(ਸਮਾਜ ਵੀਕਲੀ)
ਅੱਜ ਦੀਆਂ ਵਿਕਾਊ ਕਲਮਾਂ ਦੀ ਭੀੜ ਵਿਚ ਕੁਝ ਅਜਿਹੇ ਲੇਖਕ ਵੀ ਹਨ ਜਿਹੜੇ ਲਿਖਣ ਲੱਗੇ ਆਪਣੀ ਜ਼ਮੀਰ ਨੂੰ ਨਹੀਂ ਮਾਰਦੇ । ” ਦੋ ਪੈਰ ਘੱਟ ਤੁਰਨਾ , ਤੁਰਨਾ ਮੜਕ ਦੇ ਨਾਲ ” ਇਹ ਗੱਲ ਜਿਸ ਇਨਸਾਨ ਉਪਰ ਇੰਨ ਬਿੰਨ ਢੁਕਦੀ ਹੈ । ਅਜਿਹੇ ਇਕ ਸਖਸ਼ ਨੂੰ ਅੱਜ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਤੁਹਾਡੇ ਸਭ ਦੇ ਜਾਣੇ ਪਹਿਚਾਣੇ ਗੀਤਕਾਰ, ਕਹਾਣੀਕਾਰ ਤੇ ਕਵੀ , ਪਿਆਰੇ ਜਿਹੇ ਨੌਜਵਾਨ ਸੋਨੂੰ ਮੰਗਲੀ ਨੂੰ ।ਸੋਨੂੰ ਦਾ ਜਨਮ1ਦਸੰਬਰ,1986 ਪਿਤਾ ਸ. ਮਹਿੰਗਾ ਸਿੰਘ ਤੇ ਮਾਤਾ ਤਰਸੇਮ ਕੌਰ ਦੇ ਘਰ ਪਿੰਡ ਮੰਗਲੀ ਟਾਂਡਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਸੋਨੂੰ ਦੇ ਜੀਵਨ ਦਾ ਸਫਰ ਏਨਾ ਸਿੱਧਾ ਤੇ ਸੌਖਾ ਜਿਹਾ ਨਹੀ।ਦਰਅਸਲ ਉਸਦਾ ਅਸਲ ਨਾਮ ਸੇਵਾ ਸਿੰਘ ਹੈ,ਪਿਆਰ ਨਾਲ ਮਾਤਾ ਜੀ ਨੇ ਸੋਨੂੰ ਰੱਖ ਦਿੱਤਾ।
ਸੋਨੂੰ ਪੜ੍ਹਾਈ ਵਿੱਚ ਬਹੁਤ ਹੋਸ਼ਿਆਰ ਸੀ , ਪੰਜਵੀਂ ਤੱਕ ਦੀ ਪੜ੍ਹਾਈ ਉਹਨੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ ਤੇ ਜਮਾਤ ਦਾ ਮੋਨੀਟਰ ਰਿਹਾ , ਹਰ ਜਮਾਤ ਅੱਵਲ ਦਰਜੇ ਵਿੱਚ ਪਾਸ ਕੀਤੀ , ਉਸਦੇ ਸਾਥੀ ਉਸਨੂੰ ਵਿਗਿਆਨੀ ਕਹਿ ਕੇ ਬੁਲਾਉਂਦੇ ਸਨ ।ਸੋਨੂੰ ਨੇ ਛੇਵੀਂ ਜਮਾਤ ਵਿੱਚ ਦਾਖਲਾ ਨੇੜਲੇ ਪਿੰਡ ਮੱਤੇਵਾੜਾ ਦੇ ਸਰਕਾਰੀ ਸਕੂਲ ਵਿੱਚ ਲਿਆ,ਸੱਤ ਸਾਲ ਦੀ ਉਮਰ ਵਿਚ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ।ਪਰ ਆਰਥਿਕ ਤੰਗੀਆਂ ਤੇ ਮਜਬੂਰੀਆਂ ਨਾਲ ਜੂਝਦੇ ਸੋਨੂੰ ਨੂੰ ਅੱਠਵੀਂ ਜਮਾਤ ਵਿੱਚ ਪੜ੍ਹਦਿਆਂ ਆਪਣੀ ਪੜ੍ਹਾਈ ਵਿੱਚੇ ਛੱਡਣੀ ਪੈ ਗਈ। ਸੰਨ 2000 ਵਿੱਚ ਜਦ ਉਸਦੀ ਉਮਰ ਸਿਰਫ 14 ਸਾਲ ਸੀ, ਪਰਿਵਾਰ ਅਤੇ ਪੇਟ ਦੀ ਖ਼ਾਤਰ ਲੁਧਿਆਣੇ ਹੌਜ਼ਰੀ ਵਿੱਚ ਮਜ਼ਦੂਰੀ ਕਰਨ ਲੱਗ ਪਿਆ, ਜੋ ਅੱਜ ਤੱਕ ਵੀ ਬਾਦਸਤੂਰ ਜਾਰੀ ਏ ।
ਬੇਸ਼ੱਕ ਹਾਲਾਤਾਂ ਨੇ ਸਕੂਲ ਛੁਡਾ ਦਿੱਤਾ ਪਰ ਪੜ੍ਹਨ ਦਾ ਸ਼ੌਕ ਨਾ ਛੁੱਟਿਆ । ਉਹਨੂੰ ਜਿੱਥੋਂ ਵੀ ਕਿਤਿਓਂ ਪੜ੍ਹਨ ਯੋਗ ਸਮੱਗਰੀ ਮਿਲਦੀ ਰਹੀ, ਸਾਰੀ ਪੜ੍ਹੇ ਬਿਨਾ ਨਾ ਛੱਡਦਾ। ਏਸੇ ਦੌਰਾਨ ਕੁਦਰਤ ਨੇ ਫਿਰ ਤੋਂ ਸਦਮਾ ਦਿੱਤਾ, ਗ਼ੁਰਬਤ ਨਾਲ ਜੂਝ ਕੇ ਬੱਚਿਆਂ ਨੂੰ ਪਾਲਣ ਵਾਲੀ ਮਾਂ ਵੀ ਸਾਲ 2011 ਵਿੱਚ ਚੱਲ ਵੱਸੀ, ਪਰ ਅੰਦਰਲੀ ਨੇਕ ਆਤਮਾ ਉਹਨੂੰ ਏਸ ਰਸਤਿਓੰ ਮੋੜ ਲਿਆਈ ।ਜਿੰਦਗੀ ਦੇ ਇਸ ਮੋੜ ਤੇ ਉਸਦੇ ਗ਼ਮ ਦਾ ਸਾਥੀ ਬਣੀ ਉਸਦੀ ਕਲਮ, ਜੋ ਈ ਸੀ ਜੀ ਦੀ ਮਸ਼ੀਨ ਵਾਂਗ ਉਸਦੇ ਅੰਦਰ ਦੇ ਦਰਦ ਨੂੰ ਕਾਗ਼ਜ਼ ਤੇ ਉਤਾਰਨ ਲੱਗੀ , ਜੋ ਵੀ ਦਿਲ ਵਿੱਚ ਆਇਆ, ਹਿੰਮਤ ਕਰਕੇ ਲਿਖਦਾ ਗਿਆ,ਅੰਦਰਲਾ ਲੇਖਕ ਜਾਗ ਗਿਆ ।ਵਕਤ ਨੇ ਉਮਰੋਂ ਕਿਤੇ ਵੱਧ ਸਿਆਣਾ ਕਰ ਦਿੱਤਾ ।
ਸੋਨੂੰ ਦਾ ਮੰਨਣਾ ਹੈ ਕੇ ਜੇ ਕੋਈ ਤੁਹਾਡੀਆਂ ਲਿਖਤਾਂ ਦੀ ਤਰੀਫ ਕਰਦਾ ਹੈ ਤਾਂ ਖੁੱਦ ਨੂੰ ਵੱਡਾ ਲਿਖਾਰੀ ਸਮਝਣ ਦੀ ਥਾਂ ਇਕ ਵਾਰ ਇਹ ਪੜਚੋਲ ਜਰੂਰ ਕਰ ਲੈਣੀ ਚਾਹੀਦੀ ਹੈ । ਕੇ ਤੁਹਾਡੀਆਂ ਤਰੀਫਾਂ ਦੇ ਪੁੱਲ ਬੰਨਣ ਵਾਲ਼ੇ ਇਨਸਾਨ ਨੂੰ ਸਾਹਿਤ ਦੀ ਸਮਝ ਹੈ ਕੇ ਨਹੀਂ ।ਇਸ ਉਪਰੰਤ ਸਾਲ 2014 ਵਿੱਚ ਮਨਦੀਪ ਕੌਰ ਨਾਲ ਵਿਆਹ ਦੇ ਪਵਿੱਤਰ ਬੰਧਨ ਚ ਬੱਝ ਗਿਆ ਸੋਨੂੰ , ਇਹਨਾਂ ਦੀਆਂ ਦੋ ਬੇਟੀਆਂ ਸਿਮਰ ਤੇ ਸੀਰਤ ਹਨ।ਇਸ ਹਿੰਮਤੀ ਇਨਸਾਨ ਨੇ ਉਸਨੂੰ ਫਿਰ ਤੋਂ ਔਰਤ ਨੂੰ ਪੜਨ ਲਈ ਪ੍ਰੇਰਿਤ ਕੀਤਾ ਤੇ ਉਸਦੀ +12 ਤੱਕ ਪੜ੍ਹਾਈ ਕਰਾਈ।ਏਥੇ ਈ ਬੱਸ ਨਹੀਂ ਆਪ ਖ਼ੁਦ ਵੀ ਇਸੇ ਸਾਲ ਓਪਨ ਸਕੂਲ ਰਾਹੀਂ ਦਸਵੀਂ ਦੀ ਪੜਾਈ ਪੂਰੀ ਕਰ ਲਈ ਹੈ।
ਲਿਖਣ ਪੜ੍ਹਨ ਤੋਂ ਇਲਾਵਾ ਕ੍ਰਿਕੇਟ ਖੇਡਣ ਤੇ ਵੇਖਣ ਦਾ ਵੀ ਸੌਂਕੀਨ ਹੈ ਇਹ ਨੌਜਵਾਨ, ਫਿਲਮਾਂ ਵੇਖਣਾਂ ਸੰਗੀਤ ਸੁਣਨਾ ਬੇਹੱਦ ਪਸੰਦ ਹੈ।ਇਸਤੋਂ ਇਲਾਵਾ ਪਿੰਡ ਦੇ ਦੋਸਤਾਂ ਨਾਲ ਮਿਲਕੇ ਇੱਕ “ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ” ਨਾਮਕ ਸੰਸਥਾ ਨਾਲ ਜੁੜ ਕੇ ਸਮਾਜ ਭਲਾਈ ਦੇ ਕੰਮਾਂ ਚ ਆਪਣਾ ਯੋਗਦਾਨ ਪਾ ਰਿਹਾ ਏ। ਉਹਨੇ ਦੱਸਿਆ ਕਿ ਉਹ ਆਪਣੇ ਦੋਸਤ ,ਇਟਲੀ ਵਾਸੀ ਦਲਜਿੰਦਰ ਸਿੰਘ ਰਹਿਲ ਦੇ ਯਤਨਾਂ ਸਦਕਾ ਪਿੰਡ ਵਿੱਚ ਬਣੀ “ ਸ਼ਬਦ ਲਾਇਬ੍ਰੇਰੀ “ ਨੂੰ ਚਲਾਉਣ ਵਿੱਚ ਵੀ ਆਪਣਾ ਯੋਗਦਾਨ ਦੇ ਰਿਹਾ ਏ।
ਉਸਦੇ ਕਿਰਦਾਰ ਦਾ ਸ਼ਾਨਦਾਰ ਪੱਖ ਇਹ ਵੀ ਏ ਕਿ ਉਹ ਆਪਣੀਆਂ ਲਿਖਤਾਂ ਰਾਹੀਂ ਸਮਾਜ ਵਿੱਚ ਫੈਲੀ ਹਰ ਬੁਰਾਈ ਤੇ ਬੇਬਾਕ ਚੋਟ ਕਰਦਾ ਏ , ਪਰ ਸਿਰਫ ਲਿਖਣ ਤੱਕ ਈ ਮਹਿਦੂਦ ਨਹੀਂ ਰਹਿੰਦਾ , ਜਦੋਂ ਇਹ ਬੁਰਾਈਆਂ ਉਹਦੇ ਰੂਬਰੂ ਹੁੰਦੀਆਂ ਨੇ ਤਾਂ ਉਹਨਾਂ ਨੂੰ ਅੱਖਾਂ ਚ ਅੱਖਾਂ ਪਾ ਕੇ ਘੂਰਦਾ ਵੀ ਏ , ਡਟ ਜਾਂਦਾ ਏ ਉਹਨਾਂ ਖ਼ਿਲਾਫ਼ । ਪਛੜੇ , ਲਿਤਾੜੇ ਸਮਾਜ ਨੂੰ ਜਾਗਰੂਕ ਕਰਨ ਲਈ ਤਤਪਰ ਵੀ ਰਹਿੰਦਾ ਹੈ ਹਰ ਵਕਤ ।ਸੋਨੂੰ ਦੀਆਂ ਆਏ ਦਿਨ ਅਖਬਾਰਾਂ ਵਿਚ ਰਚਨਾਵਾਂ ਛਪਦੀਆਂ ਰਹਿੰਦੀਆਂ ਹਨ ਕੁਝ ਵੰਨਗੀਆਂ ਪਾਠਕਾਂ ਸਾਹਮਣੇ ਪੇਸ਼ ਹਨ –
ਆਪਣੀਆਂ ਕਰਤੂਤਾਂ ਕਰਕੇ ਹੁੰਦੇ ਖੱਜਲ਼ ਖੁਆਰ
ਜਿਹੜਾ ਸਾਨੂੰ ਨੂੰ ਲੁੱਟੇ ਕੁੱਟੇ, ਉਸਦੀ ਜੈ ਜੈ ਕਾਰ
ਆਪਣਾ ਦੁਖੜਾ ਹਾਕਮ ਤਾਈਂ ਕੋਈ ਕਿੰਝ ਸੁਣਾਏ
ਰਸਤੇ ਵਿਚ ਖਲੋਤੀ ਲੰਮੀ, ਚਮਚਿਆਂ ਵਾਲ਼ੀ ਕਤਾਰ
ਵੋਟਾਂ ਪਿੱਛੋਂ ਦੱਸੋ ਕਿਹੜਾ ਕਿਹੜਾ ਪੂਰਾ ਹੋਇਆ ?
ਵੋਟਾਂ ਵੇਲ਼ੇ ਪਿੰਡ ਪਿੰਡ ਜਾਕੇ ਵਾਅਦੇ ਕਰੇ ਹਜ਼ਾਰ
ਕਾਲ ਕਰੋਨਾ ਵਾਲ਼ਾ ਚਲਦਾ ,ਕੰਮ ਕੋਈ ਨਾਂ ਚੱਲੇ
ਉੱਤੋਂ ਮਾਰੀ ਜਾਂਦੀ ਨਿੱਤ ,ਮਹਿੰਗਾਈ ਵਾਲ਼ੀ ਮਾਰ
ਬਾੜ ਖੇਤ ਨੂੰ ਖਾਵਣ ਲੱਗੀ ,ਮਾਲੀ ਬਾਗ਼ ਉਜਾੜੇ
ਵਧੇ ਹੌਂਸਲੇ ਚੋਰਾਂ ਦੇ , ਸੰਗ ਰਲਿਆ ਚੌਂਕੀਦਾਰ
ਬਾਬਰ ਤਾਈਂ ਜਾਬਰ ਕਹਿਣੋਂ ,ਜੇ ਤੇਰਾ ਦਿਲ ਡਰਦਾ
ਫਿਰ ਕਿਵੇਂ ਤੂੰ ਸਿੱਖ ਨਾਨਕ ਦਾ, ਫਿਰ ਕਾਹਦਾ ਸਰਦਾਰ
ਗੱਲਾਂ ਬਾਤਾਂ ਨਾਲ਼ ਨਾ ਹੋਣਾ ਹੱਲ ਕੋਈ ਹੁਣ ਯਾਰੋ
ਮਾਰ ਗੁਲੇਲਾ ਪਾਊ ਉਡਾਣੀ ਇਹ ਕਾਵਾਂ ਦੀ ਡਾਰ
—-
ਕਲਾਕਾਰੀ ਵਿਚ ਗਿਰਾਵਟ ਆਈ ਹੈ
ਪੱਤਰਕਾਰੀ ਵਿਚ ਗਿਰਾਵਟ ਆਈ ਹੈ
ਪੈਸੇ ਲਈ ਈਮਾਨ ਨੂੰ ਗਹਿਣੇ ਧਰ ਦੇਂਦੇ
ਵਫ਼ਾਦਾਰੀ ਵਿਚ ਗਿਰਾਵਟ ਆਈ ਹੈ
ਦੇਖਕੇ ਸੱਜਣਾਂ ਦਾ ਦੁੱਖ ਹੁਣ ਖੁਸ਼ ਹੁੰਦੇ ਨੇ
ਅੱਜ ਦੀ ਯਾਰੀ ਵਿਚ ਗਿਰਾਵਟ ਆਈ ਹੈ
ਆਪਣਿਆਂ ਦੀ ਰਾਹ ਵਿਚ ਟੋਏ ਪੁੱਟਦੇ ਨੇ
ਰਿਸ਼ਤੇਦਾਰੀ ਵਿਚ ਗਿਰਾਵਟ ਆਈ ਹੈ
ਛਪ ਕੇ ਵਿਕਦੀ ਸੀ ,ਹੁਣ ਵਿਕ ਕੇ ਛਪਦੀ ਹੈ
ਅਖ਼ਬਾਰੀ ਦੇ ਵਿਚ ਗਿਰਾਵਟ ਆਈ ਹੈ
ਭੁੱਲ ਬੇਅਬਦੀ ਬੁੱਕਲ ਬੈਠੇ ਹਾਕਮ ਦੀ
ਸਰਦਾਰੀ ਦੇ ਵਿਚ ਗਿਰਾਵਟ ਆਈ ਹੈ ———————-
ਜੇਠ ਹਾੜ ਦੀ ਤਪਦੀ ਰੁੱਤੇ
ਦਿੱਲੀ ਦੀ ਸੜਕਾਂ ਦੇ ਉੱਤੇ
ਇਕ ਇਕ ਕਰ ਕਿੰਨੀਆਂ ਵਾਰ ਗਏ
ਕਰ ਗਿਣਤੀ ਕੀਮਤੀ ਜਾਨਾਂ ਦੀ
” ਮਨ ਕੀਆਂ ਬਾਤਾਂ ” ਕਰਨ ਵਾਲਿਆ
ਸੁਣ ਲੈ ਗੱਲ ਕਿਸਾਨਾਂ ਦੀ
ਆਏ ਦਿਨ ਇਸ ਲੇਖਕ ਦੀਆਂ ਰਚਨਾਵਾਂ ਸਾਂਝ,ਸਾਂਝੀ ਸੋਚ ਸਮਾਜ ਵੀਕਲੀ,ਪੰਜਾਬ ਟਾਈਮਜ਼ ਯੂ ਕੇ,ਮਾਲਵਾ ਬਾਣੀ,ਸਾਡੇ ਲੋਕ,ਪੰਜਾਬੀ ਟ੍ਰਿਬਿਊੂੂਨ ਇੰਟਰਨੈਸ਼ਨਲ,ਸਹਿਜ ਟਾਇਮਜ਼,ਪੰਜ ਦਰਿਆ ਸਕਾਟਲੈਂਡ ਹੋਰ ਅਨੇਕਾਂ ਅਖ਼ਬਾਰਾਂ ਵਿੱਚ ਛਾਪ ਰਹੇ ਹਨ।
ਕੁਝ ਸਮਾਂ ਪਹਿਲਾਂ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਇਹ ਨੌਜਵਾਨ ਬਿਪਤਾ ਵਿੱਚ ਫਸੇ ਭੈਣ ਭਰਾਵਾਂ ਦੀ ਮੱਦਦ ਕਰਨ ਲਈ ਹਾਜ਼ਰ ਰਿਹਾ , ਇਸ ਕਾਰਨ ਉਹਨੂੰ ਕਈ ਦਿਨ ਕੰਮ ਤੋਂ ਵੀ ਛੁੱਟੀ ਕਰਨੀ ਪਈ।
ਬੀਤੇ ਦਿਨੀਂ ਉਸਦੀ ਲਿਖਤ ਕਹਾਣੀ“ਜਨਰਲ ਸਕੱਤਰ”ਤੇ ਇੱਕ ਲਘੂ ਫ਼ਿਲਮ ਵੀ ਬਣੀ, ਜੋ ਕਿ ਉਸਦੇ ਰੋਸ਼ਨ ਭਵਿੱਖ ਦੀ ਪੇਸ਼ੀਨਗੋਈ ਏ , ਇਸ ਤੋਂ ਇਲਾਵਾ ਉਸਦੇ ਲਿਖੇ ਤਿੰਨ ਗੀਤ ” ਵੀਰ ਦਾ ਵਿਆਹ ( ਡਿਊਟ ) ” ਪੁੱਛੇ ਜੰਡ ਵਾਲਾ ਰੁੱਖ ” ( ਧਾਰਮਿਕ ) ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਗੀਤ ” ਹੱਕ ਦਿੱਲੀਏ ਸਰੋਤਿਆਂ ਦੀ ਕਚਹਿਰੀ ਵਿਚ ਪੇਸ਼ ਕਰ ਚੁੱਕਾਸੋਨੂੰ ਦਾ ਸੁਪਨਾ ਪੰਜਾਬੀ ਸਿਨੇਮਾਂ ਵਿਚ ਪਟਕਥਾ ਲੇਖਕ ਅਤੇ ਨਿਰਦੇਸ਼ਕ ਵਜੋਂ ਸਥਾਪਿਤ ਹੋਣ ਦਾ ਹੈ । ਪਰ ਕਮਜ਼ੋਰ ਆਰਥਿਕ ਹਾਲਤ ਹਾਲੇ ਉਸਨੂੰ ਇਸ ਖੇਤਰ ਵਲ ਜਾਣ ਤੋਂ ਰੋਕਦੇ ਹਨ ।
ਪਰਮਾਤਮਾ ਕਰੇ , ਇਸਦੀ ਕਲਮ ਬਹੁਤ ਉੱਚੀਆਂ ਸਿਖਰਾਂ ਨੂੰ ਛੂਹੇ, ਉਸਨੂੰ ਹਰ ਉਹ ਮਾਣ ਦਿਵਾਏ ਜਿਸਦਾ ਉਹ ਹੱਕਦਾਰ ਏ ।
ਸੋਨੂੰ ਦਾ ਜੀਵਨ ,ਅੱਜ ਦੀ ਕੁਰਾਹੇ ਪਈ ਜਵਾਨੀ ਲਈ ਮਿਸਾਲ ਏ ਕਿ ਅਗਰ ਹਿੰਮਤ ,ਹੌਂਸਲਾ ਤੇ ਜਜ਼ਬਾ ਹੋਵੇ ਤਾਂ ਸੀਮਤ ਵਸੀਲਿਆਂ ਨਾਲ ਵੀ ਵਕਤ ਦੇ ਅੱਥਰੇ ਘੋੜੇ ਤੇ ਕਾਠੀ ਪਾਈ ਜਾ ਸਕਦੀ ਏ , ਪਰ ਇਸ ਘੋੜੇ ਨੂੰ ਕਾਬੂ ਕਰਨ ਲਈ ਵਿੱਦਿਆ ਰੂਪੀ ਲਗਾਮਾਂ ਮਜ਼ਬੂਤੀ ਨਾਲ ਫੜ੍ਹਨੀਆਂ ਪੈਣਗੀਆਂ । ਸਿਰਫ ਵਿੱਦਿਆ ਈ ਏ ਜੋ ਇਸ ਟੀਰੀ ਅੱਖ ਵਾਲੇ ਸਮਾਜ ਵਿੱਚ ਤੁਹਾਨੂੰ ਸਿਰ ਉੱਚਾ ਕਰਕੇ ਜਿਉਣ ਦਾ ਵੱਲ ਸਿਖਾ ਸਕਦੀ ਏ।
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly