਂ ਸਾਰੇ ਕਾਰੀਗਰਾਂ, ਮਜ਼ਦੂਰਾਂ ਤੇ ਮਜ਼ਦੂਰ ਵਰਗ ਨੂੰ ਦੇਸ਼ ਦੇ ਵਿਕਾਸ ਲਈ ਸਖ਼ਤ ਮਿਹਨਤ ਕਰਨ ਦੇ ਨਾਲ-ਨਾਲ ਕਿਰਤ ਦੇ ਮਾਣ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਹੈ।
ਸ੍ਰੀ ਚੰਨੀ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਕਾਰਜਾਂ ਦੇ ਨਾਲ-ਨਾਲ ਲੋਕਾਂ ਦੇ ਇਲਾਜ ਲਈ ਚੈਰੀਟੇਬਲ ਹਸਪਤਾਲ ਚਲਾਉਣਾ ਸ਼ਲਾਘਾਯੋਗ ਉਪਰਾਲਾ ਹੈ ਅਤੇ ਸਰਕਾਰ ਚੈਰੀਟੇਬਲ ਹਸਪਤਾਲਾਂ ਦੀ ਮਦਦ ਲਈ ਹਰ ਸਮੇਂ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਫ਼ੈਸਲਿਆਂ ਨਾਲ ਲੋਕਾਂ ਤੇ ਦੁਕਾਨਾਦਾਰਾਂ ’ਚ ਕਾਫ਼ੀ ਖੁਸ਼ੀ ਪਾਈ ਗਈ ਹੈ ਅਤੇ ਅਜਿਹੇ ਫ਼ੈਸਲਿਆਂ ਨਾਲ ਹੀ ਸੂਬੇ ਦੀ ਤਸਵੀਰ ਬਦਲੇਗੀ। ਇਸ ਤੋਂ ਪਹਿਲਾਂ ਉਨ੍ਹਾਂ ਇੱਥੇ ਪੁੱਜ ਕੇ ਵਿਸ਼ਵਕਰਮਾ ਮੰਦਿਰ ਵਿੱਚ ਮੱਥਾ ਟੇਕਿਆ ’ਤੇ ਹਸਪਤਾਲ ਵਿੱਚ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।
ਸਮਾਗਮ ਨੂੰ ਸੰਤੋਸ਼ ਚੌਧਰੀ, ਬਲਵੰਤ ਸਿੰਘ ਰਾਮੂਵਾਲੀਆ (ਦੋਵੇਂ ਸਾਬਕਾ ਮੰਤਰੀ), ਕੌਮੀ ਐੱਸਸੀ/ਐੱਸਟੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਵਿਧਾਇਕ ਹਰਦੇਵ ਸਿੰਘ ਲਾਡੀ, ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਬਲਬੀਰ ਰਾਣੀ ਸੋਢੀ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਚੇਅਰਮੈਨ ਜੋਗਿੰਦਰ ਸਿੰਘ ਮਾਨ, ਵਿਧਾਇਕ ਅੰਗਦ ਸਿੰਘ, ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸੰਬੋਧਨ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly